8 ਅਗਸਤ 2023 ਨੂੰ ਤੀਸਰੀ ਸਲਾਨਾ ਬਰਸੀ ਤੇ ਵਿਸ਼ੇਸ਼
ਵਿਰਲੇਮਨੁੱਖ ਹੀ ਹੁੰਦੇ ਹਨ ਜੋ ਆਪਣਿਆਂ ਦੇ ਨਾਲ ਨਾਲ ਦੂਜਿਆਂ ਲਈ ਵੀ ਕੁਝ ਅਜਿਹਾ ਕਰ ਗੁਜ਼ਰਦੇ ਹਨ ਜਿਸ ਦੀਆਂ ਪੈੜਾਂ ਅਮਿੱਟ ਹੋ ਨਿੱਬੜਦੀਆਂ ਹਨ ।ਕੁਝ ਅਜਿਹੀ ਹੀ ਸ਼ਖਸੀਅਤ ਦੇ ਮਾਲਕ ਸਨ ਪਿੰਡ ਲੰਗੇਰੀ ਦੇ ਲਗਪਗ ਸਤਾਈ ਵਰ੍ਹੇ ਰਹੇ ਸਰਪੰਚ , ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਸਾਡੇ ਹਾਣੀਆਂ ਦੇ ਸਭ ਦੇ ਪਿਆਰੇ “ਲਾਲੀ ਅੰਕਲ “। ਪਿੰਡ ਲੰਗੇਰੀ ਦਾ ਕਦੇ ਨਾ ਪੂਰਿਆ ਜਾਣ ਵਾਲਾ ਖੱਪਾ ਛੱਡ ਉਹ ਸਾਥੋਂ 8 ਅਗਸਤ 2020 ਨੂੰ ਸਦਾ ਸਦਾ ਲਈ ਵਿੱਛੜ ਗਏ । ਸ਼ਾਮ ਦੇ ਕੋਈ ਸਾਢੇ ਕੁ ਅੱਠ ਵਜੇ ਜਦ ਉਨ੍ਹਾਂ ਨੇ ਜ਼ਰਾ ਕੁ ਬੇਚੈਨੀ ਮਹਿਸੂਸ ਕੀਤੀ ਤਾਂ ਪਰਿਵਾਰ ਵੱਲੋਂ ਉਨ੍ਹਾਂ ਡਾਕਟਰ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਤਾਂ ਪਿੰਡ ਦੀ ਜੂਹ ਪਾਰ ਕਰਦਿਆਂ ਹੀ ਪਿੰਡ ਵਾਸੀਆਂ,ਮਿੱਤਰ ਪ੍ਰੇਮੀਆਂ ਅਤੇ ਸਕੇ ਸਬੰਧੀਆਂ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ । ਸਬੰਧੀ
ਉਨ੍ਹਾਂ ਦੇ ਜਾਣ ਨਾਲ ਇਲਾਕਾ ਮਾਹਿਲਪੁਰ ਦੀ ਪ੍ਰਗਤੀਸ਼ੀਲ ,ਦੇਸ਼ਭਗਤ ,ਤਰਕਸ਼ੀਲ ਅਤੇ ਜਮਹੂਰੀ ਲਹਿਰ ਨੂੰ ਵੀ ਇੱਕ ਵੱਡਾ ਘਾਟਾ ਪਿਆ ਕਿਉਂਕਿ ਇੱਕ ਦੇਸ਼ ਭਗਤ ਪਰਿਵਾਰ ਵਿੱਚੋਂ ਹੋਣ ਕਰਕੇ ਉਹ ਹਮੇਸ਼ਾ ਹੀ ਖੱਬੀ ਵਿਚਾਰਧਾਰਾ ਦੇ ਹਮਦਰਦ ਅਤੇ ਸਹਾਇਕ ਦੇ ਤੌਰ ਤੇ ਵਿਚਰਦੇ ਰਹੇ ।
ਸੰਨ 1940 ਵਿੱਚ ਉਨ੍ਹਾਂ ਵੱਲੋਂ ਮਾਤਾ ਦਲੀਪ ਕੌਰ ਦੀ ਕੁੱਖੋਂ ਪਿਤਾ ਸੁਤੰਤਰਤਾ ਸੈਨਾਨੀ ਗਿਆਨੀ ਮੇਹਰ ਸਿੰਘ ਦੇ ਘਰ ਪਿੰਡ ਲੰਗੇਰੀ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਨਮ ਲਿਆ। ਆਪਣੀ ਉਮਰ ਦੇ ਬਿਤਾਏ ਅੱਸੀ ਵਰ੍ਹਿਆਂ ਵਿਚ ਉਨ੍ਹਾਂ ਗਿਣਨ ਯੋਗ ਕਾਰਜ ਕੀਤਾ । ਆਪਣੇ ਆਖ਼ਰੀ ਸੁਆਸ ਸਮੇਂ ਤੱਕ ਵੀ ਉਹ ਪਿੰਡ ਦੇ ਸਰਪੰਚ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਨਵਾਂ ਜ਼ਮਾਨਾ ਅਖ਼ਬਾਰ ਜਲੰਧਰ ਦੇ ਟਰੱਸਟੀ ਰਹੇ ।ਮਨਜੀਤ ਲਾਲੀ ਨੂੰ ਉਮਰ ਭਰ ਪਿੰਡ ਲੰਗੇਰੀ ਨਾਲ ਅੰਤਾਂ ਦਾ ਮੋਹ ਰਿਹਾ ਅਤੇ ਪਿੰਡ ਵਾਸੀਆਂ ਨੂੰ ਮਨਜੀਤ ਸਿੰਘ ਲਾਲੀ ਤੇ ਵੱਡਾ ਮਾਣ ,ਕਿਉਂਕਿ ਉਹ ਲੰਗੇਰੀ ਪਿੰਡ ਦਾ ਰੌਸ਼ਨ ਦਿਮਾਗ ਅਤੇ ਮਾਣ ਮੱਤਾ ਸਪੂਤ ਸੀ । ਜ਼ਿੰਦਗੀ ਜਿਊਣ ਦਾ ਸਲੀਕਾ ਅਤੇ ਕੰਮ ਪ੍ਰਤੀ ਵਫ਼ਾਦਾਰੀ ਜਿੱਥੇ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲੀ ਉੱਥੇ ਉਹ ਭਰ ਜਵਾਨੀ ਵਿੱਚ ਇੰਗਲੈਂਡ ਵਰਗੇ ਮੁਲਕ ਵਿੱਚ ਸਖ਼ਤ ਮਿਹਨਤ ਕਰਕੇ ਕਿਰਤ ਕਰਨ ਅਤੇ ਇਨਸਾਨੀਅਤ ਦੇ ਗੁਣਾਂ ਨਾਲ ਲੈਸ ਹੋ ਕੇ ਵਤਨ ਪਰਤੇ ਸਨ।
ਮਨਜੀਤ ਲਾਲੀ 37 ਸਾਲਾਂ ਦੀ ਉਮਰੇ ਅਮਰ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਉਸ ਸਮੇਂ ਇੰਗਲੈਂਡ ਦੀ ਸਹੂਲਤਾਂ ਭਰੀ ਜ਼ਿੰਦਗੀ ਛੱਡ ਉਦੋਂ ਪਿੰਡ ਪਰਤੇ ਜਦੋਂ ਪੰਜਾਬ ਪੂਰੀ ਤਰ੍ਹਾਂ ਅਤਿਵਾਦ ਦੀ ਭੱਠੀ ਵਿੱਚ ਝੁਲਸ ਰਿਹਾ ਸੀ । ਪਿੰਡ ਪਰਤਣ ਤੋਂ ਪਹਿਲਾਂ ਹੀਗਲ ਮਨਜੀਤ ਲਾਲੀ ਉੱਘੇ ਚਿੰਤਕ ਪੰਡਤ ਵਿਸ਼ਨੂੰ ਦੱਤ ਸ਼ਰਮਾ ਅਤੇ ਕਾਮਰੇਡ ਹਰਦੀਪ ਦੂੜ੍ਹੇ ਵਰਗੇ ਕਮਿਊਨਿਸਟ ਇਨਕਲਾਬੀ ਸਾਥੀਆਂ ਨੂੰ ਇੰਗਲੈਂਡ ਵਿਚ ਮਿਲ ਕੇ ਲੋਕ ਪੱਖੀ ਵਿਚਾਰਧਾਰਾ ਨੂੰ ਪ੍ਰਣਾਅ ਇੱਕ ਚਰਚਿਤ ਹਸਤੀ ਬਣ ਰਿਹਾ ਸੀ । ਹਕੂਮਤੀ ਅਤੇ ਖ਼ਾਲਿਸਤਾਨੀ ਦਹਿਸ਼ਤਗਰਦੀ ਦੇ ਸਾਏ ਹੇਠ ਜਦੋਂ ਪੰਜਾਬ ਕਾਲੇ ਦੌਰ ਵਿਚੋਂ ਗੁਜ਼ਰ ਰਿਹਾ ਸੀ ਤਾਂ ਉਸ ਵੇਲੇ 25 ਸਤੰਬਰ 1987 ਨੂੰ ਦਹਿਸ਼ਤਗਰਦਾਂ ਵੱਲੋਂ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਨੂੰ ਪਿੰਡ ਲੰਗੇਰੀ ਦੀ ਜੂਹ ਅੰਦਰ ਹੀ ਸ਼ਹੀਦ ਕਰ ਦਿੱਤਾ ਗਿਆ । ਦਰਸ਼ਨ ਸਿੰਘ ਕਨੇਡੀਅਨ ਦੇਸ਼ ਦੇ ਕਤਲ ਦੀ ਖ਼ਬਰ ਨੇ ਪੂਰੇ ਪੰਜਾਬ ਨੂੰ ਸੁੰਨ ਕਰਕੇ ਰੱਖ ਦਿੱਤਾ। ਆਪਣੇ ਮਹਿਬੂਬ ਆਗੂ ਦੇ ਕਤਲ ਤੋਂ ਬਾਅਦ ਲੋਕਾਂ ਨੇ ਬਹੁਤ ਵੱਡੇ ਮੁਜ਼ਾਹਰੇ ਅਤੇ ਰੋਸ ਮਾਰਚ ਕੀਤੇ ਜਿਨ੍ਹਾਂ ਦੀ ਅਗਵਾਈ ਕਰਨ ਵਿੱਚ ਕਮਿਊਨਿਸਟ ਪਾਰਟੀ ਦੇ ਆਗੂਆਂ ਦੇ ਨਾਲ ਮਨਜੀਤ ਲਾਲੀ ਨੇ ਮੋਹਰੀ ਰੋਲ ਅਦਾ ਕੀਤਾ ।ਉਨ੍ਹਾਂ ਦਿਨਾਂ ਵਿਚ ਖਾਲਿਸਤਾਨ ਦੇ ਖ਼ਿਲਾਫ਼ ਗੱਲ ਕਰਨਾ ਅੱਗ ਨਾਲ ਖੇਡਣ ਦੇ ਬਰਾਬਰ ਸੀ ।ਪ੍ਰੰਤੂ ਮਨਜੀਤ ਲਾਲੀ ਵੱਲੋਂ ਆਪਣੇ ਜਾਨ ਦੀ ਪਰਵਾਹ ਨਾ ਕਰਦਿਆਂ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਦੀ ਯਾਦ ਵਿੱਚ ਯਾਦਗਾਰ ਦੀ ਉਸਾਰੀ ਲਈ ਇੰਗਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ ਦਾ ਦੌਰਾ ਕਰਕੇ ਇਨਕਲਾਬੀ ਦੋਸਤਾਂ, ਵਿਦੇਸ਼ ਵੱਸਦੇ ਪਿੰਡ ਵਾਸੀਆਂ ਅਤੇ ਕਮਿਊਨਿਸਟ ਇਨਕਲਾਬੀਆਂ ਨੂੰ ਮਾਇਕ ਸਹਾਇਤਾ ਦੇਣ ਦੀ ਅਪੀਲ ਕੀਤੀ । ਸਖ਼ਤ ਘਾਲਣਾ ਅਤੇ ਕਠਿਨ ਮਿਹਨਤ ਸਦਕਾ ਜਦੋਂ ਉਨ੍ਹਾਂ ਵੱਲੋਂ ਅਮਰ ਸ਼ਹੀਦ ਦਰਸ਼ਨ ਸਿੰਘ ਕੈਨੇਡੀਅਨ ਦੀ ਯਾਦ ਵਿੱਚ ਪਿੰਡ ਲੰਗੇਰੀ ਵਿੱਚ ਅਮਰ ਸ਼ਹੀਦ ਦਰਸ਼ਨ ਸਿੰਘ ਕੈਨੇਡੀਅਨ ਯਾਦਗਾਰੀ ਸਟੇਡੀਅਮ ਦੀ ਉਸਾਰੀ ਚੱਲ ਰਹੀ ਸੀ ਤਾਂ ਉਸ ਸਮੇਂ ਖਾਲਿਸਤਾਨੀਆਂ ਵੱਲੋਂ ਕਾਮਰੇਡ ਲਾਲੀ ਨੂੰ ਧਮਕੀਆਂ ਭਰੇ ਪੱਤਰ ਮਿਲਦੇ ਰਹੇ ਕਿ, “ਕੈਨੇਡੀਅਨ ਦੀ ਯਾਦਗਾਰ ਬਣਾਉਣ ਦੇ ਨਾਲ ਆਪਣੀ ਅਤੇ ਆਪਣੇ ਇੰਗਲੈਂਡ ਰਹਿੰਦੇ ਪੁੱਤਰ ਦੀ ਯਾਦਗਾਰ ਬਣਾਉਣ ਬਾਰੇ ਵੀ ਸੋਚ ਲੈ ।” ਪਰ ਲਾਲੀ ਜੀ ਦੀ ਦੂਰਅੰਦੇਸ਼ੀ ਅਤੇ ਇਨਕਲਾਬੀ ਸੂਝ ਬੂਝ ਸਦਕਾ ਯਾਦਗਾਰ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਅਤੇ ਉਸਾਰੀ ਗਈ ਇਸੇ ਯਾਦਗਾਰ ਉਤੇ ਲਗਾਤਾਰ ਸਾਥੀ ਦਰਸ਼ਨ ਸਿੰਘ ਕੈਨੇਡੀਅਨ ਦੀ ਬਰਸੀ ਮਨਾਈ ਜਾਂਦੀ ਰਹੀ ।
ਆਪਣੇ ਪਿਤਾ ਸਮੇਤ ਪਿੰਡ ਦੇ ਅਨੇਕਾਂ ਦੇਸ਼ ਭਗਤਾਂ ਅਤੇ ਅਮਰ ਸ਼ਹੀਦ ਦਰਸ਼ਨ ਸਿੰਘ ਕੈਨੇਡੀਅਨ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਲਾਲੀ ਜੀ ਨੇ ਕਮਿਊਨਿਸਟ ਪਾਰਟੀਆਂ ਸੰਗ ਮਿਲ ਕੇ ਇਨਕਲਾਬੀ ਕਾਰਜ ਸ਼ੁਰੂ ਕੀਤੇ ।ਦੋ ਸਾਲਾਂ ਉਪਰੰਤ ਹੀ ਉਣਤਾਲ਼ੀ ਸਾਲਾਂ ਦੀ ਉਮਰੇ ਪਿੰਡ ਦੇ ਨੌਜਵਾਨ ਸਰਪੰਚ ਬਣੇ ਅਤੇ ਲਾਮਿਸਾਲ ਵਿਕਾਸ ਕਾਰਜ ਕੀਤੇ। ਪਿੰਡ ਦੀ ਸਰਪੰਚੀ ਤੋਂ ਲੈ ਕੇ ਬਲਾਕ ਸੰਮਤੀ ਮੈਂਬਰ ,ਜ਼ਿਲ੍ਹਾ ਪਲਾਨਿੰਗ ਬੋਰਡ ਅਤੇ ਸਟੇਟ ਪਲਾਨਿੰਗ ਬੋਰਡ ਦੇ ਮੈਂਬਰ ਬਣ ਲੋਕਾਂ ਦੇ ਹਰਮਨ ਪਿਆਰੇ ਆਗੂ ਬਣੇ ।ਉਹ ਇਕੋ ਸਮੇਂ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ ਸਨ। ਉਹ ਵਿਲੇਜ ਲਾਈਫ਼ ਇੰਪਰੂਵਮੈਂਟ ਫਾਊਂਡੇਸ਼ਨ ਲੰਗੇਰੀ ,ਪ੍ਰਿੰਸੀਪਲ ਹਰਭਜਨ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਮਾਹਿਲਪੁਰ, ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ,ਪ੍ਰਧਾਨ ਸਰਪੰਚ ਯੂਨੀਅਨ ਬਲਾਕ ਮਾਹਿਲਪੁਰ ,ਕੈਪਟਨ ਹਜੂਰਾ ਸਿੰਘ ਟਰੱਸਟ ਦੇ ਪ੍ਰਬੰਧਕ ਹੀ ਨਹੀਂ ਸਗੋਂ ਉਹਨਾਂ ਵੱਲੋਂ ਲਗਾਤਾਰ ਪਿੰਡ ਸੁਧਾਰ, ਸਮਾਜ ਸੁਧਾਰ, ਵਿੱਦਿਆ ਦਾਨੀ ਅਤੇ ਖੇਡ ਪ੍ਰਮੋਟਰ ਵਜੋਂ ਵੀ ਉੱਘਾ ਹਿੱਸਾ ਪਾਇਆ। ਵਿਗਿਆਨਕ ਸੋਚ ਦੇ ਧਾਰਨੀ ਹੋਣ ਸਦਕਾ ਉਨ੍ਹਾਂ ਵੱਲੋਂ ਮਰਨ ਉਪਰੰਤ ਆਪਣਾ ਸਰੀਰ ਪੀਜੀਆਈ ਚੰਡੀਗੜ੍ਹ ਲਈ ਦਾਨ ਕੀਤਾ ਹੋਇਆ ਸੀ। ਉਹ ਕਿਹਾ ਕਰਦੇ ਸਨ ਕਿ ਅੱਜ ਵਿਗਿਆਨਕ ਯੁਗ ਹੈ ਜਿਸ ਵਿੱਚ ਮਰਨ ਉਪਰੰਤ ਵੀ ਮਨੁੱਖਤਾ ਦੇ ਕੰਮ ਆਇਆ ਜਾ ਸਕਦਾ ਹੈ । ਉਹ ਨਿਧੜਕ ਅਤੇ ਬੇਬਾਕ ਬੁਲਾਰੇ ਸਨ ਕਈ ਵਾਰ ਧਾਰਮਿਕ ਪ੍ਰੋਗਰਾਮਾਂ ਵਿਚ, ਜਿੱਥੇ ਕਿ ਮਨੁੱਖੀ ਸਰੀਰ ਨੂੰ ਕਿਹਾ ਜਾਂਦਾ ਸੀ ਕਿ, “ਐ ਮਨੁੱਖ ਤੇਰਾ ਹੱਡ ਮਾਸ ਕਿਸੇ ਵੀ ਕੰਮ ਨਹੀਂ ਆਉਣਾ ਜਦੋਂ ਕਿ ਪਸ਼ੂਆਂ ਦੇ ਹੱਡ ਵਿਕਦੇ ਹਨ ।” ਪ੍ਰੰਤੂ ਉਹ ਆਖਦੇ ਕਿ ਅੱਜ ਇਹ ਧਾਰਨਾ ਬਿਲਕੁਲ ਬਦਲ ਚੁੱਕੀ ਹੈ “ਅੱਜ ਮਰਨ ਉਪਰੰਤ ਵੀ ਮਨੁੱਖੀ ਸਰੀਰ ਦੇ ਵੱਖ ਵੱਖ ਅੰਗਾਂ ਨਾਲ ਕਈ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ।” ਮੈਨੂੰ ਮੇਲਿਆਂ ਬਾਰੇ ਮਨਜੀਤ ਲਾਲੀ ਵੱਲੋਂ ਕਹੀ ਇਹ ਗੱਲ ਲਿਖਦਿਆਂ ਵੀ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਜਿਸ ਵਿਚ ਉਹ ਹਮੇਸ਼ਾ ਕਿਹਾ ਕਰਦੇ ਸਨ ਕਿ ਸਾਡੇ ਤਾਂ ਇਹੀ ਮੇਲੇ ਹਨ, ਜਲੰਧਰ ਵਿੱਚ ਗਦਰੀ ਬਾਬਿਆਂ ਦਾ ਮੇਲਾ, ਪਿੰਡ ਵਿੱਚ ਕੈਨੇਡੀਅਨ ਸਮੇਤ ਦੇਸ਼ ਭਗਤਾਂ ਦੀ ਯਾਦ ਵਿਚ ਮਨਾਏ ਜਾਣ ਵਾਲੇ ਮੇਲੇ ,ਸਾਲਾਨਾ ਫੁੱਟਬਾਲ ਟੂਰਨਾਮੈਂਟ ਅਤੇ ਪੇਂਡੂ ਖੇਡ ਮੇਲੇ।ਇਹ ਇੱਕ ਅਜਿਹਾ ਮਨੋਰੰਜਨ ਹੈ ਜਿਸ ਨਾਲ ਮਨੁੱਖ ਦਾ ਨਿਰੰਤਰ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ।ਇਨ੍ਹਾਂ ਪ੍ਰੋਗਰਾਮਾਂ ਤੋਂ ਇਲਾਵਾ ਉਹ ਪਿੰਡ ਵਿੱਚ ਗਾਹੇ ਬਗਾਹੇ ਤਰਕਸ਼ੀਲ ਇਨਕਲਾਬੀ ਗਤੀਵਿਧੀਆਂ ਅਤੇ ਚਿੰਤਨ ਦੀ ਜੋਤ ਜਗਾਈ ਰੱਖਦੇ ।
ਪਿੰਡ ਲੰਗੇਰੀ ਲਈ ਉਨ੍ਹਾਂ ਦੀ ਬੱਸ ਵੱਡੀ ਘਾਲਣਾ ਸੀ ਪਿੰਡ ਵਿੱਚ ਸੀਵਰੇਜ ਸਿਸਟਮ, ਸੋਲਰ ਲਾਈਟਾਂ ,ਕੰਕਰੀਟ ਗਲੀਆਂ ,ਭਾਈ ਪਿਆਰਾ ਸਿੰਘ ਗ਼ਦਰੀ ਯਾਦਗਾਰੀ ਪੇਂਡੂ ਡਿਸਪੈਂਸਰੀ , ਦੇਸ਼ ਭਗਤਾਂ ਦੀ ਯਾਦ ਵਿੱਚ ਪਿੰਡ ਵਿੱਚ ਦੇਸ਼ ਭਗਤ ਯਾਦਗਾਰ ਹਾਲ ਦੀ ਉਸਾਰੀ ਕਰਨਾ, ਅੱਠ ਏਕੜ ਵਿੱਚ ਮਿਆਰੀ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਆਧੁਨਿਕ ਸਟੇਡੀਅਮ ਤਿਆਰ ਕਰਵਾਉਣਾ, ਪਿੰਡ ਦੇ ਸ਼ਾਮਲਾਟੀ ਸਾਂਝੇ ਰਕਬੇ ਵਿੱਚ ਸੁੰਦਰ ਪਾਰਕ ਬਣਾਉਣਾ , ਹਜ਼ਾਰਾਂ ਦੀ ਗਿਣਤੀ ਵਿੱਚ ਦਰੱਖਤ ਲਗਾਉਣਾ , ਪਿੰਡ ਨੂੰ ਤਿੰਨ ਪਾਸਿਉਂ ਘੇਰਦੇ ਬਰਸਾਤੀ ਚੋਅ ਉੱਤੇ ਪੁਲ ਦੀ ਉਸਾਰੀ ਕਰਵਾਉਣ ਸਮੇਤ ਇਕ ਕਾਜ ਵੇ ਬਣਾਉਣਾ,ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਨਣ ਬਿਖੇਰਦੇ ਬੁੱਤ ਦੀ ਸਥਾਪਨਾ ਕਰਵਾਉਣਾ,ਸ਼ਹੀਦ ਦਰਸ਼ਨ ਸਿੰਘ ਕੈਨੇਡੀਅਨ ਨੂੰ ਸਮਰਪਿਤ ਪਾਰਕ ਅਤੇ ਪਿੰਡ ਭਾਰਟਾ ਤੋਂ ਗਡ਼੍ਹਸ਼ੰਕਰ ਹੁਸ਼ਿਆਰਪੁਰ ਲਿੰਕ ਰੋਡ ਦੀ ਉਸਾਰੀ ਕਰਵਾ ਕੇ ਆਪਣੇ ਕਾਰਜਕਾਲ ਦੀ ਇਤਿਹਾਸਕ ਸਿਰਜਣਾ ਕੀਤੀ ।ਆਪਣੇ ਕਾਰਜਕਾਲ ਵਿਚ ਉਨ੍ਹਾਂ ਵੱਲੋਂ ਸਦੀਆਂ ਤੋਂ ਵੱਖ ਵੱਖ ਚੱਲੇ ਆ ਰਹੇ ਦਲਿਤ ਅਤੇ ਜਨਰਲ ਵਰਗ ਦੇ ਸ਼ਮਸ਼ਾਨਘਾਟ ਨੂੰ ਇੱਕ ਕਰਕੇ ਜਾਤੀ ਨਫ਼ਰਤ ਦਾ ਫਸਤਾ ਵੀ ਵੱਢਿਆ। ਉਹ ਹਮੇਸ਼ਾ ਗ਼ਰੀਬ ਗੁਰਬੇ ਦੀ ਬਾਂਹ ਫੜਦੇ ਰਹੇ । ਕਸੂਰਵਾਰ ਭਾਵੇਂ ਆਪਣਾ ਹੀ ਕਿਉਂ ਨਾ ਹੋਵੇ ਉਸ ਨੂੰ ਝਿੜਕ ਕੇ ਇਨਸਾਫ਼ ਦਾ ਤਰਾਜ਼ੂ ਸਾਮਾਨ ਰੱਖਦੇ ।ਵਾਕਿਆ ਹੀ ਉਹ ਨਿਰਪੱਖ ਕਰਮਸ਼ੀਲ ਅਤੇ ਬੇਜੋੜ ਸਰਪੰਚ ਅਤੇ ਸੰਪੂਰਨ ਮਨੁੱਖ ਸਨ।
ਉਨ੍ਹਾਂ ਵੱਲੋਂ ਕਹੀਆਂ ਗਈਆਂ ਗੱਲਾਂ ਅਤੇ ਕੀਤੇ ਗਏ ਕੰਮਾਂ ਦੀ ਲੜੀ ਬਹੁਤ ਲੰਬੀ ਹੈ ।ਉਨ੍ਹਾਂ ਦੀ ਜੀਵਨਸ਼ੈਲੀ ਅਤੇ ਕੀਤੇ ਕੰਮਾਂ ਦੇ ਮੂਹਰੇ ਨਤਮਸਤਕ ਹੁੰਦਿਆਂ ਅਖੀਰ ਵਿੱਚ ਮੈਂ ਇਹੀ ਕਹਾਂਗਾ ਕਿ ਅੱਜ ਸਾਨੂੰ ਆਪਣੇ ਅੰਦਰਲਾ “ਮਨਜੀਤ ਲਾਲੀ” ਜਗਾਉਣ ਦੀ ਲੋੜ ਹੈ ਤਾਂ ਕਿ ਮਨਜੀਤ ਲਾਲੀ ਦੀ ਯਾਦ ਸਾਡੇ ਚੇਤਿਆਂ ਵਿੱਚ ਸਦੀਵੀ ਬਣ ਸਕੇ । ਪਿੰਡ ਲੰਗੇਰੀ ਅਤੇ ਲੋਕ ਹਿੱਤਾਂ ਲਈ ਜ਼ਿੰਦਗੀ ਲੇਖੇ ਲਾਉਣ ਵਾਲੇ ਮਨਜੀਤ ਲਾਲੀ ਲਈ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ।
ਅਵਤਾਰ ਲੰਗੇਰੀ
ਫੋਨ 9463260181