ਸੁਖਬੀਰ ਸਿੰਹਾਂ! ਬੱਕਰੀ ਨੇ ਦੁੱਧ ਦਿੱਤਾ, ਪਰ ਦਿੱਤਾ ਮੀਂਗਣਾਂ ਘੋਲ ਕੇ


ਸ਼੍ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਜਥੇਬੰਦੀ ਸੀ ਅਤੇ ਪਹਿਲਾਂ ਇਸ ਦੀ ਅਗਵਾਈ ਵੀ ਪੰਥਕ ਹੱਥਾਂ ਵਿੱਚ ਹੀ ਸੁਰਖਿਅਤ ਰਹੀ ਹੈ ਕਿਉਂਕਿ ਜੇਕਰ ਅਕਾਲੀ ਦਲ ਦੀ ਅਗਵਾਈ ਕਰਨੀ ਹੈ ਤਾਂ ਪਹਿਲਾਂ ਅਕਾਲੀ ਬਣਨਾ ਵੀ ਜ਼ਰੂਰੀ ਹੈ ਅਕਾਲੀ ਦਲ ਦੇ ਬਹੁਤ ਹੀ ਸਤਿਕਾਰਤ ਪ੍ਰਧਾਨ ਰਹੇ ਹਨ ਜਿਨ੍ਹਾਂ ਨੂੰ ਅੱਜ ਵੀ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਰਹਿਣੀ ਬਹਿਣੀ ਅਕਾਲੀਆਂ ਵਾਲੀ ਅਤੇ ਪੰਥਕ ਸੀ ਉਨ੍ਹਾਂ ਦੇ ਕੰਮ ਵੀ ਅਕਾਲੀਆਂ ਵਾਲੇ ਅਤੇ ਸੇਵਾ ਭਾਵਨਾ ਵਾਲੇ ਸਨ ਨਾਕਿ ਅੱਜ ਦੇ ਕਾਲੀਆਂ ਦੀ ਤਰ੍ਹਾਂ ਲੁੱਟ ਖਸੁੱਟ ਅਤੇ ਵਪਾਰ ਵਾਲੇ
ਸੁਖਬੀਰ ਸਿੰਹਾਂ ਪਹਿਲਾਂ ਵਾਲੇ ਅਕਾਲੀ ਪ੍ਰਧਾਨ ਇਹ ਵੀ ਨਹੀਂ ਕਿ ਉਹ ਸਾਰੇ ਹੀ ਘਰੋਂ ਗਰੀਬ ਹੁੰਦੇ ਸਨ ਜੇਕਰ ਬਾਬਾ ਖੜਕ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਵੀ ਉਸ ਸਮੇਂ ਆਪਣੇ ਕਾਰਖਾਨੇ ਚਲਦੇ ਹੁੰਦੇ ਸਨ ਪਰ ਉਨ੍ਹਾਂ ਅੰਦਰ ਪੰਥਕ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਉਸ ਤੋਂ ਬਾਅਦ ਵਾਲੇ ਪ੍ਰਧਾਨ ਸਾਹਿਬ ਮਾਸਟਰ ਤਾਰਾ ਸਿੰਘ, ਸੰਤ ਫ਼ਤਹਿ ਸਿੰਘ, ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਸਾਰੇ ਹੀ ਬਹੁਤ ਕੁਰਬਾਨੀ ਵਾਲੇ ਅਤੇ ਪੂਰੀ ਤਰ੍ਹਾਂ ਅਕਾਲੀ ਸੋਚ ਨੂੰ ਸਮਰਪਿਤ ਸਨ ਅਤੇ ਜਿੰਨਾਂ ਦੀ ਅਗਵਾਈ ਹੇਠ ਅਕਾਲੀ ਦਲ ਨੇ ਬਹੁਤ ਵੱਡੀਆਂ ਬੁਲੰਦੀਆਂ ਨੂੰ ਛੂਹਿਆ ਅਤੇ ਇਸ ਸਮੇਂ ਦੌਰਾਨ ਹੀ ਪੰਜਾਬੀ ਸੂਬੇ ਦਾ ਮੋਰਚਾ, ਦਿੱਲੀ ਗੁਰਦੁਆਰਾ ਮੋਰਚਾ, ਐਮਰਜੈਂਸੀ ਦਾ ਮੋਰਚਾ ਅਤੇ ਧਰਮ ਯੁੱਧ ਦਾ ਮੋਰਚਾ ਲੜਿਆ ਗਿਆ ਜਿਸ ਕਰਕੇ ਅਕਾਲੀ ਦਲ ਦੀ ਰਾਜਸੀ ਅਤੇ ਧਾਰਮਿਕ ਖੇਤਰਾਂ ਵਿੱਚ ਪੂਰੀ ਚੜ੍ਹਤ ਸੀ ਜਿਸ ਕਰਕੇ ਕੇਂਦਰ ਦੀਆਂ ਸਰਕਾਰਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਲੋਹਾ ਮੰਨਦੀਆਂ ਸਨ ਪਰ ਇੰਨਾਂ ਉਪਰੋਕਤ ਪ੍ਰਧਾਨ ਸਹਿਬਾਨਾਂ ਵਿੱਚੋਂ ਕੋਈ ਵੀ ਵਪਾਰੀ ਨਹੀਂ ਸੀ ਜਿਸ ਕਰਕੇ ਕਿਸੇ ਵੀ ਪ੍ਰਧਾਨ ਸਹਿਬਾਨ ਤੇ ਕੋਈ ਲੁੱਟ ਖਸੁੱਟ ਦਾ ਦੋਸ਼ ਨਹੀਂ ਲੱਗਿਆ ਅਤੇ ਨਾ ਹੀ ਕਿਸੇ ਪ੍ਰਧਾਨ ਨੇ ਪ੍ਰਧਾਨਗੀ ਛੱਡਣ ਲਈ ਕੋਈ ਹੀਲ ਹੁੱਜਤ ਕੀਤੀ ਹੈ ਜਿਸ ਤਰ੍ਹਾਂ ਦੀ ਆਪ ਜੀ ਕਰਦੇ ਰਹੇ ਹੋ ਸ਼ਾਇਦ ਅਕਾਲੀ ਦਲ ਦੇ ਇਤਿਹਾਸ ਵਿੱਚ ਲਗਾਤਾਰ ਪ੍ਰਧਾਨਗੀ ਦਾ ਸਭ ਤੋਂ ਲੰਬਾ ਸਮਾਂ 16 ਸਾਲ ਵੀ ਆਪ ਜੀ ਦੇ ਨਾਮ ਹੀ ਦਰਜ਼ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਵੱਡੀ ਬਰਬਾਦੀ ਦਾ ਇਤਿਹਾਸ ਵੀ ਆਪ ਜੀ ਦੇ ਨਾਮ ਤੇ ਹੀ ਦਰਜ਼ ਹੋਵੇਗਾ
ਪ੍ਰੰਤੂ ਅਫ਼ਸੋਸ ਸੁਖਬੀਰ ਸਿੰਹਾਂ ਜਦੋਂ ਤੋਂ ਅਕਾਲੀ ਦਲ ਦੀ ਵਾਗਡੋਰ ਆਪ ਜੀ ਦੇ ਪਰਿਵਾਰ ਦੇ ਹੱਥਾਂ ਵਿੱਚ ਆਈ ਤਾਂ ਪੰਥਕ ਲਫਜ਼ ਤਾਂ ਜਿਵੇਂ ਅਕਾਲੀ ਦਲ ਵਿੱਚੋਂ ਖੰਭ ਲਾ ਕੇ ਹੀ ਉੱਡ ਗਿਆ ਸਿਰਫ਼ ਵੇਖਣ ਨੂੰ ਹੀ ਅਕਾਲੀ ਦਲ ਸੀ ਜਦੋਂ ਕਿ ਇਸ ਵਿੱਚ ਅਕਾਲੀ ਦਲ ਵਾਲੀ ਉੱਕਾ ਹੀ ਕੋਈ ਗੱਲ ਨਹੀਂ ਸੀ ਜਿਹੜਾ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਸਿਰਮੱਥੇ ਮੰਨਦਾ ਹੁੰਦਾ ਸੀ ਪ੍ਰੰਤੂ ਅਫ਼ਸੋਸ ਆਪ ਜੀ ਦੀ ਪ੍ਰਧਾਨਗੀ ਦੌਰਾਨ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਅਕਾਲੀ ਦਲ ਦਾ ਪ੍ਰਧਾਨ ਹੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਮੰਨਣ ਤੋਂ ਮੁਨੱਕਰ ਹੋ ਜਾਣ ਫੇਰ ਅਕਾਲ ਤਖ਼ਤ ਸਾਹਿਬ ਦੀ ਕੀ ਮਹੱਤਤਾ ਰਹਿ ਗਈ ? ਜਿਹੜਾ ਅਕਾਲੀ ਦਲ ਡੇਰਾਵਾਦ ਦਾ ਡਟ ਕੇ ਵਿਰੋਧ ਕਰਦਾ ਹੁੰਦਾ ਸੀ ਅਤੇ ਪਵਿੱਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਵਿੱਤਰ ਗੁਰਧਾਮਾਂ ਲਈ ਜਾਨਾਂ ਵਾਰਨ ਤੋਂ ਵੀ ਸੰਕੋਚ ਨਹੀਂ ਕਰਦਾ ਹੁੰਦਾ ਸੀ ਪਰ ਅਫ਼ਸੋਸ ਆਪ ਜੀ ਦੀ ਪ੍ਰਧਾਨਗੀ ਦੇ ਸਮੇਂ ਦੌਰਾਨ ਸਾਰਾ ਕੁਝ ਹੀ ਇਸ ਦੇ ਉਲਟ ਹੋਇਆ ਆਪਣੀਆਂ ਚੰਦ ਵੋਟਾਂ ਅਤੇ ਕੁਰਸੀ ਲਈ ਡੇਰਾਵਾਦ ਨੂੰ ਪੂਰੀ ਤਰ੍ਹਾਂ ਪ੍ਰਫੁੱਲਤ ਕੀਤਾ ਇੱਥੋਂ ਤੱਕ ਕਿ ਬਲਾਤਕਾਰੀ ਸਰਸੇ ਵਾਲੇ ਸਾਧ ਦੇ ਦਸਮੇਸ਼ ਪਿਤਾ ਜੀ ਦਾ ਸਵਾਂਗ ਰਚਾਉਣ ਦੇ ਕੇਸ ਨੂੰ ਵੀ ਆਪ ਜੀ ਨੇ ਹੇਰਾਫੇਰੀ ਨਾਲ ਰੱਦ ਕਰਵਾਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗਲੀਆਂ ਵਿੱਚ ਰੋਲਿਆ ਪ੍ਰੰਤੂ ਇੰਨਾਂ ਕੁਝ ਹੋਣ ਦੇ ਬਾਵਜੂਦ ਵੀ ਆਪ ਜੀ ਦੀ ਅੰਤਰ ਆਤਮਾ ਨਹੀਂ ਜਾਗੀ ਉਲਟਾ ਤਖ਼ਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਆਪਣੀ ਸਰਕਾਰੀ ਕੋਠੀ ਵਿੱਚ ਸੱਦ ਕੇ ਇਸ ਬਲਾਤਕਾਰੀ ਸਾਧ ਨੂੰ ਬਿਨਾਂ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਿਆਂ ਹੀ ਮੁਆਫ਼ੀ ਦਿਵਾਈ ਅਤੇ ਇਸ ਮੁਆਫੀ ਨੂੰ ਜਾਇਜ਼ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਵਿਚੋਂ 94 ਲੱਖ ਦੇ ਇਸ਼ਤਿਹਾਰ ਦਿਵਾਏ ਇੱਥੇ ਹੀ ਵੱਸ ਨਹੀਂ ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਅਤੇ ਆਲਮ ਸੈਨਾ ਵਾਲੇ ਇਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਤੇਰੀ ਪੁਲਿਸ ਦੀਆਂ ਗੋਲੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲਾਂ ਉੱਪਰ ਚੱਲਣ ਦੀ ਬਜਾਏ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਮੰਗ ਰਹੀਆਂ ਸੰਗਤਾਂ ਉੱਪਰ ਜ਼ਰੂਰ ਚੱਲ ਗਈਆਂ ਅਤੇ ਬਾਅਦ ਵਿੱਚ ਕਿਹਾ ਵੀ ਇਹ ਗਿਆ ਕਿ ਗੋਲੀਆਂ ਅਣਪਛਾਤੀ ਪੁਲਿਸ ਨੇ ਚਲਾਈਆਂ। ਹਨ ਭਲਾ ਸੁਖਬੀਰ ਸਿੰਹਾਂ ਕਦੇ ਪੁਲਿਸ ਵੀ ਅਣਪਛਾਤੀ ਹੁੰਦੀ ਹੈ ?
ਸੁਖਬੀਰ ਸਿੰਹਾਂ ਜੋ ਉਪਰੋਕਤ ਕੰਮ ਆਪ ਜੀ ਨੇ ਕੀਤੇ ਹਨ ਇੰਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨਾਲ ਦੂਰ ਦਾ ਵੀ ਸਬੰਧ ਨਹੀਂ ਹੈ ਆਪ ਜੀ ਨੇ ਅਕਾਲੀ ਦਲ ਨੂੰ ਵਪਾਰਕ ਪਾਰਟੀ ਬਣਾ ਦਿੱਤਾ ਹੈ ਕਿਉਂਕਿ ਆਪ ਜੀ ਨੇ ਪੜ੍ਹਾਈ ਹੀ ਵਪਾਰ ਦੀ ਕੀਤੀ ਹੈ ਇਸ ਕਰਕੇ ਤੁਸੀਂ ਵਪਾਰ ਵਿੱਚ ਨਿੱਜੀ ਤੌਰ ਤੇ ਪੂਰੀ ਤਰ੍ਹਾਂ ਕਾਮਯਾਬ ਹੋਏ ਹੋ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦਾ ਵਪਾਰ ਨਾਲ਼ ਜਾਂ ਲੁੱਟ ਖਸੁੱਟ ਨਾਲ ਦੂਰ ਦਾ ਵੀ ਸਬੰਧ ਨਹੀਂ ਸੀ ਜਿਸ ਕਰਕੇ ਅਕਾਲੀ ਦਲ ਦੀ ਸਥਿਤੀ ਦਿਨੋਂ ਦਿਨ ਕਮਜ਼ੋਰ ਹੁੰਦੀ ਗਈ ਅਤੇ ਤੁਹਾਡੀ ਨਿੱਜੀ ਤੌਰ ਤੇ ਮਜਬੂਤ ਹੁੰਦੇ ਗਏ ਅਤੇ ਅੱਜ ਅਖੀਰ 104 ਸਾਲ ਪੁਰਾਣੀ ਪਾਰਟੀ ਨੂੰ ਜ਼ਿਮਨੀ ਚੋਣਾਂ ਲਈ 4 ਉਮੀਦਵਾਰ ਵੀ ਲੱਭਣੇ ਨਸੀਬ ਨਹੀਂ ਹੋਏ ਜਿਸ ਕਰਕੇ ਅਕਾਲੀ ਦਲ ਦਾ ਭੋਗ ਪੂਰੀ ਤਰ੍ਹਾਂ ਆਪ ਜੀ ਦੀ ਪ੍ਰਧਾਨਗੀ ਦੇ ਦੌਰਾਨ ਪੈ ਗਿਆ
ਕਦੇ ਸੋਚਿਆ ਸੀ ਸੁਖਬੀਰ ਸਿੰਹਾਂ ਕਿ ਲਗਾਤਾਰ 10 ਸਾਲ ਦੇ ਰਾਜਭਾਗ ਤੋਂ ਬਾਅਦ 2017 ਵਿੱਚ ਅਕਾਲੀ ਦਲ ਵਿਰੋਧੀ ਧਿਰ ਵਿੱਚ ਵੀ ਨਾ ਬੈਠ ਸਕੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਿਰਫ਼ ਤੇਰੇ ਪਰਿਵਾਰ ਨੂੰ ਹੀ 2 ਸੀਟਾਂ ਮਿਲਣ ਅਤੇ ਬਾਕੀ ਸਾਰੀ ਪਾਰਟੀ ਹਾਰ ਜਾਵੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਸਿਰਫ਼ 3 ਸੀਟਾਂ ਹੀ ਮਿਲਣ ਸੰਗਰੂਰ ਦੀ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਜਾਵੇ ਅਤੇ ਸਾਰੇ ਉਮੀਦਵਾਰਾਂ ਤੋਂ ਪਛੜਕੇ 5ਵੇਂ ਸਥਾਨ ਤੇ ਆਵੇ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ 1 ਸੀਟ ਤੇ ਹੀ ਸਬਰ ਕਰਨਾ ਪਵੇ ਅਤੇ 10 ਸੀਟਾਂ ਤੇ ਉਮੀਦਵਾਰਾਂ ਦੀਆਂ ਜਮਾਨਤਾਂ ਹੀ ਜ਼ਬਤ ਹੋ ਜਾਣ ਪਾਰਟੀ ਦੀ ਇਸ ਤੋਂ ਮਾੜੀ ਕਾਰਗੁਜ਼ਾਰੀ ਹੋਰ ਕੀ ਹੋ ਸਕਦੀ ਹੈ ਜਿਸ ਕਰਕੇ ਅਕਾਲੀ ਦਲ ਨੂੰ ਅਰਸ਼ਾਂ ਤੋਂ ਫ਼ਰਸ਼ਾਂ ਤੇ ਲਿਆਉਣ ਦੀ ਸਾਰੀ ਜ਼ਿੰਮੇਵਾਰੀ ਸੁਖਬੀਰ ਸਿੰਹਾਂ ਆਪ ਜੀ ਦੀ ਹੈ ਚਾਹੀਦਾ ਤਾਂ ਇਹ ਸੀ ਕਿ ਜੇਕਰ ਆਪ ਜੀ ਦੇ ਅੰਦਰ ਰੰਚਕ ਮਾਤਰ ਵੀ ਅਕਾਲੀ ਪੁਣਾ ਹੁੰਦਾ ਤਾਂ 2015 ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਵੇਲੇ ਹੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਬਣਦਾ ਸੀ ਕਿਉਂਕਿ ਉਸ ਸਮੇਂ ਆਪ ਜੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੀ ਫੇਰ ਨਾ ਹੀ ਆਪ ਜੀ ਨੇ 2017,2019,2022 ਅਤੇ ਇਸ ਸਮੇਂ ਦੌਰਾਨ ਬਣਾਈ ਗਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੰਨਣ ਦੀ ਬਜਾਏ ਇਸ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਣਾ ਹੀ ਬਿਹਤਰ ਸਮਝਿਆ ਅਤੇ ਨਾਂ ਹੀ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਅਤੇ ਅਖੀਰ ਜਦੋਂ ਆਪ ਜੀ ਨੂੰ ਅਕਾਲ ਤਖ਼ਤ ਸਾਹਿਬ ਨੇ ਤਨਖਾਹੀਆ ਕਰਾਰ ਦੇ ਦਿੱਤਾ ਤਾਂ ਆਪ ਜੀ ਨੇ ਫੇਰ ਵੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਵਾਜਬ ਨਹੀਂ ਸਮਝਿਆ ਸਗੋਂ ਪੰਥ ਨੂੰ, ਪਾਰਟੀ ਨੂੰ ਅਤੇ ਪੰਥਕ ਸੰਸਥਾਵਾਂ ਨੂੰ ਮੂਰਖ ਸਮਝਦੇ ਹੋਏ ਅਕਾਲੀ ਦਲ ਦੇ ਵਿਧਾਨ ਦੇ ਉਲਟ ਜਾ ਕੇ ਆਪਣੇ ਜੀ ਹਜ਼ੂਰੀਏ ਬਲਵਿੰਦਰ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਪਰ ਹੁਣ ਜਦੋਂ ਆਪ ਜੀ ਨੂੰ ਸਾਹਮਣੇ ਕੰਧ ਤੇ ਲਿਖਿਆ ਸਮਝ ਆਉਣ ਲੱਗ ਪਿਆ ਹੈ ਪੰਥ ਅਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤਖਤ ਅੱਗੇ ਬਹੁਤਾ ਚਿਰ ਅੜਿਆ ਨਹੀਂ ਜਾ ਸਕਣਾ ਤਾਂ ਹੁਣ ਆਪ ਜੀ ਨੇ ਅਸਤੀਫਾ ਦੇਣਾ ਹੀ ਬਿਹਤਰ ਸਮਝਿਆ ਹੈ ਪਰ ਆਪ ਜੀ ਦੀ ਪ੍ਰਧਾਨਗੀ ਦੇ 16 ਸਾਲਾਂ ਦੌਰਾਨ ਅਕਾਲੀ ਦਲ ਇੰਨੀਂ ਡੂੰਘੀ ਖੱਡ ਵਿਚ ਡਿੱਗ ਪਿਆ ਹੈ ਜਿੱਥੋਂ ਇਸ ਨੂੰ ਪੈਰਾਂ ਸਿਰ ਹੋਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ ਪਰ ਕਾਸ਼ ! ਜੇਕਰ ਇਹੀ ਅਸਤੀਫ਼ਾ ਸਮੇਂ ਸਿਰ ਦਿੱਤਾ ਹੁੰਦਾ ਤਾਂ ਅੱਜ ਅਕਾਲੀ ਦਲ ਦੀ ਇੰਨੀ ਮਾੜੀ ਹਾਲਤ ਨਹੀਂ ਹੋਣੀ ਸੀ ਅਤੇ ਅੱਜ ਆਪ ਜੀ ਦਾ ਅਸਤੀਫ਼ਾ ਵੀ ਇਸੇ ਤਰ੍ਹਾਂ ਹੀ ਹੈ ਜਿਵੇਂ ! ਬੱਕਰੀ ਨੇ ਦੁੱਧ ਦਿੱਤਾ ਪਰ ਦਿੱਤਾ ਮੀਂਗਣਾਂ ਘੋਲ ਕੇ ! ਕਿਉਂਕਿ ਉਸ ਦੁੱਧ ਦਾ ਫਾਇਦਾ ਉਸ ਦੇ ਮਾਲਕ ਨੂੰ ਵੀ ਨਹੀਂ ਹੋਇਆ ਇਸੇ ਤਰ੍ਹਾਂ ਹੀ ਤੁਹਾਡਾ ਅਸਤੀਫ਼ਾ ਵੀ ਆਇਆ ਪਰ ਆਇਆ ਸਾਰਾ ਕੁਝ ਬਰਬਾਦ ਕਰਕੇ ਹੀ ਹੈ
ਹਰਮੀਤ ਸਿੰਘ ਮਹਿਰਾਜ 98786-91567 Watts app no harmitmehraj64@gmail.co

ਹਰਮੀਤ ਸਿੰਘ ਮਹਿਰਾਜ

Exit mobile version