ਸਾਈਕਲ ਚਲਾਕੇ ਬੱਚਿਆਂ ਨੂੰ ਕੈਂਸਰ ਤੋਂ ਬਚਾਉਣ ਖੋਜ ਕਾਰਜਾਂ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ।

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਸਾਂਝਾ ਪੰਜਾਬ ਗਰੌਸਰੀ ਸਟੋਰ ਕੈਲਗਰੀ ਵੱਲੋਂ ਸਿੱਕ ਕਿਡਜ਼ ਫਾਊਂਡੇਸਨ ਲਈ ਸਾਈਕਲ ਚਲਾਕੇ ਇਕੱਤਰ ਕੀਤੇ ਜਾ ਰਹੇ ਫੰਡ ਵਿੱਚ ਆਪਣੇ ਵੱਲੋਂ ਯੋਗਦਾਨ ਪਾਉਂਦਿਆਂ ਬਰਾਬਰ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿਸਟ ਡਾਕਟਰ ਸੰਦੀਪ ਬਜਾਜ ਨੇ ਦੱਸਿਆ ਕਿ 31 ਅਗਸਤ ਤੱਕ ਇਸ ਮਹਿਮੰ ਦੌਰਾਨ ਜਿੰਨੀ ਵੀ ਧਨਰਾਸ਼ੀ ਇਕੱਠੀ ਹੋਵੇਗੀ ਉਸਦੇ ਨਾਲ ਹੀ ਮੈਚ ਕਰਦੀ ਉਨੀ ਹੀ ਧਨ ਰਾਸ਼ੀ ਸਾਂਝਾ ਪੰਜਾਬੀ ਗਰੌਸਰੀ ਸਟੋਰ ਵੱਲੋਂ ਦਿੱਤੀ ਜਾਵੇਗੀ । ਸੋ ਪੰਜਾਬੀ ਭਾਈਚਾਰੇ ਨੂੰ ਡਾਕਟਰ ਸੰਦੀਪ ਬਜਾਜ ਵੱਲੋਂ ਬੇਨਤੀ ਹੈ ਕਿ ਤੁਸੀ 31 ਅਗਸਤ ਤੱਕ ਸਾਂਝਾ ਪੰਜਾਬ ਗਰੌਸਰੀ ਸਟੋਰ ਦੀ ਕਿਸੇ ਵੀ ਲੋਕੇਸਨ ਉੱਪਰ ਗਰੌਸਰੀ ਕਰਨ ਜਾਂਦੇ ਹੋ ਤਾਂ ਆਪਣੀ ਕ੍ਰਿਤ ਕਮਾਈ ਵਿੱਚੋਂ ਇਸ ਡੋਨੇਸ਼ਨ ਵਿੱਚ ਆਪਣਾ ਯੋਗਦਾਨ ਜਰੂਰ ਪਾਉਣਾ। ਵਰਨਣਯੋਗ ਹੈ ਕਿ ਡਾਕਟਰ ਸੰਦੀਪ ਬਜਾਜ ਪੰਜਾਬ ਖੇਤੀਬਾੜੀ ਯੁਨੀਵਰਿਸਟੀ ਲੁਧਿਆਣਾ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਯੂਨੀਵਰਿਸਟੀ ਸਾਈਕਲੰਿਗ ਟੀਮ ਦੇ ਕੈਪਟਨ ਰਹਿ ਚੁੱਕੇ ਹਨ। ਉਹਨਾਂ ਦਾ ਇਸ ਵਾਰ ਦਾ ਟੀਚਾ ਅਗਸਤ ਮਹੀਨੇ ਵਿੱਚ 1001 ਕਿਲੋਮੀਟਰ ਸਾਈਕਲ ਚਲਾਕੇ 31000 ਕਨੇਡੀਅਨ ਡਾਲਰ ਇਕੱਠਾ ਕਰਨ ਦਾ ਹੈ। 27 ਅਗਸਤ 2022 ਤੱਕ ਉਹ 941 ਕਿਲੋਮੀਟਰ ਸਾਈਕਲ ਚਲਾਕੇ 25800 ਡਾਲਰ ਇਕੱਠਾ ਕਰ ਚੁੱਕੇ ਹਨ। ਗ੍ਰੇਟ ਸਾਈਕਲ ਚੈਲੇਂਜ ਦੀ ਸੂਚੀ ਵਿੱਚ ਡਾ: ਸੰਦੀਪ ਬਜਾਜ ਕਨੇਡਾ ਭਰ ਅੰਦਰ ਚੌਥੇ ਸਥਾਨ ਉੱਪਰ ਹਨ। ਸਾਲ 2021 ਵਿੱਚ ਉਹਨਾਂ ਨੇ 1002 ਕਿਲੋਮੀਟਰ ਸਾਈਕਲ ਚਲਾਕੇ 21000 ਡਾਲਰ ਫੰਡ ਇਕੱਤਰ ਕੀਤਾ ਸੀ ।