ਬਠਿੰਡਾ , ( ਸੱਤਪਾਲ ਮਾਨ ) : – ਸਮਾਂ ਬੜੀ ਤੇਜੀ ਨਾਲ ਬਦਲ ਰਿਹਾ ਹੈ। ਸਮੇਂ ਦੇ ਨਾਲ – ਨਾਲ ਇਨਸਾਨ ਦੀ ਸੋਚ ਵਿੱਚ ਵੀ ਕਾਫੀ ਨਿਖਾਰ ਆ ਗਿਆ ਹੈ। ਅਜੋਕੇ ਮਰਦ ਪ੍ਰਧਾਨ ਸਮਾਜ ਵਿੱਚ ਅੱਜ ਦੀ ਔਰਤ ਬੜੇ ਹੀ ਹੌਸਲੇ ਅਤੇ ਮਿਹਨਤ ਸਦਕਾ ਮਰਦ ਦੇ ਬਰਾਬਰ ਆ ਖੜੀ ਹੋਈ ਹੈ। ਕਈ ਖੇਤਰਾਂ ਵਿੱਚ ਤਾਂ ਇਸਨੇ ਹੈਰਾਨੀਜਨਕ ਪ੍ਰਾਪਤੀਆਂ ਕੀਤੀਆਂ ਹਨ।

ਜੇਕਰ ਸੰਗੀਤ ਦੀ ਦੁਨੀਆਂ ਬਾਰੇ ਗੱਲ ਕਰੀਏ ਤਾਂ ਸੰਗੀਤ ਦੀ ਦੁਨੀਆਂ ਵਿੱਚ ਪੈਰ ਰੱਖਣ ਲਈ ਲੜਕੀਆਂ ਨੂੰ ਅਨੇਕਾਂ ਸਮਾਜਿਕ ਸਮੱਸਿਆਵਾਂ ਤੋਂ ਇਲਾਵਾ ਕਈ ਵਾਰ ਘਰੇਲੂ ਵਾਦ – ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਉਹਨਾਂ ਲਈ ਆਪਣੀ ਇਸ ਮੰਜਿਲ ਤੇ ਪੁੱਜਣ ਲਈ ਨੰਗੇ ਪੈਰੀਂ ਕੰਡਿਆਂ ਦੇ ਰਾਹ ਤੇ ਤੁਰਨ ਬਰਾਬਰ ਹੁੰਦਾ ਹੈ। ਬਹੁਤੀਆਂ ਲੜਕੀਆਂ ਇਸ ਰਸਤੇ ਤੇ ਤੁਰਨ ਤੋਂ ਥਿਰਕ ਜਾਂਦੀਆਂ ਹਨ ਅਤੇ ਕੁੱਝ ਆਪਣੀ ਮਿਹਨਤ ਤੇ ਲਗਨ ਨਾਲ ਇਸ ਕਠਿਨਾਈਆਂ ਭਰੇ ਰਸਤੇ ਨੂੰ ਬੇਪਰਵਾਹ ਅਤੇ ਦ੍ਰਿੜ ਇਰਾਦੇ ਨਾਲ ਤਹਿ ਕਰਦੀਆਂ – ਕਰਦੀਆਂ ਆਪਣੀ ਮੰਜਿਲ ਦੇ ਕਰੀਬ ਪੁੱਜ ਜਾਂਦੀਆਂ ਹਨ। ਅਜਿਹੇ ਹੀ ਸੰਘਰਸ਼ਸ਼ੀਲ ਚਿਹਰਿਆਂ ਵਿੱਚ ਇੱਕ ਨਾਉਂ ਆਉਂਦਾ ਹੈ ਸੰਗਰੂਰ ਸ਼ਹਿਰ ਦੀ ਰਹਿਣ ਵਾਲੀ ਗਾਇਕਾ ਬਿੰਦੂ ਸਿੱਧੂ ਦਾ। ਅਸਲ ਕਿੱਤੇ ਪੱਖੋਂ ਉਹ ਬੂਟੀਕ ਦਾ ਕੰਮ ਕਰਦੀ ਹੈ , ਪਰ ਗਾਇਕੀ ਦਾ ਸ਼ੌਕ ਉਸਨੂੰ ਮੁੱਢੋਂ ਹੀ ਰਿਹਾ ਅਤੇ ਸ਼ੁਰੂਆਤ ਵਿੱਚ ਉਸਨੇ ਧਾਰਮਿਕ ਗੀਤ ਅਤੇ ਮਾਤਾ ਦੀਆਂ ਭੇਟਾਂ ਗਾਉਣ ਤੋਂ ਕੀਤੀ। ਲੰਮੇ – ਲੰਝੇ ਕੱਦ , ਗੋਰਾ ਨਿਛੋਹ ਰੰਗ ਅਤੇ ਹੱਸੂ – ਹੱਸੂ ਕਰਦੇ ਚਿਹਰੇ ਦੀ ਮਾਲਕ ਬਿੰਦੂ ਸਿੱਧੂ ਨੇ ਹੁਣ ਪੰਜਾਬੀ ਗੀਤ ਗਾਉਣ ਵਿੱਚ ਵੀ ਆਪਣੀ ਕਿਸਮਤ ਅਜਮਾਉਂਣੀ ਸ਼ੁਰੂ ਕੀਤੀ ਹੈ। ਬਿੰਦੂ ਸਿੱਧੂ ਦੀਆਂ ਹੁਣ ਤੱਕ ” ਖਾਲੀ ਦਰ ਤੋਂ ਮੋੜੀ ਨਾ ” , ” ਮੇਰੀਏ ਨੀ ਮਾਏ ” , “ਗੋਰਾਂ ਤੇਰਾ ਲਾੜਾ ” ਤੋਂ ਇਲਾਵਾ ਪੰਜਾਬੀ ਗੀਤ ” ਮਾਹੀ ” ਅਤੇ ” ਬਲੈਕ ਔਡੀ ” ਰਿਲੀਜ਼ ਹੋ ਚੁੱਕੇ ਹਨ ਅਤੇ ਡੀ.ਡੀ. ਪੰਜਾਬੀ ਦੇ ਵੱਖ – ਵੱਖ ਪ੍ਰੋਗਰਾਮਾਂ ਦਾ ਸ਼ਿੰਗਾਰ ਬਣ ਚੁੱਕੇ ਹਨ ਅਤੇ ਜਲਦੀ ਹੀ ਸਿਰਨਾਵਾਂ ਗੀਤ ਸਰੋਤਿਆਂ ਦੇ ਰੁਬਰੂ ਹੋਵੇਗਾ। ਗਾਇਕਾ ਬਿੰਦੂ ਸਿੱਧੂ ਨੇ ਹੁਣ ਆਪਣਾ ਸਿੱਧੂ ਅਨਮੋਲ ਮਿਊਜ਼ਿਕ ਗਰੁੱਪ ਬਣਾਕੇ ਵਿਆਹ ਸ਼ਾਦੀਆਂ ਦੇ ਸਮਾਗਮ ਕਰਨੇ ਵੀ ਸ਼ੁਰੂ ਕੀਤੇ ਹਨ। ਬਿੰਦੂ ਸਿੱਧੂ ਦਾ ਇਸ ਖੇਤਰ ਵਿੱਚ ਉਹਨਾਂ ਸੰਗੀਤਕ ਪ੍ਰਮੋਟਰਾਂ ਨਾਲ ਗਿਲਾ ਵੀ ਰਿਹਾ ਹੈ , ਜੋ ਔਰਤ ਗਾਇਕਾ ਨੂੰ ਪ੍ਰਮੋਸ਼ਨ ਲਈ ਅਕਸਰ ਗੁਮਰਾਹ ਕਰਦੇ ਹਨ। ਉਸਨੇ ਭਾਵੇਂ ਘੱਟ ਗਾਇਆ ਹੈ ਪਰ ਹੁੰਦਾ ਸੁਨਣਯੋਗ ਹੈ। ਉਸਨੂੰ ਆਪਣੀ ਆਵਾਜ਼ ਤੇ ਗਾਇਕੀ ਤੇ ਫ਼ਖਰ ਹੈ ਕਿ ਉਹ ਕਿਸੇ ਨਾ ਕਿਸੇ ਦਿਨ ਆਪਣੇ ਮੁਕਾਮ ਤੇ ਜਰੂਰ ਪੁੱਜੇਗੀ।