ਧਰਮ-ਕਰਮ ਦੀ ਗੱਲ

ਸਿੰਘ ਸਾਹਿਬ ਜੀ ਅਤੇ ਧਾਮੀ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਤੋਂ ਹੋਰ ਕਿੰਨਾਂ ਕੁ ਚਿਰ ਪਾਸਾ ਵੱਟੋਂਗੇ ?

ਸਿੰਘ ਸਾਹਿਬ ਜੀ ਅਤੇ ਧਾਮੀ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਤੋਂ ਹੋਰ ਕਿੰਨਾਂ ਕੁ ਚਿਰ ਪਾਸਾ ਵੱਟੋਂਗੇ ?

ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਲਾਗੂ ਕਰਵਾਉਣ ਦੀ ਮੁੱਖ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹੁੰਦੀ ਹੈ ਪ੍ਰੰਤੂ ਫੇਰ ਵੀ ਜੇਕਰ ਕੋਈ ਦਿੱਕਤ ਆਵੇ ਜਾਂ ਕੋਈ ਧਿਰ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਮੰਨਣ ਤੋਂ ਆਨਾਕਾਨੀ ਕਰੇ ਤਾਂ ਪੰਜ ਸਿੰਘ ਸਾਹਿਬਾਨ ਸਬੰਧਤ ਧਿਰ ਨੂੰ ਦੁਬਾਰਾ ਅਕਾਲ ਤਖ਼ਤ ਸਾਹਿਬ ਤੇ ਤਲਬ ਕਰ ਸਕਦੇ ਹਨ ਜਿੱਥੇ ਤਨਖਾਹ ਵੀ ਲਾ ਸਕਦੇ ਹਨ ਅਤੇ ਸੰਮਨ ਭੇਜਣ ਦੇ ਬਾਵਜੂਦ ਤਖ਼ਤ ਸਾਹਿਬ ਤੇ ਪੇਸ਼ ਨਾ ਹੋਣ ਦੀ ਸੂਰਤ ਵਿੱਚ ਪੰਥ ਵਿੱਚੋਂ ਵੀ ਛੇਕ ਸਕਦੇ ਹਨ ਕਿਉਂਕਿ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਹੁਕਮਨਾਮਾ ਕੋਈ ਮਾਮੂਲੀ ਗੱਲ ਨਹੀਂ ਹੁੰਦੀ ਇਹ ਹੁਕਮਨਾਮਾ ਪੰਜ ਸਿੰਘ ਸਾਹਿਬਾਨ ਵੱਲੋਂ ਬੜੀ ਲੰਮੀ ਸੋਚ ਵਿਚਾਰ ਤੋਂ ਬਾਅਦ ਹੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੜਕੇ ਸੁਣਾਇਆ ਜਾਂਦਾ ਹੈ ਪਰ ਜੇਕਰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਨੂੰ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਅਕਾਲੀ ਦਲ ਦਾ ਪ੍ਰਧਾਨ ਹੀ ਮੰਨਣ ਤੋਂ ਆਨਾਕਾਨੀ ਕਰਨ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਗੱਲ ਦਾ ਕੋਈ ਗੰਭੀਰ ਨੋਟਿਸ ਹੀ ਨਾ ਲਿਆ ਜਾਵੇ ਅਤੇ ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਨੂੰ ਛੱਡ ਕੇ ਵਿਦੇਸ਼ ਜਾ ਬੈਠੇ ਅਤੇ ਪੰਥਕ ਜਥੇਬੰਦੀਆਂ ਵੀ ਮੋਨ ਧਾਰ ਕੇ ਬੈਠ ਜਾਣ ਫੇਰ ਕੌਮ ਕੋਲ ਕਿਹੜਾ ਰਾਹ ਬਾਕੀ ਰਹਿ ਜਾਂਦਾ ਹੈ ? 

     2 ਦਸੰਬਰ ਨੂੰ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ ਦੀ ਬਾਗੀ ਅਤੇ ਦਾਗੀ ਲੀਡਰਸ਼ਿਪ ਦੇ ਸਬੰਧ ਵਿੱਚ ਹੁਕਮਨਾਮਾ ਜਾਰੀ ਹੋਇਆ ਸੀ ਤਾਂ ਸਿੰਘ ਸਹਿਬਾਨ ਨੇ ਅਕਾਲੀ ਲੀਡਰਸ਼ਿਪ ਨੂੰ ਕਿਹਾ ਸੀ ਕਿ ਹੁਣ ਤੁਸੀਂ ਸਿਆਸੀ ਤੌਰ ਤੇ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੇ ਹੋ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਨਜਾਇਜ਼ ਫਖ਼ਰੇ ਕੌਮ ਅਵਾਰਡ ਨੂੰ ਵਾਪਸ ਲੈਣ ਦੇ ਫੈਸਲੇ ਨੇ ਇੱਕ ਵਾਰ ਕੌਮ ਅੰਦਰ ਸਿੰਘ ਸਹਿਬਾਨ ਦੀ ਸ਼ਵੀ ਅਕਾਲੀ ਫੂਲਾ ਸਿੰਘ ਵਾਲੀ ਬਣਾ ਦਿੱਤੀ ਸੀ ਪਰ ਇਹ ਸ਼ਵੀ ਕਾਇਮ ਵੀ ਫੇਰ ਹੀ ਰੱਖੀ ਜਾ ਸਕਦੀ ਹੈ  ਜੇਕਰ ਜੁਰਅਤ ਅਕਾਲੀ ਫੂਲਾ ਵਾਲੀ ਹੋਵੇ ਪਰ ਇਸ ਤੋਂ ਬਾਅਦ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਸਿੰਘ ਸਾਹਿਬ ਰਘਬੀਰ ਸਿੰਘ ਜੀ ਨੂੰ ਜਿਸ ਜੁਰਅਤ ਨਾਲ ਫੈਸਲਾ ਲੈਣ ਦੀ ਲੋੜ ਸੀ ਉਹ ਨਹੀਂ ਲਿਆ ਗਿਆ ਸਿੰਘ ਸਾਹਿਬ ਦੀਆਂ ਅਸਪਸ਼ਟ ਗੱਲਾਂ ਕਰਕੇ ਨਾ ਤਾਂ ਉਹ 7 ਮੈਂਬਰੀ ਕਮੇਟੀ ਦੇ ਹੱਕ ਵਿੱਚ ਕੋਈ ਸਪਸ਼ਟ ਸਟੈਂਡ ਲੈ ਸਕੇ ਚਾਹੀਦਾ ਤਾਂ ਇਹ ਸੀ ਕਿ ਜਦੋਂ ਭਰਤੀ ਹੀ 7 ਮੈਂਬਰੀ ਕਮੇਟੀ ਨੇ ਕਰਨੀ ਸੀ ਤਾਂ ਉਸ ਨੂੰ ਅਕਾਲੀ ਦਲ ਦੇ ਦਫ਼ਤਰ ਦੀਆਂ ਚਾਬੀਆਂ ਦਿਵਾਈਆਂ ਜਾਂਦੀਆਂ ਉਲਟਾ ਜੇ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨੇ ਭਰਤੀ ਸ਼ੁਰੂ ਕਰ ਦਿੱਤੀ ਤਾਂ ਕਿਹਾ ਕਿ ਉਸ ਦਾ ਵੀ ਸਵਾਗਤ ਹੈ ਅਤੇ 7 ਮੈਂਬਰੀ ਕਮੇਟੀ ਵੀ ਕਾਇਮ ਹੈ 

  ਫੇਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਕਹਿਣਾ ਕਿ ਸ਼੍ਰੋਮਣੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਨਹੀਂ ਕਰ ਸਕਦੀ ਅਤੇ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਜਾਂਚ ਕਮੇਟੀ ਬੇਬੁਨਿਆਦ ਹੈ ਅਤੇ ਇਹ ਵੀ ਕਿਹਾ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰੋਗੇ ਤਾਂ ਅਸੀਂ ਦੂਸਰੇ ਸਿੰਘ ਸਹਿਬਾਨ ਵੀ ਅਸਤੀਫੇ ਦੇ ਦੇਵਾਂਗੇ ਅਤੇ ਸਿੰਘ ਸਾਹਿਬ ਕਿਸੇ ਗਿਣੀ ਮਿਥੀ ਸਾਜ਼ਿਸ ਦੇ ਤਹਿਤ 28 ਜਨਵਰੀ ਦੀ ਪੰਜ ਸਿੰਘ ਸਾਹਿਬਾਨ ਦੀ ਰੱਖੀ ਹੋਈ ਮੀਟਿੰਗ ਨੂੰ ਅਚਾਨਕ ਰੱਦ ਕਰਕੇ ਇੰਗਲੈਂਡ ਜਾ ਬੈਠੇ ਪਿੱਛੋਂ ਧਾਮੀ ਨੇ ਆਪਣੇ ਆਕਿਆਂ ਨੂੰ ਖੁਸ਼ ਕਰਨ ਲਈ ਗਿਣੀ ਮਿਥੀ ਸਾਜ਼ਿਸ ਤਹਿਤ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅੱਖੋਂ ਪਰੋਖੇ ਕਰਦੇ ਹੋਏ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਅਤੇ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਏ ਕਰਾਰ ਦਿੱਤੇ ਵਿਅਕਤੀ ਦੀ ਅਗਵਾਈ ਵਾਲੀ ਕਮੇਟੀ ਰਾਹੀਂ ਸਿੰਘ ਸਾਹਿਬ ਦੇ ਵਿਦੇਸ਼ ਪਰਤਣ ਤੋਂ ਪਹਿਲਾਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਆਹੁਦੇ ਤੋਂ ਸੇਵਾ ਮੁਕਤ ਕਰ ਦਿੱਤਾ ਹੈ ਪਰ ਸਿੰਘ ਸਹਿਬ ਜੀ ਵਿਦੇਸ਼ ਖਾਮੋਸ਼ ਬੈਠੇ ਹਨ ਅਤੇ ਤਿੰਨ ਦਿਨਾਂ ਬਾਅਦ ਖ਼ਾਨਾਪੂਰਤੀ ਲਈ ਬਿਆਨ ਦਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਕਾਰਵਾਈ ਕਰਕੇ ਮਾੜੀ ਗੱਲ ਕੀਤੀ ਹੈ ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਆਪਣੇ ਪਹਿਲਾਂ ਬੋਲੇ ਬੋਲਾਂ ਅਨੁਸਾਰ ਤੁਰੰਤ ਅਸਤੀਫ਼ਾ ਦੇ ਦਿੰਦੇ ਪਰ ਅਸਤੀਫ਼ਾ ਤਾਂ ਫੇਰ ਹੀ ਦਿੰਦੇ ਜੇਕਰ ਧਾਮੀ ਅਤੇ ਬਾਦਲ ਜੁੰਡਲੀ ਨਾਲ ਅੰਦਰਖਾਤੇ ਮਿਲੀਭੁਗਤ ਨਾ ਹੁੰਦੀ 

       ਕਿਉਂਕਿ ਜਿਸ ਦਿਨ ਹੁਕਮਨਾਮਾ ਸੁਣਾਇਆ ਗਿਆ ਸੀ ਉਸ ਦਿਨ ਤਾਂ ਭਾਵੇਂ ਵੇਖਣ ਨੂੰ ਅਕਾਲੀ ਫੂਲਾ ਸਿੰਘ ਜੀ ਦੀ ਝਲਕ ਦਾ ਭੁਲੇਖਾ ਪੈ ਰਿਹਾ ਸੀ ਜਦੋਂ ਜਥੇਦਾਰ ਸਹਿਬਾਨ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੇ ਉੱਪਰ ਖੜ੍ਹੇ ਸਨ ਪਰ ਪ੍ਰੰਤੂ ਅਫ਼ਸੋਸ ਅੱਜ ਬਾਦਲ ਜੁੰਡਲੀ ਅਤੇ ਧਾਮੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੇ ਉੱਪਰ ਖੜ੍ਹੇ ਹਨ ਅਤੇ ਸਿੰਘ ਸਹਿਬਾਨ ਥੱਲੇ ਖੜ੍ਹੇ ਹਨ  ਹੁਣ ਢਾਈ ਮਹੀਨੇ ਬੀਤ ਜਾਣ ਬਾਅਦ ਸਿੰਘ ਸਾਹਿਬ ਜੀ ਦੀ ਕਾਰਗੁਜ਼ਾਰੀ ਵੇਖ ਕੇ ਲਗਦਾ ਹੈ ਕਿ ਮੌਜੂਦਾ ਜਥੇਦਾਰ ਨਾਲੋਂ ਤਾਂ ਗਿਆਨੀ ਗੁਰਬਚਨ ਸਿੰਘ ਦੀ ਕਾਰਗੁਜ਼ਾਰੀ ਹੀ ਚੰਗੀ ਸੀ ਉਸ ਨੇ ਭਾਵੇਂ ਮਾੜੇ ਫੈਸਲੇ ਹੀ ਕੀਤੇ ਸਨ ਪਰ ਫੈਸਲੇ ਤਾਂ ਕੀਤੇ ਸਨ ਮੋਨ ਤਾਂ ਨਹੀਂ ਸੀ ਧਾਰਿਆ  ਅਫ਼ਸੋਸ ਕਿ ਜੇਕਰ ਕੌਮ ਦੇ ਮਸਲਿਆਂ ਤੇ ਸਿੰਘ ਸਾਹਿਬ ਹੀ ਕੌਮ ਨੂੰ ਸਪਸ਼ਟ ਸੇਧ ਨਹੀਂ ਦੇ ਸਕਦੇ ਤਾਂ ਹੋਰ ਕੌਣ ਦੇਵੇਗਾ ? ਇਕੱਲੇ ਚੁੱਪ ਰਹਿਣ ਨਾਲ ਤਾਂ ਕੌਮ ਨੂੰ ਕੋਈ ਸੇਧ ਨਹੀਂ ਮਿਲੇਗੀ ਇਸ ਨਾਲ ਤਾਂ ਅਕਾਲ ਤਖ਼ਤ ਦੇ ਭਗੌੜਿਆਂ ਦਾ ਮਨੋਬਲ ਹੋਰ ਉੱਚਾ ਹੋ ਰਿਹਾ ਹੈ 

   ਧਾਮੀ ਸਾਹਿਬ ਵੱਲੋਂ ਬਤੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨਾਂ ਹੁਕਮਨਾਮਿਆਂ ਨੂੰ ਇੰਨ ਬਿੰਨ ਲਾਗੂ ਕਰਵਾਉਣਾ ਚਾਹੀਦਾ ਸੀ ਅਤੇ ਉਹ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ 7 ਮੈਂਬਰੀ ਕਮੇਟੀ ਦੇ ਕਨਵੀਨਰ ਵੀ ਹਨ ਜਿਸ ਕਰਕੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਪਰ ਧਾਮੀ ਸਾਹਿਬ ਵੱਲੋਂ ਇੰਨਾਂ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਦੇ ਸਬੰਧ ਵਿੱਚ ਪੰਥਕ ਪ੍ਰੰਪਰਾਵਾਂ ਨੂੰ ਛਿੱਕੇ ਟੰਗ ਕੇ ਜੋ ਇੱਕ ਪਾਸੜ ਅਤੇ ਅਕਾਲ ਤਖ਼ਤ ਵਿਰੋਧੀ ਰੋਲ ਨਿਭਾਇਆ ਗਿਆ ਹੈ ਉਹ ਅਤੀ ਨਿੰਦਣਯੋਗ ਹੈ ਪਹਿਲਾਂ ਦੋ ਮਹੀਨਿਆਂ ਤੱਕ ਤਾਂ ਕਮੇਟੀ ਦੀ ਕੋਈ ਮੀਟਿੰਗ ਹੀ ਨਹੀਂ ਬੁਲਾਈ ਗਈ ਫੇਰ 4 ਫਰਵਰੀ ਨੂੰ ਮੀਟਿੰਗ ਬੁਲਾਈ ਤਾਂ ਫੈਸਲਾ ਕੀਤਾ ਗਿਆ ਕਿ 11 ਫਰਵਰੀ ਨੂੰ ਅਗਲੀ ਮੀਟਿੰਗ ਵਿੱਚ  ਸੁਖਬੀਰ ਬਾਦਲ ਵੱਲੋਂ ਨਾਮਜ਼ਦ ਕੀਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਨੂੰ ਸੱਦਿਆ ਜਾਵੇਗਾ ਪਰ ਉਸ ਨੇ ਇਸ ਮੀਟਿੰਗ ਨੂੰ ਤਾਰਪੀਡੋ ਕਰਦੇ ਹੋਏ ਕਿਹਾ ਕਿ ਮੈਂ 11 ਤਾਰੀਖ ਨੂੰ ਨਹੀਂ ਆ ਸਕਦਾ ਮੀਟਿੰਗ 13 ਤਾਰੀਖ ਦੀ ਰੱਖ ਲਵੋ  ਫੇਰ 13 ਫਰਵਰੀ ਦੀ ਮੀਟਿੰਗ ਵੇਲੇ ਵੀ ਨਹੀਂ ਆਇਆ ਜਦੋਂ ਧਾਮੀ ਅਤੇ ਵਡਾਲਾ ਸਾਹਿਬ ਉਸ ਦੇ ਘਰ ਗਏ ਤਾਂ ਉਸ ਨੇ ਕਿਹਾ ਕਿ ਮੈਨੂੰ ਤਾਂ ਕੋਈ ਸੱਦਾ ਪੱਤਰ ਹੀ ਨਹੀਂ ਮਿਲਿਆ ਪੁੱਛਣ ਵਾਲਾ ਹੋਵੇ ਕਿ ਮੀਟਿੰਗ ਨੂੰ ਰੱਦ ਕਰਨ ਜਾਂ ਰੱਖਣ ਦਾ ਅਧਿਕਾਰ ਤਾਂ ਧਾਮੀ ਸਾਹਿਬ ਕੋਲ ਹੈ ਇਹ ਕਦੇ ਹੋ ਸਕਦਾ ਹੈ ਕਿ ਮੀਟਿੰਗ ਦਾ ਭੂੰਦੜ ਨੂੰ ਪਤਾ ਨਾ ਹੋਵੇ ?  ਲਗਾਤਾਰ ਜਾਣ ਬੁੱਝ ਕੇ 7 ਮੈਂਬਰੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਫੇਰ ਕਮੇਟੀ ਦੀ ਮੀਟਿੰਗ 16 ਫਰਵਰੀ ਦੀ ਰੱਖੀ ਗਈ ਅਤੇ ਇਸ ਦਿਨ ਧਾਮੀ ਸਾਹਿਬ ਕਹਿੰਦੇ ਮੈਨੂੰ ਕੋਈ ਜ਼ਰੂਰੀ ਕੰਮ ਹੈ ਹੁਣ ਅਗਲੀ ਮੀਟਿੰਗ 18 ਫਰਵਰੀ ਦੀ ਰੱਖੀ ਹੈ ਉਹ ਵੀ ਪੱਕਾ ਪਤਾ ਨਹੀਂ ਕਿ ਹੋਵੇਗੀ ਜਾਂ ਨਹੀਂ ਕਿਉਂਕਿ ਦੂਸਰੇ ਪਾਸੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਤੋਂ ਭਗੌੜਿਆਂ ਵੱਲੋਂ ਪਾਰਟੀ ਦੀ ਭਰਤੀ ਦਾ ਕੰਮ ਵੱਡੇ ਪੱਧਰ ਤੇ ਜਾਰੀ ਹੈ ਜੋ 20 ਫਰਵਰੀ ਤੱਕ ਮਿਥਿਆ ਗਿਆ ਹੈ ਪਰ ਅਫ਼ਸੋਸ 7 ਮੈਂਬਰੀ ਕਮੇਟੀ ਦੇ ਕਨਵੀਨਰ ਧਾਮੀ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਛਿੱਕੇ ਟੰਗ ਕੇ ਅਤੇ ਆਪਣੇ ਸਿਆਸੀ ਅਕਾਵਾਂ ਦੀ ਮਿਲੀਭੁਗਤ ਕਰਕੇ ਅਜੇ 7 ਮੈਂਬਰੀ ਕਮੇਟੀ ਨੂੰ ਮੀਟਿੰਗਾਂ ਦੇ ਭੰਬਲਭੂਸਿਆਂ ਵਿੱਚ ਹੀ ਪਾਈ ਫਿਰਦੇ ਹਨ ਅੱਜ ਕੌਮ ਸਿੰਘ ਸਾਹਿਬ ਰਘਬੀਰ ਸਿੰਘ ਜੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਇਹੀ ਜਾਨਣਾ ਚਾਹੁੰਦੀ ਹੈ ਕਿ ਇਹ ਹੁਕਮਨਾਮੇ ਕਦੋਂ ਲਾਗੂ ਹੋਣਗੇ ਅਤੇ ਤੁਸੀਂ ਦੋਵੇਂ ਸਖਸ਼ੀਅਤਾਂ ਕਿੰਨਾ ਕੁ ਚਿਰ ਕੌਮ ਨੂੰ ਚੁੱਪ ਰਹਿ ਕੇ ਜਾਂ ਅੰਦਰਖਾਤੇ ਚੁਸਤ ਚਲਾਕੀਆਂ ਕਰਕੇ ਇੰਨਾਂ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਤੋਂ ਪਾਸਾ ਵੱਟਦੇ ਰਹੋਗੇ ?

ਹਰਮੀਤ ਸਿੰਘ ਮਹਿਰਾਜ 

ਹਰਮੀਤ ਸਿੰਘ ਮਹਿਰਾਜ 

ਵਟਸਐਪ ਨੰ 98786-91567

Show More

Related Articles

Leave a Reply

Your email address will not be published. Required fields are marked *

Back to top button
Translate »