ਸੋਸ਼ਲ ਮੀਡੀਆ ਲੜਾਈ ਦੀ ਜੜ੍ਹ…..!

ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਸਮਾਜਕ ਤਸਵੀਰ ਨੂੰ ਬਦਲ ਦਿੱਤਾ ਹੈ। ਇਹ ਪਲੇਟਫਾਰਮਾਂ ਬੇਹੱਦ ਲੋਕਪ੍ਰਿਅ ਹਨ ਅਤੇ ਦੁਨਿਆ ਭਰ ਵਿੱਚ ਬਿਲੀਅਨ ਲੋਕਾਂ ਦੁਆਰਾ ਵਰਤੇ ਜਾਂਦੇ ਹਨ। ਪਰ ਜਿਵੇਂ-ਜਿਵੇਂ ਇਨ੍ਹਾਂ ਦੀ ਲੋਕਪ੍ਰਿਅਤਾ ਵਧ ਰਹੀ ਹੈ, ਉਸੇ ਤਰ੍ਹਾਂ ਇਹਨਾਂ ਦੇ ਨਕਾਰਾਤਮਕ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ। ਇੱਕ ਮੁੱਖ ਨਕਾਰਾਤਮਕ ਪ੍ਰਭਾਵ ਬਹਿਸ ਅਤੇ ਲੜਾਈ ਦੀ ਵਾਧੂ ਉਪਜ ਹੈ। ਸੋਸ਼ਲ ਮੀਡੀਆ ਨੇ ਲੋਕਾਂ ਨੂੰ ਆਪਣੀ ਰਾਏ ਪ੍ਰਗਟ ਕਰਨ ਲਈ ਇਕ ਅਸਾਨ ਪਲੇਟਫਾਰਮ ਦਿੱਤਾ ਹੈ, ਪਰ ਇਸ ਨਾਲ ਹੀ ਇਹ ਬਹੁਤ ਸਾਰੀਆਂ ਸਮਾਜਕ ਮੁਸੀਬਤਾਂ ਦਾ ਕਾਰਨ ਵੀ ਬਣ ਰਿਹਾ ਹੈ।
ਸੋਸ਼ਲ ਮੀਡੀਆ ਦੀ ਅਸਾਨ ਪਹੁੰਚ ਅਤੇ ਵਰਤੋਂ ਦੇ ਕਾਰਨ, ਹਰ ਕੋਈ ਬਿਨਾਂ ਕਿਸੇ ਰੋਕ ਟੋਕ ਦੇ ਆਪਣੀ ਰਾਏ ਪ੍ਰਗਟ ਕਰ ਸਕਦਾ ਹੈ। ਪਰ
ਅਕਸਰ ਇਹ ਰਾਏ ਤਰਕਸੰਗਤ ਨਹੀਂ ਹੁੰਦੀਆਂ ਅਤੇ ਨਿਜੀ ਦ੍ਰਿਸ਼ਟਿਕੋਣ ਤੇ ਅਧਾਰਿਤ ਹੁੰਦੀਆਂ ਹਨ। ਬਹੁਤ ਵਾਰ ਲੋਕ ਬਿਨਾਂ ਕਿਸੇ ਠੋਸ ਤੱਥ ਦੇ
ਬਿਨਾਂ ਹੀ ਦੂਸਰਿਆਂ ਦੇ ਵਿਚਾਰਾਂ ਅਤੇ ਰਾਏਆਂ ਨੂੰ ਚੁਣੌਤੀ ਦੇਣ ਲਗ ਪੈਂਦੇ ਹਨ। ਇਸ ਨਾਲ ਬਹਿਸ ਦੀ ਸਥਿਤੀ ਪੈਦਾ ਹੁੰਦੀ ਹੈ ਜੋ ਅਕਸਰ ਲੜਾਈ ਦਾ ਰੂਪ ਧਾਰ ਲੈਂਦੀ ਹੈ। ਇਸ ਵਿਚਾਰਧਾਰਾ ਦੇ ਟਕਰਾਅ ਦੇ ਕਾਰਨ ਲੋਕਾਂ ਵਿਚ ਕੁੜੱਤਣ ਅਤੇ ਗੁੱਸਾ ਪੈਦਾ ਹੁੰਦਾ ਹੈ, ਜੋ ਸਮਾਜਕ ਸਾਂਝ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਈ ਵਾਰ ਨੁਕਸਾਨ ਇੰਨਾ ਜਿਆਦਾ ਹੋਣ ਦੀ ਸਥਿਤੀ ਬਣ ਜਾਂਦੀ ਹੈ,ਜਿਸ ਵਿੱਚ ਇਨਸਾਨੀ ਜਾਨ-ਮਾਲ ਤੱਕ ਦੀ ਹਾਣੀ ਹੋ ਜਾਂਦੀ ਹੈ।
ਇਹਨਾਂ ਪਲੇਟਫਾਰਮਾਂ ਦੀ ਬਣਤਰ ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਆਪਣੀ ਰਾਏ ਪ੍ਰਗਟ ਕਰਨ ਦੀ ਆਜ਼ਾਦੀ ਦਿੰਦੀ ਹੈ। ਬਹੁਤ ਵਾਰ ਲੋਕ ਨਫਰਤ
ਪਸੰਦ ਸਮੱਗਰੀ, ਜਾਤੀਵਾਦੀ ਟਿੱਪਣੀਆਂ, ਅਤੇ ਦੁਰਵਿਵਹਾਰ ਵਾਲੇ ਕਮੈਂਟ ਕਰਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਸਨਾਖ਼ਤ
ਨਹੀਂ ਹੋਵੇਗੀ ਜਾਂ ਬਹੁਤ ਹੀ ਮੁਸ਼ਕਿਲ ਨਾਲ ਹੋਵੇਗੀ। ਇਸ ਨਾਲ ਗੱਲਬਾਤ ਦਾ ਮਾਹੌਲ ਬੇਹੱਦ ਨਕਾਰਾਤਮਕ ਹੋ ਜਾਂਦਾ ਹੈ ਅਤੇ ਇਸ ਨਾਲ
ਕੁੜੱਤਣ ਵਧਦੀ ਹੈ। ਜਦੋਂ ਲੋਕ ਇੱਕ ਦੂਸਰੇ ਨੂੰ ਸਿੱਧੇ ਤੌਰ ‘ਤੇ ਨਹੀਂ ਜਾਣਦੇ, ਤਾਂ ਉਹ ਜ਼ਿਆਦਾ ਆਸਾਨੀ ਨਾਲ ਨਫਰਤ ਫੈਲਾ ਸਕਦੇ ਹਨ ਅਤੇ
ਸਮਾਜਿਕ ਵਿਭਾਜਨ ਪੈਦਾ ਕਰ ਸਕਦੇ ਹਨ। ਇਸ ਦੇ ਨਾਲ ਹੀ, ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਬਣਤਰ ਸੰਰਚਨਾ ਅਕਸਰ ਅਜਿਹੇ ਸਮੱਗਰੀ ਨੂੰ ਵਧਾਵਾ ਦਿੰਦੀ ਹੈ ਜੋ ਵਾਇਰਲ ਹੋ ਸਕਦੀ ਹੈ, ਭਾਵੇਂ ਉਹ ਸਮੱਗਰੀ ਨਕਾਰਾਤਮਕ ਹੀ ਕਿਉਂ ਨਾ ਹੋਵੇ। ਇਹ ਬਹਿਸਾਂ ਅਤੇ ਲੜਾਈਆਂ ਨੂੰ ਹੋਰ ਵਧਾਉਂਦੀ ਹੈ ਅਤੇ ਸਮਾਜਕ ਕੁੜੱਤਣ ਨੂੰ ਵਧਾਵਾ ਦਿੰਦੀ ਹੈ।
ਇਹ ਵੀ ਦੇਖਿਆ ਗਿਆ ਹੈ ਕਿ ਸੋਸ਼ਲ ਮੀਡੀਆ ਉੱਤੇ ਅਕਸਰ ਅਧੂਰੀ ਜਾਣਕਾਰੀ ਅਤੇ ਫੇਕ ਨਿਊਜ਼ ਫੈਲਾਈ ਜਾਂਦੀ ਹੈ। ਇਹ ਅਧੂਰੀ ਜਾਣਕਾਰੀ ਲੋਕਾਂ ਵਿਚ ਭਰਮ ਅਤੇ ਗਲਤਫਹਮੀਆਂ ਪੈਦਾ ਕਰਦੀ ਹੈ, ਜਿਸ ਨਾਲ ਉਹਨਾ ਵਿੱਚ ਕੁੜੱਤਣ ਪੈਦਾ ਹੁੰਦੀ ਹੈ। ਜਦੋਂ ਲੋਕ ਗਲਤ ਜਾਣਕਾਰੀ ‘ਤੇ ਵਿਸ਼ਵਾਸ ਕਰਦੇ ਹਨ ਅਤੇ ਉਸ ਅਧਾਰ ‘ਤੇ ਕਮੈਂਟ ਜਾਂ ਪੋਸਟ ਕਰਦੇ ਹਨ, ਤਾਂ ਇਸ ਨਾਲ ਬਹਿਸ ਦੀ ਸਥਿਤੀ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ, ਬਹੁਤ ਵਾਰ ਲੋਕ ਜਾਣ ਬੁੱਝ ਕੇ ਅਧੂਰੀ ਜਾਣਕਾਰੀ ਫੈਲਾਉਂਦੇ ਹਨ ਤਾਂ ਜੋ ਸਮਾਜ ਵਿਚ ਵਿਭਾਜਨ ਪੈਦਾ ਕੀਤਾ ਜਾ ਸਕੇ। ਇਹਨਾਂ ਸਭ ਚੀਜ਼ਾਂ ਨਾਲ ਲੜਾਈ ਅਤੇ ਕੁੜੱਤਣ ਦਾ ਮਾਹੌਲ ਬਣਦਾ ਹੈ, ਜੋ ਸਮਾਜਕ ਸਾਂਝ ਨੂੰ ਖਤਰੇ ਵਿੱਚ ਪਾ ਸਕਦਾ ਹੈ।

ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਨਾਲ ਲੋਕਾਂ ਵਿੱਚ ਇੱਕ ਦੂਸਰੇ ਨਾਲ ਮੁਕਾਬਲਾ ਕਰਨ ਦੀ ਭਾਵਨਾ ਵਧਦੀ ਹੈ। ਹਰ
ਕੋਈ ਆਪਣਾ ਆਪ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਬਹੁਤ ਵਾਰ ਇਹ ਸਾਬਿਤ ਕਰਨ ਦੀ ਕੋਸ਼ਿਸ਼ ਦੂਸਰਿਆਂ ਦੀ ਨਿੰਦਕਤਾ ਅਤੇ
ਅਨਾਦਰ ਵਿੱਚ ਬਦਲ ਜਾਂਦੀ ਹੈ। ਲੋਕ ਅਕਸਰ ਆਪਣੀਆਂ ਪ੍ਰਾਪਤੀਆਂ, ਦੌਲਤ, ਸੁੰਦਰਤਾ ਅਤੇ ਹੋਰ ਬੇਹੁਦਾ ਕਰਤੂਤਾਂ ਨੂੰ ਦਿਖਾਉਣ ਦੀ ਕੋਸ਼ਿਸ਼
ਕਰਦੇ ਹਨ, ਜਿਸ ਨਾਲ ਦੂਸਰਿਆਂ ਵਿੱਚ ਹਿੰਸਾ ਅਤੇ ਕੁੜੱਤਣ ਪੈਦਾ ਹੁੰਦੀ ਹੈ। ਇਸ ਨਾਲ ਸਮਾਜ ਵਿੱਚ ਲੜਾਈ ਅਤੇ ਵਿਭਾਜਨ ਦੀ ਸਥਿਤੀ ਪੈਦਾ ਹੁੰਦੀ ਹੈ।
ਸੋਸ਼ਲ ਮੀਡੀਆ ਦੀ ਇਸ ਸਥਿਤੀ ਨੂੰ ਬਦਲਣ ਲਈ ਸਾਨੂੰ ਸਮੂਹਿਕ ਰੂਪ ਵਿੱਚ ਜ਼ਿੰਮੇਵਾਰ ਵਿਹਾਰ ਅਪਣਾਉਣ ਦੀ ਲੋੜ ਹੈ। ਸਾਨੂੰ ਯਕੀਨੀ
ਬਣਾਉਣਾ ਚਾਹੀਦਾ ਹੈ ਕਿ ਅਸੀਂ ਸੋਸ਼ਲ ਮੀਡੀਆ ‘ਤੇ ਸਾਰੀਆਂ ਰਾਏਆਂ ਦਾ ਸਨਮਾਨ ਕਰਦੇ ਹਾਂ ਅਤੇ ਅਪਸ਼ਬਦਾਂ ਜਾਂ ਨਫਰਤ ਫੈਲਾਉਣ ਵਾਲੇ
ਕਮੈਂਟਾਂ ਤੋਂ ਬਚਦੇ ਹਾਂ। ਇਸਦੇ ਨਾਲ ਹੀ, ਸਾਨੂੰ ਅਧੂਰੀ ਜਾਣਕਾਰੀ ਅਤੇ ਫੇਕ ਨਿਊਜ਼ ਦੀ ਪਛਾਣ ਕਰਨ ਅਤੇ ਉਸਨੂੰ ਰੋਕਣ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਸੋਸ਼ਲ ਮੀਡੀਆ ਕੰਪਨੀਆਂ ਨੂੰ ਵੀ ਆਪਣੀ ਬਣਤਰ ਸੰਰਚਨਾ ਨੂੰ ਇਸ ਤਰੀਕੇ ਨਾਲ ਤਬਦੀਲ ਕਰਨ ਦੀ ਲੋੜ ਹੈ ਕਿ ਉਹ
ਨਕਾਰਾਤਮਕ ਸਮੱਗਰੀ ਨੂੰ ਵਧਾਵਾ ਨਾ ਦੇਣ।
ਆਖਿਰ ਵਿੱਚ, ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਜਿੱਥੇ ਇੱਕ ਪਾਸੇ ਲੋਕਾਂ ਨੂੰ ਇੱਕ ਦੂਸਰੇ ਨਾਲ ਜੁੜਨ ਦਾ ਮੌਕਾ ਦਿੱਤਾ ਹੈ, ਉਥੇ ਹੀ ਇਹਨਾਂ ਨੇ
ਸਮਾਜਕ ਕੁੜੱਤਣ ਅਤੇ ਲੜਾਈ ਦੀਆਂ ਸਥਿਤੀਆਂ ਨੂੰ ਵੀ ਵਧਾਇਆ ਹੈ। ਸਾਨੂੰ ਇਸ ਨੂੰ ਸਮਝਦਾਰੀ ਅਤੇ ਜ਼ਿੰਮੇਵਾਰੀ ਨਾਲ ਵਰਤਣ ਦੀ ਲੋੜ ਹੈ
ਤਾਂ ਜੋ ਅਸੀਂ ਇਸ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚ ਸਕੀਏ ਅਤੇ ਇਕ ਸਾਂਝੇ ਤੇ ਸਮਰੱਥ ਸਮਾਜ ਦੀ ਰਚਨਾ ਕਰ ਸਕੀਏ।

liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਕੰਪਿਊਟਰ ਅਧਿਆਪਕ
ਸ.ਸ.ਸ.ਸ. ਗਰਦਲੇ,ਰੂਪਨਗਰ

Exit mobile version