ਸਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਨੇ ਆਪਣੇ ਔਹੁਦੇ ਤੋਂ ਅਸਤੀਫਾ ਦਿੱਤਾ


ਅੰਮ੍ਰਿਤਸਰ (ਪੰਜਾਬੀ ਅਖ਼ਬਾਰ ਬਿਊਰੋ) ਅੰਮ੍ਰਿਤਸਰ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਿਤ ਹੁੰਦਿਆਂ ਸਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਨੇ ਆਪਣੇ ਔਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਐਸ ਜੀ ਪੀ ਸੀ ਪ੍ਰਧਾਨ ਧਾਮੀ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਅਸਤੀਫ਼ਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਸੌਂਪ ਦਿੱਤਾ ਹੈ। ਅਸਤੀਫੇ ਦੇ ਕਾਰਣਾਂ ਦੇ ਪਿਛਕਿੜ ਵੱਲ ਜਾਂਦਿਆਂ ਸ: ਧਾਮੀ ਨੇ ਕਿਹਾ ਕਿ ਉਹਨਾਂ ਨੇ ਇਹ ਅਸਤੀਫ਼ਾ ਸਿੰਘ ਸਾਹਿਬਾਨ ਦੇ ਸਤਿਕਾਰ ਵੱਜੋਂ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜੋ ਪੋਸਟ ਸੋਸ਼ਲ ਮੀਡੀਆ ’ਤੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਪਾਈ ਸੀ, ਉਸ ਦਾ ਸਤਿਕਾਰ ਕਰਦਿਆਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਜੋਂ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲਦਿਆਂ ਅਸਤੀਫ਼ਾ ਦਿੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲ ਕੇ ਇਹ ਬੇਨਤੀ ਕਰਨਗੇ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਬਣਾਈ ਗਈ 7 ਮੈਂਬਰੀ ਕਮੇਟੀ ਦੇ ਮੁਖ਼ੀ ਦੀ ਜ਼ਿੰਮੇਵਾਰੀ ਤੋਂ ਵੀ ਫ਼ਾਰਿਗ ਕੀਤਾ ਜਾਵੇ। ਵਰਨਯਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਪਣਾਏ ਗਏ ਰੁਖ਼ ਕਾਰਣ ਇਹ ਚਰਚਾ ਰਹੀ ਹੈ ਕਿ ਐਡਵੋਕੇਟ ਧਾਮੀ ਪਾਰਟੀ ਦੇ ਕੱੁਝ ਆਗੂਆਂ ਦਾ ਦਬਾਅ ਮਹਿਸੂਸ ਕਰ ਰਹੇ ਸਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਨੂੰ ਉਹ ਫ਼ੈਸਲੇ ਲੈਣੇ ਪੈ ਰਹੇ ਸਨ ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਸਨ। ਚਾਰ ਵਾਰ ਸ਼੍ਰੋਮਣੀ ਗੁਰੂਦਵਾਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਆਪਣੇ ਉਸ ਤੋਂ ਪਹਿਲੇ ਜੀਵਨ ਕਾਲ ਵਿੱਚ ਕਿੱਤੇ ਵੱਲੋਂ ਐਡਵੋਕੇਟ ਰਹੇ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਵੱਲੋਂ ਜੋ ਕਹਿਣਾ ਸੀ ਉਹ ਕਹਿਕੇ ਚਲਦੇ ਬਣੇ ਪਰ ਉਹਨਾਂ ਨੇ ਆਖਿਰ ਵਿੱਚ ਇੱਕ ਤੋਂ ਸਿਵਾਇ ਕਿਸੇ ਪੱਤਰਕਾਰ ਦਾ ਸੁਆਲ ਦਾ ਜੁਆਬ ਨਾ ਦਿੰਦਿਆਂ ਪ੍ਰੈਸ ਕਾਨਫਰੰਸ ਖਤਮ ਕਰ ਦਿੱਤੀ। ਆਪਣੀ ਗੱਲਬਾਤ ਦੌਰਾਨ ਉਹਨਾਂ ਨੇ ਇਸ ਗੱਲ ਉੱਪਰ ਚਿੰਤਾ ਵੀ ਜਾਹਿਰ ਕੀਤੀ ਕਿ ਪੰਥ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਸਿੱਖਾਂ ਦੀ ਰਾਜਨੀਤਕ ਤਾਕਤ ਸਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।