ਸ਼ਹੀਦ ਭਗਤ ਸਿੰਘ ਨੂੰ ਇੱਕ ਅਧਿਆਪਕ ਵੱਜੋਂ ਚੇਤੇ ਕਰੀਏ !


ਸਾਬਕਾ ਡਿਪਟੀ ਸੁਪਰਡੈਂਟ ਪੰਜਾਬ ਪੁਲਿਸ
ਸਕੂਲ ਸਮੇਂ ਦੌਰਾਨ ਸ਼ਹੀਦ ਭਗਤ ਸਿੰਘ ਬਾਰੇ ਪੜ੍ਹਦੇ ਸੀ ਅਤੇ ਅਧਿਆਪਕਾਂ ਤੋਂ ਸੁਣਦੇ ਸੀ ਕਿ ਕਿਵੇਂ ਉਹ ਬਚਪਨ ਵਿੱਚ ਬੰਦੂਕਾਂ ਬੀਜਦਾ ਸੀ। ਕਿਵੇਂ ਉਸ ਨੇ ਲਾਲਾ ਲਾਜਪਤ ਰਾਏ ਦੀ ਸ਼ਹਾਦਤ ਲਈ ਜਿੰਮੇਵਾਰ ਸਮਝੇ ਜਾਂਦੇ ਅੰਗਰੇਜ਼ ਪੁਲਿਸ ਅਫਸਰ ਜੇਮਸ ਸਕਾਟ ਦੀ ਥਾਂ ਜੌਹਨ ਸਾਂਡਰਸ ਨੂੰ ਮਾਰ ਮੁਕਾਇਆ ਸੀ ਅਤੇ ਕੇਂਦਰੀ ਅਸੈਂਬਲੀ ਵਿੱਚ ਨਕਲੀ ਬੰਬ ਸੁੱਟ ਕੇ ਅੰਗਰੇਜ਼ ਸਰਕਾਰ ਦੇ ਬੋਲੇ ਕੰਨਾਂ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਹਰਿਆਂ ਰਾਹੀਂ ਇਹ ਆਵਾਜ਼ ਪਹੁੰਚਾਈ ਸੀ ਕਿ ਤੁਸੀਂ ਹੁਣ ਭਾਰਤ ਨੂੰ ਬਹੁਤੀ ਦੇਰ ਗੁਲਾਮ ਬਣਾ ਕੇ ਨਹੀਂ ਰੱਖ ਸਕਦੇ। ਇਹ ਵੀ ਕਿਧਰੇ ਪੜ੍ਹਿਆ ਜਾਂ ਸੁਣਿਆ ਸੀ ਕਿ ਸਰਦਾਰ ਭਗਤ ਸਿੰਘ ਨੇ ਕੁੱਝ ਸਮਾਂ ਇੱਕ ਅਧਿਆਪਕ ਵਜੋਂ ਪੜ੍ਹਾਇਆ ਵੀ ਸੀ। ਪਰ ਇਹ ਨਹੀਂ ਸੀ ਪਤਾ ਕਿ ਉਸ ਨੇ ਕਦੋਂ, ਕਿਸ ਜਗ੍ਹਾ, ਕਿਹਨਾਂ ਹਾਲਾਤਾਂ ਵਿੱਚ ਅਤੇ ਕਿੰਨੀ ਦੇਰ ਪੜ੍ਹਾਇਆ ਸੀ। ਇਹਨਾਂ ਸਵਾਲਾਂ ਦੇ ਜਵਾਬ ਜਾਂ ਸਰਦਾਰ ਭਗਤ ਸਿੰਘ ਦੀ ਜ਼ਿੰਦਗੀ ਦੇ ਇਸ ਪੱਖ ਬਾਰੇ ਜਾਣਕਾਰੀ ਸੌਖਿਆਂ ਉਪਲਬਧ ਨਹੀਂ।

ਪਿਛਲੇ ਕੁੱਝ ਅਰਸੇ ਤੋਂ ਸਰਦਾਰ ਭਗਤ ਸਿੰਘ ਦੀ ਹੱਥ ਵਿੱਚ ਪਿਸਤੌਲ ਜਾਂ ਮੁੱਛ ਤੇ ਹੱਥ ਵਾਲੀ ਫੋਟੋ ਆਮ ਦੇਖਣ ਨੂੰ ਮਿਲ ਜਾਂਦੀ ਹੈ ਜਿਸ ਦੇ ਨਾਲ ਇਹ ਲਿਖਿਆ ਹੁੰਦਾ ਹੈ ਕਿ “ਅੰਗਰੇਜ਼ ਖੰਘੇ ਸੀ ਤਾਂ ਹੀ ਟੰਗੇ ਸੀ।” ਇਹ ਦੇਖ ਕੇ ਜਾਪਦਾ ਹੈ ਕਿ ਹੁਣ ਦੀ ਨੌਜਵਾਨ ਪੀੜ੍ਹੀ ਨੂੰ ਸਰਦਾਰ ਭਗਤ ਸਿੰਘ ਦੀ ਜ਼ਿੰਦਗੀ ਦੇ ਇੱਕ ਪੱਖ ਬਾਰੇ ਹੀ ਪਤਾ ਹੈ ਤੇ ਉਸਦੀ ਜ਼ਿੰਦਗੀ ਦੇ ਦੂਸਰੇ ਪੱਖ ਨੂੰ ਸਾਹਮਣੇ ਲਿਆਉਣਾ ਵੀ ਜਰੂਰੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਦਾਰ ਭਗਤ ਸਿੰਘ ਨੇ ਗੋਲੀਆਂ ਚਲਾਈਆਂ ਅਤੇ ਬੰਬ ਵੀ ਚਲਾਏ ਪਰ ਉਹ ਇੱਕ ਚੰਗਾ ਲੇਖਕ ਵੀ ਸੀ। ਸੋਲ਼ਾਂ ਸਾਲ ਦੀ ਉਮਰ ਵਿੱਚ ਭਗਤ ਸਿੰਘ ਨੇ ਕਾਲਜ ਪੜ੍ਹਦਿਆਂ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਲੇਖ ਲਿਖ ਕੇ ਲੇਖ ਮੁਕਾਬਲਾ ਜਿੱਤਿਆ ਸੀ। ਇਹ ਜਾਣਕਾਰੀ ਤਾਂ ਆਮ ਹੈ ਕਿ ਉਸਨੇ “ਕਿਰਤੀ” ਨਾਮ ਦੇ ਇੱਕ ਕ੍ਰਾਂਤੀਕਾਰੀ ਰਸਾਲੇ ਦੀ ਸੰਪਾਦਨਾ ਕੀਤੀ ਅਤੇ ਉਸ ਵਿੱਚ ਲੇਖ ਲੜੀਆਂ ਵੀ ਲਿਖੀਆਂ। ਉਹ ਅਖ਼ਬਾਰ “ਵੀਰ ਅਰਜਨ” ਲਈ ਵੀ ਨਾਮ ਬਦਲ ਕੇ ਲਿਖਦਾ ਰਿਹਾ। ਉਸ ਦੀ ਲਿਖਤ “ਮੈਂ ਨਾਸਤਿਕ ਕਿਉਂ ਹਾਂ” ਮਸ਼ਹੂਰ ਵੀ ਹੈ ਅਤੇ ਉਪਲਬਧ ਵੀ ਹੈ। ਪਰ ਇਹ ਜਾਣਕਾਰੀ ਆਮ ਉਪਲਬਧ ਨਹੀਂ ਕਿ ਸਰਦਾਰ ਭਗਤ ਸਿੰਘ ਇੱਕ ਅਧਿਆਪਕ ਵਜੋਂ ਵੀ ਵਿਚਰਿਆ ਸੀ। ਖੋਜ ਕਰਨ ਤੇ ਮੈਨੂੰ ਪਤਾ ਲੱਗਿਆ ਕਿ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਅਲੀਗੜ੍ਹ ਦੀ ਤਹਿਸੀਲ ਖੈਰ ਅਧੀਨ ਪੈਂਦੇ ਪਿੰਡ ਸ਼ਾਦੀਪੁਰ ਵਿੱਚ ਸਰਦਾਰ ਭਗਤ ਸਿੰਘ ਅਠਾਰਾਂ ਮਹੀਨੇ ਰੂਪੋਸ਼ ਰਿਹਾ ਸੀ ਤੇ ਉਸਨੇ ਉੱਥੇ ਬੱਚਿਆਂ ਨੂੰ ਪੜ੍ਹਾਇਆ ਵੀ ਸੀ। ਉੱਥੇ ਜਾ ਕੇ ਵਧੇਰੇ ਜਾਣਕਾਰੀ ਹਾਸਲ ਕਰਨ ਦੀ ਇੱਛਾ ਹੋਈ ਤਾਂ ਮੈਂ ਪੀ ਐਨ ਓ ਮੀਡੀਆ ਗਰੁੱਪ ਵਾਲੇ ਸੁਖਨੈਬ ਸਿੰਘ ਸਿੱਧੂ ਨਾਲ ਇਸ ਬਾਰੇ ਗੱਲ ਕੀਤੀ ਤੇ ਅਸੀਂ ਉੱਤਰ ਪ੍ਰਦੇਸ਼ ਦੇ ਪਿੰਡ ਸ਼ਾਦੀਪੁਰ ਜਾ ਪਹੁੰਚੇ। ਸਭ ਤੋਂ ਪਹਿਲਾਂ ਅਸੀਂ ਇੱਕ ਨੌਜਵਾਨ ਸੂਰਜ ਕੁਮਾਰ ਨੂੰ ਮਿਲੇ ਜਿਸ ਨੇ ਸਾਨੂੰ ਪਿੰਡ ਦੇ ਸੇਵਾਮੁਕਤ ਪੋਸਟ ਮਾਸਟਰ ਤਾਊ ਰੋਹਤਾਸ ਜੀ ਨੂੰ ਮਿਲਾਇਆ। ਉੱਥੋਂ ਦੇ ਲੋਕਾਂ ਵੱਲੋਂ ਸਾਡਾ ਨਿੱਘਾ ਸਵਾਗਤ ਕੀਤਾ ਗਿਆ। ਤਾਊ ਰੋਹਤਾਸ ਨੇ ਸਾਨੂੰ ਦੱਸਿਆ ਕਿ 1928 ਵਿੱਚ ਅੰਗਰੇਜ਼ ਪੁਲਿਸ ਅਫਸਰ ਜੌਹਨ ਸਾਂਡਰਸ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਜਦੋਂ ਭਗਤ ਸਿੰਘ ਭੇਸ ਬਦਲ ਕੇ ਛੁਪਦਾ ਹੋਇਆ ਕਾਨ੍ਹਪੁਰ ਪਹੁੰਚਿਆ ਤਾਂ ਉੱਥੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਨੇ ਸਲਾਹ ਮਸ਼ਵਰਾ ਕੀਤਾ ਕਿ ਭਗਤ ਸਿੰਘ ਦਾ ਕਾਨ੍ਹਪੁਰ ਰਹਿਣਾ ਖਤਰੇ ਤੋਂ ਖਾਲੀ ਨਹੀਂ। ਸੋ ਉਸਦਾ ਸਾਥੀ ਗਣੇਸ਼ ਸ਼ੰਕਰ ਵਿਦਿਆਰਥੀ ਭਗਤ ਸਿੰਘ ਨੂੰ ਨਾਲ ਲੈ ਕੇ ਅਲੀਗੜ੍ਹ ਹੁੰਦਾ ਹੋਇਆ ਇਸ ਪਿੰਡ ਸ਼ਾਦੀਪੁਰ ਵਿੱਚ ਠਾਕੁਰ ਟੋਡਰ ਸਿੰਘ ਦੀ ਰਿਹਾਇਸ਼ ਤੇ ਲੈ ਆਇਆ। ਠਾਕੁਰ ਟੋਡਰ ਸਿੰਘ ਚੰਗੀ ਜਾਇਦਾਦ ਵਾਲਾ ਇੱਕ ਅਮੀਰ ਜਿਮੀਂਦਾਰ ਸੀ। ਉਸ ਦੀ ਰਿਹਾਇਸ਼ ਵਾਲੀ ਇਮਾਰਤ ਕਾਫੀ ਵੱਡੀ ਅਤੇ ਪ੍ਰਭਾਵਸ਼ਾਲੀ ਸੀ ਜਿਸ ਨੂੰ ਗੜ੍ਹੀ ਕਿਹਾ ਜਾਂਦਾ ਸੀ। ਇਸ ਤੋਂ ਇਲਾਵਾ ਉਸ ਦੀਆਂ ਅਲੀਗੜ੍ਹ ਵਿੱਚ ਵੀ ਛੇ ਕੋਠੀਆਂ ਸਨ। ਠਾਕੁਰ ਟੋਡਰ ਸਿੰਘ ਕ੍ਰਾਂਤੀਕਾਰੀਆਂ ਦਾ ਹਮਾਇਤੀ ਸੀ। ਗਣੇਸ਼ ਸ਼ੰਕਰ ਵਿਦਿਆਰਥੀ ਨੇ ਠਾਕੁਰ ਟੋਡਰ ਸਿੰਘ ਨੂੰ ਭਗਤ ਸਿੰਘ ਬਾਰੇ ਦੱਸਿਆ ਤਾਂ ਉਸ ਨੇ ਭਗਤ ਸਿੰਘ ਨੂੰ ਸਿਰਫ ਪਨਾਹ ਹੀ ਨਹੀਂ ਦਿੱਤੀ ਸਗੋਂ ਆਪਣੇ ਬਾਗ ਵਿੱਚ ਬਣੀ ਇਮਾਰਤ ਉਸਨੂੰ ਰਹਿਣ ਲਈ ਦਿੱਤੀ ਤੇ ਉਸਨੂੰ ਸਲਾਹ ਦਿੱਤੀ ਕਿ ਉਹ ਉੱਥੇ ਪਿੰਡ ਦੇ ਬੱਚਿਆਂ ਨੂੰ ਪੜ੍ਹਾਇਆ ਵੀ ਕਰੇ।

ਇਹ ਜਗ੍ਹਾ ਪਿੰਡ ਤੋਂ ਅੱਠ ਸੌ ਮੀਟਰ ਦੂਰ ਸੀ। ਭਗਤ ਸਿੰਘ ਨੇ ਉੱਥੇ ਆਪਣਾ ਨਾਮ ਬਦਲ ਕੇ ਬਲਵੰਤ ਸਿੰਘ ਕਰ ਲਿਆ ਸੀ। ਉਸ ਜਗ੍ਹਾ ਦੇ ਨੇੜੇ ਇੱਕ ਖੂਹ ਵੀ ਸੀ ਜਿਸ ਦੇ ਪਾਣੀ ਦੀ ਵਰਤੋਂ ਭਗਤ ਸਿੰਘ ਆਪਣੀਆਂ ਲੋੜਾਂ ਲਈ ਕਰਦਾ ਸੀ। ਭਗਤ ਸਿੰਘ ਉੱਥੇ ਕਸਰਤ ਵੀ ਕਰਦਾ ਸੀ ਅਤੇ ਪਿੰਡ ਦੇ ਨੌਜਵਾਨਾਂ ਨੂੰ ਕੁਸ਼ਤੀ ਵੀ ਸਿਖਾਉਂਦਾ ਸੀ। ਇਸ ਦੌਰਾਨ ਅੰਗਰੇਜ਼ ਹਕੂਮਤ ਨੂੰ ਭਗਤ ਸਿੰਘ ਦੇ ਇੱਥੇ ਹੋਣ ਬਾਰੇ ਸ਼ੱਕ ਵੀ ਹੋ ਗਿਆ ਸੀ ਤੇ ਪੁਲਿਸ ਨੇ ਪਿੰਡ ਦੀ ਤਲਾਸ਼ੀ ਵੀ ਲਈ ਪਰ ਭਗਤ ਸਿੰਘ ਨੂੰ ਲੱਭ ਨਹੀਂ ਸਕੀ। ਉੱਥੇ ਰਹਿੰਦਿਆਂ 18 ਮਹੀਨੇ ਬੀਤਣ ਤੋਂ ਬਾਅਦ ਭਗਤ ਸਿੰਘ ਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਮੇਰੀ ਮਾਂ ਬਿਮਾਰ ਹੈ ਇਸ ਕਰਕੇ ਮੈਂ ਆਪਣੇ ਪਿੰਡ ਜਾਣਾ ਚਾਹੁੰਦਾ ਹਾਂ ਤਾਂ ਠਾਕੁਰ ਟੋਡਰ ਸਿੰਘ ਨੇ ਭਗਤ ਸਿੰਘ ਨੂੰ ਖੁੜਜਾ ਜੰਕਸ਼ਨ ਭੇਜਣ ਲਈ ਟਾਂਗਾ ਤਿਆਰ ਕਰ ਦਿੱਤਾ। ਟਾਂਗੇ ਵਿੱਚ ਬੈਠ ਕੇ ਭਗਤ ਸਿੰਘ ਨੇ ਪਿੰਡ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਮੈਂ ਬਲਵੰਤ ਸਿੰਘ ਨਹੀਂ ਭਗਤ ਸਿੰਘ ਹਾਂ ਤੇ ਮੈਨੂੰ ਜਨਮ ਦੇਣ ਵਾਲੀ ਮਾਂ ਬਿਮਾਰ ਨਹੀਂ ਸਗੋਂ ਮੇਰੀ ਭਾਰਤ ਮਾਤਾ ਬਿਮਾਰ ਹੈ ਜਿਸ ਦੀ ਸੇਵਾ ਲਈ ਮੈਂ ਜਾਣਾ ਚਾਹੁੰਦਾ ਹਾਂ। ਜੇ ਮੈਂ ਜਿਉਂਦਾ ਰਿਹਾ ਤਾਂ ਦੁਬਾਰਾ ਫਿਰ ਇਥੇ ਆ ਕੇ ਸੇਵਾ ਕਰਾਂਗਾ। ਇਹ ਜਾਣ ਕੇ ਪਿੰਡ ਦੇ ਲੋਕ ਭਾਵੁਕ ਹੋ ਗਏ ਅਤੇ ਭਗਤ ਸਿੰਘ ਦੇ ਉੱਥੋਂ ਜਾਣ ਤੇ ਬਹੁਤ ਉਦਾਸ ਹੋਏ। ਵਾਪਸ ਜਾ ਕੇ ਭਗਤ ਸਿੰਘ ਫੇਰ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ ਤੇ ਕੌਮੀ ਅਸੈਂਬਲੀ ਵਿੱਚ ਬੰਬ ਸੁੱਟਣ ਤੋਂ ਬਾਅਦ ਉੱਥੇ ਹੀ ਗ੍ਰਿਫਤਾਰ ਹੋ ਗਿਆ ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦਾ ਹੋਇਆ 23 ਮਾਰਚ 1931 ਨੂੰ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਗਲ ਵਿੱਚ ਪਾ ਕੇ ਸ਼ਹੀਦੀ ਜਾਮ ਪੀ ਗਿਆ। ਪਿੰਡ ਸ਼ਾਦੀਪੁਰ ਦੇ ਹਰ ਘਰ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੀ ਹੋਈ ਹੈ ਅਤੇ ਹਰ ਉਮਰ ਅਤੇ ਵਰਗ ਦੇ ਵਾਸ਼ਿੰਦੇ ਨੂੰ ਭਗਤ ਸਿੰਘ ਅਤੇ ਉਸ ਦੀ ਕੁਰਬਾਨੀ ਬਾਰੇ ਜਾਣਕਾਰੀ ਹੈ। ਇਸ ਪਿੰਡ ਵਿੱਚ ਪਿਛਲੇ ਤੀਹ-ਬੱਤੀ ਸਾਲਾਂ ਤੋਂ ਹਰ ਸਾਲ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਬਲੀਦਾਨ ਦਿਵਸ ਮਨਾਇਆ ਜਾਂਦਾ ਹੈ ਅਤੇ ਦੋ ਸਾਲਾਂ ਤੋਂ 27 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵੀ ਮਨਾਇਆ ਜਾਣ ਲੱਗਿਆ ਹੈ। ਪਿੰਡ ਦੀ ਪੰਚਾਇਤ ਦੀ ਸੱਤ ਬਿੱਘੇ ਜਮੀਨ ਸ਼ਹੀਦ ਭਗਤ ਸਿੰਘ ਪਾਰਕ ਦੇ ਨਾਮ ਕਰਕੇ ਉਸ ਵਿੱਚ ਭਗਤ ਸਿੰਘ ਦਾ ਬੁੱਤ ਬਣਾਇਆ ਗਿਆ ਹੈ। ਜਿੱਥੇ ਭਗਤ ਸਿੰਘ ਬੱਚਿਆਂ ਨੂੰ ਪੜ੍ਹਾਉਂਦਾ ਰਿਹਾ ਉਹਨਾਂ ਕਮਰਿਆਂ ਦੀਆਂ ਹੁਣ ਸਿਰਫ਼ ਨੀਹਾਂ ਮੌਜੂਦ ਹਨ ਅਤੇ ਖੂਹ ਖਸਤਾ ਹਾਲਤ ਵਿੱਚ ਹੈ। ਉਹ ਤਿੰਨ ਬਿੱਘੇ ਜਗ੍ਹਾ ਭਾਵੇਂ ਹੁਣ ਪੰਚਾਇਤੀ ਹੈ ਪਰ ਲੋਕ ਉਸ ਨੂੰ ਪਾਥੀਆਂ ਅਤੇ ਤੂੜੀ ਰੱਖਣ ਲਈ ਵਰਤ ਰਹੇ ਹਨ। ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੇ ਇਸ ਅਧਿਆਏ ਨੂੰ ਆਮ ਲੋਕਾਂ ਅਤੇ ਖਾਸ ਤੌਰ ਤੇ ਨੌਜਵਾਨਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਅਤੇ ਸਕੂਲਾਂ ਕਾਲਜਾਂ ਵਿੱਚ ਲਿਖਾਏ ਜਾਂਦੇ ਸ਼ਹੀਦ ਭਗਤ ਸਿੰਘ ਦੇ ਲੇਖ ਵਿੱਚ ਵੀ ਇਹ ਪੱਖ ਦਰਜ ਹੋਣਾ ਚਾਹੀਦਾ ਹੈ। ਪਿੰਡ ਸ਼ਾਦੀਪੁਰ ਵਿੱਚ ਰਹਿੰਦੇ ਹੋਏ ਜਿਸ ਜਗ੍ਹਾ ਤੇ ਭਗਤ ਸਿੰਘ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਹਨ ਉੱਥੇ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸਕੂਲ ਜਾਂ ਕਾਲਜ ਉਸਾਰਨਾ ਸਰਕਾਰ ਲਈ ਕੋਈ ਮੁਸ਼ਕਿਲ ਜਾਂ ਵੱਡਾ ਕਾਰਜ ਨਹੀਂ। ਇਸ ਦੇ ਨਾਲ ਹੀ ਠਾਕੁਰ ਟੋਡਰ ਸਿੰਘ ਦੀ ਯਾਦ ਨੂੰ ਸਮਰਪਿਤ ਵੀ ਕੋਈ ਹਸਪਤਾਲ ਵਗੈਰਾ ਉਸਾਰਿਆ ਜਾਣਾ ਚਾਹੀਦਾ ਹੈ।
ਬਹਾਦਰ ਸਿੰਘ ਰਾਓ