ਸੰਭੂ ਤੇ ਖਨੌਰੀ ਬਾਰਡਰ ਉੱਪਰੋਂ ਪੰਜਾਬ ਪੁਲਿਸ ਨੇ ਕਿਸਾਨੀ ਮੋਰਚਾ ਚੁਕਵਾ ਦਿੱਤਾ

ਪੰਜਾਬ ਪੁਲਿਸ ਦਾ ਵੱਡਾ ਐਕਸ਼ਨ- ਕਿਸਾਨ ਆਗੂ ਫੜ ਲਏ
ਖਨੌਰੀ (ਪੰਜਾਬੀ ਅਖ਼ਬਾਰ ਬਿਊਰੋ) ਪੰਜਾਬ ਸਰਕਾਰ ਨੇ ਖਨੌਰੀ ਬਾਰਡਰ ਉੱਤੇ ਵੱਡਾ ਐਕਸ਼ਨ ਕੀਤਾ ਹੈ। ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ‘ਤੇ ਪਹੁੰਚ ਕੇ ਸ਼ੰਭੂ ਬਾਰਡਰ ਵੀ ਖਾਲੀ ਕਰਵਾ ਦਿੱਤਾ। ਪੁਲਿਸ ਨੇ ਜੇ ਸੀ ਬੀ ਨਾਲ ਕਿਸਾਨਾਂ ਵੱਲੋਂ ਬਣਾਏ ਸ਼ੈੱਡ, ਬੋਰਡ ਤੇ ਸਟੇਜ ਆਦਿ ਨੂੰ ਤੋੜ ਦਿੱਤਾ। ਇਸ ਦੌਰਾਨ ਸ਼ੰਭੂ ਬਾਰਡਰ ‘ਚ ਸਥਿਤ ਕਿਸਾਨਾਂ ਵੱਲੋਂ ਕੋਈ ਖਾਸ ਵਿਰੋਧ ਸਾਹਮਣੇ ਨਹੀਂ ਆਇਆ।
ਸਰਕਾਰ ਨੇ ਅੱਜ ਵੱਡੀ ਤਿਆਰੀ ਕਰਕੇ ਬਾਰਡਰ ਖਾਲੀ ਕਰਾਉਣ ਦਾ ਐਲਾਨ ਕੀਤਾ ਸੀ। ਡੀ ਆਈ ਜੀ ਮਨਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਬਾਪੂ ਅਤੇ ਭਰਾਵਾਂ ਨੂੰ ਓਨਾ ਚਿਰ ਕੱੁਝ ਨਹੀਂ ਕਹਿਣਗੇ ਪਰ ਜੋ ਵੀ ਕੋਈ ਸ਼ਰਾਰਤ ਕਰੇਗਾ ਉਸ ਨਾਲ ਸਖਤੀ ਕਰਾਂਗੇ। ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਪੁਲਿਸ ਜਦੋਂ ਕਿਸਾਨਾਂ ਨੂੰ ਬੱਸਾਂ ‘ਚ ਬੈਠਣ ਲਈ ਕਹਿਣ ਲੱਗੀ ਤਾਂ ਕਿਸਾਨਾਂ ਨੇ ਵਿਰੋਧ ਕੀਤਾ। ਪੁਲਿਸ ਨੇ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਜ਼ਬਰਦਸਤੀ ਫੜ ਕੇ ਬੱਸਾਂ ‘ਚ ਚਾੜ੍ਹ ਦਿੱਤਾ।
ਇਸ ਮੌਕੇ ਏ ਡੀ ਸੀ ਸੁਖਚੈਨ ਸਿੰਘ ਮਜਿਸਟਰੇਟ ਨੇ ਕਿਹਾ ਕਿ ਸਰਕਾਰ ਦਾ ਹੁਕਮ ਹੈ ਕਿ ਉਹ ਅੱਜ ਬਾਰਡਰ ਖਾਲੀ ਕਰਾਉਣਗੇ ਅਤੇ ਸਾਰੇ ਕਿਸਾਨਾਂ ਨੂੰ ਇੱਥੋਂ ਹਟਣਾ ਪਵੇਗਾ। ਕਿਸਾਨਾਂ ਨੂੰ ਇੱਥੇ 5 ਤੋਂ ਵੱਧ ਇਕੱਠੇ ਨਹੀਂ ਹੋਣ ਦਿੱਤਾ ਜਾਵੇਗਾ।ਡੀ ਆਈ ਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਹਨਾ ਨੂੰ ਅੱਜ ਹਰ ਹਾਲਤ ਵਿੱਚ ਰਸਤਾ ਖਾਲੀ ਕਰਵਾਉਣਾ ਪੈਣਾ ਹੈ। ਪੁਲਿਸ ਨੇ ਕਿਸਾਨਾਂ ਨੂੰ ਫੜ ਕੇ ਬੱਸਾਂ ਵਿੱਚ ਬਿਠਾ ਲਿਆ ਹੈ ਅਤੇ ਜਿਹੜੇ ਟਕਰਾਅ ਕਰਦੇ ਸਨ ਉਨ੍ਹਾਂ ਨੂੰ ਡਾਂਗਾਂ ਵੀ ਮਾਰੀਆਂ ਗਈਆਂ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਦੀ ਨਫਰੀ 3000 ਤੋਂ ਵੱਧ ਹੈ ਤੇ ਕਿਸਾਨ 400 ਦੇ ਕਰੀਬ ਸਨ। ਲੀਡਰਾਂ ਦੇ ਪਹਿਲਾਂ ਹੀ ਗ੍ਰਿਫਤਾਰ ਹੋਣ ਕਾਰਨ ਕਿਸਾਨਾਂ ਦਾ ਕੋਈ ਵੀ ਲੀਡਰ ਮੌਕੇ ‘ਤੇ ਨਹੀਂ ਸੀ ਜਿਸ ਕਾਰਨ ਕਿਸਾਨ ਆਪ ਹੀ ਬੱਸਾਂ ਵਿੱਚ ਚੜ੍ਹਨ ਲੱਗ ਗਏ। ਹੁਣ ਪੁਲਿਸ ਉੱਥੇ ਖੜੀਆਂ ਟਰਾਲੀਆਂ ਤੇ ਪਾਈਆਂ ਝੁੱਗੀਆਂ ਨੂੰ ਹਟਾਉਣ ਦੀ ਕਾਰਵਾਈ ਜਾਰੀ ਹੈ।

ਭਾਕਿਯੂ ਏਕਤਾ-ਉਗਰਾਹਾਂ ਵੱਲੋਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਨਿਖੇਧੀ
ਕੇਂਦਰੀ ਅਤੇ ਪੰਜਾਬ ਦੇ ਮੰਤਰੀਆਂ ਦੁਆਰਾ ਹੱਕੀ ਕਿਸਾਨੀ ਮੰਗਾਂ ਨੂੰ ਲੈ ਕੇ 13 ਮਹੀਨਿਆਂ ਤੋਂ ਸ਼ੰਭੂ ਖਨੌਰੀ ਸ਼ਾਂਤਮਈ ਮੋਰਚਿਆਂ ਵਿੱਚ ਬੈਠੇ ਕਿਸਾਨਾਂ ਦੇ ਆਗੂਆਂ ਨਾਲ ਸੱਤਵੇਂ ਗੇੜ ਦੀ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਬਾਰਡਰ ‘ਤੇ ਗ੍ਰਿਫਤਾਰ ਕਰਨ ਅਤੇ ਮੋਰਚਿਆਂ ‘ਚ ਸ਼ਾਮਲ ਕਿਸਾਨਾਂ ਨੂੰ ਧੱਕੇਸ਼ਾਹੀ ਨਾਲ਼ ਖਿੰਡਾਉਣ ਲਈ ਭਾਰੀ ਪੁਲਸ ਫੋਰਸ ਤਾਇਨਾਤ ਕਰਨ ਦੀ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਸਰਕਾਰਾਂ ਦੇ ਇਸ ਜਾਬਰ ਵਤੀਰੇ ਨੂੰ ਕਿਸਾਨਾਂ ਨਾਲ਼ ਦੁਸ਼ਮਣੀ ਕਰਾਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਸ਼ੰਭੂ ਬਾਰਡਰ ਉੱਤੇ ਤਾ ਕਿਸਾਨਾਂ ਨੂੰ ਲਾਠੀਆਂ ਨਾਲ ਖਦੇੜਨ ਲਈ ਤਾਣ ਲਾਇਆ ਜਾ ਰਿਹਾ ਹੈ ਅਤੇ ਭੰਨਤੋੜ ਵਰਗੇ ਹੋਰ ਜਾਬਰ ਹਥਕੰਡੇ ਵੀ ਵਰਤੇ ਜਾਣਗੇ। ਔਰਤਾਂ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜਾਣਾ।ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਚੰਡੀਗੜ੍ਹ ਮੋਰਚੇ ਵੇਲੇ ਐੱਸ ਕੇ ਐੱਮ ਦੇ ਸੈਂਕੜੇ ਆਗੂਆਂ ਨੂੰ ਗ੍ਰਿਫਤਾਰ ਕਰਨ ਅਤੇ ਹੁਣ ਇਹ ਜਾਬਰ ਹੱਲਾ ਸਰਕਾਰਾਂ ਦਾ ਕਾਰਪੋਰੇਟ ਨੀਤੀਆਂ ਪ੍ਰਤੀ ਡੁੱਲ੍ਹ ਡੁੱਲ੍ਹ ਪੈਂਦੇ ਹੇਜ ਅਤੇ ਕਿਸਾਨਾਂ ਨਾਲ਼ ਨੰਗੀ ਚਿੱਟੀ ਦੁਸਮਣੀ ਦਾ ਸਬੂਤ ਹੈ। ਮੋਦੀ ਸਰਕਾਰ ਵੱਲੋਂ ਸਾਮਰਾਜੀ ਅਮਰੀਕਾ ਨਾਲ਼ ਖੁੱਲ੍ਹੇ ਵਪਾਰ ਦਾ ਸਮਝੌਤਾ ਅਤੇ ਹੋਰ ਸਾਮਰਾਜੀ ਤਾਕਤਾਂ ਨਾਲ ਅਜਿਹੇ ਮੇਲ ਮਿਲਾਪ ਦੇ ਯਤਨ ਇਹੀ ਦਰਸਾਉਂਦੇ ਹਨ। ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਖੁਦ ਹਰਿਆਣਾ ਪੁਲਿਸ ਵੱਲੋਂ ਜਾਮ ਕੀਤੇ ਕੌਮੀ ਸੜਕ ਮਾਰਗ ਖੁਲ੍ਹਵਾਉਣ ਦੀ ਬਜਾਏ ਕਿਸਾਨਾਂ ਉੱਤੇ ਜਬਰ ਢਾਹੁਣਾ ਜਮਹੂਰੀਅਤ ਦੀਆਂ ਧੱਜੀਆਂ ਉਡਾਉਣਾ ਹੈ। ਪੂਰੇ ਦੇਸ਼ ਦੇ ਕਿਸਾਨ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਦਿੱਲੀ ਘੋਲ਼ ਮੁਲਤਵੀ ਕਰਨ ਸਮੇਂ ਕੇਂਦਰੀ ਖੇਤੀ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਲਿਖਤੀ ਵਾਅਦਾ ਪੱਤਰ ਦੀਆਂ ਸਾਰੀਆਂ ਮੰਗਾਂ ਅਤੇ ਨਵਾਂ ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕਰਨ ਦੀਆਂ ਬਿਲਕੁਲ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ਸ਼ੀਲ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਗ੍ਰਿਫਤਾਰ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਕਿਸਾਨ ਸੰਘਰਸ਼ ਦੀਆਂ ਇਹ ਹੱਕੀ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਅਤੇ ਸਾਮਰਾਜ ਪੱਖੀ ਨੀਤੀਆਂ ਦੇ ਝੰਬੇ ਮੁਲਾਜ਼ਮਾਂ, ਛੋਟੇ ਵਪਾਰੀਆਂ ਆਦਿ ਸਾਰੇ ਕਿਰਤੀ ਲੋਕਾਂ ਨੂੰ ਸਾਂਝੇ ਸੰਘਰਸ਼ਾਂ ਦੇ ਮੈਦਾਨ ਵਿੱਚ ਨਿੱਤਰਨ ਦਾ ਸੱਦਾ ਦਿੱਤਾ ਹੈ।
ਪੰਜਾਬ ‘ਚ ਕਈ ਥਾਂਈਂ ਇੰਟਰਨੈੱਟ ਬੰਦ
ਪੰਜਾਬ-ਹਰਿਆਣਾ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਪੁਲਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਖਾਲੀ ਕਰਵਾ ਲਿਆ ਹੈ ਅਤੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਉਥੇ ਲਗਾਏ ਗਏ ਟੈਂਟ, ਬੋਰਡ, ਲਾਊਡ ਸਪੀਕਰ ਅਤੇ ਵਾਹਨ ਆਦਿ ਹਟਾ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕੁਝ ਇਲਾਕਿਆਂ ਵਿੱਚ ਇੰਟਰਨੈੱਟ ਵੀ ਬੰਦ ਕਰ ਦਿੱਤਾ ਹੈ, ਤਾਂ ਜੋ ਮਾਹੌਲ ਖ਼ਰਾਬ ਨਾ ਹੋਵੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਰਵਾਈ ਅੱਜ ਰਾਤ ਤੱਕ ਜਾਰੀ ਰਹੇਗੀ। ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਨੇ ਖਨੌਰੀ ਬਾਰਡਰ ਨੂੰ ਪੂਰੀ ਤਰ੍ਹਾਂ ਕਲੀਅਰ ਕਰ ਲਿਆ ਹੈ, ਜਦਕਿ ਕੁੱਝ ਸਮੇਂ ਬਾਅਦ ਸ਼ੰਭੂ ਬਾਰਡਰ ਨੂੰ ਵੀ ਕਲੀਅਰ ਕਰ ਲਿਆ ਜਾਵੇਗਾ।