ਸਿੱਧੂ ਮੂਸੇ ਵਾਲਾ ਕਿਉਂ ਮਾਰਿਆ ਗਿਆ ਹੁਣ ਇਹ ਕਿਤਾਬ ਖੋਲੇਗੀ ਰਾਜ਼ !


ਸ਼ੁਭਦੀਪ (ਸਿੱਧੂ ਮੂਸੇਵਾਲੇ ) ਦੇ ਤੁਰ ਜਾਣ ਬਾਅਦ ਉਸਦੀ ਜ਼ਿੰਦਗੀ ਦੀ ਕਹਾਣੀ ਮੇਰੀ ਸੁਰਤ ,ਚ ਉਸੇ ਸਮੇਂ ਘੁੰਮਣ ਲੱਗੀ ਸੀ ਜਦੋਂ ਉਹ ਹਾਲੇ ਹਵੇਲੀ ਅੰਦਰ ਲਾਸ਼ ਬਣਿਆ ਪਿਆ ਸੀ ਤੇ ਪੈਂਦੇ ਵੈਣਾ ਵਿੱਚੋਂ ਉਹ ਸਭ ਘਟਨਾਵਾਂ ਜੋ ਮੈਂ ਉਸਦੇ ਨਾਲ ਰਹਿੰਦਿਆਂ ਅੱਖੀਂ ਵੇਖੀਆਂ,ਉਸ ਨਾਲ ਜੁੜੇ ਵਿਵਾਦਾਂ ਦੇ ਪਿੱਛੇ ਦੇ ਕਾਰਨ ਜੋ ਉਸਨੇ ਮੇਰੇ ਮੋਢੇ ਤੇ ਹੱਥ ਰੱਖ ਖੇਤ ਦੀਆਂ ਪਹੀਆਂ ਤੇ ਤੁਰਦਿਆਂ ਆਪ ਦੱਸੇ ਜਿਵੇਂ ਉਹ ਜਾਣਦਾ ਹੋਵੇ ਕਿ ਉਸਦੀ ਕਹਾਣੀ ਮੇਰੀ ਕਲਮ ਦੇ ਹਿੱਸੇ ਆਵੇਗੀ,ਉਸਦੇ ਜਾਣ ਬਾਅਦ ਲਹੂ ਨਾਲ ਲਿਬੜੇ ਵਰਕੇ ਮੇਰੇ ਖੋਪੜ ,ਚ ਇੱਕਠੇ ਹੋਣ ਲੱਗੇ , ਲਹੂ ਨਾਲ ਭਿੱਜੇ ਇਹ ਸਫ਼ੇ ਮੈਨੂੰ ਹੀ ਇੱਕਠੇ ਕਰਨੇ ਪੈਣੇ ਸਨ ਕਿਉਂਕਿ ਮੈਂ ਉਸਦੀ ਛੋਟੀ ਜ਼ਿੰਦਗੀ ਦੀ ਕਹਾਣੀ ਦਾ ਸੂਤਰਧਾਰ ਸਾਂ ਅਤੇ ਹਾਂ। ਬੇਸ਼ੱਕ ਉਸਦੇ ਨਾਲ ਹੋਰ ਬਹੁਤ ਲੋਕ ਜੁੜੇ ਸਨ ਪਰ ਜਿਸ ਤਰ੍ਹਾਂ ਮੈਂ ਸਭ ਵੇਖ ਰਿਹਾ ਸਾਂ ਇਹ ਸਭ ਕੁੱਝ ਕੁਦਰਤੀ ਸੀ ਪਰ ਇਹ ਐਨਾ ਸੌਖਾ ਨਹੀਂ ਸੀ ਕਿ ਮੈਂ ਉਸਦੀ ਕਹਾਣੀ ਨਾਲ ਇਨਸਾਫ ਕਰ ਸਕਾਂ । ਉਹ ਪੰਜਾਬੀ ਸੰਗੀਤ ਦੇ ਇਤਿਹਾਸ ਦਾ ਵੱਡਾ ਮਨੁੱਖ ਹੋਇਆ ਹੈ । ਉਹ ਦੁਨੀਆਂ ਦਾ ਸਭ ਤੋਂ ਮਸ਼ਹੂਰ ਪੰਜਾਬੀ ਜਿਸਦੇ ਕਤਲ ਤੋਂ ਬਾਅਦ ਉਸਦੀ ਅਪਰੋਚ ਦਾ ਪਤਾ ਚੱਲਿਆ। ਉਸਦੇ ਕਤਲ ਦੇ ਕਾਰਨਾ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ। ਉਹ ਸਭ ਘਟਨਾਵਾਂ, ਕਿੱਸੇ ਲਿਖਣ ਤੋਂ ਪਹਿਲਾਂ ਮੈਨੂੰ ਹਜ਼ਾਰਾਂ ਵਾਰ ਸੋਚਣਾ ਪਿਆ ਹੈ ਕਿਉਂਕਿ ਅੱਜ ਦੇ ਯੁੱਗ ਵਿੱਚ ਸੱਚ ਲਿਖਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਤੇ ਮੈਂ ਇਹ ਕਿਤਾਬ ਲਿਖਣ ਸਮੇਂ ਹਰ ਰੋਜ਼ ਉਸ ਡਰ ਵਿੱਚੋਂ ਗੁਜ਼ਰਿਆ ਹਾਂ ਜਿਸਦੇ ਨਤੀਜੇ ਮੇਰੇ ਲਈ ਕਿਵੇਂ ਦੇ ਹੋ ਸਕਦੇ ਹਨ ਇਹ ਸੋਚਕੇ ਵੀ ਡਰ ਲੱਗਦਾ ਹੈ। ਮੇਰੇ ਬਹੁਤ ਸਾਰੇ ਕਰੀਬੀਆਂ ਨੇ ਇਹ ਕੰਮ ਕਰਨ ਤੋਂ ਮਨਾ ਵੀ ਕੀਤਾ ਸੀ ਤੇ ਦੋਵੇਂ ਪਾਸੇ ਦੇ ਲੋਕਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਜੇਕਰ ਇਹ ਕਿਤਾਬ ਕੀਤੀ ਤਾਂ ਸਿੱਟੇ ਭੈੜੇ ਹੋਣਗੇ।ਉਹ ਲੋਕ ਸਿੱਧੂ ਤੇ ਪੱਖੀ ਤੇ ਵਿਰੋਧੀ ਹਨ ਤੇ ਵਿੱਚਕਾਰ ਮਨਜਿੰਦਰ ਮਾਖਾ ਸਿੱਧੂ ਦੇ ਲਹੂ ਨੂੰ ਸਿਆਹੀ ਬਣਾ ” ” The real reason why legend died ” ਲਿਖ ਰਿਹਾ ਸੀ । ਮੈਨੂੰ ਇੱਕ ਲੇਖਕ ਦਾ ਧਰਮ ਨਿਭਾਉਣਾ ਹੀ ਪੈਣਾ ਸੀ। ਮੈਨੂੰ ਸੱਚ ਲਿਖਣਾ ਹੀ ਪੈਣਾ ਸੀ। ਇਹ ਮੈਨੂੰ ਹੀ ਤਹਿ ਕਰਨਾ ਪੈਣਾ ਸੀ ਕਿ ਮੈਂ ਡਰਪੋਕ ਲੋਕਾਂ ਦੀ ਕਤਾਰ ਵਿੱਚ ਖੜਾ ਹੋਵਾਂ ਜਾ ਫਿਰ ਨਿੱਡਰ ਲੋਕਾਂ ਦਾ ਹਾਣੀ ਬਣਾ, ਮੈਂ ਤਮਾਮ ਉਮਰ ਡਰ ਦੇ ਮਾਰੇ ਇਹ ਕੰਮ ਨਾ ਕਰਨ ਦਾ ਸ਼ਿਕਵਾ ਨਹੀਂ ਸੀ ਝੱਲ ਸਕਦਾ। ਸੋ ਪੂਰੇ ਦੋ ਸਾਲ ਤੇ ਤਿੰਨ ਮਹੀਨੇ ਦੇ ਖੋਜ਼ ਕਾਰਜ ਤੋਂ ਬਾਅਦ ਇਹ ਕਿਤਾਬ ਮੁਕੰਮਲ ਹੈ ਤੇ ਸਿੱਧੂ ਨੂੰ ਪਿਆਰ ਕਰਨ ਵਾਲੇ ਜਾਂ ਉਸਦਾ ਵਿਰੋਧ ਕਰਨ ਵਾਲਿਆਂ ਦੇ ਹੱਥਾਂ ਵਿੱਚ ਹੈ ਤਾਂ ਜੋ ਉਹ ਪੜ੍ਹ ਸਕਣ ਹਰ ਕਹਾਣੀ ਦੇ ਪਿੱਛੇ ਦੀ ਕਹਾਣੀ ਜਿਸ ਬਾਰੇ ਉਹ ਜਾਨਣਾ ਚਾਹੁੰਦੇ ਹਨ ।

ਮੈਂ ਉਮੀਦ ਕਰਦਾ ਹਾਂ ਕਿ ਮੇਰੀ ਇਸ ਪੁਸਤਕ ਦੀ ਅਲੋਚਨਾ ਸਾਰਥਕ ਹੋਵੇਗੀ ਤੇ ਤੱਥਾਂ ਦੇ ਅਧਾਰ ਤੇ ਹੋਵੇਗੀ। ਮੈਂ ਸਭ ਤਰ੍ਹਾਂ ਦਾ ਵਿਰੋਧ ਤੇ ਪਿਆਰ ਝੱਲਣ ਲਈ ਤਿਆਰ ਹਾਂ । ਮੇਰਾ ਵਿਰੋਧ ਸੁਭਾਵਿਕ ਜਿਹੀ ਗੱਲ ਹੈ ਕਿਉਂਕਿ ਸੱਚ ਬਰਦਾਸ਼ਤ ਕਰਨਾ ਔਖਾ ਹੁੰਦਾ ਹੈ। ਇੱਥੇ ਇੱਕ ਗੱਲ ਹੋਰ ਕਰਨੀ ਬਣਦੀ ਹੈ ਕਿ ਇਹ ਕਿਤਾਬ ਮੈਂ ਪੈਸਾ ਜਾਂ ਮਸ਼ਹੂਰ ਹੋਣ ਲਈ ਨਹੀਂ ਕੀਤੀ ਜੇਕਰ ਪੈਸੇ ਲਈ ਕਰਨੀ ਹੁੰਦੀ ਤਾਂ ਸਿੱਧੂ ਦੇ ਤੁਰ ਜਾਣ ਤੋਂ ਦੋ ਮਹੀਨੇ ਬਾਅਦ ਹੀ ਕਿਤਾਬ ਕਰਦਾ ਜਿਵੇਂ ਕਿ ਬਹੁਤ ਸਾਰੀਆਂ ਕਿਤਾਬਾਂ ਆਈਆਂ ਹਨ ਇਹ ਕਿਤਾਬ ਸ਼ੋਸ਼ਲ ਮੀਡੀਆ ਵਿੱਚੋਂ ਨਹੀਂ ਨਿਕਲੀ ਇਸ ਅੰਦਰ ਉਹ ਸਭ ਕੁੱਝ ਹੈ ਜੋ ਮੈਂ ਸਿੱਧੂ ਦੇ ਨਾਲ ਰਹਿੰਦਿਆਂ ਵੇਖਿਆ ਤੇ ਹੰਢਾਇਆ ਹੈ । ਇਹ ਮੇਰੀ ਨਿੱਜੀ ਖਿਆਲ ਨਹੀਂ ਇਹ ਸੱਚ ਹੈ । ਸੋ ਕਿਤਾਬ ਪੜ੍ਹਨ ਤੋਂ ਬਾਅਦ ਹੀ ਟੀਕਾ ਟਿੱਪਣੀ ਕਰਨੀ ਬਾਕੀ ਸਮਾਂ ਸਮਰੱਥ ਹੈ ਜੇਕਰ ਮੇਰੇ ਦੁਆਰਾ ਕੀਤਾ ਗਿਆ ਕੰਮ ਤੱਥਾਂ ਦੇ ਅਧਾਰ ਤੇ ਹੋਇਆ ਤਾਂ ਇਹ ਪਾਠਕਾਂ ਵਿੱਚ ਬਣੀ ਰਹੇਗੀ ਨਹੀਂ ਸਮਾਂ ਪੈ ਕੇ ਆਪਣੇ ਆਪ ਕਿਤਾਬਾਂ ਦੀਆਂ ਸਟਾਲਾਂ ਤੋਂ ਗਾਇਬ ਹੋ ਜਾਵੇਗੀ । ਫਿਲਹਾਲ ਮੇਰੇ ਲਈ ਖੁਸ਼ੀ ਦੇ ਨਾਲ- ਨਾਲ ਇਹ ਬਹੁਤ ਮਾਨਸਿਕ ਤਣਾਅ ਦਾ ਸਮਾਂ ਹੈ ਪਰ ਲਾਲ ਸਿੰਘ ਦਿਲ ਜਿਵੇਂ ਕਹਿੰਦਾ ਹੈ
“ਜੋ ਲੜਨਾ ਨਹੀਂ ਜਾਣਦੇ
ਜੋ ਲੜਨਾ ਨਹੀਂ ਚਾਹੁੰਦੇ
ਉਹ ਗੁਲਾਮ ਬਣਾ ਲਏ ਜਾਂਦੇ ਹਨ “

ਤੁਹਾਡੇ ਹੱਥਾਂ ਵਿੱਚ ਇਹ ਕਿਤਾਬ ਦਿੰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ ਤੇ ਉਮੀਦ ਕਰਦਾ ਹਾਂ ਤੁਸੀਂ ਸਭ ਮੇਰਾ ਸਾਥ ਦਿਉਂਗੇ ।
ਮਨਜਿੰਦਰ ਮਾਖਾ✍
ਕਿਤਾਬ ਮੰਗਵਾਉਣ ਲਈ ਸੰਪਰਕ ਨੰਬਰ

+9198720 23812 (ਇੰਡੀਆ)
+1-306-552-4313 (ਕੈਨੇਡਾ)

Exit mobile version