ਲੰਡਨ -(ਪੰਜਾਬੀ ਅਖ਼ਬਾਰ ਬਿਊਰੋ) “ ਏਸ਼ੀਅਨ ਲਿਟਰੇਰੀ ਅਤੇ ਕਲਚਰਲ ਫੋਰਮ ਯੂ. ਕੇ. “ ਵੱਲੋਂ ਲੰਡਨ ( ਸਾਊਥਾਲ ) ਦੇ ਮਹਿਫ਼ਿਲ ਹੋਟਲ ਵਿਖੇ ‘ਸ਼ਬਦ ਤੋਂ ਸੁਰ ਤੱਕ’ ਨਾਮ ਦੀ ਸੰਗੀਤਕ ਸ਼ਾਮ ਦਾ ਪ੍ਰਬੰਧ ਕੀਤਾ ਗਿਆ। ਫੋਰਮ ਦੀ ਇਹ ਪਹਿਲੀ ਗਤੀਵਿਧੀ ਸੀ।
ਪੰਜਾਬੀ ਗ਼ਜ਼ਲ ਗਾਇਕੀ ਵਿੱਚ ਤੇਜ਼ੀ ਨਾਲ ਉੱਭਰੇ ਡਾ. ਸੁਨੀਲ ਸਜਲ ਨੇ ਦੋ ਘੰਟੇ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ । ਨਵੇਂ ਅਤੇ ਪੁਰਾਣੇ ਸ਼ਾਇਰਾਂ ਅਤੇ ਗੀਤਕਾਰਾਂ ਦਾ ਪੁਖਤਾ ਕਲਾਮ ਸੁਣਦਿਆਂ ਸਰੋਤਿਆਂ ਨੇ ਹਰ ਸ਼ੇਅਰ ‘ਤੇ ਭਰਵੀਂ ਦਾਦ ਅਦਾ ਕੀਤੀ। ਸਮਾਗਮ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਸ੍ਰੀ ਵੀਰੇਂਦਰ ਸ਼ਰਮਾ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪੰਜਾਬੀ ਫਿਲਮਾਂ ਦੀ ਮਸ਼ਹੂਰ ਹਸਤੀ ਅਨੀਤਾ ਦੇਵਗਨ ਜੀ ਹਾਜ਼ਰ ਹੋਏ ।
ਸੰਗੀਤਕ ਸ਼ਾਮ ਦੇ ਉਦਘਾਟਨ ਮੌਕੇ ਉਨ੍ਹਾਂ ਫੋਰਮ ਦੀਆਂ ਗਤੀਵਿਧੀਆਂ ਨੂੰ ਸਰਾਹਿਆ ਅਤੇ ਭਵਿੱਖ ਵਿੱਚ ਹੋਣ ਵਾਲੇ ਸਮਾਗਮਾਂ ਲਈ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਫੋਰਮ ਨਿਰਦੇਸ਼ਕਾਂ ਅਜ਼ੀਮ ਸ਼ੇਖਰ, ਰਾਜਿੰਦਰਜੀਤ ਅਤੇ ਆਬੀਰ ਬੁੱਟਰ ਨੇ ਸੰਸਥਾ ਦੇ ਆਗਾਮੀ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ। ਅਗਲਾ ਸਮਾਗਮ 15 ਅਕਤੂਬਰ 2023 ਨੂੰ ਬਰਮਿੰਘਮ ਵਿਖੇ ਸਿਹਤ ਸਬੰਧੀ ਇੱਕ-ਰੋਜ਼ਾ ਸੈਮੀਨਾਰ ਹੋਵੇਗਾ । ਗਾਇਕ ਡਾ. ਸੁਨੀਲ ਸਜਲ ਅਤੇ ਵੀਰੇਂਦਰ ਸ਼ਰਮਾ ਜੀ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਸੰਗੀਤਕਾਰਾਂ ਵਿੱਚ ਰੋਬਿਨ ਨੇ ਬਾਂਸੁਰੀ, ਸਿਧਾਰਥ ਸਿੰਘ ਨੇ ਗਿਟਾਰ, ਕ੍ਰਿਸ਼ਨ ਮੋਹਨ ਨੇ ਤਬਲੇ ਅਤੇ ਆਮੇਰ ਖੋਖਰ ਨੇ ਕੀ-ਬੋਰਡ ਉੱਪਰ ਕਮਾਲ ਦੀ ਕਲਾ ਦਿਖਾਈ। ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਸੰਜੀਦਾ ਗਾਇਕੀ ਨੂੰ ਮਾਣਦਿਆਂ ਭਰਪੂਰ ਹੌਸਲਾ ਅਫਜ਼ਾਈ ਕੀਤੀ ਗਈ ।