ਯਾਦਾਂ ਬਾਕੀ ਨੇ --

ਸ਼ਹੀਦੇ ਆਜ਼ਮ ਸ ਭਗਤ ਸਿੰਘ ਦੇ “ਬੁੱਤ ਵੱਲੋਂ ਦੋ ਸੁਆਲ”

23 ਮਾਰਚ 2024 ਨੂੰ ਸ਼ਹੀਦੇ ਆਜ਼ਮ ਸ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਵਿਸ਼ੇਸ਼ “ਬੁੱਤ ਵੱਲੋਂ ਦੋ ਸੁਆਲ”

23 ਮਾਰਚਹ 1931 ਤੋਂ 15 ਅਗਸਤ 1947 ਤੱਕ ਦਾ ਸਫ਼ਰ  ਤੇੈਅ ਕਰਦਿਆਂ  ਭਾਵੇਂ ਇੱਕ  ਸਮਝੌਤੇ  ਤਹਿਤ ਅੰਗਰੇਜ਼ ਭਾਰਤ ਛੱਡ ਗਏ ਅਤੇ ਭਾਰਤ ਨੇ ਅਜ਼ਾਦੀ  ਦਾ ਪਰਚਮ ਲਹਿਰਾ  ਦਿੱਤਾ ਪਰ ਕੀ ਦੇਸ਼ ਅੰਦਰ ਵੱਸਦੇ ਕਰੋੜਾਂ ਭਾਰਤੀਆਂ ਦੀ ਜ਼ਿੰਦਗੀ ਵਿੱਚ  ਕੋਈ ਇਨਕਲਾਬੀ ਤਬਦੀਲੀ ਆਈ? ਅਤੇ ਦੂਸਰਾ  ਸੁਅਲ ਇਹ  ਕਿ ਮੇਰੇ ਪਿਆਰੇ ਲੋਕੋ ਤੁਸੀਂ ਮੈਨੂੰ  ਕੀ ਤੋਂ  ਕੀ ਬਣਾ ਕੇ ਰੱਖ ਦਿੱਤਾ ? ਬੁੱਤ ਨੇ ਕਿਹਾ ਕਿ ਇਹ ਦੋ ਸੁਆਲ ਹੀ ਮੇਰੇ ਜਿਹਨ ਅੰਦਰ ਘੁੰਮਦੇ ਹਨ ਬਾਕੀ ਸੁਆਲ ਕਦੇ ਫੇਰ ਸਹੀ…….।
          ਸਭ ਤੋਂ ਪਹਿਲਾਂ ਤਾਂ  ਅਸੀਂ  ਸ਼ਹੀਦ ਭਗਤ  ਸਿੰਘ ਦੇ ਬੁੱਤ ਮੂਹਰੇ ਨੱਤਮਸਤਕ ਹੁੰਦਿਆਂ ਉਸ  ਦੇ ਪਹਿਲੇ ਸੁਆਲ ਦੇ ਜੁਆਬ ਵਿੱਚ ਚਰਚਾ ਕਰਾਂਗੇ ਕਿ ਤੁਸੀਂ  ਅੱਜ ਦੇ ਦਿਨ  ਆਪਣੇ ਇਨਕਲਾਬੀ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਸੰਗ ਦੇਸ਼ ਦੀ ਆਜ਼ਾਦੀ ਲਈ ਹੱਸ ਹੱਸ ਕੇ ਫਾਂਸੀ ਦੇ ਰੱਸਿਆਂ ਨੂੰ  ਚੁੰਮਦਿਆਂ ਇਹ ਕਿਹਾ ਸੀ ਕਿ “ਜਦ ਤੱਕ ਇਨਸਾਨ ਹੱਥੋਂ ਇਨਸਾਨ ਦੀ ਲੁੱਟ ਖਤਮ ਨਹੀਂ ਹੁੰਦੀ ਜੰਗ ਜਾਰੀ ਰਹੇਗੀ ।” “ਇਨਕਲਾਬ ਤੋਂ ਸਾਡਾ ਭਾਵ ਜਾਤ ਪਾਤ ਰਹਿਤ ਸਮਾਜ ਦੀ ਸਿਰਜਣਾ। “
ਪਰ ਭਗਤ ਸਿਆਂ ਮੇਰਾ  ਮਨ ਅੱਜ  ਬਹੁਤ  ਦੁਖੀ ਹੈ ਅਤੇ  ਮੇਰੀ  ਕਲਮ ਅੱਥਰੂ ਵਹਾਉੰਦੀ ਹੈ ਕਿ ਅੱਜ ਤੇਰੀ ਸ਼ਹਾਦਤ ਦੇ  93 ਵਰੇ ਬੀਤ ਜਾਣ ਤੇ ਵੀ ਤੇਰੀ ਸੋਚ ਦੇ ਸਮਾਜ ਦੀ ਸਿਰਜਣਾ ਤਾਂ ਕੀ ਸਗੋਂ ਇਨਸਾਨੀਅਤ ਦਾ ਹਰ ਤਰਾਂ ਨਾਲ ਘਾਣ ਜਾਰੀ ਹੈ । ਜਾਤ ਪਾਤ ਦੀਆਂ ਜ਼ੰਜ਼ੀਰਾਂ ਅਜੇ ਤੱਕ ਟੁੱਟ ਨਹੀਂ ਸਕੀਆਂ ਸਗੋਂ ਅੱਜ ਤੇਰਾ ਮੁਲਕ ਕਾਰਪੋਰੇਟਾਂ ਕੋਲ ਗਹਿਣੇ ਪੈ ਚੁੱਕਾ ਹੈ ।  ਗਰੀਬ ਦਿਨੋ  ਦਿਨ ਗਰੀਬ ਅਤੇ  ਅਮੀਰ   ਰਾਤੋ ਰਾਤ ਅਮੀਰ ਹੋ ਰਿਹੈ। ਕਿਰਤੀ ਲੋਕ ਦੋ ਵਕਤ ਦੀ ਰੋਟੀ ਤੋਂ ਆਤੁਰ ਹਨ ਪੰਜਾਬ ਦੀ ਜਵਾਨੀ ਰੁਜ਼ਗਾਰ ਖਾਤਿਰ ਵਿਦੇਸ਼ਾਂ ਵਿੱਚ ਰੁਲਣ ਲਈ ਮਜ਼ਬੂਰ  ਹੈ ।।ਕੁੱਲੀ ਗੁੱਲੀ ਜੁੱਲੀ ਦੀਆਂ  ਮੁੰਢਲੀਆਂ ਲੋੜਾਂ ਤੋਂ ਹੋਰ ਪਿੱਛੇ ਹਟ ਲੇ ਦੇਖੀਏ ਤਾਂ ਲੋਕ ਖਾਂਸੀ ਜੁਕਾਮ ਅਤੇ ਬੁਖਾਰ ਵਰਗੀਆਂ ਮਾਮੂਲੀ ਬੀਮਾਰੀਆਂ ਦੇ ਇਲਾਜ ਕਰਾਉਣ ਦੇ ਵੀ ਸਮਰੱਥ ਨਹੀਂ ਹਨ  ਇਨ੍ਹਾਂ ਛੋਟੀਆਂ ਮੋਟੀਆਂ ਬਿਮਾਰੀਆਂ ਨਾਲ ਮਰਨਾ ਵੀ ਗਰੀਬ ਲੋਕਾਂ ਦੇ ਹਿੱਸੇ ਆਇਆ ਹੈ । ਪੰਜਾਬ ਦੀ ਪਵਿੱਤਰ ਧਰਤੀ ਤੇ ਵਗਦੇ ਨਸ਼ਿਆਂ ਦੇ ਵਹਿਣ ਨੇ ਮਾਵਾਂ ਦੇ ਪੁੱਤਰ ਖਾ ਲਏ ਅਤੇ ਧੀਆਂਡ ਦੇ ਸੁਹਾਗ ਉਜਾੜ ਦਿੱਤੇ ।  ਇੱਕ  ਪਾਸੇ ਮੁਲਕ ਦੇ ਮੁੱਠੀ ਭਰ ਲੋਕ ਜ਼ਿੰਦਗੀ ਦੀਆਂ ਬਿਹਤਰੀਨ ਸਹੂਲਤਾਂ ਦਾ ਅਨੰਦ  ਮਾਣਦੇ ਖੂਬ ਅਯਾਸ਼ੀ ਕਰਦੇ ਹਨ ਪਰ ਦੂਸਰੇ  ਪਾਸੇ ਕਰੋੜਾਂ ਲੋਕ ਦਿਨ ਭਰ ਮਿਹਨਤ ਕਰਨ ਉਪਰੰਤ ਵੀ ਫੁੱਟਪਾਥਾਂ ਤੇ ਰਾਤਾਂ ਕੱਟਣ ਲਈ ਮਜ਼ਬੂਰ  ਹਨ
ਪੂਰਾ ਸਮਾਜ ਹੀ ਗਰੀਬੀ ਅਤੇ ਸਰਮਾਏਦਾਰੀ ਵਿੱਚ ਵੰਡਿਆ ਪਿਆ  ਹੈ ਇੱਕ  ਪਾਸੇ ਲੁੱਟੇ ਅਤੇ ਲਤਾੜੇ ਜਾਣ ਵਾਲੇ ਲੋਕ ਅਤੇ ਦੂਜੇ ਪਾਸੇ ਲੁੱਟਮਾਰ ਕਰਨਵਾਲੀ ਜਮਾਤ ਖੜ੍ਹੀ ਹੈ ਜਿਸ ਨੇ ਨਾ ਕੇਵਲ ਕਿਰਤੀ ਜਮਾਤ  ਨੂੰ ਆਰਥਿਕ ਤੌਰ ਤੇ ਹੀ ਲੁੱਟਿਆ ਹੈ ਸਗੋਂ ਇਸ ਵਰਗ ਦੇ ਸੱਭਿਆਚਾਰ ਤੇ ਵੀ ਹੱਲਾ  ਬੋਲ ਰੱਖਿਆ ਹੈ । ਇਸ ਵਰਗ ਨੂੰ ਤੇਰੇ ਸ਼ਹੀਦੀ ਸਮਾਗਮਾਂ ਵੇਲੇ ਵੀ ਅਸੱਭਿਅਕ ਗੀਤਾਂ ਵਿੱਚ  ਗੜੁੱਚ ਕਰਕੇ ਤੇਰੀ ਸੋਚ ਤੋਂ ਪਰੇ  ਰੱਖਣ ਦੇ ਯਤਨ ਜਾਰੀ  ਹਨ  । ਕਿੱਥੇ  ਇਸ ਵਰਗ ਦਾ ਸੱਭਿਆਚਾਰ  ਸੀ ਕਿ:-
“ਕਦੇ   ਸਾਡਾ ਤਾਂ  ਨਾਂ  ਸੀ ਮਾਂ  ਗੁਜ਼ਰੀ,
ਘੜੀ  ਘੜੀ ਗੁਜ਼ਰੀ ਤੇ ਪਲ ਪਲ ਗੁਜ਼ਰੀ।
ਅਸਾਂ ਵਾਰ ਸਰਬੰਸ ਨਾ ਸੀ ਕੀਤੀ,
ਜਿਹੜੀ ਆਈ ਲਈ  ਸਿਰਾਂ ਤੇ ਝੱਲ ਗੁਜ਼ਰੀ ।”

                ਤੇ ਹੁਣ ਇਨ੍ਹਾਂ ਲੁਟੇਰੀਆਂ ਜਮਾਤਾਂ ਨੇ ਸਾਡੇ  ਸਮਾਜ ਦੇ ਬੱਚਿਆਂ ਅੱਲੜ ਉਮਰ ਦੇ ਮੁੰਡੇ  ਕੁੜੀਆਂ ਅੱਗੇ ਮੋਬਾਇਲ ਅਤੇ ਇੰਟਰਨੈੱਟ ਦੇ ਜਰੀਏ ਸ਼ੋਸ਼ਲ ਮੀਡੀਆ ਦੇ ਨਾਂ ਤੇ ਅਜਿਹਾ ਨੰਗੇਜ਼ ਭਰਪੂਰ ਕਲਚਰ ਪੇਸ਼ ਕੀਤਾ ਹੈ ਜਿਸ ਵਿੱਚ ਸਾਡਾ ਇਹ ਬਚਪਨ ਬੁਰੀ ਤਰਾਂ ਫਸ ਚੁੱਕਾ ਹੈ ਉਦਾਹਰਣ  ਵਜੋਂ ਅੱਜ ਜੇ ਕਿਸੇ ਵੀ ਬੱਚੇ ਨੂੰ ਕਿਸੇ ਗੀਤ ਦੀਆਂ ਦੋ ਲਾਈਨਾਂ ਗੁਣ ਗੁਣਾਉਣ ਨੂੰ ਕਹਿ ਦਿੱਤਾ ਜਾਵੇ ਤਾਂ  ਉਹ ਕਿਸੇ ਵੀ ਲੱਚਰ ਗੀਤ ਦੀਆਂ ਤੁਕਾਂ  ਬੜੇ ਚਾਅ ਨਾਲ ਗਾਉਣ ਲੱਗੇਗਾ ਜਿਵੇਂ  ਜਿਵੇਂ ਕਿ “ਪਿਛਲੀ ਗਲੀ ਵਿਚੋਂ ਆ ਜਾ ਸੁਹਣਿਆ” ਆਦਿ ਜਿਨ੍ਹਾਂ ਦੀ ਝਲਕ ਅਸੀਂ ਅੱਜ ਦੀ ਨੌਜਵਾਨੀ ਵੱਲੋਂ ਫੇਸ ਬੁੱਕ ਅਤੇ ਇੰਸਟਰਾਗ੍ਰਾਮ ਤੇ ਪਾਈਆਂ ਰੀਲਾਂ ਤੋਂ ਪਾ ਸਕਦੇ ਹਾਂ ।
                ਇਹ ਸੁਣ ਕੇ ਭਗਤ ਸਿਆਂ ਬੜਾ ਦੁੱਖ ਹੁੰਦਾ  ਹੈ  ਕਿ ਜਿਸ ਔਰਤ ਨੇ ਤੈਨੂੰ ਜਨਮ ਦਿੱਤਾ ਜਿਸ ਔਰਤ ਦੇ ਪੇਟ ਵਿੱਚੋਂ  ਸ੍ਰੀ  ਗੁਰੂ  ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ  ਗੋਬਿੰਦ ਸਿੰਘ ਵਰਗੇ ਮਹਾਨ ਰਹਿਬਰਾਂ ਨੇ  ਜਨਮ ਲਿਆ ਹੈ  ਉਸੇ ਹੀ ਔਰਤ ਜਾਤ ਨੂੰ  ਦੋ ਗਿੱਠ ਕੱਪੜਿਆਂ ਵਿੱਚ ਮੀਡੀਆ ਵਿੱਚ ਦਿਖਾਇਆ ਜਾ ਰਿਹੈ ਅਤੇ ਢਿੱਡ ਨੂੰ ਝੁਲਕਾ ਦੇਣ ਖਾਤਰ ਅੱਜ ਵੀ ਤੇਰੇ ਦੇਸ਼ ਦੀਆਂ  ਲੱਖਾਂ  ਦੇਵੀਆਂ ਆਪਣਾ ਜਿਸਮ ਤੱਕ ਵੇਚਣ ਲਈ ਮਜ਼ਬੂਰ  ਹਨ ।  ਸਿਹਤ, ਸਿੱਖਿਆ, ਘਰ, ਸਾਫ ਹਵਾ, ਪਾਣੀ,  ਰੁਜ਼ਗਾਰ ਅਤੇ ਹੋਰ ਮੁੰਢਲੀਆਂ ਸਹੂਲਤਾਂ ਤੋਂ  ਤੇਰੇ ਦੇਸ਼ ਦੇ ਕਰੋੜਾਂ ਕਿਰਤੀ  ਲੋਕ ਵਾਂਝੇ ਹਨ । ਇਹ ਤਾਂ ਸੀ ਤੇਰੇ ਪਹਿਲੇ ਸੁਆਲ ਦਾ ਸੰਖੇਪ ਜਿਹਾ ਜੁਆਬ। ਪਰ ਵਿਸਥਾਰ ਨਾਲ ਲਿਖਣ ਲਈ ਤਾਂ ਕਲਮਾਂ  ਦੀ ਸਿਆਹੀ ਮੁੱਕ ਜਾਵੇਗੀ, ਕਾਗਜ਼ ਖਤਮ ਹੋ ਜਾਣਗੇ ਪ੍ਰੰਤੂ ਮੇਰੇ ਦੇਸ਼ ਦੇ ਕਿਰਤੀਆਂ ਦੇ ਦੁੱਖੜੇ ਫਿਰ ਵੀ ਬਾਕੀ ਰਹਿ ਜਾਣਗੇ ।
    ਭਗਤ ਸਿਆਂ ਤੇਰੇ ਦੂਸਰੇ ਸੁਆਲ ਦੇ ਸੰਦਰਭ ਵਿੱਚ ਮੈਂ ਕਹਾਂਗਾ ਕਿ ਤੂੰ ਮੌਤ ਦਾ ਨਹੀਂ ਸਗੋਂ ਜ਼ਿੰਦਗੀ ਦਾ ਲਾੜਾ ਸੀ । ਜਿੰਦਗੀ ਦੇ ਗੀਤ ਗਾਉਣ ਵਾਲਾ ਜ਼ਿੰਦਗੀ ਦਾ ਆਸ਼ਕ । ਤੂੰ ਸ਼ਾਂਤੀ, ਆਜ਼ਾਦੀ, ਖੇੜੇ ਅਤੇ ਖੁਸ਼ਹਾਲੀ ਭਰੀ ਮਾਨਵੀ ਜ਼ਿੰਦਗੀ ਦੇ ਸੁਪਨੇ ਦੀ ਖੁਮਾਰੀ ਨਾਲ ਭਰਿਆ ਪਿਆ ਸੀ ਤੂੰ ਅੰਤਰ ਰਾਸ਼ਟਰੀ , ਕੌਮੀ ਅਤੇ  ਸਥਾਨਕ ਪੱਧਰ ਦੀਆਂ ਤੱਤਕਾਲੀਨ ਰਾਜਨੀਤਿਕ ,ਸਮਾਜਿਕ ,ਆਰਥਿਕ ਅਤੇ ਪ੍ਰਸ਼ਾਸਨਿਕ ਸਥਿਤੀਆਂ ਨੂੰ ਸਮਝਣ ਸਮਝਾਉਣ ਲਈ ਅਤੇ ਲੋਕਾਂ  ਨੂੰ ਅਜ਼ਾਦੀ , ਬਰਾਬਰੀ ਅਤੇ  ਸਮਾਜਿਕ ਨਿਆਂ ਲਈ ਸ਼ੰਘਰਸ਼ ਕਰਨ ਹਿੱਤ ਜਾਗ੍ਰਿਤ ਕਰਨ ਲਈ ਤੁਰਿਆ ਸੀ ਨਾ ਕਿ ਮਰਨ ਲਈ ।ਨਿਰੀ ਸ਼ਹੀਦੀ ਹੀ ਤੇਰੇ ਜੀਵਨ ਦਾ ਉਦੇਸ਼ ਨਹੀਂ ਸੀ । ਜਿੱਥੇ  ਅੱਜ  ਦਾ ਦਿਨ ਤੇਰੀ ਸ਼ਹਾਦਤ ਨਾਲ ਸਬੰਧਤ ਹੈ, ਉੱਥੇ ਸਾਰੇ ਸਾਲ ਦਾ ਸਬੰਧ ਉੱਚ ਆਦਰਸ਼ਾਂ ਨੂੰ ਸਮਰਪਿਤ ਤੇਰੀਆਂ ਸਾਰੀਆਂ ਸਰਗਰਮੀਆਂ ਨਾਲ ਹੈ । ਜੇਕਰ ਸਾਲ ਭਰ ਅਸੀਂ ਤੇਰੇ ਜੀਵਨ ਸੰਗਰਾਮ ਅਤੇ ਜੀਵਨ ਮਨੋਰਥ  ਦਾ ਧਿਆਨ ਨਹੀਂ ਧਰਦੇ ਤਾਂ ਇੱਕ ਦਿਨ ਲਈ ਤੇਰੀ ਸ਼ਹਾਦਤ ਨੂੰ ਯਾਦ ਕਰਨ ਦੇ ਪਾਖੰਡ ਦਾ ਕੀ ਲਾਭ ਹੈ??
ਤੁਸੀਂ 8 ਅਪਰੈਲ 1929 ਨੂੰ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟਣ ਮਗਰੋਂ ਸੁੱਟੇ ਹੱਥ ਪਰਚਿਆਂ ਵਿੱਚ ਆਪਣੇ ਵਿਚਾਰਾਂ ਨੂੰ ਸ਼ਪੱਸ਼ਟ ਕੀਤਾ ਸੀ ਕਿ “ਅਸੀਂ ਮਨੁੱਖੀ ਜੀਵਨ ਨੂੰ  ਬੜਾ ਪਵਿੱਤਰ ਪਵਿੱਤਰ ਮੰਨਦੇ ਹਾਂ ਅਤੇ ਉਸ ਦੇ ਸੁਨਹਿਰੀ ਭਵਿੱਖ ਦਾ ਸੁਪਨਾ ਦੇਖਦੇ ਹਾਂ ਜਦੋਂ ਮਨੁੱਖ ਪੂਰਨ ਸ਼ਾਂਤੀ ਅਤੇ ਅਜ਼ਾਦੀ ਨਾਲ ਵਿਚਰੇਗਾ । ਸਾਨੂੰ ਇਹ ਪ੍ਰਵਾਨ ਕਰਦਿਆਂ ਦੁੱਖ ਹੁੰਦਾ ਹੈ ਕਿ ਅਸੀਂ ਇਨਸਾਨੀ ਖੂਨ ਡੋਲਣ ਲਈ ਮਜਬੂਰ ਹੋੋਏ ਹਾਂ ।”
     ਅਸੈਂਬਲੀ ਬੰਬ  ਕੇਸ ਵਿੱਚ ਤੇਰਾ ਅਦਾਲਤੀ ਬਿਆਨ ਸੀ ਕਿ ਇਨਕਲਾਬ ਵਾਸਤੇ ਖੂਨੀ ਲੜਾਈਆਂ ਲੜਨੀਆਂ ਜਰੂਰੀ ਨਹੀਂ ਅਤੇ ਨਾ ਹੀ ਇਸ ਵਿੱਚ ਨਿੱਜੀ ਬਦਲੇ ਲਈ ਕੋਈ ਥਾਂ ਹੈ, ਇਹ ਬੰਬ ਅਤੇ ਪਿਸਤੌਲ ਦਾ ਫਿਰਕਾ ਨਹੀਂ ,ਇਨਕਲਾਬ ਤੋਂ ਸਾਡਾ ਮਤਲਬ ਹੈ  ਕਿ ਨੰਗੇ  ਅਨਿਆਂ ਉੱਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜਰੂਰ ਬਦਲਣਾ ਚਾਹੀਦਾ  ਹੈ । ਇਸੇ ਦੌਰਾਨ ਤੁਸੀਂ 19 ਅਕਤੂਬਰ 1929 ਨੂੰ  ਪੰਜਾਬ ਸਟੂਡੈਂਟਸ ਯੂਨੀਅਨ ਦੀ ਕਾਨਫਰੰਸ ਜਿਸ ਦੇ ਸਭਾਪਤੀ ਸ਼ੁਭਾਸ਼ ਚੰਦਰ ਬੋਸ ਸਨ ਵਿੱਚ ਘੱਲੇ ਸੰਦੇਸ਼ ਵਿੱਚ ਕਿਹਾ ਸੀ ਕਿ “ਅਸੀਂ ਨੌਜਵਾਨਾਂ  ਨੂੰ ਬੰਬ ਬੰਦੂਕਾਂ ਅਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ,ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਕਿਤੇ ਜਿਆਦਾ ਵੱਡੇ ਕੰਮ ਹਨ ।”
    ਭਗਤ ਸਿਆਂ ਮੇਰੇ  ਲਈ ਅਤੇ ਸਮੁੱਚੀ ਕਿਰਤੀ ਜਮਾਤ ਲਈ ਤਾਂ ਤੂੰ ਇਸ  ਦੁਨੀਆਂ ਤੇ ਉੱਚ ਕੋਟੀ ਦਾ ਫਿਲਾਸਫਰ, ਮੁਕਤੀ ਦਾਤਾ  ,ਮਾਰਗ ਦਰਸ਼ਕ , ਚਾਨਣ ਮੁਨਾਰਾ ਅਤੇ ਇਨਕਲਾਬੀ ਰਹਿਬਰ ਹੈਂ  ਪਰ ਬੜਾ ਦੁੱਖ ਹੁੰਦਾ ਹੈ ਜਦੋਂ ਹਾਕਮ ਜਮਾਤਾਂ ਅਤੇ ਮੌਜੂਦਾ ਨਿਜਾਮ ਨੇ ਤੇਰੇ ਚਿਹਰੇ ਮੋਹਰੇ,ਤੇਰੀ ਸੋਚ,ਅਤੇ ਤੇਰੀ ਫਿਲਾਸਫੀ ਨੂੰ ਲੋਕਾਂ ਦੇ ਜਿਹਨ ਵਿੱਚ ਵੱਸਣ ਤੋਂ ਦੂਰ ਰੱਖਿਆ । ਸਮਕਾਲੀ ਦੌਰ  ਦਾ ਸਮਾ ਹੋਰ ਵੀ ਭਿਆਨਕ ਹੈ ਜਦੋਂ ਖੁੱਲੀ ਆਰਥਿਕਤਾ ਦੇ ਨਾਂ  ਤੇ ਅਖੌਤੀ ਵਿਸ਼ਵੀਕਰਨ ਦੇ ਵਿਕਾਸ ਮਾਡਲਾਂ ਦਾ ਢੰਡੋਰਾ ਪਿੱਟਿਆ ਜਾ ਰਿਹੈ । ਦੂਜੇ ਪਾਸੇ ਦੇਸ਼ ਅੰਦਰ ਲੋਕ ਸਰੋਕਾਰਾਂ ਨੂੰ ਸਮਰਪਿਤ ਕੋਈ ਠੋਸ ਵਿਚਾਰਧਾਰਾ  ਜਾਂ ਲਹਿਰ ਦੀ ਗੈਰਹਾਜ਼ਰੀ ਵਿੱਚ ਇਤਹਾਸ ਦੇ ਇਨਕਲਾਬੀ ਸੂਰਬੀਰਾਂ ਤੋਂ ਵਿਚਾਰਧਾਰਕ ਸੇਧ ਲੈਣ ਦੀ ਬਜਾਏ ਇਨ੍ਹਾਂ ਨਾਇਕਾਂ ਦੇ ਬਿੰਬਾਂ ਨਾਲ ਖਿਲਵਾੜ ਕੀਤਾ  ਜਾ ਰਿਹਾ ਹੈ ।  ਅੱਜ ਤੁਹਾਨੂੰ ਟੀ ਸ਼ਰਟਾਂ, ਪੀਲੀਆਂ ਪੱਗਾਂ ਅਤੇ ਸਟਿੱਕਰਾਂ ਵਿੱਚ ਉਲਝਾ ਕੇ ਤੁਹਾਡੀ ਸੋਚ ਅਤੇ ਚਿੰਤਨ ਨਾਲ ਧ੍ਰੋਹ ਕੀਤਾ  ਜਾ ਰਿਹੈ । ਕਿਤੇ ਤੇਰੀ ਮੁੱਛ ਵਾਲੀ ਫੋਟੋ ਲਾ ਕੇ ਲਿਖਿਆ ਹੁੰਦਾ ਕਿ “ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸੁਆਲ ਐ” ਅਤੇ ਕਿਤੇ ਪਿਸਤੌਲ ਵਾਲੀ ਫੋਟੋ ਲਾ ਕੇ ਲਿਖਣਾ ਕਿ  “ਅੰਗਰੇਜ਼ ਖੰਘੇ ਸੀ ਤਾਂਹੀਓਂ ਟੰਗੇ ਸੀ” ਆਦਿ ਦਾ ਫੈਲਾਅ ਮੰਡੀਵਾਦੀ ਤਾਕਤਾਂ ਦੇ ਭਾਰੂ ਹੋਣ ਦਾ ਸੰਕੇਤ ਹੈ ਜਿਸ ਨਾਲ ਤੇਰੇ ਤਰਕਸ਼ੀਲ ਚਿੰਤਕ , ਵਿਚਾਰਵਾਨ, ਸਮਾਜਵਾਦੀ ਅਤੇ ਦੂਰ ਦਰਸ਼ੀ ਸੋਚ ਵਾਲੇ ਬਿੰਬ ਨੂੰ ਨਵੀਂ ਅਤੇ ਪੁਰਾਣੀ ਪੀੜ੍ਹੀ ਨੂੰ ਦੂਰ ਕੀਤਾ ਜਾ ਰਿਹਾ ਹੈ ।


          ਤੂੰ ਤਾਂ ਸਾਂਡਰਸ ਦੇ ਕਤਲ ਤੋਂ ਬਾਅਦ ਲਹੌਰ ਤੋਂ ਨਿਕਲ ਕੇ ਕਲਕੱਤਾ ਜਾਣ ਲਈ ਅੰਗਰੇਜ਼ਾਂ ਵਰਗਾ ਨਕਲੀ ਭੇਸ ਬਣਾਇਆ ਸੀ ਤਾਂ ਜੋ ਗਿ੍ਫ਼ਤਾਰੀ ਤੋਂ ਬਚਦਿਆਂ ਦੇਸ਼ ਅਤੇ ਦੇਸ਼ ਦੇ ਲੋਕਾਂ ਸੰਗ ਵਫ਼ਾ ਨਿਭਾਈ ਜਾ ਸਕੇ ਪ੍ਰੰਤੂ ਅੱਜ ਦੇ ਮੌਜੂਦਾ ਪ੍ਰਬੰਧ ਵੱਲੋਂ ਤੇਰੇ ਨਕਲੀ ਭੇਸ ਨੂੰ ਤੇਰਾ ਸਥਾਈ ਬਿੰਬ ਪੇਸ਼ ਕਰਨ ਦਾ ਕੋਝਾ ਕਾਰਨਾਮਾ ਕੀਤਾ ਜਾ ਰਿਹੈ ਤਾਂ ਜੋ ਤੇਰਾ ਅਸਲੀ ਪ੍ਰਭਾਵ ਲੋਕਾਂ ਦੇ ਜਿਹਨ ਅੰਦਰ ਨਾ ਬੈਠ ਸਕੇ । ਲੋੜਾਂ ਦੀ ਲੋੜ ਤਾ ਇਹ  ਸੀ ਕਿ ਤੇਰੇ ਵਰਗੇ ਕੌਮੀ ਪਰਵਾਨਿਆਂ ਦੀਆਂ ਲਿਖਤਾਂ  ਨੂੰ ਭਾਰਤੀ ਸੰਵਿਧਾਨ ਦੇ ਖਰੜੇ ਵਿੱਚ ਸ਼ਾਮਲ ਕੀਤਾ ਜਾਂਦਾ । ਤੁਹਾਡੇ ਬੁੱਤ ਪਾਰਲੀਮੈਂਟਾਂ, ਰਾਜ ਸਭਾਵਾਂ, ਵਿਧਾਨਸਭਾਵਾਂ ਅਤੇ ਹੋਰ ਢੁੱਕਵੀਂਆਂ ਥਾਵਾਂ ਤੇ ਲਗਾ ਕੇ  ਲੋਕ ਮਨਾ ਅੰਦਰ ਕੌਮੀ ਪ੍ਰਵਾਨਿਆਂ ਦੀ ਸੋਚ ਦੀ ਲਾਟ ਨੂੰ  ਮਘਦੀ ਰੱਖਿਆ ਜਾਂਦਾ ਪ੍ਰੰਤੂ ਇੰਜ ਨਹੀਂ ਹੋਇਆ । ਮੇਰੇ ਦੋਸਤ!  ਗੱਲ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਕਈ ਚਿੱਤਰਕਾਰਾਂ  ਨੇ ਤਾਂ ਤੇਰੀਆਂ ਮੁੱਛਾਂ ਨੂੰ ਇੰਨੀਆਂ ਲੰਮੀਆਂ ਅਤੇ ਭਰਵੀਆਂ ਦਿਖਾਇਆ ਹੈ ਕਿ ਤੇਰੀ ਉਮਰ ਹੀ ਅਸਲੀ ਉਮਰ ਨਾਲੋਂ ਡੇਢੀ ਦੁੱਗਣੀ ਨਜ਼ਰ ਆਉਂਦੀ ਹੈ ।
      ਅੱਜਕੱਲ੍ਹ ਤੇਰਾ ਇੱਕ ਪੋਸਟਰ ਬੜਾ ਪ੍ਰਚੱਲਿਤ ਹੈ ਜਿਸ ਵਿਚ ਤੈਨੂੰ ਅਸ਼ੋਕ ਚੱਕਰ ਵਾਲਾ ਵੱਡਾ ਸਾਰਾ ਝੰਡਾ ਫੜੀ ਦਿਖਾਇਆ ਗਿਆ ਹੈ ਜਦ ਕਿ ਵਰਤਮਾਨ ਰਾਸ਼ਟਰੀ ਝੰਡੇ ਦਾ ਇਹ ਸਰੂਪ ਤੇਰੀ ਸ਼ਹਾਦਤ ਤੋਂ ਇੱਕ ਦਹਾਕੇ ਤੋਂ ਵੀ ਵੱਧ ਸਮੇ ਮਗਰੋਂ ਹੋੰਦ ਵਿੱਚ ਆਇਆ ਸੀ । ਜਿੰਨੀ ਗੈਰਜਿੰਮੇਵਾਰੀ ਦਾ ਪ੍ਰਦਰਸ਼ਨ ਇਨ੍ਹਾਂ ਪੋਸਟਰ ਬਣਾਉਣ ਵਾਲੇ ਪੰਜਾਬੀ ਚਿੱਤਰਕਾਰਾਂ  ਨੇ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਵਰਗ ਨੇ ਕੀਤਾ ਹੋਵੇਗਾ ।  ਜਿਸਦਾ ਅਗਾਂਹਵਧੂ ਸੰਸਥਾਵਾਂ,ਸਿੱਖਿਆ ਅਤੇ ਪੁਰਾਤਤਵ ਇਤਿਹਾਸ ਨਾਲ ਜੁੜੇ ਵਿਭਾਗਾਂ ਨੂੰ  ਨੋਟਸ ਲੈਣਾ ਬਣਦਾ ਹੈ  ।ਤੇਰੇ ਅਕਸ ਨੂੰ  ਵਿਗਾੜਨ ਦੀ ਰਹਿੰਦੀ  ਕਸਰ   ਬੇਸੁਰਾ ਗਾਉਣ ਵਾਲੇ ਪੰਜਾਬੀ ਦੇ ਫੁਕਰੇ ਕਲਾਕਾਰ ਪੂਰੀ ਕਰੀ ਜਾ ਰਹੇ ਹਨ ਜਿਨ੍ਹਾਂ ਨੂੰ ਕੰਨਾਂ ਵਿੱਚ ਤੇਲ ਪਾਈ ਜਨਤਾ ਬਿਨਾ ਸੋਚੇ ਸਮਝੇ ਦੇਖੀ ਅਤੇ ਸੁਣੀ ਜਾ ਰਹੀ ਹੈ ।ਲੋਕਾਂ ਨੂੰ ਸ਼ਾਇਦ ਆਪਣੇ  ਅਮੀਰ ਸੱਭਿਆਚਾਰ ਅਤੇ ਵਿਰਸੇ ਉਪਰ ਹੋ ਰਹੇ ਕੋਝੇ ਹਮਲੇ ਦੀ ਸਾਰ ਨਹੀਂ ਹੈ ।
                     ਬੱਸ!ਮੈਂ ਤੇਰੇ ਦੂਸਰੇ ਸੁਆਲ ਦਾ ਜੁਆਬ ਵੀ ਆਪਣੀ  ਤੁਸ਼ ਜਿਹੀ ਬੁੱਧੀ ਅਨੁਸਾਰ ਇਨ੍ਹਾਂ ਕੁ ਹੀ ਦੇਣ ਦੇ ਕਾਬਿਲ ਹਾਂ । ਮੇਰੇ ਅੰਦਰ  ਤੇਰੇ ਇਨ੍ਹਾਂ ਸੁਆਲਾਂ ਦੇ ਜੁਆਬ ਦੇਣ ਦੀ ਯੋਗਤਾ ਤਾਂ ਨਹੀ ਹੈ ਪਰ ਫਿਰ ਵੀ ਮੈਂ ਕੋਸ਼ਿਸ਼ ਜਰੂਰ ਕੀਤੀ  ਹੈ ।
                       ਅੰਤ ਵਿੱਚ ਅੱਜ ਮੈਂ  ਆਪਣੇ ਪਿੰਡ  ਲੰਗੇਰੀ ਵਿੱਚ ਤੇਰੇ ਬੁੱਤ ਦੇ ਸਾਹਮਣੇ ਖੜ੍ਹਾ ਹੋ ਕੇ ਤੇਰੇ ਨਾਲ ਗੱਲਬਾਤ ਕਰਨ ਦਾ ਹੌਸਲਾ ਕੀਤਾ ਹੈ। ਮੈਨੂੰ ਪੂਰਨ ਆਸ ਹੈ ਕਿ ਤੂੰ ਇੱਕ ਵਾਰ ਫਿਰ ਪਰਤੇਂਗਾ ਤੇ ਫਿਰ ਮੇਰੇ ਨਾਲ ਗੱਲਬਾਤ ਕਰਨ ਦੀ ਬਜਾਏ ਹੁਣ ਦੇ ਹਾਲਾਤਾਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਅਤੇ  ਕੰਨਾਂ  ਨਾਲ ਸੁਣ ਸਕੇੰਗਾ । ਫਿਰ ਇਹ ਲੋਕ ਦੋਖੀ ਨਿਜ਼ਾਮ ਢਹਿ ਢੇਰੀ ਹੋਵੇਗਾ ਤੇ  ਹਕੀਕਤ ਵਿੱਚ ਤੇਰੇ ਸੁਪਨਿਆਂ ਦਾ ਭਾਰਤ ਤੇਰੇ ਵਿਚਾਰਾਂ ਨਾਲ ਸਿਰਜੇਗਾ । ਯੁਗਾਂ ਯੁਗਾਤਰਾਂ ਤੱਕ ਨੌਜਵਾਨ ਰਹਿਣ ਵਾਲੇ  ਭਗਤ ਸਿਆਂ ਅਸੀਂ ਬੁੱਢੇ ਹੋ ਜਾਣਾ, ਮਰ ਮੁੱਕ ਜਾਣਾ ਪਰ ਤੂੰ ਹਮੇਸ਼ਾਂ 23 ਸਾਲ ਦਾ ਭਰ ਜਵਾਨ ਨੌਜਵਾਨ ਗੱਭਰੂ ਹੀ ਰਹਿਣੈ। ਇਸ ਉਮੀਦ ਨਾਲ ਕਿ ਤੇਰੀ ਸੋਚ  ਦਾ ਢਾਂਚਾ ਫਿਰ ਉੱਸਰੇਗਾ ਤੇ ਮੈਂ ਤੇਰੇ ਪਰਤਣ ਤੇ ਤੇਰੇ ਅਤੇ ਤੇਰੇ ਲੋਕਾਂ ਸੰਗ ਮਿਲ ਕੇ ਗਾਵਾਂਗਾ:-
ਵੈਰ ਭਾਵ  ਅਤੇ ਸਾੜੇ ਮੁੱਕ ਜਾਣਗੇ ,
ਮਝਬਾਂ ਦੇ ਵੱਟਾਂ ਬੰਨੇ ਟੁੱਟ ਜਾਣਗੇ ।
ਦੁਨੀਆਂ ਤੇ ਇੱਕੋ ਹੀ ਜਮਾਤ ਹੋਵੇਗੀ,
ਰੋਜ਼ ਹੀ ਦੀਵਾਲੀ ਵਾਲੀ ਰਾਤ ਹੋਵੇਗੀ ।
ਰੱਜ਼ ਰੱਜ਼ ਖਾਣਗੇ ਕਮਾਊ ਹਾਣੀਆਂ,
ਸੋਨੇ ਦੀ ਸਵੇਰ ਫਿਰ ਆਊ ਹਾਣੀਆਂ ।।

ਅਵਤਾਰ ਲੰਗੇਰੀ

ਅਵਤਾਰ ਲੰਗੇਰੀ
ਲੰਗੇਰੀ ਹੁਸ਼ਿਆਰਪੁਰ
9463260181 

Show More

Related Articles

Leave a Reply

Your email address will not be published. Required fields are marked *

Back to top button
Translate »