ਸਿਆਸਤਦਾਨਾਂ ਨੇ ਪੰਜਾਬ ਨੂੰ ਸਮੱਸਿਆਵਾਂ ਦਾ ਸਮੁੰਦਰ ਬਣਾਇਆ- ਰਾਮੂਵਾਲੀਆ

ਵੈਨਕੂਵਰ ਵਿੱਚ ਭਰਵੇਂ ਇਕੱਠਾਂ ਨੂੰ ਕੀਤਾ ਸੰਬੋਧਨ ॥
ਵੈਨਕੂਵਰ (ਪੰਜਾਬੀ ਅਖ਼ਬਾਰ ਬਿਊਰੋ) ਸਾਬਕਾ ਕੇਂਦਰੀ ਮੰਤਰੀ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਦਾ ਵਿਦੇਸ਼ਾਂ ਵਿੱਚ ਜਲਵਾ ਹਾਲੇ ਵੀ ਪੂਰੀ ਤਰ੍ਹਾਂ ਬਰਕਰਾਰ ਹੈ । ਪਿਛਲੇ ਦਿਨੀਂ ਵੈਨਕੂਵਰ ਦੇ ਨੇੜਲੇ ਸ਼ਹਿਰ ਸਰ੍ਹੀ ਵਿੱਚ ਵੱਖ ਵੱਖ ਸਮਾਗਮਾਂ ਵਿੱਚ ਪੰਜਾਬੀਆਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ । ਜਿਕਰਯੋਗ ਹੈ ਕਿ ਵੱਖ ਵੱਖ ਪੰਜਾਬੀ ਸਿਆਸਤਦਾਨ ਇਸ ਵਰ੍ਹੇ ਕੈਨੇਡਾ ਆਏ ਪਰ ਲੋਕਾਂ ਦੇ ਵਿਰੋਧ ਦੇ ਡਰੋਂ ਪਬਲਿਕ ਮੀਟਿੰਗਾਂ ਕਰਨ ਤੋਂ ਦੂਰ ਹੀ ਰਹੇ ।

ਸ੍ਰ. ਰਾਮੂਵਾਲੀਆ ਪਿਛਲੇ ਚਾਰ ਦਹਾਕਿਆਂ ਤੋਂ ਵਿਦੇਸ਼ੀ ਪੰਜਾਬੀਆਂ ਦੇ ਮਸਲੇ ਹੱਲ ਕਰਨ ਲਈ ਤਤਪਰ ਰਹੇ ਜਿਸਦੇ ਨਤੀਜੇ ਵਜੋਂ ਅਨੇਕਾਂ ਕਿਸਮ ਦੇ ਮਸਲੇ ਹੱਲ ਹੋਏ ਤੇ ਅੱਜ ਵੀ ਪੰਜਾਬੀ ਰਾਮੂਵਾਲੀਆ ਨੂੰ ਆਪਣੇ ਮਸਲਿਆਂ ਦਾ ਪਹਿਰੇਦਾਰ ਮੰਨ ਰਹੇ ਹਨ ।
ਸ੍ਰ. ਰਾਮੂਵਾਲੀਆ ਨੇ ਸਰ੍ਹੀ ਦੇ ਇੱਕ ਹਾਲ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਮੈਨੂੰ ਦੁੱਖ ਹੈ ਕਿ ਸਿਆਸਤਦਾਨਾਂ ਦੀ ਬੇਕਿਰਕ ਖ਼ੁਦਗ਼ਰਜ਼ੀ ਕਰਕੇ ਪੰਜਾਬ ਸਮੱਸਿਆਵਾਂ ਦਾ ਸਮੁੰਦਰ ਬਣ ਚੁੱਕਾ ਹੈ ।

ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀਆਂ ਸਕੀਮਾਂ ਦੀ ਥਾਂ ਸਿਰਫ ਚੋਣਾਂ ਲੜਨ ਤੇ ਜਿੱਤਣ ਦੀਆਂ ਸਕੀਮਾਂ ਹੀ ਬਣਾਉਂਦੀਆਂ ਹਨ । ਸ੍ਰ ਰਾਮੂਵਾਲੀਆ ਨੇ ਪੰਜਾਬ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਮੇਂ ਨਸ਼ਿਆਂ ਦੀ ਭਰਮਾਰ, ਬੇਰੁਜ਼ਗਾਰੀ, ਡੇਰਾਵਾਦ, ਟ੍ਰਵੈਲ ਏਜੰਟਾਂ ਵੱਲੋਂ ਕੀਤੀ ਜਾ ਰਹੀ ਲੁੱਟ, ਰਿਸ਼ਵਤਖੋਰੀ, ਕਿਸਾਨੀ ਦੇ ਮਸਲੇ, ਬੰਦ ਹੋ ਰਿਹਾ ਛੋਟਾ ਵਿਉਪਾਰ, ਪੰਜਾਬੀ ਬੋਲੀ ਉੱਤੇ ਹੋ ਰਹੇ ਹਮਲੇ, ਮਹਿੰਗੇ ਰੀਤੀ ਰਿਵਾਜ਼ਾਂ ਨੇ ਆਰਥਿਕ ਪੱਖੋਂ ਖੋਖਲੇ ਕੀਤੇ ਪੰਜਾਬੀ, ਆਈ.ਏ.ਐਸ ਤੇ ਆਈ.ਪੀ.ਐਸ ਸਮੇਤ ਹੋਰ ਉੱਚ ਅਹੁਦਿਆਂ ਵਿੱਚ ਘੱਟ ਰਹੀ ਪੰਜਾਬੀਆਂ ਦੀ ਗਿਣਤੀ, ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮਸਲਿਆਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ । ਪੰਜਾਬ ਦੀਆਂ ਸਿਆਸੀ ਪਾਰਟੀਆਂ ਅਸਲ ਮੁੱਦੇ ਛੱਡਕੇ ਮੌਕਾਪ੍ਰਸਤੀ ਦੀ ਸਿਆਸਤ ਕਰ ਰਹੀਆਂ ਹਨ।

ਉਨ੍ਹਾਂ ਪਰਵਾਸੀ ਪੰਜਾਬੀਆਂ ਕਿਹਾ ਕਿ ਜਦੋਂ ਕੋਈ ਲੀਡਰ ਵਿਦੇਸ਼ ਆਵੇ ਤਾਂ ਉਸ ਦਾ ਗੁਲਦਸਤਿਆਂ ਨਾਲ ਸਵਾਗਤ ਕਰਨ ਦੀ ਥਾਂ ਆਪਣੀਆਂ ਸਮੱਸਿਆਵਾਂ ਦਾ ਪੇਪਰ ਦੇਕੇ ਸਵਾਲ ਕਰਨ ਦੀ ਆਦਤ ਪਾਓ । ਸ੍ਰ. ਰਾਮੂਵਾਲੀਆ ਨੇ ਆਪਣੇ ਸੰਬੋਧਨ ਤੋਂ ਬਾਅਦ ਖੁੱਲ੍ਹਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਥੋਡੇ ਵਿੱਚੋਂ ਮੈਨੂੰ ਕੋਈ ਵੀ ਸਵਾਲ ਕਰਨਾ ਚਹੁੰਦਾ ਹੈ ਤਾਂ ਮਾਇਕ ਉੱਤੇ ਆਕੇ ਕਰ ਸਕਦਾ ਹੈ ।
ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਉੱਪ ਚੇਅਰਮੈਨ ਰਹੇ ਪ੍ਰੋ: ਬਾਵਾ ਸਿੰਘ ਨੇ ਕਿਹਾ ਜਿੰਨ੍ਹਾ ਟਾਈਮ ਸ੍ਰ.ਰਾਮੂਵਾਲੀਆ ਵਰਗਾ ਤਜਰਬੇਕਾਰ ਤੇ ਪੜ੍ਹਿਆ ਲਿਖਿਆ ਲੀਡਰ ਪੰਜਾਬ ਦੀ ਵਾਗਡੋਰ ਨਹੀਂ ਫੜ੍ਹਦਾ ਉਨ੍ਹਾਂ ਟਾਇਮ ਸਮੱਸਿਆਵਾਂ ਨੇ ਪੰਜਾਬ ਦਾ ਖਹਿੜਾ ਨਹੀਂ ਛੱਡਣਾ ।ਇਸ ਮੌਕੇ ਚਮਕੌਰ ਸਿੰਘ ਸੇਖੋਂ, ਨਵਦੀਪ ਸਿੰਘ ਗਿੱਲ ਮੰਡੀ ਕਲਾਂ, ਬਲਤੇਜ ਸਿੰਘ ਬਰਾੜ,ਬੀਬੀ ਰੁਪਿੰਦਰ ਕੌਰ ਸਿੱਧੂ, ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਅੰਗਰੇਜ਼ ਬਰਾੜ, ਦਰਸ਼ਨ ਸੰਘਾ, ਸੁਰਜੀਤ ਮਾਧੋਪੁਰੀ, ਸੁਖਵਿੰਦਰ ਸਿੰਘ ਚੋਹਲਾ ਆਦਿ ਬੁਲਾਰਿਆਂ ਨੇ ਰਾਮੂਵਾਲੀਆ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕੀਤਾ।

ਇਸ ਮੌਕੇ ਸਰਪੰਚ ਭਾਗ ਸਿੰਘ ਦੁੱਨੇਕੇ, ਤੇਜਾ ਸਿੰਘ ਸਰਪੰਚ, ਕੌਰ ਸਿੰਘ, ਹਰਮਨ ਰਣਵਿਜੇ, ਕਰਨੈਲ ਸਿੰਘ ਸ਼ੇਰਪੁਰੀ, ਗੀਤਕਾਰ ਜਸਵੀਰ ਗੁਣਾਂਚੌਰੀਆ, ਹਰਜੀਤ ਗੁੱਡੂ, ਇੰਦਰਜੀਤ ਧਾਲੀਵਾਲ, ਦਲਜੀਤ ਰਾਏ, ਸੁਖਚੈਨ ਬਰਗਾੜੀ, ਹਰਵਿੰਦਰ ਵਿਰਕ, ਹਰਦੀਪ ਗਿੱਲ ਤੇ ਲਾਡੀ ਢਿਲਵਾਂ ਸਮੇਤ ਸੈਂਕੜੇ ਲੋਕ ਹਾਜ਼ਰ ਸਨ ।