ਸਰਹੱਦਾਂ ਦੇ ਬੂਹੇ ਤੁਸੀਂ ਖੋਲ੍ਹੋ, ਸੋਚਾਂ ਦੇ ਬੂਹੇ ਅਸੀਂ ਖੋਲ੍ਹਾਂਗੇ।
ਟੋਬਾ ਟੇਕ ਸਿੰਘ ਦੀ ਜਾਈ ਧੀ ਡਾ: ਨਬੀਲਾ ਰਹਿਮਾਨ ਦਾ ਕੈਨੇਡਾ ਵਿਖੇ ਸਨਮਾਨ ਹੋਇਆ
ਸਰਹੱਦਾਂ ਦੇ ਬੂਹੇ ਤੁਸੀਂ ਖੋਲ੍ਹੋ, ਸੋਚਾਂ ਦੇ ਬੂਹੇ ਅਸੀਂ ਖੋਲ੍ਹਾਂਗੇ
।
ਸਰੀ (ਪੰਜਾਬੀ ਅਖ਼ਬਾਰ ਬਿਊਰੋ) ਪਿਛਲੇ ਦਿਨੀਂ ਯੂਨੀਵਰਸਿਟੀ ਆਫ ਝੰਗ ਦੀ ਵਾਈਸ ਚਾਂਸਲਰ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਇੰਸਟੀਚਿਊਟ ਆਫ ਪੰਜਾਬੀ ਐਂਡ ਕਲਚਰ
ਦੀ ਡਾਇਰੈਕਟਰ (ਡੂਅਲ ਚਾਰਜ) ਡਾ: ਨਬੀਲਾ ਰਹਿਮਾਨ ਦਾ ਕੈਨੇਡਾ ਆਉਣ ਤੇ ਇੱਥੋਂ ਦੀਆਂ ਦੋ ਉੱਘੀਆਂ ਸੰਸਥਾਵਾਂ - ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੁਆਰਾ ਵਿਸ਼ੇਸ਼ ਸਮਾਗਮਾਂ ਦੌਰਾਨ ਉਚੇਚੇ ਤੌਰ
ਤੇ ਸਨਮਾਨ ਕੀਤਾ ਗਿਆ।
ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ, ਕੈਨੇਡਾ ਦੇ ਬਾਨੀ ਮੰਨੇ-ਪ੍ਰਮੰਨੇ ਲੇਖਕ, ਸੰਪਾਦਕ, ਸਿੱਖ ਚਿੰਤਕ, ਵਿਦਵਾਨ, ਕਰਮਸ਼ੀਲ ਸਮਾਜ ਸੇਵੀ ਅਤੇ ਉੱਘੇ ਫੋਟੋਗ੍ਰਾਫਰ ਸਰਦਾਰ ਜੈਤੇਗ ਸਿੰਘ ਅਨੰਤ ਨੇ ਡਾ: ਸਾਹਿਬਾ ਨਾਲ਼ ਆਪਣੀ ਵਰ੍ਹਿਆਂ ਲੰਮੀ ਗੂੜ੍ਹੀ ਸਾਹਿਤਕ ਸਾਂਝ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਪੰਜਾਬੀ ਵਿਭਾਗ ਤੋਂ ਕਿਸੇ ਪਾਕਿਸਤਾਨੀ ਯੂਨੀਵਰਸਿਟੀ ਦੀ ਮਹਿਲਾ ਵਾਈਸ ਚਾਂਸਲਰ ਬਣਨ ਵਾਲ਼ੀ ਪਹਿਲੀ ਸ਼ਖ਼ਸੀਅਤ ਹਨ। ਡਾ: ਨਬੀਲਾ ਜੀ ਦੁਆਰਾ ਪੰਜਾਬੀ ਜ਼ੁਬਾਨ, ਸਾਹਿਤ ਅਤੇ ਇਸ ਦੇ ਵਿਿਦਅਕ ਪਸਾਰੇ ਬਾਰੇ ਪਾਏ ਗਏ ਅਤੇ ਹੁਣ ਵੀ ਪਾਏ ਜਾ ਰਹੇ ਅਦੱੁਤੀ ਵਡਮੁੱਲੇ ਯੋਗਦਾਨ ਨੂੰ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਨੂੰ ਗਿਆਨੀ ਗੁਰਦਿੱਤ ਸਿੰਘ ਬਾਰੇ ਆਪਣੀ ਸੰਪਾਦਿਤ ਪੁਸਤਕ ਭੇਟ ਕੀਤੀ, ਟਰੱਸਟ ਵੱਲੋਂ ਉਨ੍ਹਾ ਨੂੰ ਪਲੇਕ ਅਤੇ ਸ਼ਾਲ ਦੇ ਕੇ ਰਸਮੀ ਤੌਰ ਤੇ ਸਨਮਾਨਿਤ ਕੀਤਾ।
ਡਾ: ਨਬੀਲਾ ਨੇ ਲਹਿੰਦੇ ਪੰਜਾਬ ਅੰਦਰ ਸਿਆਸੀ ਲੋਕਾਂ ਅਤੇ ਖਾਸ ਵਰਗਾਂ ਵੱਲੋਂ ਅਣਗੌਲ਼ਿਆਂ ਕਰਨ ਬਾਰੇ ਤਾਜ਼ਾ ਸਥਿੱਤੀ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਜਪੁਜੀ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਕਾਲਜਾਂ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੇ ਉੱਦਮ ਨਾਲ਼ ਪੰਜਾਬੀ ਯੂਨੀਵਰਸਿਟੀ, ਲਾਹੌਰ ਦੇ ਪੰਜਾਬੀ ਵਿਭਾਗ ਵਿੱਚ ਗੁਰੂ ਨਾਨਕ ਚੇਅਰ ਸਥਾਪਤ ਹੋਈ ਹੈ। ਉਨ੍ਹਾਂ ਦਾ ਸੁਨੇਹਾ ਸੀ -
ਸਰਹੱਦਾਂ ਦੇ ਬੂਹੇ ਤੁਸੀਂ ਖੋਲ੍ਹੋ, ਸੋਚਾਂ ਦੇ ਬੂਹੇ ਅਸੀਂ ਖੋਲ੍ਹਾਂਗੇ। ਇਸ ਮੌਕੇ ਵੈਨਕੂਵਰ ਅਤੇ ਸਰੀ ਤੋਂ ਵੱਖੋ-ਵੱਖ ਸੰਸਥਾਵਾਂ ਦੇ ਉੱਘੇ ਨੁਮਾਇੰਦਿਆਂ ਨੇ ਆਪਣੇ ਕੀਮਤੀ ਵਿਚਾਰਾਂ ਸਹਿਤ ਸ਼ਿਰਕਤ ਕੀਤੀ। ਮਗਰੋਂ ਜੈਤੇਗ ਸਿੰਘ ਅਨੰਤ ਦੁਆਰਾ ਉਨ੍ਹਾਂ ਦੇ ਸਨਮਾਨ ਹਿਤ ਦਿੱਤੇ ਗਏ ਰਾਤਰੀ ਭੋਜ ਵਿੱਚ ਵੀ ਕੋਈ ਪੰਦਰਾਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਦੂਜਾ ਵਿਸ਼ੇਸ਼ ਸਮਾਗਮ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਬ੍ਰਕਸਾਈਡ ਵਿਖੇ ਕੀਤਾ ਗਿਆ। ਸੋਸਾਇਟੀ ਦੇ ਮੀਡੀਆ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਡਾ: ਨਬੀਲਾ ਰਹਿਮਾਨ ਦੇ ਯੋਗਦਾਨ ਦੀ ਭਰਵੀਂ ਪ੍ਰਸ਼ੰਸਾ ਕੀਤੀ। ਨਬੀਲਾ ਜੀ ਨੇ ਪੰਜਾਬੀ ਪ੍ਰਤੀ ਵਚਨਬੱਧਤਾ ਨਾਲ ਯੋਗਦਾਨ ਪਾਉਂਦੇ ਰਹਿਣ ਨੂੰ ਆਪਣੇ ਪੁਰਖਲੂਸ ਤਰੀਕੇ ਨਾਲ਼ ਸਾਹਮਣੇ ਰੱਖਿਆ। ਉਨ੍ਹਾਂ ਨੇ ਸਰਦਾਰ ਜੈਤੇਗ ਸਿੰਘ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਸਭਾ ਦੇ ਪ੍ਰਧਾਨ ਧਰਮ ਸਿੰਘ ਪਨੇਸਰ ਨੇ ਡਾ: ਨਬੀਲਾ ਰਹਿਮਾਨ ਨੂੰ ਰਸਮੀ ਤੌਰ
ਤੇ ਪਲੇਕ ਅਤੇ ਸ਼ਾਲ ਭੇਟਾ ਕਰ ਕੇ ਸਨਮਾਨਿਤ ਕੀਤਾ। ਇਲਾਕੇ ਦੀਆਂ ਉੱਘੀਆਂ ਹਸਤੀਆਂ ਨੇ ਡਾ: ਸਾਹਿਬਾ ਦੀ ਸਲਾਹੁਤਾ ਕਰਦਿਆਂ ਪੰਜਾਬੀ ਦੇ ਵਿਕਾਸ ਬਾਰੇ ਵਿਚਾਰ ਸਾਂਝੇ ਕੀਤੇ। ਟੋਬਾ ਟੇਕ ਸਿੰਘ ਦੀ ਜਾਈ ਇਸ ਮਹਾਨ ਧੀ ਨੂੰ ਚੜ੍ਹਦੇ ਪੰਜਾਬ ਦੀਆਂ ਪ੍ਰਵਾਸੀ ਸ਼ਖ਼ਸੀਅਤਾਂ ਨੇ ਸਨਮਾਨਿਤ ਕਰ ਕੇ ਆਪਣਾ ਪਵਿੱਤਰ ਫ਼ਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ।