‘ਸੰਮਾਂ ਵਾਲੀ ਡਾਂਗ’ ਤੇ ‘ਤੇਰੀ ਕਹਾਣੀ-ਮੇਰੀ ਕਹਾਣੀ’ ਨਾਟਕਾਂ ਦੀ ਪੇਸ਼ਕਾਰੀ ਲੋਕ ਮਨਾਂ ਉੱਪਰ ਅਮਿੱਟ ਛਾਪ ਛੱਡ ਗਈ

ਕੈਲਗਰੀ 20 Aug 2023,(ਪੰਜਾਬੀ ਅਖ਼ਬਾਰ ਬਿਊਰੋ) ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਪਿਛਲੇ ਕਈ ਸਾਲਾਂ ਤੋਂ ਵਿਦੇਸ਼ਾਂ ਵਿੱਚ ਪੰਜਾਬੀ ਥੀਏਟਰ ਨੂੰ ਜਿੰਦਾ ਰੱਖਣ ਲਈ ਲਗਾਤਾਰ ਯਤਨਸ਼ੀਲ ਹਨ।ਇਸੇ ਲੜੀ ਵਿੱਚ ਇਸ ਸਾਲ ਦਾ ਤੀਜਾ ਨਾਟਕ ਸਮਾਗਮ ਐਤਵਾਰ 20, ਅਗਸਤ ਨੂੰ ਕੈਲਗਰੀ ਦੇ ਰੈਡ ਸਟੋਨ ਥੀਏਟਰ ਦੇ ਖਚਾ-ਖਚ ਭਰੇ ਹਾਲ ਵਿੱਚ ਕਰਵਾਇਆ ਗਿਆ।ਇਸ ਤੋਂ ਪਹਿਲਾਂ ਇਸੇ ਸਾਲ ਥੀਏਟਰ ਤੇ ਫਿਲਮੀ ਅਦਾਕਾਰ ਅਨੀਤਾ ਸਬਦੀਸ਼ ਅਤੇ ਫਿਰ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਤੋਂ ਲੇਖਕ, ਨਿਰਦੇਸ਼ਕ ਤੇ ਅਦਾਕਾਰ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਨਾਟਕ ਸਮਾਗਮ ਹੋਏ।

ਅੱਜ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ ਦੋ ਨਾਟਕ ਖੇਡੇ ਗਏ।ਨਾਟਕ ਸਮਾਗਮ ਦੀ ਸ਼ੁਰੂਆਤ ਸਿੱਖ ਵਿਰਸਾ ਸੰਪਾਦਕ ਸ. ਹਰਚਰਨ ਸਿੰਘ ਪ੍ਰਹਾਰ ਵਲੋਂ ਸਭ ਨੂੰ ਜੀ ਆਇਆਂ ਆਖ ਕੇ ਕੀਤੀ। ਸਟੇਜ ਸਕੱਤਰ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਮਾਸਟਰ ਭਜਨ ਸਿੰਘ ਨੇ ਦੋਨੋਂ ਜਥੇਬੰਦੀਆਂ ਵਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਪੰਜਾਬੀ ਮੀਡੀਏ ਵਲੋਂ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਰੇਡੀਉ ਰੈਡ ਐਫ. ਐਮ., ਪੰਜਾਬੀ ਅਖ਼ਬਾਰ, ਸਿੱਖ ਵਿਰਸਾ ਮੈਗਜੀਨ, ਸਰੋਕਾਰਾਂ ਦੀ ਅਵਾਜ਼ ਅਖ਼ਬਾਰ, ਪ੍ਰਾਈਮ ਏਸ਼ੀਆ ਟੀਵੀ, ਬੀ. ਟੀਵੀ, ਪੰਜਾਬੀ ਨੈਸ਼ਨਲ, ਪੰਜਾਬੀ ਟ੍ਰਿਿਬਊਨ ਚੰਡੀਗੜ੍ਹ, ਅਜੀਤ ਜਲੰਧਰ ਆਦਿ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਨਾਟਕਾਂ ਰਾਹੀਂ ਭਰਪੂਰ ਰੰਗਮੰਚ ਹਲਚਲ ਪੈਦਾ ਕਰ ਰਹੇ ਪ੍ਰਸਿੱਧ ਨਾਟਕਕਾਰ, ਨਿਰਦੇਸ਼ਕ ਤੇ ਐਕਟਰ ਡਾ. ਸਾਹਿਬ ਸਿੰਘ ਨੇ ਐਤਵਾਰ 20, ਅਗਸਤ ਨੂੰ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਤੇ ਸਿੱਖ ਵਿਰਸਾ ਇੰਟਰਨੈਸ਼ਨਲ ਦੇ ਸੱਦੇ ‘ਤੇ ਕੈਲਗਰੀ ਦੇ ਰੈਡਸਟੋਨ ਥੀਏਟਰ ਵਿੱਚ ਆਪਣੇ ਨਾਟਕਾਂ ਦੀ ਪੇਸ਼ਕਾਰੀ ਨਾਲ ਖਚਾਖਚ ਭਰੇ ਹਾਲ ਵਿਚ ਦਰਸ਼ਕਾਂ ਦੇ ਦਿਲ ਜਿੱਤ ਲਏ! ਪਹਿਲਾਂ ਉਹਨਾਂ ਨੇ ਆਪਣਾ ਮਸ਼ਹੂਰ ਨਾਟਕ “ਸੰਮਾਂ ਵਾਲੀ ਡਾਂਗ ” ਪੇਸ਼ ਕੀਤਾ। ਛੋਟੀ ਕਿਸਾਨੀ ਦੀ ਜ਼ਿੰਦਗੀ ਦੇ ਧੁਰ ਅੰਦਰ ਝਾਤ ਪਾਉਂਦਾ ਇਹ ਨਾਟਕ ਪਰਤ ਦਰ ਪਰਤ ਕਿਸਾਨੀ ਦੇ ਸੰਕਟ, ਸੰਘਰਸ਼ ਤੇ ਚੁਣੌਤੀਆਂ ਦੇ ਰੂ-ਬ-ਰੂ ਹੋਇਆ।

ਪਾਤਰ ਬਖਤਾਵਰ ਸਿੰਘ ਪ੍ਰਧਾਨ ਮੰਤਰੀ ਦੀ ਕੁਰਸੀ ਨਾਲ ਸੰਵਾਦ ਰਚਾਉਂਦਿਆਂ ਐਸੀਆਂ ਗੁੱਝੀਆਂ ਰਮਜ਼ਾਂ ਛੇੜਦਾ ਹੈ ਕਿ ਦਰਸ਼ਕ ਅਸ਼-ਅਸ਼ ਕਰ ਉਠਦੇ ਹਨ। ਬਚਪਨ ਤੋਂ ਮਿੱਟੀ ਨਾਲ ਮਿੱਟੀ ਹੋਣ ਲਈ ਮਜਬੂਰ ਪਾਤਰ ਹੌਲੀ-ਹੌਲੀ ਆਪਣੇ ਪਰਿਵਾਰ ਦੀ ਕਹਾਣੀ ਖੋਲ੍ਹਦਾ ਹੈ। ਕੁਝ ਦ੍ਰਿਸ਼ ਬਹੁਤ ਹੀ ਭਾਵੁਕ ਕਰਨ ਵਾਲੇ ਸਨ, ਖਾਸ ਤੌਰ ‘ਤੇ ਕਿਸਾਨ ਦੀ ਧੀ ਦਾ ਡੋਲ਼ਾ ਤੋਰਨ ਤੋਂ ਇੱਕ ਦਿਨ ਪਹਿਲਾਂ ਜਵਾਨ ਪੁੱਤ ਦੀ ਮੌਤ ਹਰ ਰੂਹ ਨੂੰ ਝੰਜੋੜ ਗਈ। ਕਿਸਾਨ ਦਾ ਫਸਲਾਂ ਨਾਲ਼ ਧੀ ਪੁੱਤ ਵਰਗਾ ਰਿਸ਼ਤਾ ਤੇ ਭੜੋਲੇ ਖਾਲੀ ਰਹਿਣ ਦਾ ਦਰਦ ਪੇਸ਼ ਕਰਨਾ ਇਸ ਨਾਟਕ ਦੀ ਪ੍ਰਾਪਤੀ ਸੀ। ਨਾਟਕ ਦੀ ਸਕ੍ਰਿਪਟ ਬਹੁਤ ਹੀ ਜਾਨਦਾਰ ਸੀ, ਨਿਰਦੇਸ਼ਨਾ ਵਿੱਚ ਬਹੁਤ ਸੂਖਮ ਪ੍ਰਤੀਕ ਵਰਤ ਕੇ ਪ੍ਰਭਾਵ ਦੁੱਗਣਾ ਕੀਤਾ ਗਿਆ, ਮੋਢੇ ‘ਤੇ ਰੱਖੇ ਪਰਨੇ ਦਾ ਅਨੇਕਾਂ ਰੂਪ ‘ਚ ਪ੍ਰਯੋਗ ਕਮਾਲ ਸੀ ਤੇ ਡਾ. ਸਾਹਿਬ ਸਿੰਘ ਦੀ ਕੁਦਰਤੀ ਅਦਾਕਾਰੀ ਸੋਨੇ ‘ਤੇ ਸੁਹਾਗੇ ਵਾਂਗ ਸੀ।

ਦੂਜਾ ਨਾਟਕ ‘ਤੇਰੀ ਕਹਾਣੀ-ਮੇਰੀ ਕਹਾਣੀ’ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਵਲੋਂ ਪੇਸ਼ ਕੀਤਾ ਗਿਆ। ਇਹ ਨਾਟਕ 18 ਦਿਨ ਦੀ ਵਰਕਸ਼ਾਪ ‘ਚ ਤਿਆਰ ਕੀਤਾ ਗਿਆ, ਜਿਸਨੂੰ ਡਾ. ਸਾਹਿਬ ਸਿੰਘ ਨੇ ਲਿਿਖਆ ਤੇ ਨਿਰਦੇਸ਼ਿਤ ਕੀਤਾ। ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਇਹ ਨਾਟਕ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦੀ ਗਾਥਾ ਬਿਆਨਦਾ ਹੈ। ਤਿੰਨ ਪੀੜ੍ਹੀਆਂ ਦੇ ਆਪਸੀ ਰਿਸ਼ਤੇ ਤੇ ਮੌਜੂਦਾ ਚੁਣੌਤੀਆਂ ਨੂੰ ਇੱਕ ਦਿਲਚਸਪ ਢੰਗ ਨਾਲ ਪੇਸ਼ ਕੀਤਾ ਗਿਆ।ਵਿਦੇਸ਼ੀਂ ਵਸਦੇ ਬਜ਼ੁਰਗਾਂ ਤੇ ਬੱਚਿਆਂ ਦੀ ਆਪਣੀਆਂ-ਆਪਣੀਆਂ ਸਮਝਾਂ ਦੀਆਂ ਸਮੱਸਿਆਵਾਂ ਹਨ। ਜਿਸ ਨਾਲ਼ ਵਿਦੇਸ਼ਾਂ ਵਿੱਚ ਜੰਮੇ-ਪਲ਼ੇ ਬੱਚੇ ਦੋ ਕਲਚਰਾਂ ਦੀ ਕਸ਼ਮਕਸ਼ ਦਾ ਸੰਤਾਪ ਹੰਢਾਉਂਦੇ ਹਨ। ਨੌਜਵਾਨ ਪੀੜ੍ਹੀ ਪਾਤਰਾਂ ਦੀ ਵੇਸ਼ਭੂਸ਼ਾ ਤੇ ਗੀਤ-ਸੰਗੀਤ ਦਾ ਅਹਿਮ ਹਿੱਸਾ ਰਿਹਾ। ਨਾਟਕ ਪਿੰਜਰਿਆਂ ਤੋਂ ਆਜ਼ਾਦੀ ਪ੍ਰਾਪਤ ਕਰਨ ਦਾ ਸੰਦੇਸ਼ ਏਨੇ ਖੂਬਸੂਰਤ ਤਰੀਕੇ ਨਾਲ ਦਰਸ਼ਕਾਂ ਤੱਕ ਪਹੁੰਚਾਉਂਦਾ ਹੈ ਕਿ ਦਰਸ਼ਕ ਝੁਣਝੁਣੀ ਮਹਿਸੂਸ ਕਰਦੇ ਹਨ। ਇਸ ਨਾਟਕ ਵਿੱਚ ਅਨੇਕਾਂ ਮਹੱਤਵਪੂਰਣ ਤੇ ਤਿੱਖੇ ਸਵਾਲ ਪੈਦਾ ਕੀਤੇ ਗਏ ਹਨ। ਕਲਾਕਾਰਾਂ ਵਿੱਚ ਕਮਲ ਪੰਧੇਰ, ਨਵਕਿਰਨ ਢੁੱਡੀਕੇ, ਹਰਪ੍ਰੀਤ ਕੌਰ, ਸੰਦੀਪ ਗਿੱਲ, ਜੱਸ ਲੰਮੇ, ਪਰਮਜੀਤ ਕੌਰ, ਕਮਲ ਸਿੱਧੂ, ਬੌਬੀ ਢਿੱਲੋਂ, ਜਸਕਰਨ, ਸਨੀ, ਸੁਖਮਨੀ, ਮੰਨਤ, ਇਨਾਇਤ ਤੇ ਸਾਹਿਬ ਸਿੰਘ ਨੇ ਆਪੋ ਆਪਣੀਆਂ ਭੂਮਿਕਾਵਾਂ ਸ਼ਾਨਦਾਰ ਤਰੀਕੇ ਨਾਲ ਨਿਭਾਈਆਂ। ਅਜਿਹੇ ਨਾਟਕ ਵਕਤ ਦੀ ਲੋੜ ਹਨ, ਇਹਨਾਂ ਕਲਾਕਾਰਾਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਕੈਲਗਰੀ ਦੇ ਦਰਸ਼ਕ ਚਿਰਾਂ ਤੱਕ ਦੋਵੇਂ ਨਾਟਕਾਂ ਨੂੰ ਯਾਦ ਕਰਨਗੇ।