ਸਾਨੂੰ ਤਾਂ ਟਾਇਮ ਹੀ ਨਹੀਂ ਮਿਲ਼ਦਾ–
ਅੱਜ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ ਅਕਸਰ ਜ਼ਿਆਦਾਤਰ ਲੋਕਾਂ ਕੋਲ ਇੱਕ ਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਸਾਨੂੰ ਤਾਂ ਟਾਇਮ ਹੀ ਨਹੀਂ ਮਿਲ਼ਦਾ। ਗੱਲ ਭਾਵੇਂ ਸਿਹਤ ਸੰਭਾਲ ਦੀ ਹੋਵੇ ਜਾਂ ਸਾਹਿਤ ਲਿਖਣ ਦੀ ਜਾਂ ਪੜ੍ਹਨ ਦੀ। ਅਸੀਂ ਬੜੀ ਆਸਾਨੀ ਦੇ ਨਾਲ ਸਮਾਂ ਨਾ ਹੋਣ ਦੀ ਗੱਲ ਕਹਿ ਕੇ ਟਾਲ਼ਾ ਵੱਟ ਲੈਂਦੇ ਹਾਂ। ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਸਾਰਿਆਂ ਦੇ ਕੋਲ 24 ਘੰਟੇ ਬਰਾਬਰ ਹੁੰਦੇ ਹਨ। ਇਹਨਾਂ 24 ਘੰਟਿਆਂ ਵਿੱਚੋਂ ਅਸੀਂ ਆਪਣੇ ਰੋਜ਼ਾਨਾ ਦੇ ਕੰਮ – ਧੰਦਿਆਂ ਤੋਂ ਇਲਾਵਾ ਬਾਕੀ ਬਚ ਰਹੇ ਰੋਜ਼ਾਨਾ ਸਮੇਂ ਨੂੰ ਕਿੰਝ , ਕਿੱਥੇ , ਕਿਵੇਂ ਤੇ ਕਿਸ ਢੰਗ ਨਾਲ ਖਰਚ ਕਰਦੇ ਹਾਂ ? ਬੱਸ ਇਹੋ ਬਹੁਤ ਵੱਡੀ ਸੋਚਣ ਵਾਲੀ ਗੱਲ ਹੈ। ਅਸੀਂ ਅਕਸਰ ਰੋਜ਼ਾਨਾ ਹੀ ਆਪਣਾ ਤਿੰਨ – ਚਾਰ ਘੰਟੇ ਦਾ ਬੇਸ਼ਕੀਮਤੀ ਸਮਾਂ ਬਿਨਾਂ ਵਜਾਹ ਮੋਬਾਇਲ – ਫੋਨਾਂ , ਟੈਲੀਵਿਜ਼ਨ ਦੇਖਣ , ਗੱਪਾਂ ਮਾਰਨ , ਸੁਸਤੀ ਤੇ ਆਲਸ ਪਾਈ ਰੱਖਣ , ਇੱਧਰ – ਉੱਧਰ ਬੈਠਣ ਆਦਿ ‘ਤੇ ਰੋਜ਼ਾਨਾ ਗੁਆ ਦਿੰਦੇ ਹਾਂ। ਇਸ ਸਮੇਂ ਦੀ ਰੋਜ਼ਾਨਾ ਹੁੰਦੀ ਵਿਅਰਥਤਾ ਬਾਰੇ ਅਕਸਰ ਅਸੀਂ ਕਦੇ ਗੰਭੀਰਤਾ ਨਾਲ ਨਹੀਂ ਸੋਚਦੇ , ਪਰ ਇਹ ਇੱਕ ਬਹੁਤ ਗੰਭੀਰ ਵਿਸ਼ਾ ਹੈ। ਸਾਨੂੰ ਇਹ ਵੀ ਭਲੀ – ਭਾਂਤ ਪਤਾ ਹੈ ਕਿ ਸਮਾਂ ਕਦੇ ਵੀ ਖਰੀਦਿਆ , ਰੋਕਿਆ ਤੇ ਇੱਕ ਥਾਂ ਸਥਿਰ ਨਹੀਂ ਕੀਤਾ ਜਾ ਸਕਦਾ।ਇਸੇ ਲਈ ਸਮੇਂ ਨੂੰ ਬੇਸ਼ਕੀਮਤੀ ਅਤੇ ਅਨਮੋਲ ਕਿਹਾ ਗਿਆ ਹੈ। ਹੁਣ ਸੋਚਣ ਤੇ ਸਮਝਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਰੋਜ਼ਾਨਾ ਦੋ ਤੋਂ ਚਾਰ ਘੰਟੇ ਵਿਅਰਥ ਗਵਾਉਣ ਲਈ ਤਾਂ ਸਾਡੇ ਕੋਲ ਸਮਾਂ ਉਪਲੱਭਧ ਹੁੰਦਾ ਹੈ , ਪ੍ਰੰਤੂ ਆਪਣੀ ਸਿਹਤ ਦੀ ਸੰਭਾਲ ਲਈ ਚੰਗਾ ਸਾਹਿਤ ਤੇ ਚੰਗੀਆਂ ਪ੍ਰੇਰਨਾਦਾਇਕ ਪੁਸਤਕਾਂ ਪੜ੍ਹਨ ਲਈ , ਕੁਝ ਨਵਾਂ ਸਿੱਖਣ ਲਈ , ਸਮਾਜ ਦੀ ਭਲਾਈ ਕਰਨ ਹਿੱਤ, ਕੁਝ ਚੰਗਾ ਲਿਖਣ ਜਾਂ ਘਰ – ਪਰਿਵਾਰ ਵਿੱਚ ਬੈਠਣ ਲਈ ਸਾਡੇ ਕੋਲ ਸਮਾਂ ਕਿਉਂ ਨਹੀਂ ਹੁੰਦਾ ? ਫ਼ਿਰ ਇਹ ਕਹਿਣਾ ਬਣਦਾ ਹੈ ਕਿ ਸਮਾਂ ਸਾਡੇ ਸਭ ਦੇ ਕੋਲ ਬਰਾਬਰ ਹੁੰਦਾ ਹੈ , ਪ੍ਰੰਤੂ ਸਾਡੇ ਵਲੋਂ ਸਮੇਂ ਦੀ ਸੁਚੱਜੀ ਵੰਡ ਨਾ ਕਰਨ ਕਰਕੇ ਤੇ ਸਮੇਂ ਅਨੁਸਾਰ ਕੰਮਾਂ ਦੀ ਯੋਜਨਾਬੰਦੀ ਦੀ ਘਾਟ ਕਰਕੇ ਅਸੀਂ ਆਪਣੇ ਬੇਸ਼ਕੀਮਤੀ 24 ਘੰਟਿਆਂ ਵਿੱਚੋਂ ਘੱਟ ਤੋਂ ਘੱਟ ਦੋ – ਤਿੰਨ ਘੰਟੇ ਬੇਲੋੜੇ ਕੰਮਾਂ – ਕਾਰਾਂ ‘ਤੇ ਅਜਾਈਂ ਹੀ ਗਵਾ ਦਿੰਦੇ ਹਾਂ। ਜੇਕਰ ਅਸੀਂ ਦੋ – ਤਿੰਨ ਘੰਟਿਆਂ ਦੇ ਰੋਜ਼ਾਨਾ ਦੇ ਬਹੁਤ ਕੀਮਤੀ ਸਮੇਂ ਨੂੰ ਵਿਅਰਥ ਗਵਾਉਣ ਤੋਂ ਸੰਭਾਲ ਲਈਏ ਤਾਂ ਅਸੀਂ ਮਹੀਨੇ ਵਿੱਚ ਲਗਭਗ 90 ਘੰਟੇ ਅਤੇ ਸਾਲ ਵਿੱਚ ਤਕਰੀਬਨ 1100 ਘੰਟੇ ਬਚਾ ਸਕਦੇ ਹਾਂ ਅਤੇ ਇਸ ਸਮੇੰ ਦੌਰਾਨ ਕੁਝ ਚੰਗਾ ਤੇ ਨਵਾਂ ਸਿੱਖ ਸਕਦੇ ਹਾਂ , ਪੜ੍ਹ ਸਕਦੇ ਹਾਂ , ਕੁੱਝ ਨਵਾਂ ਕੰਮ ਕਰ ਸਕਦੇ ਜਾਂ ਆਪਣਾ ਕੋਈ ਸ਼ੌਕ ਪੂਰਾ ਕਰ ਸਕਦੇ ਹਾਂ। ਅਸੀਂ ਆਪਣਾ ਕੁਝ ਸਮਾਂ ਆਪਣੇ ਸਮਾਜ ਅਤੇ ਦੇਸ਼ ਦੀ ਭਲਾਈ , ਵਾਤਾਵਰਨ ਤੇ ਜੀਵ-ਜੰਤੂਆਂ ਦੀ ਭਲਾਈ ਲਈ ਵੀ ਸਮਰਪਿਤ ਕਰ ਸਕਦੇ ਹਾਂ। ਇਹ ਗੱਲ ਭਾਵੇਂ ਹੈ ਛੋਟੀ ਜਿਹੀ ; ਪਰ ਹੈ ਬਹੁਤ ਗੰਭੀਰ ਅਤੇ ਸਮਝਣ ਤੇ ਅਪਣਾਉਣ ਵਾਲੀ। ਇਸ ਤੋਂ ਇਲਾਵਾ ਸਾਨੂੰ ਆਪਣੇ ਰੋਜ਼ਾਨਾ ਦੇ ਕੰਮਕਾਰਾਂ ਦੀ ਸਮੇਂ ਦੀ ਵੰਡ ਅਨੁਸਾਰ ਸੂਚੀ ਬਣਾ ਲੈਣੀ ਚਾਹੀਦੀ ਹੈ ਤਾਂ ਜੋ ਰੋਜ਼ਾਨਾ ਦੇ ਸਾਰੇ ਕੰਮਾਂ ਕਾਰਾਂ ਨੂੰ ਸਮਾਂ ਬੱਧ ਕਰਕੇ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ ਅਤੇ ਸਮੇਂ ਦੀ ਵਿਅਰਥਤਾ ਨੂੰ ਰੋਕਿਆ ਜਾ ਸਕੇ। ਇਹ ਗੱਲ ਭਾਵੇਂ ਦੇਖਣ ਨੂੰ ਬਹੁਤ ਛੋਟੀ ਜਿਹੀ ਲੱਗਦੀ ਹੈ , ਪਰ ਇਸ ਦੇ ਨਤੀਜੇ ਬਹੁਤ ਚੰਗੇ ਸਾਰਥਕ , ਦੂਰਗਾਮੀ , ਹੈਰਾਨੀਜਨਕ , ਪ੍ਰਭਾਵਸ਼ਾਲੀ ਅਤੇ ਜ਼ਿੰਦਗੀ ਵਿੱਚ ਬਹੁਤ ਵੱਡੀ ਤਬਦੀਲੀ ਤੇ ਕਰਾਂਤੀ ਲਿਆਉਣ ਵਾਲੇ ਹਨ। ਆਓ ! ਅੱਜ ਹੀ ਬੇਸ਼ਕੀਮਤੀ , ਅਨਮੋਲ ਤੇ ਕਦੇ ਵਾਪਸ ਨਾ ਆਉਣ ਵਾਲੇ ਅਤੇ ਕਦੇ ਵੀ ਖਰੀਦੇ ਨਾ ਜਾ ਸਕਣ ਵਾਲ਼ੇ ਸਮੇਂ ਨੂੰ ਧਿਆਨ ਨਾਲ ਅਤੇ ਸੰਕੋਚ ਨਾਲ ਖਰਚ ਕਰੀਏ ਤੇ ਇਸ ਦੀ ਰੋਜ਼ਾਨਾ ਬੱਚਤ ਕਰਕੇ ਉਸ ਬਚੇ ਹੋਏ ਸਮੇਂ ਨੂੰ ਸਾਰਥਕ ਢੰਗ ਨਾਲ ਬਤੀਤ ਕਰੀਏ ; ਕਿਉਂਕਿ ਸਮੇਂ ਦੀ ਬਹੁਤ ਧਿਆਨਪੂਰਵਕ , ਲੋੜ ਅਨੁਸਾਰ ਅਤੇ ਜਾਗਰੂਕ ਹੋ ਕੇ ਵਰਤੋਂ ਕਰਨ ਨਾਲ ਅਸੀਂ ਜੀਵਨ ਵਿੱਚ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਆਓ ! ਸਮੇਂ ਦੀ ਰੋਜ਼ਾਨਾ ਹੋ ਰਹੀ ਵਿਅਰਥਤਾ ਬਾਰੇ ਅੱਜ ਤੋਂ ਅਤੇ ਹੁਣ ਤੋਂ ਹੀ ਜਾਗਰੂਕ ਹੋ ਜਾਈਏ ਤਾਂ ਜੋ ਅਸੀਂ ਵੀ ਆਪਣੇ ਜੀਵਨ ਨੂੰ ਸਫਲਤਾ ਤੇ ਹੋਰ ਉਚਾਈਆਂ ਵੱਲ ਲੈ ਜਾ ਸਕੀਏ।
ਮੈਡਮ ਰਜਨੀ ਧਰਮਾਣੀ
ਪਿੰਡ – ਸੱਧੇਵਾਲ਼
( ਸ਼੍ਰੀ ਅਨੰਦਪੁਰ ਸਾਹਿਬ )
( ਲੇਖਿਕਾ ਦਾ ਨਾਂ ਸਾਹਿਤ ਲਈ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ)