ਸੰਦੂਕੜੀ ਖੋਲ ਨਰੈਣਿਆਂ ਅਤੇ ਐਲ ਐਮ ਆਈ ਏ ਦੀ ਪੇਸ਼ਕਾਰੀ ਨੇ ਦਰਸਕਾਂ ਨੂੰ ਤਿੰਨ ਘੰਟੇ ਕੀਲਕੇ ਬਿਠਾਈ ਰੱਖਿਆ

ਕੈਲਗਰੀ ਵਿੱਚ ਪੰਜਾਬੀ ਰੰਗਮੰਚ ਦੀ ਧਮਾਲ —-
ਸੰਦੂਕੜੀ ਖੋਲ ਨਰੈਣਿਆਂ ਅਤੇ ਐਲ ਐਮ ਆਈ ਏ ਦੀ ਪੇਸ਼ਕਾਰੀ ਨੇ ਦਰਸਕਾਂ ਨੂੰ ਤਿੰਨ ਘੰਟੇ ਕੀਲਕੇ ਬਿਠਾਈ ਰੱਖਿਆ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਪ੍ਰੌਗਰੈਸਿਵ ਕਲਚਰਲ ਐਸੋਈਏਸ਼ਨ ਕੈਲਗਰੀ ਵੱਲੋਂ ਸਿੱਖ ਵਿਰਸਾ ਇੰਟਰਨੈਸ਼ਨਲ ਅਤੇ ਸਰੋਕਾਰਾਂ ਦੀ ਆਵਾਜ਼ ਦੇ ਸਹਿਯੋਗ ਨਾਲ ਕੈਲਗਰੀ ਵਿਖੇ ਰਚਾਇਆ ਗਿਆ ਨਾਟਕ ਸਮਾਗਮ ਕਾਮਯਾਬੀ ਦੇ ਉੱਚ ਮਿਆਰ ਕਾਇਮ ਕਰ ਗਿਆ। ਰੈਡ ਸਟੋਨ ਥੀਏਟਰ ਦੇ ਖਚਾ-ਖਚ ਭਰੇ ਹਾਲ ਵਿੱਚ ਪੰਜਾਬੀ ਦੇ ਸੁਪ੍ਰਸਿੱਧ ਨਾਟਕਕਾਰ ਡਾ: ਸਾਹਿਬ ਸਿੰਘ ਦੁਆਰਾ ਲਿਖੇ ਅਤੇ ਨਿਰਦੇਸ਼ਤ ਕੀਤੇ ਗਏ, ਦੋ ਨਾਟਕ ਪੇਸ਼ ਕੀਤੇ ਗਏ। ਦੋਵੇਂ ਨਾਟਕਾਂ ਨੇ ਦਰਸ਼ਕਾਂ ਨੂੰ ਹਲੂਣ ਕੇ ਰੱਖ ਦਿੱਤਾ ਅਤੇ ਅਜੋਕੇ ਸਮਾਜ ਦੀ ਜ਼ਿੰਦਾ ਤਸਵੀਰ ਦੇਖ ਕੇ ਲੋਕ ਅਸ਼-ਅਸ਼ ਕਰ ਉੱਠੇ। ਮਾਸਟਰ ਭਜਨ ਸਿੰਘ ਵੱਲੋਂ ਸ਼ੁਰੂਆਤੀ ਸ਼ਬਦਾਂ ਤੋਂ ਬਾਅਦ ਹਰਚਰਨ ਪ੍ਰਹਾਰ ਨੇ ਆਏ ਦਰਸ਼ਕਾਂ ਦਾ ਸਵਾਗਤ ਕੀਤਾ।ਨਾਟਕ ਸਮਾਗਮ ਦਾ ਰਸਮੀ ਉਦਘਾਟਨ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਬੀਬੀ ਜਸਵਿੰਦਰ ਮਾਨ, ਕਮੇਟੀ ਮੈਂਬਰ ਗੁਰਸ਼ਰਨ ਸੰਧੂ, ਕਮੇਟੀ ਮੈਂਬਰ ਹਰਕੀਰਤ ਧਾਲੀਵਾਲ, ਸਿੱਖ ਵਿਰਸਾ ਸੰਪਾਦਕ ਹਰਚਰਨ ਪ੍ਰਹਾਰ, ਕਮੇਟੀ ਮੈਂਬਰ ਸੰਦੀਪ ਗਿੱਲ ਨੇ ਕੀਤੀ। ਇਸ ਤੋਂ ਬਾਅਦ ਸਟੇਜ ਡਾ: ਸਾਹਿਬ ਸਿੰਘ ਦੇ ਹਵਾਲੇ ਕਰ ਦਿੱਤੀ ਗਈ।

ਪਹਿਲਾ ਸੋਲੋ ਨਾਟਕ “ਸੰਦੂਕੜੀ ਖੋਲ੍ਹ ਨਰੈਣਿਆਂ” ਪੰਜਾਬ ਤੋਂ ਕੈਨੇਡਾ ਆਉਂਦੇ ਨੌਜਵਾਨਾਂ ਦੀ ਕਹਾਣੀ ਪੇਸ਼ ਕਰ ਗਿਆ, ਮੁੱਖ ਪਾਤਰ ਹਰਨੇਕ ਸਿੰਘ ਕੈਨੇਡਾ ਪਹੁੰਚ ਕੇ ਓਪਰਾਪਨ ਮਹਿਸੂਸ ਕਰਦਾ ਹੈ, ਪਰ ਨਾਟਕਕਾਰ ਉਸਦੀ ਕਹਾਣੀ ਰਾਹੀਂ ਪੰਜਾਬ ਵਿੱਚ ਜਵਾਨੀ ਦੀ ਦਿਸ਼ਾਹੀਣ ਹਾਲਤ ਨੂੰ ਉਜਾਗਰ ਕਰਦਾ ਹੈ ਅਤੇ ਇਹ ਤਰਕ ਪੇਸ਼ ਕਰਦਾ ਹੈ ਕਿ ਕੈਨੇਡਾ ਵਿੱਚ ਜਿਹੜੇ ਵਿਿਦਆਰਥੀ ਅਜੀਬ ਹਰਕਤਾਂ ਕਰਦੇ ਤੇ ਮਰਦੇ ਨਜ਼ਰ ਆ ਰਹੇ ਹਨ, ਉਹਨਾਂ ਦੇ ਪਿਛੋਕੜ ਵਿੱਚ ਪਿਆ ਸਮਾਜਕ, ਰਾਜਨੀਤਕ ਅਤੇ ਧਾਰਮਿਕ ਪ੍ਰਬੰਧ ਵੀ ਸਮਝਣਾ ਜ਼ਰੂਰੀ ਹੈ।ਇਸ ਤੋਂ ਇਲਾਵਾ ਨਾਟਕ ਵਿੱਚ ਫਿਰਕੂ ਸਦਭਾਵਨਾ ਦੀ ਵਿਲੱਖਣ ਮਿਸਾਲ ਪੇਸ਼ ਕਰਦਾ, ਪਾਤਰ ਕਿਸ਼ਨ ਸਿੰਘ ਉਰਫ਼ ਕਿਸ਼ੀ ਮਜ਼੍ਹਬੀ ਤੰਗ-ਨਜ਼ਰੀ ਦੇ ਖ਼ਿਲਾਫ਼ ਖੜ੍ਹਦਿਆਂ ਇਨਸਾਨੀਅਤ ਦਾ ਹੋਕਾ ਦਿੰਦਾ ਹੈ। ਨਾਟਕ ਵਿਚ ਦਲਿਤ ਪਾਤਰ ਜੋਬਨ ਦੀ ਅਣਹੋਈ ਮੌਤ ਅਨੇਕਾਂ ਸਵਾਲ ਖੜ੍ਹੇ ਕਰਦੀ ਹੈ ਕਿ ਪੂੰਜੀਵਾਦੀ ਪ੍ਰਬੰਧ ਕਿਵੇਂ ਜ਼ਾਲਮ ਸਿੱਧ ਹੁੰਦਾ ਹੈ। ਡੇਢ ਘੰਟੇ ਦੇ ਇਸ ਨਾਟਕ ਵਿੱਚ ਡਾ: ਸਾਹਿਬ ਸਿੰਘ ਨੇ ਅਦਾਕਾਰੀ ਦੀ ਮਿਸਾਲ ਪੇਸ਼ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ।

ਦੂਜਾ ਨਾਟਕ “ਐਲ ਐਮ ਆਈ ਏ” ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ। ਡਾ: ਸਾਹਿਬ ਸਿੰਘ ਵੱਲੋਂ ਲਿਖੇ ਅਤੇ ਤਿਆਰ ਕਰਵਾਏ ਇਸ ਨਾਟਕ ਵਿੱਚ ਕਮਲਪ੍ਰੀਤ ਪੰਧੇਰ, ਹਰਪ੍ਰੀਤ ਕੌਰ, ਸੰਦੀਪ ਗਿੱਲ, ਅਮਰਬੀਰ ਕੌਰ, ਅੰਮ੍ਰਿਤਦੀਪ ਬਰਾੜ, ਗੁਰਸ਼ਰਨ ਸਿੰਘ, ਇਨਾਇਤ, ਜਪਰਾਜ, ਸਰਬਜੀਤ ਜਵੰਦਾ ਅਤੇ ਬਲਜਿੰਦਰ ਢਿੱਲੋਂ ਨੇ ਪ੍ਰਪੱਕ ਅਦਾਕਾਰੀ ਕਰਦਿਆਂ, ਜਿੱਥੇ ਦਰਸ਼ਕਾਂ ਨੂੰ ਹਸਾਇਆ , ਉੱਥੇ ਭਾਵੁਕ ਵੀ ਕੀਤਾ। ਇਹ ਨਾਟਕ ਐਲ ਐਮ ਆਈ ਏ ਦੇ ਵਰਤਾਰੇ ਰਾਹੀਂ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਸਾਹਮਣੇ ਮੌਜੂਦ ਅਨੇਕਾਂ ਚੁਣੌਤੀਆਂ ਨੂੰ ਬਹੁਤ ਦਿਲਚਸਪ ਤਰੀਕੇ ਨਾਲ ਪੇਸ਼ ਕਰਦਾ ਹੈ ਅਤੇ ਕੈਨੇਡਾ ਵਿਚ ਪੰਜਾਬੀ ਰੰਗਮੰਚ ਦੇ ਇਤਿਹਾਸ ਵਿਚ ਨਿਵੇਕਲੀ ਥਾਂ ਹਾਸਿਲ ਕਰਦਾ ਹੈ। ਇਹ ਨਾਟ ਸਮਾਗਮ ਹਰ ਪੱਖੋਂ ਕਾਮਯਾਬ ਰਿਹਾ ਅਤੇ ਦਰਸ਼ਕਾਂ ਦੇ ਚੇਤਿਆਂ ਵਿੱਚ ਦੇਰ ਤੱਕ ਤਾਜ਼ਾ ਰਹੇਗਾ।

ਅਖੀਰ ਵਿੱਚ ਮਾਸਟਰ ਭਜਨ ਸਿੰਘ ਹੋਰਾਂ ਖਚਾ-ਖਚ ਭਰੇ ਹਾਲ ਵਿੱਚ ਦਰਸ਼ਕਾਂ ਦੇ ਨਾਲ਼-ਨਾਲ਼ ਮੀਡੀਆ, ਵਲੰਟੀਅਰਜ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਉਨ੍ਹਾਂ ਦਰਸ਼ਕਾਂ ਦੀ ਇਸ ਗੱਲੋਂ ਬੇਹੱਦ ਸ਼ਲਾਘਾ ਕੀਤੀ ਕਿ ਉਨ੍ਹਾਂ ਦੇ ਇੱਕ ਹੋਕੇ ‘ਤੇ ਸੁਸਾਇਟੀ ਨੂੰ ਅਜਿਹੇ ਸੰਜੀਦਾ ਪ੍ਰੋਗਰਾਮ ਕਰਾਉਣ ਲਈ ਨਾਟਕ ਸਮਾਗਮ ਦੌਰਾਨ ਦਿਲ ਖੋਲ੍ਹ ਕੇ ਆਰਥਿਕ ਮੱਦਦ ਕੀਤੀ।ਉਨ੍ਹਾਂ ਦਰਸ਼ਕਾਂ ਨਾਲ਼ ਇਹ ਸੂਚਨਾ ਬੜੇ ਮਾਣ ਨਾਲ਼ ਸਾਂਝੀ ਕੀਤੀ ਕਿ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਅਕਤੂਬਰ ਮਹੀਨੇ ਸਰੀ ਤੇ ਐਬਟਸਫੋਰਡ ਵਿੱਚ ਦੋ ਨਾਟਕ ਸਮਾਗਮ ਕਰਨ ਲਈ ਜਾਵੇਗੀ।ਜਿਨ੍ਹਾਂ ਵਿੱਚ ‘ਤੇਰੀ ਮੇਰੀ ਕਹਾਣੀ’ ਅਤੇ ‘ਐਲ਼ ਐਮ ਆਈ ਏ’ ਨਾਟਕ ਪੇਸ਼ ਕੀਤੇ ਜਾਣਗੇ।ਇਸ ਮੌਕੇ ‘ਤੇ ਡਾ: ਸਾਹਿਬ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਮਾਣ ਪੱਤਰ ਨਾਲ਼ ਸਨਮਾਨ ਕੀਤਾ ਗਿਆ।
