ਧਰਮ-ਕਰਮ ਦੀ ਗੱਲ

   ਸੋਈ ਰਾਮਦਾਸੁ ਗੁਰੁ ਬਲੁ ਭਣਿ……

    ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ —                             

                            ਸੋਈ ਰਾਮਦਾਸੁ ਗੁਰੁ ਬਲੁ ਭਣਿ……

ਜਸਵਿੰਦਰ ਸਿੰਘ ਰੁਪਾਲ

ਜਸਵਿੰਦਰ ਸਿੰਘ ਰੁਪਾਲ 9814715796

                    ਜੇ  ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਜਾਈਏ ਤਾਂ ਧੰਨ ਗੁਰੂ ਰਾਮਦਾਸ ! ਧੰਨ ਗੁਰੂ ਰਾਮਦਾਸ ! ਦੀ ਮਿੱਠੀ ਧੁਨ ਇਸ ਦੇ ਜ਼ੱਰੇ ਜ਼ੱਰੇ ਵਿੱਚੋਂ ਸੁਣਾਈ ਦਿੰਦੀ ਹੈ, ਤਾਂ ਇਸ ਧੁਨ ਦੇ ਪਿੱਛੇ ਨਜ਼ਰ ਆ ਰਹੀ  ਸ਼ਰਧਾ, ਪ੍ਰੇਮ, ਸਾਂਝ, ਸ਼ਾਂਤੀ ਅਤੇ ਵਿਸਮਾਦੀ ਅਵਸਥਾ ਤੋੰ ਬਲਿਹਾਰ ਜਾਣ ਵੇਲੇ ਇਸ ਦੈਵੀ ਸ਼ਖਸ਼ੀਅਤ ਅੱਗੇ ਝੁਕਦੇ ਹੋਏ ਸਿਰ ਵਿਚ ਗੁਰੂ ਸਾਹਿਬ ਦੇ ਜੀਵਤ ਕਾਲ ਵਿਚ ਕੀਤੇ ਹੋਏ ਪਰਉਪਕਾਰੀ ਕਾਰਜ ਅਤੇ ਉਹਨਾਂ ਦੀ ਰਸਭਿੰਨੀ ਬਾਣੀ ਨੂੰ ਯਾਦ ਕਰ ਲੈਣਾ ਹਰ ਵਿਅਕਤੀ ਦਾ ਮੁੱਢਲਾ ਫਰਜ਼ ਹੈ। ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਅਸੀਂ ਉਹਨਾਂ ਦੀਆਂ ਵਡਿਆਈਆਂ ਦਾ ਜਿਕਰ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ।

      ਗੁਰੂ ਰਾਮਦਾਸ ਜੀ ਦਾ ਜਨਮ ਪਿਤਾ ਹਰਿਦਾਸ ਜੀ ਦੇ ਘਰ ਮਾਤਾ ਦਿਆ ਕੌਰ ਜੀ ਦੀ ਕੁੱਖ ਤੋੰ ਚੂਨਾ ਮੰਡੀ,ਲਾਹੌਰ ਵਿਖੇ 24 ਸਤੰਬਰ 1534 ਈਸਵੀ ਨੂੰ ਹੋਇਆ। ਆਪ ਜੀ ਦੇ ਬਚਪਨ ਦਾ ਨਾਮ ਜੇਠਾ ਸੀ। ਆਪ ਜੀ ਦੀ ਉਮਰ ਅਜੇ 7 ਸਾਲ ਦੀ ਹੀ ਸੀ, ਜਦੋ ਪਹਿਲਾਂ ਮਾਤਾ ਜੀ ਅਤੇ ਫਿਰ ਪਿਤਾ ਜੀ ਚੜ੍ਹਾਈ ਕਰ ਗਏ। ਘਰ ਕਾਫੀ ਆਰਥਿਕ ਤੰਗੀ ਸੀ ਅਤੇ ਦਾਦਕਿਆਂ ਨੇ ਇਸ ਯਤੀਮ ਬੱਚੇ ਦੇ ਸਿਰ ਤੇ ਹੱਥ ਰੱਖਣ ਦੀ ਥਾਂ ਕਿਨਾਰਾ ਕਰਨਾ ਜਿਆਦਾ ਠੀਕ ਸਮਝਿਆ। ਆਪ ਜੀ ਦੀ ਨਾਨੀ ਆਪ ਜੀ ਨੂੰ ਪਿੰਡ ਬਾਸਰਕੇ ਲੈ ਆਈ। ਇਸ ਤਰਾਂ ਮੁੱਢਲਾ ਜੀਵਨ ਨਾਨੀ ਦੀ ਛਤਰਛਾਇਆ ਹੇਠ ਬੀਤਿਆ। ਆਪ ਇਸ ਸਮੇਂ ਘੁੰਗਣੀਆਂ ਵੇਚਿਆ ਕਰਦੇ ਸਨ। ਸ਼ੁਰੂ ਤੋੰ ਹੀ ਨਿਮਰਤਾ, ਭੋਲਾਪਣ ਅਤੇ ਉਪਕਾਰੀ ਸੁਭਾਅ ਸੀ। ਕਦੇ ਕੋਈ ਲੋੜਵੰਦ ਸਾਧੂ ਆਦਿ ਮਿਲ ਜਾਂਦਾ, ਉਸ ਨੂੰ ਘੁੰਗਣੀਆਂ ਮੁਫ਼ਤ ਹੀ ਦੇ ਆਉਂਦੇ। ਅਗਲੇ 5 ਸਾਲ ਨਾਨੀ ਕੋਲ ਹੀ ਬਿਤਾਏ।

                         ਗੁਰੂ ਅੰਗਦ ਦੇਵ ਜੀ ਦੇ ਹੁਕਮ ਅਤੇ ਭਾਈ ਗੋਂਦੇ ਦੀ ਬੇਨਤੀ ਤੇ ਗੁਰੂ ਅਮਰਦਾਸ ਜੀ ਨੇ 1546 ਈਸਵੀ ਵਿੱਚ ਗੋਇੰਦਵਾਲ ਨਗਰ ਦੀ ਸਥਾਪਨਾ ਕੀਤੀ। ਬਾਸਰਕੇ ਪਿੰਡ ਦੇ ਵੀ ਕਾਫੀ ਸਾਰੇ ਲੋਕ ਇਸ ਨਗਰ ਵਿੱਚ ਰਹਿਣ ਲਈ ਆ ਗਏ। ਭਾਈ ਜੇਠਾ ਜੀ ਵੀ ਆਪਣੀ ਨਾਨੀ ਨਾਲ ਇੱਥੇ ਆ ਕੇ ਵੱਸ ਗਏ। ਅਤੇ ਗੁਰੂ ਅਮਰਦਾਸ ਜੀ ਦੀ ਸੰਗਤ ਵਿਚ ਸੇਵਾ ਅਤੇ ਸਿਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਲੱਗੇ। ਇਕ ਦਿਨ ਗੁਰੂ ਅਮਰਦਾਸ ਜੀ ਨਾਲ ਬੀਬੀ ਭਾਨੀ ਲਈ ਵਰ ਲੱਭਣ ਦੀ ਗੱਲ ਕਰਦੇ ਹੋਏ ਮਾਤਾ ਮਾਨਸਾ ਦੇਵੀ ਨੇ ਜਦੋਂ ਸੇਵਾ ਕਰਦੇ ਹੋਏ ਭਾਈ ਜੇਠਾ ਜੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਤਰਾਂ ਦਾ ਜਵਾਨ ਹੋਵੇ। ਗੁਰੂ ਅਮਰਦਾਸ ਜੀ ਨੇ ਮੁਸਕਰਾਉਂਦਿਆ ਕਿਹਾ ਕਿ ਇਸ ਵਰਗਾ ਤਾਂ ਇਹ ਆਪ ਹੀ ਹੈ। ਅਤੇ ਇਸ ਤਰਾਂ ਭਾਈ ਜੇਠਾ ਜੀ ਨਾਲ  ਰਿਸ਼ਤਾ ਪੱਕਾ ਕਰ ਦਿੱਤਾ ਅਤੇ ਫਰਵਰੀ 1553 ਈਸਵੀ ਨੂੰ ਬੀਬੀ ਭਾਨੀ ਅਤੇ ਭਾਈ ਜੇਠਾ ਜੀ ਦਾ ਵਿਆਹ ਹੋ ਗਿਆ। ਇਸ ਸੰਜੋਗ ਤੋੰ ਪ੍ਰਿਥੀਚੰਦ, ਮਹਾਂਦੇਵ ਅਤੇ ਅਰਜਨ ਨਾਂ ਦੇ ਤਿੰਨ ਪੁੱਤਰ ਹੋਏ।

ਜਦੋ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਬਾਉਲੀ ਬਣਵਾ ਰਹੇ ਸਨ, ਤਾਂ ਉਹ ਭਾਈ ਜੇਠੇ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ। ਭਾਈ ਜੇਠਾ ਜੀ ਨੂੰ ਸ਼ਰੀਕ ਮਿਹਣੇ ਮਾਰਦੇ ਸਨ, ਕਿ ਜੁਆਈ ਹੋ ਕੇ ਸਹੁਰਿਆਂ ਦੀ ਚਾਕਰੀ ਕਰਦਾ ਹੈਂ, ਪਰ ਜੇਠਾ ਜੀ ਅਜਿਹੇ ਬੋਲਾਂ ਤੋੰ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੋਏ। ਅਤੇ ਪੂਰੀ ਨਿਮਰਤਾ ਨਾਲ ਸੇਵਾ ਜਾਰੀ ਰੱਖੀ। ਪੁਰਾਤਨ ਇਤਿਹਾਸਕ ਸਰੋਤਾਂ ਵਿੱਚ ਗੁਰੂ ਅਮਰਦਾਸ ਜੀ ਵਲੋਂ ਆਪ ਜੀ ਦੀ ਪ੍ਰੀਖਿਆ ਲਏ ਜਾਣ ਦਾ ਵੇਰਵਾ ਵੀ ਹੈ, ਜਿਸ ਅਨੁਸਾਰ ਗੁਰੂ ਜੀ ਬਾਉਲੀ ਦੀ ਸੇਵਾ ਦੀ ਨਿਗਰਾਨੀ ਕਰਨ ਲਈ ਬੈਠਣ ਵਾਸਤੇ ਥੜ੍ਹਾ ਬਨਵਾਉਣਾ ਚਾਹੁੰਦੇ ਸਨ। ਰਾਮਾ ਜੀ ਅਤੇ ਜੇਠਾ ਜੀ ਰੋਜ ਥੜ੍ਹੇ ਬਣਾਉਂਦੇ, ਪਰ ਗੁਰੂ ਅਮਰਦਾਸ ਜੀ ਨਾਪਸੰਦ ਕਰ ਕੇ ਢਾਹੁਣ ਦਾ ਹੁਕਮ ਦੇ ਦਿੰਦੇ। ਰਾਮਾ ਜੀਂ ਛੇਤੀ ਹੀ ਹੌਂਸਲਾ ਛੱਡ ਗਏ, ਪਰ ਜੇਠਾ ਜੀ ਆਖਦੇ ਸਨ,” ਪਾਤਸ਼ਾਹ ਮੁਆਫ ਕਰਨਾ। ਮੈਂ ਅਨਜਾਣ ਹਾਂ। ਤੁਸੀਂ ਦੱਸਦੇ ਵੀ ਹੋ, ਪਰ ਮੈਨੂੰ ਹੀ ਠੀਕ ਸਮਝ ਨਹੀਂ ਆ ਰਹੀ। ਕਿਹਾ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਨੇ 70 ਵਾਰ ਥੜ੍ਹਾ ਬਣਵਾਇਆ ਸੀ। ਕੁਝ ਲੇਖਕ ਇਸ ਘਟਨਾ ਨੂੰ ਗੁਰਗੱਦੀ ਦੇਣ ਦਾ ਮਾਪਦੰਡ ਮੰਨਦੇ ਹਨ। ਪਰ ਸਾਡੇ ਨਿੱਜੀ ਵਿਚਾਰ ਵਿੱਚ ਇੱਕਲੀ ਸੇਵਾ ਹੀ ਗੁਰਗੱਦੀ ਦਾ ਮਾਪਦੰਡ ਨਹੀਂ ਸੀ। ਭਾਈ ਜੇਠਾ ਜੀ ਦੀ ਗੁਰਮਤਿ ਸਿਧਾਂਤ ਦੀ ਵਾਕਫ਼ੀ ਅਤੇ ਪ੍ਰਪੱਕਤਾ , ਸ਼ਬਦ ਗੁਰੂ ਦਾ ਗਿਆਨ ਆਦਿ ਹੋਰ ਬਹੁਤ ਸਾਰੇ ਪੱਖ ਮਿਲ ਕੇ ਗੁਰਗੱਦੀ ਦਾ ਆਧਾਰ ਬਣਦੇ ਹਨ।

ਪੁਰਾਤਨ ਸਰੋਤਾਂ ਵਿੱਚ ਹੀ ਇਹ ਸਾਖੀ ਵੀ ਆਉਂਦੀ ਹੈ ਕਿ ਇਕ ਵਾਰ ਬੀਬੀ ਭਾਨੀ ਨੇ ਗੁਰੂ ਅਮਰਦਾਸ ਜੀ ਤੋੰ ਇਹ ਵਰ ਲਿਆ ਸੀ ਕਿ ਗੁਰਗੱਦੀ ਘਰ ਵਿੱਚ ਹੀ ਰਹਿਣੀ ਚਾਹੀਦੀ ਹੈ। ਪਰ ਪਹਿਲੀ ਗੱਲ ਕਿ ਗੁਰਮਤਿ ਵਰ ਅਤੇ ਸਰਾਪ ਨੂੰ ਨਹੀਂ ਮੰਨਦੀ । ਦੂਸਰੀ ਗੱਲ ਜੇ ਗੁਰਗੱਦੀ ਉਪਰੋਕਤ ਵਰ ਕਾਰਨ ਹੀ ਦਿੱਤੀ ਗਈ ਸੀ, ਫੇਰ ਥੜ੍ਹਾ ਬਣਵਾਉਣ ਦੀ ਪ੍ਰੀਖਿਆ ਕਿਉਂ ਲਈ ਗਈ ?? ਗੁਰਮਤਿ ਨੂੰ  ਗਲਤ ਧਾਰਨਾਵਾਂ ਤੋਂ ਆਜ਼ਾਦ  ਕਰਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਜਿਸ ਖਾਤਰ ਸਾਨੂੰ ਅੰਨ੍ਹੀ ਸ਼ਰਧਾ ਤੋਂ ਦੂਰ ਰਹਿ ਕੇ, ਗੁਰਬਾਣੀ ਚਿੰਤਨ ਅਨੁਸਾਰ ਫ਼ੈਸਲੇ ਕਰਨ ਲਈ ਵਡੇਰੇ ਹੌਂਸਲੇ ਦੀ ਲੋੜ ਹੈ।

 ਗੁਰੂ ਅਮਰਦਾਸ ਜੀ ਨੇ ਹਰ ਪਾਸਿਓਂ ਯੋਗ ਜਾਣ ਕੇ 1 ਸਤੰਬਰ 1574 ਈਸਵੀ ਨੂੰ ਗੁਰਮਤਿ ਸਿਧਾਂਤ ਦੇ ਪ੍ਰਚਾਰ ਦੀ ਵੱਡੀ  ਜਿੰਮੇਵਾਰੀ ਭਾਈ ਜੇਠਾ ਜੀ ਨੂੰ ਸੌਂਪ ਦਿੱਤੀ, ਅਤੇ ਇਸ ਦਿਨ ਤੋਂ ਉਹ ਗੁਰੂ ਰਾਮ ਦਾਸ ਜੀ ਕਹਿਲਾਏ । ਇਸ ਸਮੇਂ ਉਹਨਾਂ ਦੀ ਉਮਰ ਲੱਗਭੱਗ 40 ਸਾਲ ਦੇ ਕਰੀਬ ਸੀ।

 ਪਿੰਡ ਤੁੰਗ ਦੇ ਜਿੰਮੀਦਾਰਾਂ ਤੋੰ 700 ਅਕਬਰੀ ਰੁਪਏ ਦੇ ਕੇ 500 ਵਿੱਘੇ ਜਮੀਨ ਖਰੀਦੀ ਗਈ ਅਤੇ ਮੌਜੂਦਾ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਗਈ। ਇਸ ਦਾ ਪਹਿਲਾ ਨਾਮ ਚੱਕ ਰਾਮਦਾਸ ਸੀ, ਜੋ ਬਦਲ ਕੇ ਰਾਮਦਾਸਪੁਰ ਬਣਿਆ ਅਤੇ ਅੰਤ ਵਿਚ ਅੰਮ੍ਰਿਤਸਰ ਕਹਾਇਆ। ਗੁਰੂ ਜੀ ਨੇ ਵੱਖ ਵੱਖ 52 ਕਿੱਤਿਆਂ ਦੇ ਵਪਾਰੀ ਇੱਥੇ ਲਿਆ ਕੇ ਵਸਾਏ। ਪਵਿੱਤਰ ਸਰੋਵਰ ਦੀ ਖੁਦਾਈ ਵੀ 1577 ਈਸਵੀ ਵਿੱਚ ਆਰੰਭ ਹੋ ਗਈ ਸੀ।

ਗੁਰਬਾਣੀ ਦੀ ਰਚਨਾ :- ਗੁਰੂ ਰਾਮਦਾਸ ਜੀ ਰਚਿਤ ਸਾਰੀ ਦੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇਸ ਵਿਚ 56 ਦੁਪਦੇ, 2 ਪੰਚਪਦੇ, 2 ਛੇ ਪਦੇ, 12 ਪੜਤਾਲ, 38 ਛੰਦ- ਛੰਦਾਂ ਨਾਲ ਸੰਬੰਧਿਤ ਸਲੋਕ, ਇਕ ਪਹਿਰਾ, ਇਕ ਵਣਜਾਰਾ, 2 ਕਰਹਲੈ, 2 ਘੋੜੀਆਂ,2 ਸੋਲਹੇ, 30 ਸਲੋਕ ਵਾਰਾਂ ਤੇ ਵਧੀਕ ਵਿੱਚ, 105 ਵਾਰਾਂ ਨਾਲ ਸੰਬੰਧਿਤ ਸਲੋਕ । ਗੁਰੂ ਰਾਮਦਾਸ ਜੀ ਦੀਆਂ ਮੁੱਖ ਬਾਣੀਆਂ ਇਹ ਹਨ- ਵਾਰਾਂ, ਘੋੜੀਆਂ, ਲਾਵਾਂ, ਕਰਹਲੇ, ਮਾਰੂ ਸੋਲਹੇ,ਵਣਜਾਰਾ, ਛਕੇ ਛੰਤ ।

ਗੁਰੂ ਰਾਮਦਾਸ ਜੀ ਦੇ ਵਿਸ਼ੇਸ਼ ਗੁਣ:

੧.ਨਿਮਰਤਾ :- ਗੁਰੂ ਸਾਹਿਬ ਜੀ ਵਿੱਚ ਅਤਿ ਦੀ ਨਿਮਰਤਾ ਸੀ। ਇਹ ਉਹਨਾਂ ਦੇ ਜੀਵਨ ਵਿੱਚੋਂ ਵੀ ਅਤੇ ਉਹਨਾਂ ਦੀ ਬਾਣੀ ਵਿਚੋਂ ਵੀ ਪ੍ਰਤੱਖ ਦਿਖਾਈ ਦਿੰਦੀ ਹੈ। ਜਦੋਂ ਬਾਬਾ ਨਾਨਕ ਜੀ ਦੇ ਪੁੱਤਰ ਸ੍ਰੀ ਚੰਦ ਜੀ ਨੇ ਆਪ ਜੀ ਦੀ ਦਾਹੜੀ ਵੱਲ ਇਸ਼ਾਰਾ ਕਰਦੇ ਪੁੱਛਿਆ ਕਿ ਐਡਾ ਲੰਮਾ ਦਾਹੜਾ ਕਿਉਂ ਵਧਾਇਆ ਹੈ ? ਤਾਂ ਗੁਰੂ ਰਾਮਦਾਸ ਜੀ ਨੇ ਗੁੱਸਾ ਕਰਨ ਦੀ ਥਾਂ ਪੂਰੀ ਆਜਜ਼ੀ ਅਤੇ ਨਿਮਰਤਾ ਨਾਲ ਕਿਹਾ ਆਪ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾਹੜਨ ਲਈ। ਇਹ ਉਹਨਾਂ ਅੰਦਰਲੀ ਨਿਮਰਤਾ ਦਾ ਸਬੂਤ ਸੀ।

ਜਦੋਂ ਪ੍ਰਿਥੀ ਚੰਦ ਆਪ ਜੀ ਨਾਲ ਤਕਰਾਰ ਕਰਨ ਲੱਗਿਆ, ਕਿ ਗੁਰਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਤਾਂ ਵੀ ਗੁਰੂ ਸਾਹਿਬ ਨੇ ਬਹੁਤ ਹੀ ਪਿਆਰ ਨਾਲ ਉਸਨੂੰ ਸਮਝਾਇਆ ਅਤੇ ਕਿਹਾ    ..

ਕਾਹੇ ਪੂਤ ਝਗਰਤ ਹਉ ਸੰਗਿ ਬਾਪ ।।

ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ।।….(ਪੰਨਾ ੧੨੦੦, ਸਾਰਗ ਮਹਲਾ ੪ ਘਰੁ ੩ ਦੁਪਦਾ )

੨. ਪ੍ਰਬੰਧਕੀ ਗੁਣ :– ਆਪ ਜੀ ਜਿੱਥੇ ਅੰਮ੍ਰਿਤਸਰ ਸ਼ਹਿਰ ਅਤੇ ਪਵਿੱਤਰ ਸਰੋਵਰ ਦੀ ਖੁਦਾਈ ਦਾ ਕੰਮ ਆਪਣੀ ਦੇਖ ਰੇਖ ਹੇਠ ਕਰਵਾ ਰਹੇ ਸਨ, ਉੱਥੇ ਨਾਲ ਦੀ ਨਾਲ ਇਹਨਾਂ ਉਸਾਰੀ ਦੇ ਕਾਰਜਾਂ ਲਈ ਅਤੇ ਲੰਗਰ ਆਦਿ ਲਈ ਵਧੇਰੇ ਮਾਇਆ ਦੀ ਲੋੜ ਮਹਿਸੂਸ ਕੀਤੀ। ਗੁਰੂ ਅਮਰਦਾਸ ਜੀ ਵੱਲੋਂ ਚਲਾਈਆਂ ਗਈਆਂ ਮੰਜੀਆਂ ਅਤੇ ਪੀਹੜੀਆਂ ਦੇ ਸੰਚਾਲਕ ਆਪੋ ਆਪਣੇ ਪ੍ਰਚਾਰ ਖੇਤਰ ਵਿਚ ਰੁੱਝੇ ਹੋਣ ਕਰਕੇ ਮਾਇਆ ਪਹੁੰਚਾਉਣ ਵਿਚ ਲੇਟ ਹੋ ਜਾਂਦੇ ਸਨ। ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਚਲਾਈ, ਜਿਸ ਰਾਹੀਂ ਵੱਖੋ ਵੱਖਰੇ ਖੇਤਰ ਵਿੱਚ ਥਾਪੇ ਗਏ ਮਸੰਦਾਂ ਨੇ ਆਪੋ ਆਪਣੇ ਇਲਾਕੇ ਦੇ ਗੁਰਸਿੱਖਾਂ ਦੇ ਦਸਵੰਧ ਦੀ ਰਕਮ ਗੁਰੂ ਘਰ ਪਹੁੰਚਾਉਣੀ ਹੁੰਦੀ ਸੀ। ਸ਼ੁਰੂ ਵਿਚ ਇਹ ਪ੍ਰਥਾ ਬਹੁਤ ਵਧੀਆ ਰਹੀ ਪਰ ਦੇਰ ਬਾਅਦ ਮਸੰਦਾਂ ਦੇ ਕਿਰਦਾਰ ਵਿਚ ਗਿਰਾਵਟ ਆਉਂਦੀ ਗਈ।

੩.ਸਮਾਜ ਸੁਧਾਰ ਦੇ ਕਾਰਜ :- ਗੁਰੂ ਸਾਹਿਬ ਨੇ ਸਮਾਜ ਅੰਦਰ ਫੈਲੀਆਂ ਕੁਰੀਤੀਆਂ ਨੂੰ ਨਾ ਸਿਰਫ ਮਹਿਸੂਸ ਹੀ ਕੀਤਾ, ਸਗੋਂ ਉਹਨਾਂ ਵਿਰੁੱਧ ਆਵਾਜ਼ ਵੀ ਉਠਾਈ ਅਤੇ ਉਹਨਾਂ ਨੂੰ ਦੂਰ ਕਰਨ ਵਿਚ ਆਪਣਾ ਬਣਦਾ ਯੋਗਦਾਨ ਵੀ ਪਾਇਆ। ਸਤੀ ਪ੍ਰਥਾ ਦਾ ਵਿਰੋਧ, ਵਿਧਵਾ ਵਿਆਹ ਨੂੰ ਪ੍ਰੋਤਸ਼ਾਹਨ ਆਦਿ ਕਾਰਜ ਵੀ ਕਰਦੇ ਰਹੇ।

੪.ਸਿੱਖ ਜੀਵਨ ਜਾਚ :- ਅਜੋਕੇ ਸਮੇਂ ਜਿਸ ਨੂੰ ਸਿੱਖ ਰਹਿਤ ਮਰਯਾਦਾ ਕਹਿ ਦਿੰਦੇ ਹਾਂ, ਇਸ ਦਾ ਮੁੱਢ ਗੁਰੂ ਰਾਮਦਾਸ ਜੀ ਨੇ ਬੱਝਾ। ਇਕ ਸਿੱਖ ਦੀ ਰਹਿਣੀ ਕਿਸ ਤਰਾਂ ਦੀ ਹੋਵੇ, ਪੂਰੇ ਵਿਸਥਾਰ ਵਿਚ ਬਿਆਨ ਕੀਤਾ। ਅੰਮ੍ਰਿਤ ਵੇਲੇ ਉਠ ਕੇ ਪ੍ਰਭੂ ਦਾ ਨਾਮ ਜਪਣਾ, ਗੁਰਬਾਣੀ ਅਧਿਐਨ ਕਰਨਾ, ਧਰਮ ਦੀ ਕਿਰਤ ਕਰਨੀ ਆਦਿ ਰਹਿਤ ਦੱਸੀ।

ਗੁਰ ਸਤਿਗੁਰ ਕਾ ਜੋ ਸਿਖੁ  ਅਖਾਏ ਸੁ ਭਲਕੇ ਉਠ ਹਰਿ ਨਾਮੁ ਧਿਆਵੈ।।

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ।।

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ।।

ਫਿਰਿ   ਚੜੇ  ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ।।…..(ਪੰਨਾ ੩੦੫, ਮ :੪)

ਆਪ ਜੀ ਨੇ ਸੂਹੀ ਰਾਗੁ ਵਿੱਚ ਲਾਵਾਂ ਦੀ ਬਾਣੀ ਉਚਾਰਨ ਕਰ ਕੇ ਗ੍ਰਹਿਸਥੀ ਜੀਵਨ ਦੇ ਪਤੀ ਪਤਨੀ ਦੇ ਮਿਲਾਪ ਅਤੇ ਪਿਆਰ ਦੇ ਪ੍ਰਤੀਕ ਵਰਤ ਕੇ ਅਕਾਲ ਪੁਰਖ ਨਾਲ ਮਿਲਾਪ ਦੀਆਂ ਚਾਰ ਅਵਸਥਾਵਾਂ ਦਾ ਬਿਆਨ ਕੀਤਾ।

੫.ਦ੍ਰਿੜ੍ਹਤਾ :- ਅਕਬਰ ਦੇ ਦਰਬਾਰ ਵਿਚ ਜਾਤ ਅਭਿਮਾਨੀਆਂ ਦੁਆਰਾ ਸ਼ਿਕਾਇਤ ਕੀਤੀ ਗਈ ਕਿ ਗੁਰੂ ਘਰ ਵਿਚ ਪੰਡਤਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਅਤੇ ਨੀਵੀਂ ਜਾਤ ਵਾਲਿਆਂ ਤੋਂ ਪਰਹੇਜ਼ ਨਹੀਂ ਕੀਤਾ ਜਾਂਦਾ। ਗੁਰੂ ਰਾਮਦਾਸ ਜੀ ਨੇ ਗੁਰਮਤਿ ਦੇ ਸਮਦ੍ਰਿਸ਼ਟੀ ਦੇ ਸਿਧਾਂਤ ਨੂੰ ਏਨੀ ਖੂਬਸੂਰਤੀ ਅਤੇ ਦਲੀਲਾਂ ਨਾਲ ਅਕਬਰ ਸਾਹਮਣੇ ਪੇਸ਼ ਕੀਤਾ ਕਿ ਉਹ ਆਪ ਜੀ ਦੀਆਂ ਦਲੀਲਾਂ ਦਾ ਕਾਇਲ ਹੋ ਗਿਆ ਅਤੇ ਸ਼ਿਕਾਇਤਨਾਮਾ ਖਾਰਜ ਕਰ ਦਿੱਤਾ।

ਜਦੋਂ ਗੁਰੂ ਅਮਰਦਾਸ ਜੀ ਯਾਤਰਾ ਤੇ ਗਏ ਤਾਂ ਉਹਨਾਂ ਯਾਤਰੀ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਟੈਕਸ ਹਿੰਦੂ, ਮੁਸਲਮਾਨਾਂ ਵਿੱਚ ਭਿੰਨ ਭੇਦ ਕਰਕੇ ਨਫਰਤ ਦਾ ਕਾਰਨ ਬਣਦਾ ਸੀ। ਅਕਬਰ ਦੇ ਦਰਬਾਰ ਵਿਚ ਸ਼ਿਕਾਇਤ ਹੋਣ ਤੇ ਗੁਰੂ ਅਮਰਦਾਸ ਜੀ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਗਿਆ, ਤਾਂ ਉਹਨਾਂ ਰਾਮ ਦਾਸ ਜੀ ਨੂੰ ਸਪਸ਼ਟੀਕਰਨ ਦੇਣ ਅਤੇ ਗੁਰਮਤਿ ਸਿਧਾਂਤ ਸਮਝਾਉਣ ਲਈ ਭੇਜਿਆ ਗਿਆ। ਰਾਮਦਾਸ ਜੀ ਨੇ ਗੁਰਮਤਿ ਸਿਧਾਂਤ ਏਨੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਅਕਬਰ ਦੀ ਤਸੱਲੀ ਹੋ ਗਈ ਅਤੇ  ਉਸਨੇ ਯਾਤਰੀ ਟੈਕਸ ਮੁਆਫ ਕਰ ਦਿੱਤਾ।

੬ ਸੇਵਾ ਸਿਮਰਨ ਦਾ ਉਪਦੇਸ਼ :- ਗੁਰੂ ਰਾਮਦਾਸ ਜੀ ਨੇ ਆਪਣੇ ਜੀਵਨ ਅਤੇ ਆਪਣੀ ਬਾਣੀ ਰਾਹੀਂ ਸਿੱਖੀ ਦੇ ਥੰਮ੍ਹ ਕਰਕੇ ਜਾਣੇ ਜਾਂਦੇ ਸਿਧਾਂਤ ਸੇਵਾ ਅਤੇ ਸਿਮਰਨ ਦਾ ਉਪਦੇਸ਼ ਆਪਣੇ ਸਿੱਖਾਂ ਨੂੰ ਦਿੱਤਾ। ਗੁਰ ਫੁਰਮਾਨ ਦੇਖੀਏ–

                                      ਰਾਮ ਮੋ ਕਉ ਹਰਿ ਜਨ ਕਾਰੈ ਲਾਈਐ ।।

ਹਉ ਪਾਣੀ ਪਖਾ ਪੀਸਉਂ ਸੰਤ ਆਗੈ ਪਗ ਮਲਿ ਮਲਿ ਧੂਰਿ ਮੁਖਿ ਲਾਈਐ ।।………(ਪੰਨਾ ੮੮੧, ਰਾਮਕਲੀ ਮਹਲਾ ੪)

ਆਪ ਜੀ ਦਾ ਵਿਸ਼ਵਾਸ ਹੈ ਕਿ ਸੇਵਾ ਕਰਦਿਆਂ ਇੱਕ ਰੱਤੀ ਭਰ ਵੀ ਹਉਮੈ ਨਹੀਂ ਆਉਣੀ ਚਾਹੀਦੀ। ਕਿਉਂਕਿ ਅਜਿਹੀ ਸੇਵਾ ਥਾਇ ਨਹੀਂ ਪੈਂਦੀ।

ਵਿਚਿ ਹਉਮੈ ਸੇਵਾ ਥਾਇ ਨ ਪਾਇ।।

ਜੰਮੀ ਮਰੈ ਫਿਰਿ ਆਵੈ ਜਾਇ ।।..(ਪੰਨਾ੧੦੭੧, ਮਾਰੂ ਮਹਲਾ ੪)

੭ ਬੇਪਰਵਾਹੀ ਅਤੇ ਪਰਉਪਕਾਰ :- ਆਪ ਜੀ ਦਾ ਮਨ ਦੁਨਿਆਵੀ ਵਸਤਾਂ ਦੇ ਮੋਹ ਤੋਂ ਕਿੰਨਾ ਉੱਚਾ ਸੀ, ਕੁਝ ਉਦਾਹਰਣਾਂ ਦੇਖਦੇ ਹਾਂ–

-ਸੇਠ ਜਗਤ ਰਾਮ ਨੇ ਆਪ ਜੀ ਨੂੰ ਇਕ ਕੈਂਠਾ ਦਿੱਤਾ ਜੋ ਆਪ ਜੀ ਨੇ ਉਸੇ ਸਮੇਂ ਇਕ ਲੋੜਵੰਦ ਨੂੰ ਦੇ ਦਿੱਤਾ। ਇੱਕ ਵਾਰੀ ਇੱਕ ਮਾਈ ਨੇ ਆਪ ਜੀ ਨੂੰ ਇਕ ਮੋਤੀਆਂ ਦੀ ਮਾਲਾ ਦਿੱਤੀ,ਜੋ ਆਪ ਜੀ ਨੇ ਰਸਤੇ ਵਿਚ ਬੈਠੇ ਇਕ ਮਲੰਗ ਨੂੰ ਦੇ ਦਿੱਤੀ। ਅਕਬਰ ਰਾਜੇ ਨੇ ਵੀ ਮੋਹਰਾਂ ਦੇਣ ਦੀ ਕੋਸ਼ਿਸ਼ ਕੀਤੀ ਪਰ ਆਪ ਜੀ ਨੇ ਦ੍ਰਿੜਤਾ ਨਾਲ ਇਨਕਾਰ ਕਰ ਦਿੱਤਾ ਸੀ ।

੮.ਬਾਣੀ ਦਾ ਪ੍ਰਧਾਨ ਰਸ ਸ਼ਾਂਤ ਰਸ :– ਪ੍ਰੇਮ ਬੈਰਾਗ ਅਤੇ ਸ਼ਾਂਤੀ ਆਪ ਜੀ ਦੀ ਬਾਣੀ ਵਿਚ ਪ੍ਰਮੁੱਖ ਸਥਾਨ ਗ੍ਰਹਿਣ ਕਰਦੇ ਹਨ।  ਸ਼ਬਦ ਗੁਰੂ ਨੂੰ ਵਡਿਆਈ ਦਿੰਦੇ ਹੋਏ ਆਪ ਜੀ ਪ੍ਰੇਮ ਰਾਹੀਂ ਪ੍ਰਭੂ ਨੂੰ ਮਿਲਣ ਦਾ ਰਸਤਾ ਦੱਸਦੇ ਹਨ ਅਤੇ ਉਸਦੀ ਖਲਕਤ ਨਾਲ ਪਿਆਰ ਨਾਲ ਰਹਿਣ ਦੀ ਤਾਕੀਦ ਕਰਦੇ ਹਨ। ਆਪ ਜੀ ਦੀਆਂ ਮੁੱਖ ਬਾਣੀਆਂ ਹਨ– 8 ਰਾਗਾਂ ਵਿਚ ਲਿਖੀਆਂ ਵਾਰਾਂ – ਸਿਰੀ, ਗਉੜੀ, ਵਡਹੰਸ, ਬਿਲਾਵਲੁ, ਬਿਹਾਗੜਾ, ਸੋਰਠਿ,ਸਾਰੰਗ ਅਤੇ ਕਾਨੜਾ ਰਾਗੁ ਵਿਚ ਆਪ ਜੀ ਨੇ ਅਧਿਆਤਮਕ ਵਾਰਾਂ ਲਿਖੀਆਂ ਹਨ। ਇਸ ਤੋਂ ਬਿਨਾਂ ਪੰਜਾਬੀ ਲੋਕਧਾਰਾ ਨੂੰ ਮੁੱਖ ਰੱਖ ਕੇ ਉਚਾਰੀਆਂ ਬਾਣੀਆਂ ਘੋੜੀਆਂ, ਲਾਵਾਂ , ਕਰਹਲੇ, ਮਾਰੂ ਸੋਲਹੇ , ਪਹਿਰੇ, ਅਤੇ ਵਣਜਾਰਾ  ਬਾਣੀਆਂ ਹਨ। ਆਪ ਜੀ ਦੀ ਬਾਣੀ ਸਰਲ ਬੋਲੀ ਅਤੇ ਰਵਾਨੀ ਵਿਚ ਹੋਣ ਕਾਰਨ ਆਮ ਲੋਕਾਂ ਦੀ ਜ਼ਬਾਨ ਤੇ ਬਹੁਤ ਜਲਦੀ ਚੜ੍ਹ ਜਾਂਦੀ ਹੈ। ਆਪ ਜੀ ਦੀਆਂ ਲਿਖੀਆਂ ਹੇਠ ਲਿਖੀਆਂ ਪੰਕਤੀਆਂ ਹਰ ਗੁਰਸਿੱਖ ਨੂੰ ਯਾਦ ਹਨ–

* ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ।।

ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ।।…….(ਪੰਨਾ ੯੧, ਪਉੜੀ )

* ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ  ਸਾਰੇ ।।

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ।।….(ਪੰਨਾ ੯੮੨, ਨਟ ਮਹਲਾ ੪)

* ਗੁਰ ਸਤਿਗੁਰ  ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ  ।।

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ।।…..(ਪੰਨਾ ੩੦੫, ਮ : ੪)

* ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ।।

ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ।।……(ਪੰਨਾ ੪੪੮, ਆਸਾ ਮਹਲਾ ੪ ਛੰਤ ਘਰੁ ੪)

* ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ।।

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ।।……(ਪੰਨਾ ੧੬੭,ਗਉੜੀ ਬੈਰਾਗਣਿ ਮਹਲਾ ੪)

              ਅੰਤ ਵਿਚ ਆਪ ਜੀ ਨੇ ਆਪਣੇ ਛੋਟੇ ਪੁੱਤਰ ਅਰਜਨ ਨੂੰ ਹਰ ਪਾਸਿਓਂ ਯੋਗ ਜਾਣ ਕੇ ਉਸਨੂੰ ਗੁਰਗੱਦੀ ਦਿੱਤੀ। ਅਤੇ ਆਪ ਜੀ 1 ਸਤੰਬਰ 1581 ਈਸਵੀ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਕੇ ਜੋਤੀ ਜੋਤ ਸਮਾ ਗਏ।

ਭੱਟ ਬੱਲ ਜੀਂ ਆਪਣੇ ਸਵਈਏ ਵਿਚ ਆਪ ਜੀ ਦੀ ਉਸਤਤ ਕਰਦੇ ਹੋਏ ਲਿਖਦੇ ਹਨ—-

ਸੋਈ ਰਾਮਦਾਸੁ ਗੁਰੁ ਬਲ੍ਹ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ।।….(ਪੰਨਾ ੧੪੦੫, ਸਵਈਏ ਮਹਲੇ ਚਉਥੇ ਕੇ ੪ )

Show More

Related Articles

Leave a Reply

Your email address will not be published. Required fields are marked *

Back to top button
Translate »