
ਜਦੋਂ ਅਸੀਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਆਪਣੇ ਹੱਥੀਂ ਸਥਾਪਿਤ ਕੀਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਦਾ ਨਾਮ ਵੀ ਅਕਾਲ ਤਖ਼ਤ ਸਾਹਿਬ ਨਾਲ ਆ ਜੁੜਦਾ ਹੈ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਥੜ੍ਹੇ ਨੂੰ ਬਨਾਉਣ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਇਲਾਵਾ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਹੱਥੀਂ ਇਸ ਥੜ੍ਹੇ ਨੂੰ ਬਨਾਉਣ ਦੀ ਸੇਵਾ ਕੀਤੀ ਸੀ ਜਦੋਂ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਗੱਲ ਹੁੰਦੀ ਹੈ ਤਾਂ ਦ੍ਰਿੜਤਾ ਨਾਲ ਕੀਤੇ ਫ਼ੈਸਲਿਆਂ ਲਈ ਅਕਾਲੀ ਫੂਲਾ ਸਿੰਘ ਅਤੇ ਗੁਲਾਮੀ ਅਧੀਨ ਕੀਤੇ ਫੈਸਲਿਆਂ ਲਈ ਗਿਆਨੀ ਗੁਰਬਚਨ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਸਬੱਬ ਨਾਲ ਹੀ ਅੱਜ ਦੇ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ ਜਿੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਨ ਉੱਥੇ ਨਾਲ ਹੀ ਉਹ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਹਨ ਜਿਸ ਕਰਕੇ ਉਨਾਂ ਨੂੰ ਇੱਕੋ ਸਮੇਂ ਹੀ ਬਾਬਾ ਬੁੱਢਾ ਜੀ ਅਤੇ ਅਕਾਲੀ ਫੂਲਾ ਸਿੰਘ ਵਾਲੀਆਂ ਪਦਵੀਆਂ ਤੇ ਸੇਵਾ ਕਰਨ ਦਾ ਮਾਣ ਪ੍ਰਾਪਤ ਹੋ ਰਿਹਾ ਹੈ ! ਤਖ਼ਤ ਬਹੈ ਤਖਤੇ ਕੀ ਲਾਇਕ ! ਦੇ ਤਹਿਤ ਮੌਜੂਦਾ ਹਾਲਾਤ ਦੌਰਾਨ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਗਿਆਨੀ ਰਘਬੀਰ ਸਿੰਘ ਜੀ ਤੁਸੀਂ ਆਪਣੀਆਂ ਪਦਵੀਆਂ ਨਾਲ ਕਿੰਨਾ ਕੁ ਇਨਸਾਫ਼ ਕਰਦੇ ਹੋ ਕਿਉਂਕਿ ਤੁਹਾਡੀ ਕੀਤੀ ਹੋਈ ਚੰਗੀ ਕਾਰਗੁਜ਼ਾਰੀ ਨੇ ਹੀ ਤੁਹਾਨੂੰ ਬਾਬਾ ਬੁੱਢਾ ਜੀ ਅਤੇ ਅਕਾਲੀ ਫੂਲਾ ਸਿੰਘ ਦਾ ਵਾਰਿਸ ਬਨਾਉਣਾ ਹੈ ਜਾਂ ਕੌਮ ਦੀਆਂ ਭਾਵਨਾਵਾਂ ਦੇ ਵਿਰੋਧ ਵਿੱਚ ਕੀਤੀ ਹੋਈ ਕਿਸੇ ਵੀ ਕਾਰਵਾਈ ਨੇ ਤੁਹਾਨੂੰ ਗਿਆਨੀ ਗੁਰਬਚਨ ਸਿੰਘ ਵਾਲੀ ਲਾਈਨ ਵਿੱਚ ਖੜਾ ਦੇਣਾ ਹੈ
ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਦੀ ਮੁੱਖ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹੁੰਦੀ ਹੈ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਬਣਾਇਆ ਹੀ ਇਸ ਕਰਕੇ ਸੀ ਕਿ ਹਮੇਸ਼ਾ ਸ਼ਕਤੀ ਨੂੰ ਭਗਤੀ ਦੇ ਅਧੀਨ ਰੱਖਣਾ ਹੈ ਪ੍ਰੰਤੂ ਅਫ਼ਸੋਸ ਜਦੋਂ ਪਿਛਲੇ 30 ਕੁ ਸਾਲ ਤੋਂ ਪੰਥ ਦੀ ਰਾਜਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਹੋਇਆ ਹੈ ਤਾਂ ਇਸ ਜੁੰਡਲੀ ਨੇ ਸਾਰੀਆਂ ਹੀ ਪੰਥਕ ਪ੍ਰੰਪਰਾਵਾਂ ਦਾ ਬਹੁਤ ਵੱਡੀ ਪੱਧਰ ਤੇ ਘਾਣ ਕੀਤਾ ਹੈ ਅਤੇ ਸਭ ਤੋਂ ਪਹਿਲਾਂ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੀ 75ਵੀ ਵਰੇ ਗੰਢ ਤੇ ਮੋਗਾ ਵਿਖੇ ਪੰਜਾਬੀ ਪਾਰਟੀ ਬਣਾਇਆ ਬਾਕੀ ਸਿੰਘ ਸਾਹਿਬ ਜੀ ਸਿਆਣੇ ਕਹਿੰਦੇ ਹਨ ਕਿ ! ਪਿਉ ਪਰ ਪੂਤ ਪਿਤਾ ਪਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ! ਸੁਖਬੀਰ ਬਾਦਲ ਵੀ ਪੰਥਕ ਪ੍ਰੰਪਰਾਵਾਂ ਦਾ ਘਾਣ ਕਰਨ ਲਈ ਆਪਣੇ ਮਰਹੂਮ ਪਿਤਾ ਸਾਬਕਾ ਫਖ਼ਰੇ ਕੌਮ ਪ੍ਰਕਾਸ਼ ਸਿੰਘ ਬਾਦਲ ਤੋਂ ਘੱਟ ਨਹੀਂ ਹੈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਿਆਸੀ ਚਤੁਰਾਈਆਂ ਦੇ ਸਹਾਰੇ ਹੀ ਪੰਜ ਵਾਰ ਮੁੱਖ ਮੰਤਰੀ ਬਣਿਆ ਸੀ ਉਸ ਨੇ ਆਪਣੇ ਰਸਤੇ ਦੇ ਰੋੜੇ ਸਿਆਸੀ ਅਤੇ ਧਾਰਮਿਕ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਿਆ ਸੀ ਉਹ ਭਾਵੇਂ ਸੰਤ ਫ਼ਤਹਿ ਸਿੰਘ ਸੀ, ਜਥੇਦਾਰ ਮੋਹਨ ਸਿੰਘ ਤੁੜ, ਗੁਰਮੀਤ ਸਿੰਘ ਬਰਾੜ,ਜਥੇਦਾਰ ਜਗਦੇਵ ਸਿੰਘ ਤਲਵੰਡੀ,ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ , ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਜਾਂ ਕੈਪਟਨ ਕੰਵਲਜੀਤ ਸਿੰਘ ਸਨ ਇਸੇ ਤਰ੍ਹਾਂ ਹੀ ਧਾਰਮਿਕ ਖੇਤਰ ਅੰਦਰ ਵੀ ਚਾਹੇ ਕੁਰਬਾਨੀ ਦੇ ਪੁੰਜ ਜਥੇਦਾਰ ਭਾਈ ਰਣਜੀਤ ਸਿੰਘ, ਗਿਆਨੀ ਪੂਰਨ ਸਿੰਘ ਜਾਂ ਜੋਗਿੰਦਰ ਸਿੰਘ ਵੇਦਾਂਤੀ ਸਾਰਿਆਂ ਦੀ ਹੀ ਬੇਇੱਜ਼ਤ ਤਰੀਕੇ ਨਾਲ ਵਿਦਾਇਗੀ ਕੀਤੀ ਹੁਣ ਉਨ੍ਹਾਂ ਰਾਹਾਂ ਤੇ ਹੀ ਸੁਖਬੀਰ ਬਾਦਲ ਚੱਲ ਰਿਹਾ ਹੈ ਜਿਸ ਦੀ ਤਾਜ਼ਾ ਉਦਾਹਰਣ ਗਿਆਨੀ ਹਰਪ੍ਰੀਤ ਵਾਲੇ ਮਾਮਲੇ ਤੋਂ ਮਿਲਦੀ ਹੈ ਕਿ ਕਿਵੇਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਇੰਨਾਂ ਦੀ ਪੈੜ ਵਿੱਚ ਪੈੜ ਧਰਦਾ ਸੀ ਤਾਂ ਉਸ ਕੋਲ ਦੋ ਤਖ਼ਤਾਂ ਦਮਦਮਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦਾ ਪ੍ਰਬੰਧ ਸੀ ਪ੍ਰੰਤੂ ਜਦੋਂ ਉਹ ਇੰਨਾਂ ਦੀ ਅਧੀਨਗੀ ਮੰਨਣ ਤੋਂ ਹਟ ਗਿਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਉਨ੍ਹਾਂ ਤੋਂ ਵਾਪਸ ਲੈ ਲਈ ਅਤੇ ਹੁਣ ਦੇ ਤਾਜ਼ਾ ਘਟਨਾ ਕ੍ਰਮ ਤੋਂ ਬਾਅਦ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਵੀ ਫ਼ਾਰਗ ਕਰ ਦਿੱਤਾ ਗਿਆ ਹੈ ਕਿੱਡੀ ਹਾਸੋਹੀਣੀ ਗੱਲ ਹੈ ਕਿ 9 ਸਾਲ ਜਥੇਦਾਰ ਲੱਗੇ ਰਹੇ ਜਥੇਦਾਰ ਨੂੰ 12-13 ਸਾਲ ਪੁਰਾਣੇ ਪਰਿਵਾਰਕ ਮਾਮਲੇ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸਿਰਫ ਬਹਾਨਾ ਬਣਾ ਕੇ ਫਾਰਗ ਕੀਤਾ ਗਿਆ ਹੈ ਅਤੇ ਇਹ ਸਾਰੇ ਦੋਸ਼ 2 ਦਸੰਬਰ ਦੇ ਹੁਕਮਨਾਮਿਆਂ ਤੋਂ ਬਾਅਦ ਹੀ ਕਿਉਂ ਦਿਸੇ ?
ਸਿੰਘ ਸਾਹਿਬ ਜੀ ਅੱਜ ਦੇਸ਼ ਵਿਦੇਸ਼ ਵਿੱਚ ਬੈਠੀ ਸਮੁੱਚੀ ਸੰਗਤ ਦੀਆਂ ਨਜ਼ਰਾਂ 2 ਦਸੰਬਰ ਦੇ ਹੁਕਮਨਾਮਿਆਂ ਨੂੰ ਹੁਬਹੂ ਲਾਗੂ ਕਰਵਾਉਣ ਲਈ ਆਪ ਜੀ ਉੱਪਰ ਲੱਗੀਆਂ ਹੋਈਆਂ ਹਨ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਸੁਣਾਇਆਂ ਨੂੰ ਤਿੰਨ ਮਹੀਨੇ ਦੇ ਲੱਗਭਗ ਹੋਣ ਵਾਲੇ ਹਨ ਪ੍ਰੰਤੂ ਹੁਕਮਨਾਮਿਆਂ ਨੂੰ ਮੰਨਣ ਤੋਂ ਆਨਾਕਾਨੀ ਕਰਨ ਸਬੰਧੀ ਜਿਸ ਤਰ੍ਹਾਂ ਦਾ ਰਵਈਆ ਬਾਦਲ ਜੁੰਡਲੀ ਵੱਲੋਂ ਅਪਣਾਇਆ ਹੋਇਆ ਹੈ ਅਤੇ ਉਸ ਸਬੰਧੀ ਅਕਾਲ ਤਖ਼ਤ ਸਾਹਿਬ ਵੱਲੋਂ ਕਾਰਵਾਈ ਕਰਨ ਸਬੰਧੀ ਜ਼ੋ ਢਿੱਲ ਮੱਠ ਦਾ ਰਵਈਆ ਅਖਤਿਆਰ ਕੀਤਾ ਹੋਇਆ ਹੈ ਉਸ ਨੇ ਹਰ ਇੱਕ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਰਾਸ਼ ਹੀ ਕੀਤਾ ਹੈ ਇੰਨਾਂ ਹੁਕਮਨਾਮਿਆਂ ਸਬੰਧੀ ਜ਼ੋ ਢਿੱਲ ਮੱਠ ਹੋਈ ਹੈ ਉਸ ਸਬੰਧ ਵਿੱਚ ਸਭ ਤੋਂ ਵੱਡਾ ਹੱਥ ਸਿੰਘ ਸਾਹਿਬ ਜੀ ਤੁਹਾਡਾ ਹੀ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਤੁਹਾਡੇ ਵੱਲੋਂ ਸਪੱਸ਼ਟ ਸਟੈਂਡ ਨਾ ਲੈਣ ਕਰਕੇ ਇਹ ਜੁੰਡਲੀ ਅੱਗੇ ਹੀ ਅੱਗੇ ਵਧਦੀ ਗਈ
ਤੁਹਾਡੇ ਆਪਣੇ ਮੂੰਹੋਂ ਕਹੀਆਂ ਗਈਆਂ ਗੱਲਾਂ ਤੇ ਹੀ ਅਮਲ ਨਾ ਹੋਣਾ ਵੀ ਇਸ ਮਾਮਲੇ ਦੇ ਵਿਗੜਨ ਦਾ ਵੱਡਾ ਕਾਰਨ ਹੈ ਜਿਸ ਤਰ੍ਹਾਂ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸਤੀਫ਼ਾ ਪ੍ਰਵਾਨ ਕਰੋਗੇ ਤਾਂ ਅਸੀਂ ਦੂਸਰੇ ਸਿੰਘ ਸਹਿਬਾਨ ਵੀ ਅਸਤੀਫਾ ਦੇ ਦੇਵਾਂਗੇ ਪ੍ਰੰਤੂ ਅਫ਼ਸੋਸ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਫਾਰਗ ਕੀਤਾ ਗਿਆ ਤਾਂ ਆਪ ਜੀ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਕਾਰਨ ਕਿਸੇ ਸੋਚੀ ਸਮਝੀ ਸਾਜ਼ਿਸ਼ ਅਧੀਨ 28 ਜਨਵਰੀ ਦੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਅਚਾਨਕ ਰੱਦ ਕਰਕੇ ਤਿੰਨ ਹਫ਼ਤਿਆਂ ਲਈ ਇੰਗਲੈਂਡ ਜਾ ਬੈਠੇ ਅਤੇ ਨਾ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਵਾਲੇ ਦਿਨ ਆਪ ਜੀ ਨੇ ਕੋਈ ਪ੍ਰਤੀਕਿਰਿਆ ਪ੍ਰਗਟ ਕੀਤੀ ਅਤੇ ਨਾ ਹੀ ਆਪਣੇ ਬੋਲਾਂ ਅਨੁਸਾਰ ਆਪਣਾ ਅਸਤੀਫਾ ਦੇਣਾ ਬਿਹਤਰ ਸਮਝਿਆ ਜਦੋਂ ਸਾਰਾ ਕੁਝ ਹੋ ਗਿਆ ਤਾਂ ਤਿੰਨ ਦਿਨਾਂ ਬਾਅਦ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਕਿ ਸ਼੍ਰੋਮਣੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਕੇ ਮਾੜਾ ਕੰਮ ਕੀਤਾ
ਪਰ ਦੂਸਰੇ ਪਾਸੇ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਲਈ ਬਣਾਈ 7 ਮੈਂਬਰੀ ਕਮੇਟੀ ਦੀ ਪਹਿਲਾਂ ਤਾਂ ਬਾਦਲ ਜੁੰਡਲੀ ਦੇ ਇਸ਼ਾਰੇ ਤੇ ਇਸ ਕਮੇਟੀ ਦੇ ਮੁਖੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ 2 ਮਹੀਨੇ ਤਾਂ ਮੀਟਿੰਗ ਹੀ ਨਹੀਂ ਰੱਖੀ ਫੇਰ ਜੇਕਰ ਦੋ ਮੀਟਿੰਗਾਂ ਰੱਖੀਆਂ ਤਾਂ ਬਾਦਲ ਦਲ ਦੇ ਸੁਖਬੀਰ ਬਾਦਲ ਵੱਲੋਂ ਨਾਮਜ਼ਦ ਪ੍ਰਧਾਨ ਬਲਵਿੰਦਰ ਭੂੰਦੜ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਟਿੱਚ ਸਮਝਦੇ ਹੋਏ ਇਸ ਕਮੇਟੀ ਦੇ ਮੈਂਬਰਾਂ ਨੂੰ ਕੋਈ ਰਾਹ ਹੀ ਨਹੀਂ ਦਿੱਤਾ ਅਤੇ ਇਸ ਤੋਂ ਬਾਅਦ ਇਸ ਕਮੇਟੀ ਦੇ ਮੁਖੀ ਧਾਮੀ ਸਾਹਿਬ ਅਤੇ ਮੈਂਬਰ ਬਡੂੰਗਰ ਸਾਹਿਬ ਗਿਣੀ ਮਿਥੀ ਸਾਜ਼ਿਸ ਦੇ ਤਹਿਤ ਕਮੇਟੀ ਤੋਂ ਅਸਤੀਫਾ ਦੇ ਗਏ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਧਾਮੀ ਸਾਹਿਬ ਨੇ ਖੁਦ ਆਪਣੀ ਪ੍ਰਧਾਨਗੀ ਹੇਠ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਫਾਰਗ ਕੀਤਾ ਹੈ ਅਤੇ ਬਾਅਦ ਵਿੱਚ ਬਹਾਨਾ ਇਹ ਲਾਇਆ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਪੋਸਟ ਨਾਲ ਮੇਰੇ ਮਨ ਨੂੰ ਭਾਰੀ ਠੇਸ ਲੱਗੀ ਪ੍ਰੰਤੂ ਪੁੱਛਣ ਵਾਲਾ ਹੋਵੇ ਕਿ ਜਦੋਂ ਤੁਸੀਂ ਖੁਦ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਬਤੌਰ ਜਥੇਦਾਰ ਛੁੱਟੀ ਕੀਤੀ ਹੈ ਉਸ ਵੇਲੇ ਤਾਂ ਤੁਹਾਡੇ ਮਨ ਨੂੰ ਠੇਸ ਲੱਗੀ ਨਹੀਂ ਧਾਮੀ ਸਾਹਿਬ ਦੀ ਆਪਣੇ ਕਾਰਜਕਾਲ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਤੋਂ ਭਗੌੜਾ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਪ੍ਰੰਤੂ ਬਡੂੰਗਰ ਸਾਹਿਬ ਦੇ ਅਸਤੀਫ਼ਾ ਦੇਣ ਦਾ ਤਾਂ ਕੋਈ ਠੋਸ ਕਾਰਨ ਨਹੀਂ ਹੈ ਜਿਸ ਤੋਂ ਸਾਫ਼ ਸਪੱਸ਼ਟ ਹੋ ਜਾਂਦਾ ਹੈ ਕਿ ਬਾਦਲ ਜੁੰਡਲੀ ਅਕਾਲ ਤਖ਼ਤ ਸਾਹਿਬ ਤੋਂ ਬਣਾਈ 7 ਮੈਂਬਰੀ ਕਮੇਟੀ ਨੂੰ ਪੂਰੀ ਤਰ੍ਹਾਂ ਤਾਰਪੀਡੋ ਕਰਨ ਤੇ ਲੱਗੀ ਹੋਈ ਹੈ
ਹੁਣ ਸਿੰਘ ਸਾਹਿਬ ਜੀ 7 ਮੈਂਬਰੀ ਕਮੇਟੀ ਵਿੱਚੋਂ 5 ਮੈਂਬਰਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਲਿਖ ਕੇ ਦੇ ਦਿੱਤਾ ਹੈ ਕਿ ਬਾਦਲ ਜੁੰਡਲੀ 7 ਮੈਂਬਰੀ ਕਮੇਟੀ ਨੂੰ ਕਿਸੇ ਵੀ ਤਰ੍ਹਾਂ ਦੀ ਮਾਨਤਾ ਦੇਣ ਲਈ ਤਿਆਰ ਨਹੀਂ ਹੈ ਜੋਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਸਿੱਧੀ ਚੁਣੌਤੀ ਹੈ ਸਿੰਘ ਸਾਹਿਬ ਜੀ ਜੇਕਰ ਤੁਸੀਂ ਹੁਣ ਵੀ ਆਪਣੀ ਚੁੱਪ ਨਾ ਤੋੜੀ ਤਾਂ ਇਸ ਜੁੰਡਲੀ ਨੇ 1 ਮਾਰਚ ਨੂੰ ਆਪਣੇ ਤੌਰ ਤੇ ਪ੍ਰਧਾਨ ਚੁਣ ਲੈਣਾ ਹੈ ਅਤੇ ਹੁਣ ਦੀਆਂ ਤਾਜ਼ਾ ਘਟਨਾਵਾਂ ਦੌਰਾਨ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੱਲੋਂ ਜੋ ਵਿਉਂਤਬੰਦੀ ਕੀਤੀ ਜਾ ਰਹੀ ਹੈ ਉਸ ਅਨੁਸਾਰ ਹੋ ਸਕਦਾ ਹੈ 1 ਮਾਰਚ ਤੋਂ ਪਹਿਲਾਂ ਸਿੰਘ ਸਾਹਿਬ ਜੀ ਤੁਹਾਡੀ ਵੀ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੁੱਟੀ ਕਰ ਦਿੱਤੀ ਜਾਵੇ ਸੋ ਸਿੰਘ ਸਾਹਿਬ ਜੀ ਲੋੜ ਹੈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾਕੇ 1 ਮਾਰਚ ਤੋਂ ਪਹਿਲਾਂ ਇਸ ਜੁੰਡਲੀ ਵੱਲੋਂ ਕੀਤੀ ਗਈ ਜਾਅਲੀ ਭਰਤੀ ਨੂੰ ਰੱਦ ਕੀਤਾ ਜਾਵੇ ਤਾਂ ਕਿ ਭਵਿੱਖ ਦੌਰਾਨ ਕੋਈ ਲੰਡੀ ਬੁੱਚੀ ਅਕਾਲ ਤਖ਼ਤ ਸਾਹਿਬ ਨੂੰ ਅੱਖਾਂ ਨਾ ਵਿਖਾ ਸਕੇ ਅਤੇ ਸਿੰਘ ਸਾਹਿਬ ਜੀ ਅੱਜ ਸਮੁੱਚੀ ਕੌਮ ਦੇ ਦਿਲਾਂ ਦੀ ਤਾਂਘ ਹੈ ਕਿ ਆਪਣੀ ਚੁੱਪੀ ਨੂੰ ਤੋੜਦੇ ਹੋਏ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨੂੰ ਨੱਥ ਪਾਈ ਜਾਵੇ ਤਾਂ ਕਿ ਅਕਾਲ ਤਖ਼ਤ ਸਾਹਿਬ ਦਾ ਸਨਮਾਨ ਬਹਾਲ ਰਹਿ ਸਕੇ
ਹਰਮੀਤ ਸਿੰਘ ਮਹਿਰਾਜ
ਵਟਸਐਪ ਨੰ 98786-91567