ਧਰਮ-ਕਰਮ ਦੀ ਗੱਲ

ਸਿੱਖਾਂ ਦੀ ਕਰਬਲਾ – ਸਾਕਾ ਸਰਹਿੰਦ

          ਕੌਮਾਂ ਜਿਉਂਦੀਆਂ ਨਾਲ਼ ਕੁਰਬਾਨੀਆਂ ਦੇ,
          ਅਣਖ ਮਰੇ ਤੋਂ ਕੌਮ ਹੈ ਮਰ ਜਾਂਦੀ।
          ਉਸ ਕੌਮ ਨੂੰ ਸਦਾ ਇਤਿਹਾਸ ਪੂਜੇ,
          ਬਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ।
          ਈਸਾਈ ਧਰਮ ਦੇ ਬਾਨੀ ਹਜ਼ਰਤ ਈਸਾ ਮਸੀਹ ਨੂੰ ਇਸ ਸੰਸਾਰ ਦੇ ਪਹਿਲੇ ਸ਼ਹੀਦ ਮੰਨਿਆਂ ਜਾਂਦਾ ਹੈ, ਜਿਨ੍ਹਾਂ ਨੂੰ ਸਮੇਂ ਦੇ ਜ਼ਾਲਮ ਹਾਕਮਾਂ ਨੇ ਸੂਲ਼ੀ ਉੱਤੇ ਟੰਗ ਕੇ ਅਥਾਹ ਕਸ਼ਟ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
          ਇਸਲਾਮ ਧਰਮ ਦੇ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਕੂਫਾ ਸ਼ਹਿਰ ਦੇ ਨੇੜੇ ਇਰਾਕ ਵਿੱਚ ਇੱਕ ਸਾਜਿਸ਼ ਨਾਲ਼ ਦਰਿਆ ਫ਼ਰਾਤ ਦੇ ਕੰਢੇ ਕਰਬਲਾ ਦੇ ਮੈਦਾਨ ਵਿੱਚ ਤਿੰਨ ਦਿਨ ਪਿਆਸਾ ਰੱਖ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
          ਕਰਬਲਾ ਦਾ ਮੈਦਾਨ ਉਹ ਸਥਾਨ ਹੈ, ਜਿੱਥੇ ਯਦੀਦ ਦੀਆਂ ਫ਼ੌਜਾਂ ਨੇ ਹਜ਼ਰਤ ਇਮਾਮ ਹੁਸੈਨ ਉੱਤੇ ਹਮਲਾ ਕਰਕੇ ਉਨ੍ਹਾਂ ਦੇ ਬਹੱਤਰ ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਸੀ। ਸ਼ਹੀਦ ਹੋਣ ਵਾਲਿਆਂ ਵਿੱਚ ਹਜ਼ਰਤ ਇਮਾਮ ਹੁਸੈਨ ਦੇ ਪਰਿਵਾਰ ਦੇ ਅਠਾਰਾਂ ਮੈਂਬਰ ਵੀ ਸ਼ਾਮਲ ਸਨ।
          ਸ਼ਹਾਦਤ ਦੇ ਸਮੇਂ ਹਜ਼ਰਤ ਇਮਾਮ ਹੁਸੈਨ ਦੀ ਉਮਰ ਅਠਵੰਜਾ ਸਾਲ ਸੀ। ਜਦੋਂ ਕਿ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਹੋਣ ਵਾਲ਼ੇ ਉਨ੍ਹਾਂ ਦੇ ਦੋ ਪੁੱਤਰ ਅਲੀ ਅਕਬਰ ਦੀ ਉਮਰ ਅਠਾਰਾਂ ਸਾਲ, ਅਲੀ ਅਸਗਰ ਦੀ ਉਮਰ ਕੇਵਲ ਛੇ ਮਹੀਨੇ ਦੀ ਸੀ। ਉਨ੍ਹਾਂ ਦੇ ਦੋ ਭਾਣਜੇ ਔਨ ਅਤੇ ਮੁਹੰਮਦ ਦੀ ਉਮਰ ਕ੍ਰਮਵਾਰ ਨੌਂ ਅਤੇ ਦਸ ਸਾਲ ਦੀ ਸੀ।
          ਇਨ੍ਹਾਂ ਸਾਰੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਸ਼ੀਆ ਮੁਸਲਮਾਨਾਂ ਵੱਲੋਂ ਹਰ ਸਾਲ ਦਸ ਮੁਹੱਰਮ ਨੂੰ ਤਾਜ਼ੀਆ ਕੱਢਿਆ ਜਾਂਦਾ ਹੈ। ਇਸਲਾਮ ਦੇ ਪੈਰੋਕਾਰ ਆਪਣੇ ਇਤਿਹਾਸ ਵਿੱਚ ਮੁਹੱਰਮ ਦੇ ਮਹੀਨੇ ਨੂੰ ਬਹੁਤ ਹੀ ਅਫ਼ਸੋਸਨਾਕ ਸਮਾਂ ਮੰਨਦੇ ਹਨ।
          ਇੱਥੋਂ ਤੱਕ ਕਿ ਮੁਹੱਰਮ ਦਾ ਚੰਨ ਚੜ੍ਹਨ ਸਮੇਂ ਸ਼ੀਆ ਫ਼ਿਰਕੇ ਨਾਲ਼ ਸੰਬੰਧਿਤ ਔਰਤਾਂ ਆਪਣੀਆਂ ਚੂੜੀਆਂ ਤੱਕ ਤੋੜ ਦਿੰਦੀਆਂ ਹਨ। ਉਹ ਚਾਲ਼ੀ ਦਿਨਾਂ ਤੱਕ ਕਿਸੇ ਪ੍ਰਕਾਰ ਦਾ ਹਾਰ ਸ਼ਿੰਗਾਰ ਵੀ ਨਹੀਂ ਕਰਦੀਆਂ। ਉਹ ਸੋਗ ਵਜੋਂ ਸਿਆਹ ਰੰਗ ਦੀ ਪੁਸ਼ਾਕ ਪਹਿਨਦੀਆਂ ਹਨ। ਚਾਲ਼ੀ ਦਿਨਾਂ ਤੱਕ ਕੋਈ ਖ਼ੁਸ਼ੀ ਨਹੀਂ ਮਨਾਈ ਜਾਂਦੀ। ਭੋਜਨ ਵੀ ਬਿਲਕੁਲ ਸਾਦਾ ਤਿਆਰ ਕੀਤਾ ਜਾਂਦਾ ਹੈ। ਸੁਆਦਲੇ ਅਤੇ ਲਜ਼ੀਜ਼ ਪਕਵਾਨ ਬਿਲਕੁਲ ਨਹੀਂ ਪਕਾਏ ਜਾਂਦੇ।
          ਇਹ ਸਮਾਂ ਗ਼ਮ-ਏ-ਹੁਸੈਨ ਦੇ ਤੌਰ ‘ਤੇ ਅੰਤਾਂ ਦੀ ਉਦਾਸੀ, ਸਾਦਗੀ, ਹਲੀਮੀ ਵਿੱਚ ਰਹਿ ਕੇ ਗੁਜ਼ਾਰਿਆ ਜਾਂਦਾ ਹੈ। ਸ਼ੀਆ ਮੱਤ ਨੂੰ ਮੰਨਣ ਵਾਲ਼ੇ ਮੁਸਲਮਾਨ ਮਰਦ ਤਾਜ਼ੀਅਤ ਕੱਢਣ ਵੇਲੇ ਆਪਣੀਆਂ ਛਾਤੀਆਂ ਪਿੱਟ-ਪਿੱਟ ਕੇ ‘ਯਾ-ਹੁਸੈਨ ਯਾ-ਹੁਸੈਨ’ ਪੁਕਾਰਦੇ ਹੋਏ ਲਹੂ ਲੁਹਾਣ ਹੋ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇੰਝ ਕਰਨ ਨਾਲ਼ ਉਹ ਇਨ੍ਹਾਂ ਸ਼ਹਾਦਤਾਂ ਨੂੰ ਲਹੂ ਦਾ ਨਜ਼ਰਾਨਾ ਭੇਟ ਕਰਦੇ ਹਨ।
          ਕਰਬਲਾ ਦੇ ਮੈਦਾਨ ਦੇ ਇਸ ਦਰਦਨਾਕ ਮੰਜ਼ਰ ਨੂੰ ਉਰਦੂ ਫ਼ਾਰਸੀ ਜ਼ਬਾਨ ਦੇ ਮਹਾਨ ਕਵੀ ਮੁਹੰਮਦ ਇਕਬਾਲ ਇੰਝ ਬਿਆਨ ਕਰਦੇ ਹਨ –
          “ਕਤਲ-ਏ-ਹੁਸੈਨ ਅਸਲ ਮੇਂ ਮਰਗ-ਏ-ਯਦੀਦ ਹੈ,
          ਇਸਲਾਮ ਜ਼ਿੰਦਾ ਹੋਤਾ ਹੈ ਹਰ ‘ਕਰਬਲਾ’ ਕੇ ਬਾਅਦ।”
          ਜਦੋਂ ਅਸੀਂ ਸਿੱਖ ਧਰਮ ਦੇ ਇਤਿਹਾਸ ਦੇ ਰੂਬਰੂ ਹੁੰਦੇ ਹਾਂ ਤਾਂ ਸ਼ਹਾਦਤਾਂ ਦੀ ਇੱਕ ਲੰਮੀ ਲੜੀ ਸਾਡੇ ਸਾਹਮਣੇ ਸਾਕਾਰ ਹੋ ਜਾਂਦੀ ਹੈ।
ਜਿਸ ਵਿੱਚ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਸਮੇਂ ਦੀ ਮੁਗ਼ਲ ਹਕੂਮਤ ਨੇ ਇਸ ਲਈ ਤੱਤੀ ਤਵੀ ‘ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਸੀ, ਕਿਉਂ ਜੋ ਉਨ੍ਹਾਂ ਨੇ ਆਪਣੀ ਰਚੀ ਬਾਣੀ ਤੋਂ ਇਲਾਵਾ ਆਪਣੇ ਤੋਂ ਪਹਿਲਾਂ ਹੋਏ ਚਾਰ ਸਿੱਖ ਗੁਰੂ ਸਾਹਿਬਾਨ ਦੀ ਬਾਣੀ, ਸੂਫ਼ੀ ਸੰਤਾਂ ਦਰਵੇਸ਼ਾਂ ਦੀ ਬਾਣੀ, ਹਿੰਦੂ ਭਗਤਾਂ ਅਤੇ ਭੱਟਾਂ ਦੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕਰਕੇ “ਆਦਿ ਗ੍ਰੰਥ” ਦੀ ਸੰਪਾਦਨਾ ਦੇ ਕਾਰਜ ਨੂੰ ਸੰਪੂਰਨ ਕਰਵਾਇਆ ਸੀ। ਮੁਗ਼ਲ ਬਾਦਸ਼ਾਹ ਜਹਾਂਗੀਰ ਇਸ ਮਹਾਨ ਕਾਰਜ ਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਨੇ ਨਿਮਰਤਾ ਦੇ ਪੁੰਜ ਗੁਰੂ ਅਰਜਨ ਦੇਵ ਜੀ ਨੂੰ ਅਕਹਿ ਅਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ।
          ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂ ਧਰਮ ਦੀ ਰਾਖ਼ੀ ਲਈ, ਮਾਨਵਤਾ ਨੂੰ ਬਚਾਉਣ ਲਈ, ਜ਼ਬਰ-ਜ਼ੁਲਮ ਦੀ ਹਨੇਰੀ ਨੂੰ ਠੱਲ੍ਹ ਪਾਉਣ ਲਈ ਆਪਣਾ ਬਲੀਦਾਨ ਦੇ ਦਿੱਤਾ ਤਾਂ ਜੋ ਸਮਾਜ ਵਿੱਚ ਸੱਚੀਆਂ ਸੁੱਚੀਆਂ ਉੱਚੀਆਂ ਕਦਰਾਂ ਕੀਮਤਾਂ ਸਥਾਪਤ ਹੋ ਸਕਣ।
          ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਦੀ ਧਰਮ ਦੀ ਰੱਖਿਆ ਹਿੱਤ ਦਿੱਲੀ ਵਿੱਚ ਦਿੱਤੀ ਲਾਸਾਨੀ ਸ਼ਹਾਦਤ ਨੂੰ ‘ਸਾਕਾ’ ਕਹਿੰਦੇ ਹੋਏ ਲਿਖਿਆ ਹੈ –
          “ਧਰਮ ਹੇਤ ਸਾਕਾ ਜਿਨਿ ਕੀਆ।।
          ਸੀਸੁ ਦੀਆ ਪਰ ਸਿਰਰੁ ਨ ਦੀਆ।।”
          ਗੁਰੂ ਤੇਗ਼ ਬਹਾਦਰ ਜੀ ਨਾਲ਼ ਹੀ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ ਨੂੰ ਵੀ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ।
          ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ ਦੀ ਲਾਸਾਨੀ ਸ਼ਹੀਦੀ ਦੇ ਕਾਰਨ ਉਸ ਸੰਦਰਭ ਵਿੱਚ ਪਏ ਹਨ, ਜਿਹੜਾ ਪਹਾੜੀ ਰਾਜਿਆਂ ਅਤੇ ਮੁਗ਼ਲ ਸਲਤਨਤ ਦੀਆਂ ਸਾਂਝੀਆਂ ਫ਼ੌਜਾਂ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾਇਆ ਹੋਇਆ ਸੀ। 
          ਇਤਿਹਾਸਕ ਹਵਾਲਿਆਂ ਅਨੁਸਾਰ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਮਈ 1704 ਈਸਵੀ ਨੂੰ ਆਨੰਦਪੁਰ ਦੇ ਕਿਲ੍ਹੇ ਨੂੰ ਘੇਰਿਆ ਸੀ। ਇਸ ਪ੍ਰਕਾਰ ਖ਼ਾਲਸਾ ਫ਼ੌਜਾਂ ਅਤੇ ਦੁਸ਼ਮਣਾਂ ਦਰਮਿਆਨ ਸੱਤ ਮਹੀਨੇ ਤੋਂ ਵੱਧ ਸਮੇਂ ਤੱਕ ਲੜਾਈ ਚੱਲਦੀ ਰਹੀ। ਇੰਨੇਂ ਲੰਮੇ ਸਮੇਂ ਦੌਰਾਨ ਕਿਲ੍ਹੇ ਅੰਦਰ ਸਿੱਖ ਫ਼ੌਜਾਂ ਕੋਲ ਰਸਦ ਪਾਣੀ ਖ਼ਤਮ ਹੋਣ ‘ਤੇ ਆ ਗਿਆ। ਇਸੇ ਚੱਲਦੀ ਲੜਾਈ ਦੌਰਾਨ ਭੁੱਖ ਅਤੇ ਤ੍ਰੇਹ ਤੋਂ ਆਤੁਰ ਹੋਏ ਚਾਲ਼ੀ ਸਿੰਘ ਦਸਮੇਸ਼ ਪਿਤਾ ਨੂੰ ਬੇਦਾਵਾ ਲਿਖ ਕੇ ਕਿਲ੍ਹੇ ‘ਚੋਂ ਬਾਹਰ ਨਿੱਕਲ ਗਏ ਸਨ।
          ਦੂਜੇ ਪਾਸੇ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦਾ ਲਸ਼ਕਰ ਵੀ ਇੰਨੀਂ ਲੰਮੀਂ ਲੜਾਈ ਕਰਕੇ ਥੱਕ ਟੁੱਟ ਚੁੱਕੇ ਸਨ। ਉਹ ਵੀ ਹੁਣ ਲੜਾਈ ਲੜ੍ਹਨ ਦੇ ਪੱਖ ਵਿੱਚ ਨਹੀਂ ਸਨ। ਉਨ੍ਹਾਂ ਲੋਕਾਂ ਵੱਲੋਂ ਗਊਆਂ ਅਤੇ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ਼ ਦੀਆਂ ਝੂਠੀਆਂ ਸਹੁੰਆਂ ਖਾ ਕੇ ਗੁਰੂ ਗੋਬਿੰਦ ਸਿੰਘ ਨੂੰ ਕਿਲ੍ਹਾ ਖ਼ਾਲੀ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦੇਣ ਦਾ ਵਾਅਦਾ ਕੀਤਾ ਗਿਆ। ਪਰੰਤੂ ਗੁਰੂ ਸਾਹਿਬ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੀਆਂ ਚਾਲਾਂ ਤੋਂ ਬਾਖ਼ੂਬੀ ਚੇਤੰਨ ਸਨ।
          ਪਰੰਤੂ ਜਦੋਂ ਪੰਜ ਪਿਆਰਿਆਂ ਨੇ ਦਸਮੇਸ਼ ਪਿਤਾ ਨੂੰ ਕਿਲ੍ਹਾ ਖ਼ਾਲੀ ਕਰਨ ਲਈ ਹੁਕਮਨਾਮਾ ਜਾਰੀ ਕੀਤਾ ਤਾਂ ਉਹ ਕਿਲ੍ਹਾ ਖ਼ਾਲੀ ਕਰਨ ਲਈ ਮਜਬੂਰ ਹੋ ਗਏ।
          ਆਖ਼ਰ ਵਿੱਚ ਦਸਮੇਸ਼ ਪਿਤਾ ਖ਼ਾਲਸਾ ਫ਼ੌਜ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਛੇ ਪੋਹ ਦੀ ਰਾਤ ਨੂੰ ਆਨੰਦਪੁਰ ਦਾ ਕਿਲ੍ਹਾ ਖ਼ਾਲੀ ਕਰਕੇ ਰੋਪੜ ਵੱਲ ਚਾਲੇ ਪਾ ਦਿੱਤੇ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਾਫ਼ਲੇ ਦੀ ਪਿੱਛੇ ਤੋਂ ਸੁਰੱਖਿਆ ਦੀ ਕਮਾਨ ਸੌਂਪੀ ਗਈ ਸੀ। ਸਾਰਾ ਵਹੀਰ ਸਰਸਾ ਨਦੀ ਦੇ ਕੰਢੇ ‘ਤੇ ਪਹੁੰਚਿਆ।
          ਆਨੰਦਪੁਰ ਤੋਂ ਹੀ ਪਿੱਛਾ ਕਰਦੀ ਆ ਰਹੀਆਂ ਮੁਗ਼ਲ ਫ਼ੌਜਾਂ ਨੇ ਫ਼ਿਰ ਹਮਲਾ ਕਰ ਦਿੱਤਾ। ਸਰਸਾ ਨਦੀ ਵਿੱਚ ਉਸ ਵੇਲੇ ਬਹੁਤ ਜ਼ਿਆਦਾ ਪਾਣੀ ਚੜ੍ਹਿਆ ਹੋਇਆ ਸੀ। ਸਰਸਾ ਦੇ ਕੰਢੇ ‘ਤੇ ਹੀ ਖ਼ਾਲਸਾ ਫ਼ੌਜਾਂ ਦੀ ਦੁਸ਼ਮਣਾਂ ਨਾਲ਼ ਬੜੀ ਗਹਿ-ਗੱਡਵੀਂ ਲੜਾਈ ਹੋਈ। ਇਸ ਅਚਾਨਕ ਪਿੱਛੇ ਤੋਂ ਹੋਏ ਹਮਲੇ ਕਾਰਨ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਫ਼ੌਜੀ ਸ਼ਹੀਦ ਹੋ ਗਏ।
          ਸਿੱਖ ਧਰਮ ਨਾਲ਼ ਸੰਬੰਧਿਤ ਬੇਸ਼ਕੀਮਤੀ ਸਾਹਿਤ ਸਰਸਾ ਨਦੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਇਸੇ ਸਥਾਨ ‘ਤੇ ਦਸਮੇਸ਼ ਪਿਤਾ ਦਾ ਸਮੁੱਚਾ ਪਰਿਵਾਰ ਖੇਰੂੰ-ਖੇਰੂੰ ਹੋ ਕੇ ਵਿੱਖਰ ਗਿਆ।
          ਗੁਰੂ ਜੀ ਦੇ ਮਹਿਲ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਦੇ ਜੱਥੇ ਨਾਲ਼ ਰੋਪੜ ਵੱਲ ਚੱਲ ਪਏ। ਬੀਬੀ ਬੀਬੋ ਅਤੇ ਬੀਬੀ ਭਾਗੋ ਉਨ੍ਹਾਂ ਨਾਲ਼ ਦੋ ਸੇਵਿਕਾਵਾਂ ਵੀ ਸਨ।
          ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਚਾਲ਼ੀ ਸਿੰਘ ਚਮਕੌਰ ਵੱਲ ਚੱਲ ਪਏ।
          ਮਾਤਾ ਗੁਜਰੀ ਜੀ, ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਵੱਖਰੇ ਪਹਾੜੀ ਰਾਹਾਂ ਤੇ ਚੱਲਦੇ ਹੋਏ ਅੱਗੇ ਵਧਣ ਲੱਗੇ। ਪੋਹ ਮਹੀਨੇ ਦੀ ਹੱਡ ਚੀਰਵੀਂ ਠੰਢ, ਉੱਤੋਂ ਲਗਾਤਾਰ ਹੋ ਰਹੀ ਬਰਸਾਤ ਵਿੱਚ ਭਿੱਜਦੇ ਹੋਏ ਦੋ ਛੋਟੇ ਛੋਟੇ ਮਸੂਮ ਬਾਲ ਦਾਦੀ ਮਾਂ ਦੀ ਉਂਗਲੀ ਫੜ ਕੇ ਜੰਗਲਾਂ ਵਿੱਚੋਂ ਦੀ ਹੁੰਦੇ ਹੋਏ ਹਨੇਰੇ ਵਿੱਚ ਲਗਾਤਾਰ ਤੁਰਦੇ ਹੋਏ ਆਪਣੀ ਜ਼ਿੰਦਗੀ ਦੇ ਔਕੜਾਂ ਭਰੇ ਸਫ਼ਰ ਨੂੰ ਤਹਿ ਕਰਦੇ ਹੋਏ ਅੱਗੇ ਵਧਦੇ ਜਾ ਰਹੇ ਸਨ। ਜਦੋਂ ਮੁਸ਼ਕਲ ਪੈਂਡਿਆਂ ਤੇ ਚੱਲਦੇ ਹੋਏ ਮਾਸੂਮ ਬਾਲ ਦਾਦੀ ਮਾਂ ਨੂੰ ਸਵਾਲ ਕਰਦੇ ਹਨ ਤਾਂ ਉਸ ਸਮੇਂ ਦੇ ਦ੍ਰਿਸ਼ ਨੂੰ ਮਹਾਨ ਲਿਖਾਰੀ ਅੱਲ੍ਹਾ ਯਾਰ ਖਾਂ ਜੋਗੀ ਆਪਣੇ ਵੈਰਾਗ ਮਈ ਸ਼ਬਦਾਂ ਵਿੱਚ ਬਿਆਨ ਕਰਦਾ ਹੋਇਆ ਇੰਝ ਲਿਖਦਾ ਹੈ-
          “ਦਾਦੀ ਸੇ ਬੋਲੇ ਅਪਨੇ ਸਿਪਾਹੀ ਕਿਧਰ ਗਏ।
          ਦਰਯਾ ਪਿ ਹਮ ਕੋ ਛੋੜ ਕੇ ਰਾਹੀ ਕਿਧਰ ਗਏ।
          ਤੜਪਾ ਕੇ ਹਾਇ ਸੂਰਤ ਮਾਹੀ ਕਿਧਰ ਗਏ।
         ਅੱਬਾ ਭਗਾ ਕੇ ਲਸ਼ਕਰਿ ਸ਼ਾਹੀ ਕਿਧਰ ਗਏ।”
          ਇਤਿਹਾਸਕਾਰਾਂ ਅਨੁਸਾਰ ਮਾਤਾ ਗੁਜਰੀ ਜੀ ਪਰਿਵਾਰ ਤੋਂ ਵਿੱਛੜ ਕੇ ਸਰਸਾ ਨਦੀ ਦੇ ਕੰਢੇ ਤੁਰਦੇ ਹੋਏ ਸਤਲੁਜ ਦਰਿਆ ਦੇ ਪੱਤਣ ‘ਤੇ ਪੁੱਜ ਗਏ, ਜਿੱਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਮਿਲ ਜਾਂਦੀ ਹੈ। ਸਰਸਾ ਅਤੇ ਸਤਲੁਜ ਦੇ ਇਸ ਸਾਂਝੇ ਪੱਤਣ ਉੱਤੇ ਕੁੰਮਾ ਨਾਂ ਦੇ ਮਾਸ਼ਕੀ ਦੀ ਘਾਹ ਫ਼ੂਸ ਅਤੇ ਕੱਖਾਂ ਕਾਨਿਆਂ ਦੀ ਬਣੀ ਹੋਈ ਛੋਟੀ ਜਿਹੀ ਇੱਕ ਝੁੱਗੀ ਸੀ। ਬਿੱਖੜੇ ਰਾਹਾਂ ‘ਤੇ ਤੁਰਦੇ ਹੋਏ ਮਾਤਾ ਗੁਜਰੀ ਜੀ ਦੋਵੇਂ ਪੋਤਿਆਂ ਨਾਲ਼ ਇਸ ਝੁੱਗੀ ਵਿੱਚ ਪੁੱਜਦੇ ਹਨ।
          ਕੁੰਮਾ ਮਾਸ਼ਕੀ ਇੱਕ ਨੇਕ ਅਤੇ ਰੱਬ ਦਾ ਖ਼ੌਫ਼ ਖਾਣ ਵਾਲ਼ਾ ਇੱਕ ਸੱਚਾ ਸੁੱਚਾ ਇਨਸਾਨ ਸੀ। ਉਸ ਨੇ ਤਿੰਨਾਂ ਰੂਹਾਨੀ ਮੂਰਤਾਂ ਨੂੰ ਆਪਣੀ ਛੰਨ ਵਿੱਚ ਵਿਸ਼ਰਾਮ ਕਰਨ ਦੀ ਬੇਨਤੀ ਕੀਤੀ। ਇਸ ਪ੍ਰਕਾਰ ਉਹ ਰਾਤ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਗੁਜ਼ਾਰੀ।
          ਨੇੜਲੇ ਪਿੰਡ ਵਿੱਚ ਰਹਿੰਦੀ ਲੱਛਮੀ ਨਾਂ ਦੀ ਇੱਕ ਬ੍ਰਾਹਮਣ ਇਸਤਰੀ ਕੋਲੋਂ ਕੁੰਮਾ ਮਾਸ਼ਕੀ ਭੋਜਨ ਲੈ ਕੇ ਆਇਆ। ਉਸ ਔਰਤ ਨੇ ਠੰਢ ਤੋਂ ਬਚਣ ਲਈ ਉਸ ਨੂੰ ਕੁਝ ਗਰਮ ਕੱਪੜੇ ਵੀ ਦਿੱਤੇ। ਅਗਲੇ ਦਿਨ ਚੜ੍ਹੇ ਲੱਛਮੀ ਆਪ ਭੋਜਨ ਤਿਆਰ ਕਰ ਕੇ ਲੈ ਕੇ ਆਈ। ਉਸ ਨੇ ਆਪਣੇ ਹੱਥੀਂ ਕੁੰਮੇ ਮਾਸ਼ਕੀ ਸਮੇਤ ਚਾਰਾਂ ਨੂੰ ਭੋਜਨ ਛਕਾਇਆ।
          ਇਤਿਹਾਸਕਾਰਾਂ ਅਨੁਸਾਰ ਗੰਗੂ ਬ੍ਰਾਹਮਣ ਵੀ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਆ ਕੇ ਹੀ ਮਾਤਾ ਜੀ ਨੂੰ ਮਿਲਿਆ ਸੀ। ਇਸ ਦਾ ਜ਼ਿਕਰ “ਪੋਹ ਦੀਆਂ ਰਾਤਾਂ” ਪੁਸਤਕ ਵਿੱਚ ਕੀਤਾ ਗਿਆ ਮਿਲਦਾ ਹੈ। ਇਹ ਛੰਨ ਵਾਲ਼ਾ ਸਥਾਨ ਵੀ ਪਿੰਡ ਚੱਕ ਢੇਰਾ ਜ਼ਿਲ੍ਹਾ ਰੋਪੜ ਵਿੱਚ ਹੀ ਹੈ।
         ਮਾਤਾ ਗੁਜਰੀ, ਦੋਵੇਂ ਸਾਹਿਬਜ਼ਾਦਿਆਂ, ਗੰਗੂ ਅਤੇ ਇੱਕ ਖ਼ੱਚਰ ਨੂੰ ਆਪਣੀ ਬੇੜੀ ਵਿੱਚ ਬਿਠਾ ਕੇ ਕੁੰਮਾ ਮਾਸ਼ਕੀ ਸਤਲੁਜ ਦਰਿਆ ਦੇ ਕੰਢੇ ਪਿੰਡ ਚੱਕ ਢੇਰਾ ਲੈ ਆਇਆ। ਮਾਤਾ ਗੁਜਰੀ ਨੇ ਇੱਥੋਂ ਜਾਣ ਸਮੇਂ  ਲੱਛਮੀ ਨੂੰ ਦੋ ਮੁਹਰਾਂ ਦੇ ਮੁੱਲ ਵਾਲ਼ੀ ਕੀਮਤੀ ਆਰਸੀ ਅਤੇ ਸੋਨੇ ਦੀਆਂ ਪੰਜ ਚੂੜੀਆਂ ਦਿੱਤੀਆਂ। ਕੁੰਮੇ ਮਾਸ਼ਕੀ ਨੂੰ ਮਾਤਾ ਜੀ ਨੇ ਪੰਜ ਰੁਪਏ ਦਿੱਤੇ।
          ਇੱਥੋਂ ਹੀ ਗੰਗੂ ਮਾਤਾ ਗੁਜਰੀ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ਼ ਲੈ ਗਿਆ ਸੀ। ਮਾਤਾ ਜੀ ਕੋਲ ਬਹੁਤ ਜ਼ਿਆਦਾ ਧੰਨ ਦੌਲਤ ਵੇਖ ਕੇ ਉਸ ਦਾ ਮਨ ਡੋਲ ਗਿਆ। ਉਹ ਲਾਲਚ ਵੱਸ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਇਸ ਸਥਾਨ ਤੋਂ ਜੰਗਲ ਬੀਆਬਾਨਾਂ ਵਿੱਚ ਘੁੰਮਾਉਂਦਾ ਹੋਇਆ ਪਿੰਡ ਕਾਈਨੌਰ ਪੁੱਜ ਗਿਆ, ਜੋ ਹੁਣ ਮੋਰਿੰਡੇ ਦੇ ਨੇੜੇ ਰੋਪੜ ਜ਼ਿਲ੍ਹੇ ਵਿੱਚ ਸਥਿਤ ਹੈ।
          ਇੱਥੇ ਉਨ੍ਹਾਂ ਇੱਕ ਤਲਾਅ ਉੱਤੇ ਸੰਘਣੀ ਝਿੜੀ ਵਿੱਚ ਰਾਤ ਗੁਜ਼ਾਰੀ। ਅਗਲੇ ਦਿਨ ਗੰਗੂ ਉਨ੍ਹਾਂ ਤਿੰਨਾਂ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ। ਮਾਤਾ ਗੁਜਰੀ ਜੀ ਕੋਲ ਕੁਝ ਗਹਿਣੇ ਅਤੇ ਸੋਨੇ ਦੀਆਂ ਮੋਹਰਾਂ  ਇੱਕ ਪੋਟਲੀ ਵਿੱਚ ਬੰਨ੍ਹੇ ਹੋਏ ਸਨ। ਬੱਸ ਇਨ੍ਹਾਂ ਗਹਿਣਿਆਂ, ਹੀਰਿਆਂ, ਮੋਹਰਾਂ ਦੀ ਚਮਕ ਨੇ ਗੰਗੂ ਨੂੰ ਅੰਨ੍ਹਾ ਕਰ ਦਿੱਤਾ। ਉਹ ਇਨ੍ਹਾਂ ਵਸਤਾਂ ਨੂੰ ਹਾਸਲ ਕਰਨ ਲਈ ਹੀਰਿਆਂ ਜਵਾਹਰਾਤਾਂ ਤੋਂ ਵੀ ਵੱਧ ਸੋਹਣੇ ਛੋਟੇ ਸਾਹਿਬਜ਼ਾਦਿਆਂ ਦੀ ਮੌਤ ਦਾ ਕਾਰਨ ਬਣਿਆ।

ਬੇਸ਼ੱਕ ਉਹ ਗੁਰੂ ਘਰ ਦਾ ਰਸੋਈਆ ਰਹਿ ਚੁੱਕਾ ਸੀ। ਪਰੰਤੂ ਲਾਲਚ ਵਿੱਚ ਆ ਕੇ ਉਸ ਨੂੰ ਗੁਰੂ ਦੁਆਰਾ ਕੀਤੇ ਸਾਰੇ ਉਪਕਾਰ ਵਿੱਸਰ ਗਏ। ਗੰਗੂ ਨੇ ਸਹੇੜੀ ਦੇ ਚੌਧਰੀ ਨਾਲ਼ ਜਾ ਕੇ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਸੰਬੰਧੀ ਸਾਰੀ ਜਾਣਕਾਰੀ ਮੋਰਿੰਡੇ ਦੇ ਰੰਗੜ ਕਪਤਾਨ ਨੂੰ ਦੇ ਦਿੱਤੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਤੋਂ ਇਨਾਮ ਹਾਸਲ ਕਰਨ ਲਈ ਇਨ੍ਹਾਂ ਤਿੰਨਾਂ ਨੇ ਮਿਲ ਕੇ ਸਾਹਿਬਜ਼ਾਦਿਆਂ ਅਤੇ ਦਾਦੀ ਮਾਂ ਨੂੰ ਵਜ਼ੀਰ ਖ਼ਾਨ ਦੇ ਬੰਦੀ ਬਣਾ ਦਿੱਤਾ।
          ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਠੰਢੇ ਬੁਰਜ ਵਿੱਚ ਕੈਦ ਕਰ ਕੇ ਰੱਖਿਆ ਗਿਆ। ਇਸ ਬੁਰਜ ਦੇ ਚਾਰ ਥੰਮ੍ਹ ਸਨ। ਉੱਪਰ ਛੱਤ ਵੀ ਕੋਈ ਨਹੀਂ ਸੀ। ਲੋਹੇ ਦੇ ਸਰੀਏ ਵਾਲ਼ੇ ਬੜੇ ਵੱਡੇ-ਵੱਡੇ ਦਰਵਾਜੇ ਸਨ। ਪੋਹ ਮਹੀਨੇ ਦੀ ਹੱਡ ਚੀਰਵੀਂ ਠੰਢੀ ਹਵਾ ਕਲੇਜਿਆਂ ਨੂੰ ਚੀਰ ਕੇ ਲੰਘਦੀ ਸੀ।
          ਪਰੰਤੂ ਸ਼ਹੀਦ ਦਾਦੇ ਗੁਰੂ ਤੇਗ਼ ਬਹਾਦਰ ਦੇ ਪੋਤੇ, ਬਹਾਦਰ ਸੂਰਬੀਰ ਯੋਧੇ ਗੁਰੂ ਗੋਬਿੰਦ ਸਿੰਘ ਦੇ ਲਾਲ ਆਪਣੀ ਦਾਦੀ ਮਾਂ ਦੀ ਨਿੱਘੀ ਬੁੱਕਲ ਵਿੱਚ ਬੈਠੇ ਬਹਾਦਰਾਂ, ਸੂਰਬੀਰਾਂ, ਯੋਧਿਆਂ ਅਤੇ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ ਨਾਲ਼ ਸੰਬੰਧਿਤ ਬਾਤਾਂ ਅਤੇ ਕਹਾਣੀਆਂ ਸੁਣ ਕੇ ਆਪਣੇ ਇਰਾਦਿਆਂ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਬਣਾ ਰਹੇ ਸਨ।
          ਮਖ਼ਮਲੀ ਬਿਸਤਰਿਆਂ ‘ਤੇ ਸੌਣ ਵਾਲੇ, ਛੱਤੀ ਪ੍ਰਕਾਰ ਦੇ ਭੋਜਨ ਪਦਾਰਥ ਖਾਣ ਵਾਲ਼ੇ ਅੱਜ ਭੁੱਖਣ ਭਾਣੇ ਠੰਢੇ ਬੁਰਜ ਵਿੱਚ ਬੈਠੇ ਦਾਦੀ ਮਾਂ ਦੀਆਂ ਅੱਖਾਂ ਵਿੱਚ ਤੱਕ ਰਹੇ ਸਨ। ਮਾਤਾ ਗੁਜਰੀ ਦੀਆਂ ਗੱਲਾਂ ਸੱਚ ਦੇ ਰਾਹ ‘ਤੇ ਤੁਰੇ ਪਾਂਧੀਆਂ ਨੂੰ ਰਸਤੇ ਵਿੱਚ ਆਉਣ ਵਾਲ਼ੀਆਂ ਔਕੜਾਂ, ਮੁਸ਼ਕਲਾਂ, ਦੁਸ਼ਵਾਰੀਆਂ, ਮੁਸੀਬਤਾਂ ਨੂੰ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਖਿੜੇ ਮੱਥੇ ਬਰਦਾਸ਼ਤ ਕਰਨ ਦੀ ਸਿੱਖਿਆ ਦਿੰਦੀਆਂ ਸਨ।
          ਮਾਂ ਗੁਜਰੀ ਉਨ੍ਹਾਂ ਬਾਲਾਂ ਨੂੰ ਸਮਝਾ ਰਹੀ ਸੀ ਕਿ ਬੱਚਿਓ! ਤੁਸੀਂ ਆਪਣੇ ਦਾਦੇ ਦੀ ਚਿੱਟੀ ਪਗੜੀ ਨੂੰ ਹੋਰ ਜ਼ਿਆਦਾ ਚਮਕਾਇਓ। ਜੇਕਰ ਜਾਨ ‘ਤੇ ਵੀ ਆਣ ਪਵੇ ਤਾਂ ਵੀ ਸੀਸ ਬੇਸ਼ੱਕ ਕਟਵਾ ਦਿਓ, ਪਰੰਤੂ ਆਪਣੇ ਧਰਮ, ਕੌਮ, ਦੇਸ਼ ਨੂੰ ਕਦੀ ਵੀ ਪਿੱਠ ਨਹੀਂ ਦਿਖਾਉਣੀ।
ਮਾਂ ਗੁਜਰੀ ਦੀਆਂ ਸਿੱਖਿਆਵਾਂ ‘ਤੇ ਪਹਿਰਾ ਦਿੰਦੇ ਹੋਏ ਦੋਵੇਂ ਸਾਹਿਬਜ਼ਾਦਿਆਂ ਨੇ ਕਿਹਾ ਸੀ, “ਦਾਦੀ ਮਾਂ, ਅਸੀਂ ਸਿਰ ਦੇ ਕੇ ਵੀ ਸਿਦਕ ਬਚਾਵਾਂਗੇ।”
          ਆਖ਼ਰ ਉਹ ਮਨਹੂਸ ਦਿਨ ਚੜ੍ਹਿਆ, ਜਦੋਂ ਪਹਿਲੀ ਵਾਰੀ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਣਾ ਸੀ। ਉਸ ਸਮੇਂ ਦਾ ਵਰਨਣ ਅੱਲਾ ਯਾਰ ਖਾਂ ਜੋਗੀ ਆਪਣੀ ਰਚਨਾ “ਸ਼ਹੀਦਾਨਿ ਵਫ਼ਾ” ਵਿੱਚ ਇਸ ਤਰ੍ਹਾਂ ਕਰਦਾ ਹੈ –
          “ਜਾਨੇ ਸੇ ਪਹਲੇ ਆਓ ਗਲੇ ਲਗਾ ਤੋ ਲੂੰ,
          ਕੇਸੋਂ ਕੋ ਕੰਘੀ ਜਰਾ ਧੁਲਾ ਤੋ ਲੂੰ,
          ਪਿਆਰੇ ਸਰੋਂ ਪੇ ਨੰਨ੍ਹੀਂ ਸੀ ਕਲਗ਼ੀ ਸਜਾ ਤੋ ਲੂੰ,
          ਮਰਨ ਸੇ ਪਹਿਲੇ ਤੁਮ ਕੋ ਦੁਲਹਾ ਬਨਾ ਤੋ ਲੂੰ।
          ਅਗਲੇ ਦਿਨ ਸਵੇਰੇ-ਸਵੇਰੇ ਮੁਗ਼ਲ ਬਾਦਸ਼ਾਹ ਦੇ ਸਿਪਾਹੀ ਦੋਵਾਂ ਸਾਹਿਬਜ਼ਾਦਿਆਂ ਨੂੰ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਲਈ ਲੈਣ ਆ ਗਏ। ਮਾਤਾ ਗੁਜਰੀ ਨੇ ਦੋਵਾਂ ਪੋਤਿਆਂ ਨੂੰ ਗਲ਼ੇ ਨਾਲ਼ ਲਗਾ ਕੇ ਪਿਆਰ ਅਤੇ ਨਿੱਘ ਦਿੱਤਾ। ਸਾਹਿਬਜ਼ਾਦੇ ਬੜੇ ਉਤਸ਼ਾਹ ਨਾਲ਼ ਸਿਪਾਹੀਆਂ ਨਾਲ਼ ਚੱਲ ਪਏ।
          ਜਿਉਂ ਹੀ ਬਾਲ ਦਰਬਾਰ ਦੇ ਬਾਹਰ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਦਰਬਾਰ ਹਾਲ ਦਾ ਵੱਡਾ ਗੇਟ ਬੰਦ ਕੀਤਾ ਹੋਇਆ ਸੀ। ਸਾਰੇ ਲੋਕ  ਇੱਕ ਬਹੁਤ ਹੀ ਛੋਟੀ ਖਿੜਕੀ ਰਾਹੀਂ ਸਿਰ ਝੁਕਾਅ ਕੇ ਅੰਦਰ ਜਾ ਰਹੇ ਸਨ। ਇਹ ਸਭ ਮੁਗ਼ਲ ਦਰਬਾਰ ਦੇ ਇੱਕ ਝੋਲੀਚੁੱਕ ਦੀਵਾਨ ਸੁੱਚਾ ਨੰਦ ਦੀ ਇੱਕ ਚਾਲ ਸੀ। ਉਸ ਦੇ ਮਨ ਵਿੱਚ ਇਹ ਬਦਨੀਤੀ ਸੀ ਕਿ ਜਦੋਂ ਸਾਹਿਬਜ਼ਾਦੇ ਦਰਬਾਰ ਦੇ ਅੰਦਰ ਦਾਖ਼ਲ ਹੋਣ ਤਾਂ ਉਨ੍ਹਾਂ ਦੇ ਸਿਰ ਨਵਾਬ ਦੇ ਸਾਹਮਣੇ ਝੁਕ ਜਾਣ।
          ਪਰੰਤੂ ਦਾਦੀ ਮਾਂ ਵੱਲੋਂ ਮਿਲੀ ਸਿੱਖਿਆ ਅਨੁਸਾਰ ਸਾਹਿਬਜ਼ਾਦੇ ਉਸ ਚਾਲ ਨੂੰ ਸਮਝ ਗਏ। ਜਦੋਂ ਦੋਵੇਂ ਬਾਲ ਅੰਦਰ ਦਾਖ਼ਲ ਹੋਣ ਲੱਗੇ ਤਾਂ ਉਨ੍ਹਾਂ ਨੇ ਬਿਨਾਂ ਸੀਸ ਝੁਕਾਏ ਪਹਿਲਾਂ ਆਪਣੇ ਪੈਰ ਛੋਟੀ ਖਿੜਕੀ ਦੇ ਅੰਦਰ ਰੱਖੇ। ਸਾਹਿਬਜ਼ਾਦਿਆਂ ਦੀ ਸੂਝ-ਬੂਝ ਭਰੀ ਲਿਆਕਤ ਨੂੰ ਵੇਖ ਕੇ ਦੀਵਾਨ ਸੁੱਚਾ ਨੰਦ ਅਤੇ ਵਜ਼ੀਰ ਖਾਂ ਨੂੰ ਗੁੱਸਾ ਤਾਂ ਬਹੁਤ ਚੜ੍ਹਿਆ। ਪਰੰਤੂ ਉਹ ਕੇਵਲ ਦੰਦ ਪੀਹ ਕੇ ਰਹਿ ਗਏ।
          ਜਿਉਂ ਹੀ ਸਾਹਿਬਜ਼ਾਦਿਆਂ ਨੇ ਦਰਬਾਰ ਵਿੱਚ ਪ੍ਰਵੇਸ਼ ਕੀਤਾ, ਉਨ੍ਹਾਂ ਨੇ ਸਾਰੇ ਦਰਬਾਰੀਆਂ ਦੇ ਸਾਹਮਣੇ “ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ” ਦਾ ਨਾਅਰਾ ਬੁਲੰਦ ਕੀਤਾ। ਉਨ੍ਹਾਂ ਦੇ ਇਸ ਨਿਡਰ ਅਤੇ ਬੇਖੌਫ਼ ਰਵੱਈਏ ਨੂੰ ਵੇਖ ਕੇ ਦਰਬਾਰੀ ਬਹੁਤ ਪ੍ਰਭਾਵਿਤ ਹੋਏ। ਤਦ ਦੀਵਾਨ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੇ ਸਾਹਮਣੇ ਝੁਕਣ ਲਈ ਆਖਿਆ।
          ਤਦ ਸਾਹਿਬਜ਼ਾਦਿਆਂ ਨੇ ਉੱਤਰ ਦਿੱਤਾ, “ਅਸੀਂ ਕੇਵਲ ਸਰਬ ਸ਼ਕਤੀਮਾਨ ਪ੍ਰਭੂ ਨੂੰ ਪ੍ਰਣਾਮ ਕਰਦੇ ਹਾਂ। ਕਿਸੇ ਇਨਸਾਨ ਨੂੰ ਨਹੀਂ ਕਰਦੇ।”
          ਨਵਾਬ ਵਜ਼ੀਰ ਖਾਂ ਨੇ ਕਾਜ਼ੀ ਨੂੰ ਆਖਿਆ, “ਕਾਜ਼ੀ ਸਾਹਿਬ, ਤੁਸੀਂ ਇਨ੍ਹਾਂ ਲੜਕਿਆਂ ਦਾ ਵਿਵਹਾਰ ਨੋਟ ਕੀਤਾ। ਇਹ ਇੱਕ ਵਿਦਰੋਹੀ ਬਾਪ ਦੇ ਵਿਦਰੋਹੀ ਬੇਟੇ ਹਨ। ਇਨ੍ਹਾਂ ਦੇ ਇਸ ਅਪਰਾਧ ਦੀ ਸਜ਼ਾ ਇਨ੍ਹਾਂ ਨੂੰ ਦੇਣੀ ਹੀ ਚਾਹੀਦੀ ਹੈ।”
          ਬੇਸ਼ੱਕ ਕਾਜ਼ੀ ਦੋਵੇਂ ਸਾਹਿਬਜ਼ਾਦਿਆਂ ਨੂੰ ਮੌਤ ਦੀ ਸਜ਼ਾ ਸੁਣਾ ਕੇ ਵਜ਼ੀਰ ਖਾਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਪਰੰਤੂ ਉਹ ਮਜਬੂਰ ਸੀ। ਕਿਉਂਕਿ ਇਸਲਾਮੀ ਸ਼ਰਾ ਦੇ ਅਨੁਸਾਰ ਦੋਵੇਂ ਬੱਚੇ ਕਿਸੇ ਵੀ ਅਪਰਾਧ ਵਿੱਚ ਦੋਸ਼ੀ ਨਹੀਂ ਸਨ। ਇਸ ਲਈ ਕਾਜ਼ੀ ਨੇ ਵਜ਼ੀਰ ਖਾਂ ਨੂੰ ਸਲਾਹ ਦਿੱਤੀ, 
          “ਜਨਾਬ! ਜੇਕਰ ਤੁਸੀਂ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਰਾਜ਼ੀ ਕਰ ਲਵੋ ਤਾਂ ਇਸਲਾਮੀ ਕਾਨੂੰਨ ਨੂੰ ਤੋੜੇ ਬਿਨਾਂ ਤੁਹਾਡਾ ਮਕਸਦ ਵੀ ਪੂਰਾ ਹੋ ਜਾਵੇਗਾ। ਇਸ ਦੇ ਨਾਲ਼ ਹੀ ਇਹ ਗੁਰੂ ਗੋਬਿੰਦ ਸਿੰਘ ਦੀ ਸਭ ਤੋਂ ਵੱਡੀ ਹਾਰ ਹੋਵੇਗੀ।”
          ਤਦ ਵਜ਼ੀਰ ਖਾਂ ਨੇ ਬਹੁਤ ਹੀ ਪਿਆਰ, ਸਨੇਹ ਅਤੇ ਖ਼ਲੂਸ ਭਰੇ ਸ਼ਬਦਾਂ ਵਿੱਚ ਸਾਹਿਬਜ਼ਾਦਿਆਂ ਨੂੰ ਆਖਿਆ, “ਦੇਖੋ ਬੱਚਿਓ! ਜੇਕਰ ਤੁਸੀਂ ਇਸਲਾਮ ਧਰਮ ਕਬੂਲ ਕਰ ਲਵੋਗੇ ਤਾਂ ਤੁਸੀਂ ਜੋ ਮੰਗੋਗੇ, ਤੁਹਾਨੂੰ ਉਹੀ ਦੇ ਦਿੱਤਾ ਜਾਵੇਗਾ।”
          ਦੋਨੋਂ ਸਾਹਿਬਜ਼ਾਦੇ ਇਕੱਠੇ ਬੋਲੇ, “ਨਵਾਬ ਵਜ਼ੀਰ ਖਾਂ, ਜਿਵੇਂ ਤੁਹਾਨੂੰ ਆਪਣਾ ਦੀਨ ਪਿਆਰਾ ਹੈ, ਸਾਨੂੰ ਵੀ ਆਪਣੀ ਸਿੱਖੀ ਬਹੁਤ ਪਿਆਰੀ ਹੈ। ਅਸੀਂ ਕਿਸੇ ਵੀ ਕੀਮਤ ‘ਤੇ ਆਪਣਾ ਧਰਮ ਨਹੀਂ ਛੱਡਾਂਗੇ।”
          ਬਾਲਾਂ ਦਾ ਉੱਤਰ ਸੁਣ ਕੇ ਨਵਾਬ ਨੂੰ ਬਹੁਤ ਕ੍ਰੋਧ ਆਇਆ। ਉਸ ਨੇ ਸਾਹਿਬਜ਼ਾਦਿਆਂ ਨੂੰ ਡਰਾਉਣ ਅਤੇ ਭੈਭੀਤ ਕਰਨ ਲਈ ਆਖਿਆ, “ਆਨੰਦਪੁਰ ਵਿੱਚ ਤੁਹਾਡਾ ਘਰ ਢਹਿ ਢੇਰੀ ਹੋ ਚੁੱਕਾ ਹੈ। ਉਹ ਕਿਲ੍ਹਾ ਵੀ ਤਬਾਹ ਕੀਤਾ ਜਾ ਚੁੱਕਾ ਹੈ। ਤੁਹਾਡੇ ਦੋਵੇਂ ਵੱਡੇ ਭਰਾ ਚਮਕੌਰ ਦੀ ਗੜ੍ਹੀ ਵਿੱਚ ਮਾਰੇ ਜਾ ਚੁੱਕੇ ਹਨ। ਬਹੁਤ ਜਲਦੀ ਅਸੀਂ ਤੁਹਾਡੇ ਪਿਤਾ ਗੋਬਿੰਦ ਸਿੰਘ ਨੂੰ ਵੀ ਫ਼ੜ ਕੇ ਜੇਲ੍ਹ ਵਿੱਚ ਬੰਦ ਕਰ ਦਿਆਂਗੇ। ਹੁਣ ਤੁਹਾਡਾ ਕੋਈ ਸਹਾਰਾ ਬਾਕੀ ਨਹੀਂ ਰਿਹਾ। ਕੇਵਲ ਵਜ਼ੀਰ ਖਾਂ ਤੁਹਾਡੀ ਜਾਨ ਦੀ ਰੱਖਿਆ ਕਰ ਸਕਦਾ ਹੈ। ਤੁਹਾਡੇ ਲਈ ਚੰਗਾ ਇਹੀ ਹੋਵੇਗਾ ਕਿ ਤੁਸੀਂ ਇਸਲਾਮ ਧਰਮ ਕਬੂਲ ਕਰ ਕੇ ਆਪਣੀ ਜਾਨ ਬਚਾ ਲਵੋ। ਨਹੀਂ ਤਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ।”
          ਇਸ ਸੰਬੰਧੀ ਕਵੀ ਸੰਤੋਖ ਸਿੰਘ ਨੇ “ਸੂਰਜ ਪ੍ਰਕਾਸ਼” ਗ੍ਰੰਥ ਵਿੱਚ ਇੰਝ ਦਰਜ ਕੀਤਾ ਹੈ –
“ਸਾਹਿਬਜ਼ਾਦਿਓ ਪਿਤਾ ਤੁਹਾਰਾ।। ਗਢ ਚਮਕੌਰ ਘੇਰ ਗਹਿ ਮਾਰਾ।।
ਤਹਿ ਤੁਮਰੇ ਦੈ ਭ੍ਰਾਤ ਪ੍ਰਹਾਰੇ।। ਸੰਗੀ ਸਿੰਘ ਸਕਲ ਸੋ ਮਾਰੇ।।”
          ਪਰੰਤੂ ਉਹ ਦੋਵੇਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਅਤੇ ਗੁਰੂ ਤੇਗ਼ ਬਹਾਦਰ ਦੇ ਪੋਤਰੇ ਸਨ। ਉਨ੍ਹਾਂ ਉੱਪਰ ਨਵਾਬ ਦੀਆਂ ਧਮਕੀਆਂ ਦਾ ਕੋਈ ਅਸਰ ਨਾ ਹੋਇਆ। ਨਵਾਬ ਦੀ ਗੱਲ ਸੁਣ ਕੇ ਬਾਲਾਂ ਨੇ ਆਖਿਆ,
           “ਸਾਨੂੰ ਤਾਂ ਕੇਵਲ ਅਕਾਲ ਪੁਰਖ ਦੇ ਆਸਰੇ ਦੀ ਲੋੜ ਹੈ। ਉਸ ਅਕਾਲ ਪੁਰਖ ਤੋਂ ਇਲਾਵਾ ਸਾਨੂੰ ਹੋਰ ਕਿਸੇ ਆਸਰੇ, ਸਹਾਰੇ ਦੀ ਲੋੜ ਨਹੀਂ ਹੈ। ਵਜ਼ੀਰ ਖਾਂ, ਸੂਰਜ ਪੂਰਬ ਦੀ ਥਾਂ ਪੱਛਮ ਵਿੱਚੋਂ ਚੜ੍ਹ ਸਕਦਾ ਹੈ। ਮੱਛੀਆਂ ਪਾਣੀ ਤੋਂ ਬਿਨਾਂ ਜ਼ਿੰਦਾ ਰਹਿ ਸਕਦੀਆਂ ਹਨ। ਪਰੰਤੂ ਸ਼ੇਰਾਂ ਦੇ ਪੁੱਤ ਤੇਰੀਆਂ ਗਿੱਦੜ ਧਮਕੀਆਂ ਅੱਗੇ ਕਦੇ ਵੀ ਨਹੀਂ ਝੁਕਣਗੇ। ਸਗੋਂ ਸਾਹਿਬਜ਼ਾਦਿਆਂ ਨੇ ਬੜੇ ਹੌਂਸਲੇ ਅਤੇ ਬੁਲੰਦ ਆਵਾਜ਼ ਵਿੱਚ ਦੋ ਆਖਿਆ, ਉਸ ਨੂੰ ਕਵੀ ਸੰਤੋਖ ਸਿੰਘ ਨੇ ਆਪਣੇ ਸ਼ਬਦਾਂ ਵਿੱਚ ਇੰਝ ਬੀੜਿਆ ਹੈ –
          “ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ।।
          ਜਗ ਮਹਿੰ ਕੌਨ ਸਕੇ ਤਿਹੰ ਮਾਰਾ।।
          ਜਿੰਮ ਆਕਾਸ਼ ਕੋ ਕਿਆ ਕੋਈ ਮਾਰਹਿ।।
          ਕੌਨ ਅੰਧੇਰੀ ਕੋ ਨਿਰਵਾਰਹਿ।।”
          ਇਸ ਉਪਰੰਤ ਵਜ਼ੀਰ ਖਾਂ ਨੇ ਦੋਵਾਂ ਬਾਲਾਂ ਨੂੰ ਵਾਪਸ ਠੰਢੇ ਬੁਰਜ ਵਿੱਚ ਭੇਜ ਦਿੱਤਾ। ਨਾਲ਼ ਹੀ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਇਸ ਮਾਮਲੇ ਵਿੱਚ ਆਪਣੀ ਦਾਦੀ ਨਾਲ਼ ਸਲਾਹ ਮਸ਼ਵਰਾ ਜਰੂਰ ਕਰ ਲੈਣ।
          ਠੰਢੇ ਬੁਰਜ ਵਿੱਚ ਸਾਹਿਬਜ਼ਾਦਿਆਂ ਨੇ ਦਾਦੀ ਮਾਂ ਨੂੰ ਮੁਗ਼ਲ ਦਰਬਾਰ ਵਿੱਚ ਹੋਈ ਸਾਰੀ ਗੱਲਬਾਤ ਕਹਿ ਸੁਣਾਈ। ਤਦ ਦਾਦੀ ਨੇ ਆਪਣੇ ਪੋਤਿਆਂ ਨੂੰ ਸਿੱਖ ਸੂਰਬੀਰਾਂ ਦੀ ਬਹਾਦਰੀ ਦੇ ਕਿੱਸੇ ਸੁਣਾ ਕੇ ਹੋਰ ਵਧੇਰੇ ਮਜ਼ਬੂਤ ਬਣਾ ਦਿੱਤਾ।
          ਅਗਲੇ ਦਿਨ ਫ਼ਿਰ ਬਾਲਾਂ ਨੂੰ ਕਚਹਿਰੀ ਵਿੱਚ ਪੇਸ਼ ਹੋਣ ਲਈ ਬੁਲਾਇਆ ਗਿਆ। ਦਰਬਾਰ ਵਿੱਚ ਸ਼ੇਰ ਮੁਹੰਮਦ ਖ਼ਾਨ ਵੀ ਮੌਜੂਦ ਸੀ। ਵਜ਼ੀਰ ਖਾਂ ਨੇ ਮਾਲੇਰਕੋਟਲੇ ਦੇ ਨਵਾਬ ਨੂੰ ਉਂਗਲ਼ ਲਾਉਂਦਿਆਂ ਕਿਹਾ, “ਤੇਰੇ ਦੋ ਭਰਾਵਾਂ ਦੀ ਮੌਤ ਗੋਬਿੰਦ ਸਿੰਘ ਹੱਥੋਂ ਹੋ ਚੁੱਕੀ ਹੈ। ਇਸ ਲਈ ਮੈਂ ਇਨ੍ਹਾਂ ਬਾਲਾਂ ਨੂੰ ਸਜ਼ਾ ਦੇਣ ਦਾ ਫ਼ੈਸਲਾ ਸ਼ੇਰ ਮੁਹੰਮਦ ਖ਼ਾਨ ‘ਤੇ ਹੀ ਛੱਡ ਦਿੱਤਾ।
          ਪਰੰਤੂ ਰਹਿਮ ਦਿਲ ਇਨਸਾਨ ਮਾਲੇਰਕੋਟਲਾ ਦੇ ਨਵਾਬ ਨੇ ਕਿਹਾ ਸੀ, “ਨਵਾਬ ਵਜ਼ੀਰ ਖਾਂ, ਜਦੋਂ ਵਕ਼ਤ ਆਇਆ ਤਾਂ ਮੈਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਗੋਬਿੰਦ ਸਿੰਘ ਤੋਂ ਹੀ ਲਵਾਂਗਾ। ਮਾਸੂਮ ਬੱਚਿਆਂ ‘ਤੇ ਜ਼ੁਲਮ ਕਰਨ ਦੀ ਇਜਾਜ਼ਤ ਇਸਲਾਮ ਧਰਮ ਹਰਗਿਜ਼ ਨਹੀਂ ਦਿੰਦਾ। ਯਾ ਅੱਲਾਹ! ਮੈਨੂੰ ਇਸ ਪਾਪ ਤੋਂ ਬਚਾਈਂ।”
          ਕਿਹਾ ਜਾਂਦਾ ਹੈ ਕਿ ਨਿਰਦੋਸ਼ ਸਾਹਿਬਜ਼ਾਦਿਆਂ ਦੀ ਰਿਹਾਈ ਲਈ ਜਨ-ਸਧਾਰਨ ਵਿੱਚ ਬਣ ਚੁੱਕੀ ਇੱਕ ਆਮ ਸਹਿਮਤੀ ਨੂੰ ਵੇਖਦੇ ਹੋਏ ਨਵਾਬ ਵਜ਼ੀਰ ਖਾਂ ਦਾ ਮਨ ਵੀ ਬਦਲ ਗਿਆ ਸੀ। ਤਦ ਉਸ ਨੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਨ ਪੁੱਛਿਆ, “ਬੱਚਿਓ! ਜੇਕਰ ਤੁਹਾਨੂੰ ਰਿਹਾ ਕਰ ਦਿੱਤਾ ਜਾਵੇ ਤਾਂ ਸਾਡੀ ਕੈਦ ਵਿੱਚੋਂ ਬਾਹਰ ਜਾ ਕੇ ਤੁਸੀਂ ਕੀ ਕਰੋਗੇ?”
          ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਕਿਹਾ ਸੀ, “ਅਸੀਂ ਆਪਣੇ ਪਿਤਾ ਦੇ ਦਰਸਾਏ ਮਾਰਗ ‘ਤੇ ਚੱਲਦੇ ਹੋਏ ਉਹੀ ਕਰਾਂਗੇ, ਜੋ ਸਾਡੇ ਪਿਤਾ ਕਰ ਰਹੇ ਹਨ। ਅਸੀਂ ਜ਼ਬਰ ਜ਼ੁਲਮ ਅਤੇ ਅੱਤਿਆਚਾਰ ਦੇ ਵਿਰੁੱਧ ਲੜਾਂਗੇ। ਇਸ ਕਾਰਜ ਲਈ ਅਸੀਂ ਮੁੜ ਤੋਂ ਸਿੰਘਾਂ ਨੂੰ ਜੱਥੇਬੰਦ ਕਰਾਂਗੇ। ਜਦੋਂ ਤੱਕ ਅੱਤਿਆਚਾਰੀ ਹਕੂਮਤ ਦਾ ਸਫ਼ਾਇਆ ਨਹੀਂ ਹੋ ਜਾਂਦੇ, ਉਦੋਂ ਤੱਕ ਲੜਦੇ ਰਹਾਂਗੇ।”
          ਉਸੇ ਵੇਲੇ ਦੀਵਾਨ ਸੁੱਚਾ ਨੰਦ ਬੋਲਿਆ, “ਨਵਾਬ ਸਾਹਿਬ, ਸੱਪਾਂ ਦੇ ਪੁੱਤ ਕਦੇ ਮਿੱਤ ਨਹੀਂ ਹੁੰਦੇ। ਸੱਪ ਨੂੰ ਮਾਰਨਾ ਅਤੇ ਉਸ ਦੇ ਸਪੋਲੀਆਂ ਨੂੰ ਦੁੱਧ ਪਿਆਉਣਾ ਇਹ ਕਦੀ ਵੀ ਸਮਝਦਾਰੀ ਨਹੀਂ ਹੁੰਦੀ।”
          ਦੀਵਾਨ ਸੁੱਚਾ ਨੰਦ ਦੀਆਂ ਲਾਈਆਂ ਲੂਤੀਆਂ ਦਾ ਨਵਾਬ ਦੇ ਦਿਲ ‘ਤੇ ਬੜਾ ਡੂੰਘਾ ਪ੍ਰਭਾਵ ਪਿਆ। ਉਸ ਨੇ ਉਸੇ ਵੇਲੇ ਕਾਜ਼ੀ ਨੂੰ ਕਿਹਾ, “ਕਾਜ਼ੀ ਸਾਹਿਬ, ਆਪਣੇ ਹੱਥ ਆਏ ਗੋਬਿੰਦ ਦੇ ਬੱਚਿਆਂ ਨੂੰ ਰਿਹਾ ਕਰਨਾ ਅਕਲਮੰਦੀ ਨਹੀਂ ਹੈ। ਇਹ ਤਾਂ ਪੱਕਾ ਹੀ ਹੈ ਕਿ ਇਹ ਦੋਵੇਂ ਵੱਡੇ ਹੋ ਕੇ ਆਪਣੇ ਪਿਉ ਦੀ ਤਰ੍ਹਾਂ ਬਾਗ਼ੀ ਹੀ ਬਣਨਗੇ। ਫ਼ਿਰ ਇਹ ਸਾਡੇ ਖ਼ਿਲਾਫ਼ ਵਿਦਰੋਹ ਦਾ ਝੰਡਾ ਬੁਲੰਦ ਕਰਨਗੇ।”
          ਕਾਜ਼ੀ ਤਾਂ ਪਹਿਲਾਂ ਹੀ ਅਜਿਹੇ ਮੌਕੇ ਦੀ ਤਲਾਸ਼ ਵਿੱਚ ਸੀ। ਉਸ ਨੇ ਅਜਿਹਾ ਫ਼ਤਵਾ ਜਾਰੀ ਕੀਤਾ, ਜਿਸਨੂੰ ਪੜ੍ਹਨ ਸੁਣਨ ਵਾਲ਼ੇ ਦਾ ਵੀ ਦਿਲ ਦਹਿਲ ਜਾਵੇ। ਕਿਉਂਕਿ ਇਸਲਾਮ ਧਰਮ ਵਿੱਚ ਇਹ ਗੱਲ ਕਹੀ ਗਈ ਹੈ ਕਿ ਮਾਸੂਮ ਬੱਚੇ ਦਾ ਖ਼ੂਨ ਜ਼ਮੀਨ ‘ਤੇ ਨਹੀਂ ਡਿੱਗਣਾ ਚਾਹੀਦਾ। ਇਸ ਲਈ ਕਾਜ਼ੀ ਨੇ ਫ਼ਤਵਾ ਪੜ੍ਹਿਆ, “ਬਾਗ਼ੀ ਦੇ ਪੁੱਤਰਾਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਜਾਵੇ।”
          ਨਵਾਬ ਮਾਲੇਰਕੋਟਲਾ ਇਸ ਫ਼ਤਵੇ ਵਿਰੁੱਧ ਕੁਝ ਨਾ ਬੋਲ ਸਕੇ। ਉਹ ਬਹੁਤ ਉਦਾਸੀ ਅਤੇ ਨਿਰਾਸ਼ਾ ਦੇ ਆਲਮ ਵਿੱਚ ਉਸੇ ਵੇਲੇ ਨਵਾਬ ਵਜ਼ੀਰ ਖਾਂ ਦੇ ਦਰਬਾਰ ਵਿੱਚੋਂ ਉੱਠ ਕੇ ਚਲੇ ਗਏ।
          ਸਾਹਿਬਜ਼ਾਦਿਆਂ ਨੇ ਠੰਢੇ ਬੁਰਜ ਵਿੱਚ ਜਾ ਕੇ ਸਾਰੀ ਗੱਲਬਾਤ ਦਾਦੀ ਮਾਂ ਨੂੰ ਸੁਣਾਈ। ਤਦ ਮਾਤਾ ਗੁਜਰੀ ਨੇ ਆਖਿਆ, “ਮੇਰੇ ਪਿਆਰੇ ਬੱਚਿਓ! ਮੈਂ ਤੁਹਾਡੇ ਸਾਹਸ, ਬਹਾਦਰੀ, ਦਲੇਰੀ, ਦ੍ਰਿੜ੍ਹਤਾ ‘ਤੇ ਬਹੁਤ ਜ਼ਿਆਦਾ ਖ਼ੁਸ਼ ਹਾਂ। ਤੁਸੀਂ ਆਪਣੇ ਦਾਦੇ ਅਤੇ ਪਿਤਾ ਦੇ ਗੌਰਵ ਨੂੰ ਹੋਰ ਵੀ ਜ਼ਿਆਦਾ ਵਧਾਇਆ ਹੈ।” ਇਹ ਕਹਿੰਦਿਆਂ ਹੋਇਆਂ ਦਾਦੀ ਨੇ ਪੋਤਿਆਂ ਨੂੰ ਘੁੱਟ ਕੇ ਆਪਣੇ ਗਲ਼ੇ ਨਾਲ਼ ਲਾਇਆ। ਉਨ੍ਹਾਂ ਦੀ ਪਿੱਠ ‘ਤੇ ਸ਼ਾਬਾਸ਼ੀ ਦਿੱਤੀ।
          ਜਦੋਂ ਬਾਬਾ ਮੋਤੀ ਰਾਮ ਮਹਿਰਾ ਨੂੰ ਪਤਾ ਲੱਗਾ ਕਿ ਮਾਤਾ ਗੁਜਰੀ ਅਤੇ ਦੋ ਛੋਟੇ ਸਾਹਿਬਜ਼ਾਦੇ ਭੁੱਖਣ ਭਾਣੇ ਠੰਢੇ ਬੁਰਜ ਵਿੱਚ ਕੈਦ ਕੀਤੇ ਗਏ ਹਨ। ਉਨ੍ਹਾਂ ਕੋਲ ਠੰਢ ਤੋਂ ਬਚਾਅ ਕਰਨ ਲਈ ਕੋਈ ਨਿੱਘਾ ਕੱਪੜਾ ਵੀ ਨਹੀਂ ਹੈ। ਤਦ ਉਸ ਦੀ ਮਾਂ ਅਤੇ ਪਤਨੀ ਨੇ ਉਸ ਨੂੰ ਗਰਮ ਦੁੱਧ ਦੇ ਕੇ ਠੰਢੇ ਬੁਰਜ ਵਿੱਚ ਘੱਲ ਦਿੱਤਾ। ਮਾਤਾ ਗੁਜਰੀ ਅਤੇ ਬਾਲਾਂ ਨੇ ਕੜਾਕੇ ਦੀ ਠੰਢ ਵਿੱਚ ਗਰਮ-ਗਰਮ ਦੁੱਧ ਪੀਤਾ। ਮਾਤਾ ਜੀ ਨੇ ਉਸ ਨੂੰ ਅਨੇਕਾਂ ਅਸੀਸਾਂ ਦਿੱਤੀਆਂ।
          ਪਰੰਤੂ ਗੰਗੂ ਬ੍ਰਾਹਮਣ ਦੇ ਭਰਾ ਪੰਮੇ ਨੇ ਨਵਾਬ ਵਜ਼ੀਰ ਖਾਂ ਕੋਲ ਚੁਗ਼ਲੀ ਕੀਤੀ, “ਮੋਤੀ ਰਾਮ ਮਹਿਰੇ ਨੇ ਹਕੂਮਤ ਦੇ ਬਾਗ਼ੀਆਂ ਨੂੰ ਦੁੱਧ ਪਿਲਾ ਕੇ ਉਨ੍ਹਾਂ ਦੀ ਸੇਵਾ ਕੀਤੀ ਹੈ।”
          ਗੁੱਸੇ ਵਿੱਚ ਲਾਲ ਪੀਲੇ ਹੋਏ ਵਜ਼ੀਰ ਖਾਂ ਨੇ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਕੋਹਲੂ ਵਿੱਚ ਪੀੜ ਦਿੱਤਾ। ਇਸ ਪ੍ਰਕਾਰ ਬਾਬਾ ਮੋਤੀ ਰਾਮ ਮਹਿਰੇ ਨੇ ਆਪਣੇ ਪਰਿਵਾਰ ਨੂੰ ਸਿੱਖ ਕੌਮ ਤੋਂ ਨਿਸ਼ਾਵਰ ਕਰ ਦਿੱਤਾ।
          ਆਖ਼ਰ ਤੇਰਾਂ ਪੋਹ ਦੀ ਸਵੇਰ ਚੜ੍ਹੀ। ਮਾਤਾ ਗੁਜਰੀ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਹਿੰਮਤ ਅਤੇ ਹੌਂਸਲੇ ਨਾਲ਼ ਤਿਆਰ ਕੀਤਾ। ਜਦੋਂ ਦਾਦੀ ਮਾਂ ਨੇ ਪੋਤਿਆਂ ਦੇ ਮੱਥੇ ‘ਤੇ ਪਿਆਰ ਦਿੱਤਾ ਤਾਂ ਤਿੰਨਾਂ ਨੂੰ ਹੀ ਇਸ ਗੱਲ ਦਾ ਇਲਮ ਸੀ ਕਿ ਇਹ ਉਨ੍ਹਾਂ ਦੀ ਆਖ਼ਰੀ ਮੁਲਾਕਾਤ ਹੈ। ਪਰੰਤੂ ਫ਼ੇਰ ਵੀ ਤਿੰਨਾਂ ਵਿੱਚੋਂ ਕੋਈ ਵੀ ਭਾਵਨਾਵਾਂ ਵਿੱਚ ਬਹਿ ਕੇ ਉਦਾਸ ਨਹੀਂ ਹੋਇਆ। ਸਗੋਂ ਦੋਵੇਂ ਸਾਹਿਬਜ਼ਾਦਿਆਂ ਨੇ “ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ” ਦਾ ਨਾਅਰਾ ਬੁਲੰਦ ਕੀਤਾ ਅਤੇ ਦਾਦੀ ਮਾਂ ਨੂੰ ਫ਼ਤਹਿ ਬੁਲਾ ਕੇ ਪੂਰੀ ਦ੍ਰਿੜ੍ਹਤਾ, ਹੌਂਸਲੇ, ਬੁਲੰਦ ਇਰਾਦੇ ਨਾਲ਼ ਮੁਗ਼ਲ ਸਿਪਾਹੀਆਂ ਨਾਲ਼ ਚੱਲ ਪਏ।
          ਆਖ਼ਰੀ ਵਾਰੀ ਦਾਦੀ ਮਾਂ ਨੇ ਪੋਤਿਆਂ ਦੀ ਪਿੱਠ ‘ਤੇ ਨਜ਼ਰ ਮਾਰੀ। ਸਹਿਜ ਸੁਭਾਅ ਉਨ੍ਹਾਂ ਅੱਖਾਂ ਬੰਦ ਕਰਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ। ਉਹ ਆਪਣੀ ਅਮਾਨਤ ਆਪਣੇ ਚਰਨਾਂ ਵਿੱਚ ਵਾਪਸ ਲੈ ਰਿਹਾ ਹੈ।
          ਦੋਵੇਂ ਸਾਹਿਬਜ਼ਾਦਿਆਂ ਨੂੰ ਉਸ ਸਥਾਨ ‘ਤੇ ਲਿਜਾਇਆ ਗਿਆ, ਜਿੱਥੇ ਇੱਟਾਂ ਦੀ ਇੱਕ ਕੰਧ ਉਸਾਰੀ ਜਾ ਰਹੀ ਸੀ। ਉਸੇ ਸਮੇਂ ਕਾਜ਼ੀ ਵੀ ਉੱਥੇ ਪੁੱਜ ਗਿਆ। ਦੋਵੇਂ ਬਾਲਕ ਆਪਣੇ ਇਰਾਦੇ ‘ਤੇ ਅਡੋਲ ਖੜ੍ਹੇ ਰਹੇ। ਉੱਸਰ ਰਹੀ ਕੰਧ ਤੋਂ ਉਨ੍ਹਾਂ ਨੂੰ ਹੋਰ ਵਧੇਰੇ ਬਲ ਮਿਲਿਆ। ਕਾਜ਼ੀ ਨੇ ਜੱਲਾਦਾਂ ਨੂੰ ਤੇਜ਼ੀ ਨਾਲ਼ ਕੰਧ ਉਸਾਰਨ ਦਾ ਹੁਕਮ ਦਿੱਤਾ। ਜਿਉਂ-ਜਿਉਂ ਕੰਧ ਉੱਚੀ ਹੁੰਦੀ ਜਾ ਰਹੀ ਸੀ, ਇਨਸਾਨੀਅਤ ਲਈ ਆਪਣੇ ਹਿਰਦੇ ਵਿੱਚ ਦਰਦ ਰੱਖਣ ਵਾਲਿਆਂ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ।
          ਇਤਿਹਾਸਕ ਹਵਾਲਿਆਂ ਅਨੁਸਾਰ ਜਿਉਂ ਹੀ ਕੰਧ ਦੀ ਉਸਾਰੀ ਬਾਲਾਂ ਦੇ ਗਲਾਂ ਤੱਕ ਆਈ ਤਾਂ ਕੰਧ ਧੜੰਮ ਕਰਕੇ ਡਿੱਗ ਪਈ। ਤਦ ਦੋਵੇਂ ਸਾਹਿਬਜ਼ਾਦਿਆਂ ਨੂੰ ਪਿੱਪਲ ਦੇ ਰੁੱਖ ਨਾਲ਼ ਰੱਸਿਆਂ ਨਾਲ਼ ਬੰਨ੍ਹ ਦਿੱਤਾ ਗਿਆ। ਉਨ੍ਹਾਂ ਉੱਤੇ ਕੋੜੇ ਵਰਸਾਏ ਗਏ। ਗੁਲੇਲ ਨਾਲ਼ ਵੀ ਉਨ੍ਹਾਂ ਉੱਤੇ ਨਿਸ਼ਾਨੇ ਲਗਾ ਕੇ ਤਸੀਹੇ ਦਿੱਤੇ ਗਏ। ਸਾਹਿਬਜ਼ਾਦਿਆਂ ਨੂੰ ਇੱਕ ਵਾਰੀ ਫ਼ੇਰ ਇਸਲਾਮ ਧਰਮ ਕਬੂਲ ਕਰਨ ਲਈ ਆਖਿਆ ਗਿਆ। ਪਰੰਤੂ ਉਨ੍ਹਾਂ ਵੱਲੋਂ ਸਾਫ਼ ਇਨਕਾਰ ਕਰਨ ‘ਤੇ ਸੂਬੇ ਨੇ ਆਪਣਾ ਆਖ਼ਰੀ ਫ਼ੈਸਲਾ ਸੁਣਾ ਦਿੱਤਾ, “ਇਨ੍ਹਾਂ ਬੱਚਿਆਂ ਦੇ ਸਿਰ ਕਲਮ ਕਰ ਦਿੱਤੇ ਜਾਣ।”
          ਭਾਈ ਦੁੱਨਾ ਸਿੰਘ ਹੰਡੂਰੀਆ ਦੀ ਅਪ੍ਰਕਾਸ਼ਿਤ ਕ੍ਰਿਤ “ਕਥਾ ਗੁਰੂ ਜੀ ਕੇ ਸੁਤਨ ਕੀ” ਅਨੁਸਾਰ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ਼ ਧੜ੍ਹ ਤੋਂ ਵੱਖ ਕਰਨ ਤੋਂ ਪਹਿਲਾਂ ਜ਼ਾਲਮਾਂ ਨੇ ਉਨ੍ਹਾਂ ਮਾਸੂਮਾਂ ਨੂੰ ਚਾਬਕਾਂ, ਕੋਰੜੇ ਅਤੇ ਗੁਲੇਲੇ ਵੀ ਮਾਰੇ ਸਨ –
“ਖਮਚੀ ਸਾਥ ਜੁ ਲਗੇ ਤਬੈ ਦੁਖ ਦੇਵਨੰ।
ਏਹ ਸੁ ਬਾਲਕ ਫੂਲ, ਧੂਪ ਨਹਿ ਖੇਵਨੰ।
ਤਬ ਮਲੇਰੀਏ ਕਹਯੋ, ਜੜਾਂ ਤੁਮ ਜਾਂਹਿ ਹੀ।
ਇਹ ਮਸੂਮ ਹੈਂ ਬਾਲ ਦੁਖਾਵਹੁ ਨਾਹਿ ਹੀ।”
“ਜਬ ਦੁਸ਼ਟੀਂ ਐਸੇ ਦੁਖ। ਬਹੁਰੋ ਫੇਰ ਸੀਸ ਕਢਵਾਏ।।
ਰਜ ਕੋ ਪਾਇ ਪੀਪਲਹ ਬਾਂਧੇ। ਦੁਸ਼ਟ ਗੁਲੇਲੇ ਤੀਰ ਸੁ ਸਾਂਧੇ।।”
          ਸ਼ਾਸ਼ਲ ਬੇਗ, ਬਾਸ਼ਲ ਬੇਗ ਦੋ ਜੱਲਾਦ ਭਰਾਵਾਂ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਇਸ ਪ੍ਰਕਾਰ ਮਾਤਾ ਗੁਜਰੀ ਜੀ ਦੇ ਪੋਤਿਆਂ ਨੇ ਆਪਣੀ ਸ਼ਹਾਦਤ ਦੇ ਕੇ ਸਿੱਖੀ ਦੀਆਂ ਨੀਹਾਂ ਨੂੰ ਹਮੇਸ਼ਾ-ਹਮੇਸ਼ਾ ਲਈ ਮਜਬੂਤ ਕਰ ਦਿੱਤਾ।
ਜਿਉਂ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਮਾਚਾਰ ਪੂਰੇ ਇਲਾਕੇ ਵਿੱਚ ਫੈਲਿਆ ਤਾਂ ਇਸ ਕਹਿਰ ਨੂੰ ਸੁਣ ਕੇ ਹਰ ਅੱਖ ਵਿੱਚੋਂ ਅੱਥਰੂ ਵਗੇ ਸਨ। ਇਸ ਸਮੇਂ ਦੀ ਸਥਿਤੀ ਨੂੰ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਇੰਝ ਦਰਜ ਕਰਦੇ ਹਨ –
“ਸ਼ਾਸ਼ਲ ਬੇਗ ਅਰ ਬਾਸ਼ਲ ਬੇਗ। ਉਭੈ ਜਲਾਦਨ ਖਿਚ ਕੈ ਤੇਗ਼।।
ਤਿਸਹੀ ਠਉਰ ਖਰਿਓ ਕੈ ਸੀਸ। ਤੁਰਤ ਉਤਾਰੇ ਦੁਸ਼ਟੈਂ ਰੀਸ।।
ਤੇਰਾਂ ਪੋਹ ਥਾ ਮੰਗਲਵਾਰ। ਮਚਿਓ ਸ਼ਹਿਰ ਮੇਂ ਹਾਹਾਕਾਰ।।”
          ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਜਾਣਕਾਰੀ ਜਦੋਂ ਮਾਤਾ ਗੁਜਰੀ ਜੀ ਨੂੰ ਦਿੱਤੀ ਗਈ ਤਾਂ ਉਹ ਚੌਂਕੜੀ ਮਾਰਕੇ ਬੈਠ ਗਏ। ਉਨ੍ਹਾਂ ਨੇ ਦੋਵੇਂ ਹੱਥ ਜੋੜ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ। ਮਾਤਾ ਗੁਜਰੀ ਜੀ ਉਸ ਸਮੇਂ ਵਡੇਰੀ ਅਵਸਥਾ ਵਿੱਚ ਸਨ। ਜਦੋਂ ਤੋਂ ਉਨ੍ਹਾਂ ਆਨੰਦਪੁਰ ਦਾ ਕਿਲ੍ਹਾ ਛੱਡਿਆ ਸੀ, ਉਦੋਂ ਤੋਂ ਹੀ ਉਹ ਤੁਰਦੇ ਤੁਰਦੇ ਸਰਹਿੰਦ ਦੇ ਠੰਢੇ ਬੁਰਜ ਵਿੱਚ ਪਹੁੰਚੇ ਸਨ। ਪਿਛਲੇ ਚਾਰ ਦਿਨਾਂ ਤੋਂ ਕੁਝ ਵੀ ਨਹੀਂ ਸੀ ਖਾਧਾ। ਪੋਹ ਮਹੀਨੇ ਦੀ ਹੱਡ ਚੀਰਵੀਂ ਠੰਢ, ਵਡੇਰੀ ਉਮਰ ਅਤੇ ਲੰਮੇ ਸਮੇਂ ਦੀ ਭੁੱਖ ਨੇ ਉਨ੍ਹਾਂ ਨੂੰ ਸਰੀਰਕ ਤੌਰ ‘ਤੇ ਬਹੁਤ ਜ਼ਿਆਦਾ ਕਮਜ਼ੋਰ ਕਰ ਦਿੱਤਾ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਉਨ੍ਹਾਂ ਦੇ ਮਾਨਸਿਕ ਬਲ ‘ਤੇ ਵੀ ਬਹੁਤ ਵੱਡਾ ਪ੍ਰਭਾਵ ਪਾਇਆ। ਇਸ ਪ੍ਰਕਾਰ ਉਸੇ ਪਲ ਉਨ੍ਹਾਂ ਆਪ ਵੀ ਪ੍ਰਾਣ ਤਿਆਗ ਦਿੱਤੇ।
          ਮਨੁੱਖਤਾ ਦੇ ਇਤਿਹਾਸ ਵਿੱਚ ਇੰਨੀਂ ਛੋਟੀ ਉਮਰ ਦੇ ਬੱਚਿਆਂ ਦੀ ਅਜਿਹੀ ਲਾਸਾਨੀ ਸ਼ਹਾਦਤ ਹੋਰ ਕੋਈ ਨਹੀਂ ਮਿਲ਼ਦੀ।
          ਉਸੇ ਸ਼ਾਮ ਦੀਵਾਨ ਟੋਡਰ ਮੱਲ ਦੋਵਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਦੀ ਇਜ਼ਾਜਤ ਲੈਣ ਲਈ ਨਵਾਬ ਵਜ਼ੀਰ ਖਾਂ ਦੇ ਦਰਬਾਰ ਵਿੱਚ ਗਏ। ਵਜ਼ੀਰ ਖਾਂ ਨੇ ਟੋਡਰ ਮੱਲ ਨੂੰ ਆਖਿਆ, “ਬੱਚਿਆਂ ਅਤੇ ਮਾਈ ਦੇ ਅੰਤਿਮ ਸੰਸਕਾਰ ਲਈ ਤੈਨੂੰ ਜਿੰਨੀਂ ਜ਼ਮੀਨ ਚਾਹੀਦੀ ਹੈ, ਉਸ ਜ਼ਮੀਨ ਉੱਤੇ ਖੜ੍ਹੇ ਲੋਟ ਸੋਨੇ ਦੀਆਂ ਮੋਹਰਾਂ ਵਿਛਾਉਣੀਆਂ ਪੈਣਗੀਆਂ, ਤਦ ਹੀ ਤੂੰ ਇਨ੍ਹਾਂ ਦੇਹਾਂ ਦਾ ਅੰਤਿਮ ਸੰਸਕਾਰ ਕਰ ਸਕਦਾ ਹੈਂ।”
          ਇਤਿਹਾਸਕ ਹਵਾਲਿਆਂ ਅਨੁਸਾਰ ਦੀਵਾਨ ਟੋਡਰ ਮੱਲ ਦੀ ਪਤਨੀ ਨੇ ਆਪਣੇ ਸਾਰੇ ਗਹਿਣੇ ਉਤਾਰ ਕੇ ਅਤੇ ਦੀਵਾਨ ਦੇ ਦੋ ਛੋਟੇ ਪੁੱਤਰਾਂ ਨੇ ਪੈਸਿਆਂ ਨਾਲ਼ ਭਰੀਆਂ ਆਪਣੀਆਂ ਗੋਲਕਾਂ ਉਸ ਨੂੰ ਦੇ ਦਿੱਤੀਆਂ ਸਨ ਤਾਂ ਜੋ ਅੰਤਿਮ ਸੰਸਕਾਰ ਕੀਤਾ ਜਾ ਸਕੇ। ਜਦੋਂ ਇਹ ਸਾਰੀ ਦੌਲਤ ਵੀ ਥੋੜ੍ਹੀ ਪੈ ਗਈ ਤਾਂ ਟੋਡਰ ਮੱਲ ਨੇ ਆਪਣੀ ਹਵੇਲੀ ਵੇਚ ਦਿੱਤੀ ਸੀ। ਇਸ ਪ੍ਰਕਾਰ ਉਸ ਨੇ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕੀਤਾ ਸੀ।
          ਦੁਨੀਆਂ ਦੇ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਅੰਤਿਮ ਸੰਸਕਾਰ ਵਾਲ਼ੀ ਜ਼ਮੀਨ ਨੂੰ ਸੰਸਾਰ ਦੀ ਸਭ ਤੋਂ ਮਹਿੰਗੇ ਭਾਅ ਵਾਲ਼ੀ ਜ਼ਮੀਨ ਸਵੀਕਾਰ ਕੀਤਾ ਜਾਂਦਾ ਹੈ।
          ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਰਾਏਕੋਟ ਵਿੱਚ ਸਨ, ਜਦੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਜਾਣਕਾਰੀ ਉਨ੍ਹਾਂ ਕੋਲ ਨੂਰਾ ਮਾਹੀ ਲੈ ਕੇ ਆਇਆ ਸੀ। ਉਸ ਨੂੰ ਖ਼ਬਰ ਲੈ ਕੇ ਆਉਣ ਲਈ ਰਾਏ ਕੱਲਾ ਨੇ ਭੇਜਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਸਮੇਂ ਅਕਾਲ ਪੁਰਖ ਦੀ ਇੱਛਾ ਅੱਗੇ ਸੀਸ ਝੁਕਾਇਆ ਸੀ। ਉਸ ਸਮੇਂ ਉਨ੍ਹਾਂ ਨੇ ਆਪਣੇ ਤੀਰ ਦੀ ਨੋਕ ਨਾਲ਼ ਘਾਹ ਦੀ ਇੱਕ ਤਿੜ ਨੂੰ ਪੁੱਟਿਆ ਸੀ ਅਤੇ ਉਹ ਮੂੰਹੋਂ ਬੋਲੇ ਸਨ,  “ਹੁਣ ਮੁਗਲਾਂ ਦੇ ਜ਼ੁਲਮੀ ਸਾਮਰਾਜ ਦੀ ਜੜ੍ਹ ਪੁੱਟੀ ਗਈ ਹੈ।”

ਡਾ. ਇਕਬਾਲ ਸਿੰਘ ਸਕਰੌਦੀ

ਡਾ. ਇਕਬਾਲ ਸਿੰਘ ਸਕਰੌਦੀ
06, ਥਲੇਸ ਬਾਗ਼ ਕਲੋਨੀ ਸੰਗਰੂਰ ਪੰਜਾਬ ਭਾਰਤ।
8427685020.

Show More

Related Articles

Leave a Reply

Your email address will not be published. Required fields are marked *

Back to top button
Translate »