ਸੱਚੀਆਂ ਗੱਲਾਂ – ਕਰੇਗੀ ਗਾਇਕਾ ਦੀਪ ਧਾਲੀਵਾਲ

ਗਾਇਕਾ ਦੀਪ ਧਾਲੀਵਾਲ ” ਸੱਚੀਆਂ ਗੱਲਾਂ ” ਨਾਲ ਆ ਰਹੀ ਹੈ ਸੰਗੀਤਕ ਮਾਰਕੀਟ ਵਿੱਚ

ਬਠਿੰਡਾ , 16 ਸਤੰਬਰ ( ਸੱਤਪਾਲ ਮਾਨ ) : – ਗੀਤ – ਸੰਗੀਤ ਦੀ ਦੁਨੀਆਂ ਵਿੱਚ ਲੰਮੇ ਸਮੇਂ ਦੀ ਚੁੱਪ ਤੋਂ ਬਾਅਦ ਹੁਣ ਦੁਬਾਰਾ ਫੇਰ ਗਾਇਕਾ ਦੀਪ ਧਾਲੀਵਾਲ ਆਪਣੇ ਲੋਕ ਤੱਥ ਗੀਤ ” ਸੱਚੀਆਂ ਗੱਲਾਂ ” ਨਾਲ ਪੰਜਾਬੀ ਸਰੋਤਿਆਂ ਦੇ ਰੂਬਰੂ ਹੋ ਰਹੀ ਹੈ। ਦੀਪ ਧਾਲੀਵਾਲ ਨੇ ਅਨੇਕਾਂ ਗਾਇਕ ਕਲਾਕਾਰਾਂ ਨਾਲ ਦੁਗਾਣੇ ਰਿਕਾਰਡ ਕਰਵਾਏ ਅਤੇ ਉਹਨਾਂ ਨਾਲ ਸਟੇਜੀ ਪ੍ਰੋਗਰਾਮ ਵੀ ਲਾਏ ਪਰ ਹੁਣ ਦੀਪ ਨੇ ਸਿਰਫ਼ ਸੋਲੋ ਗੀਤਾਂ ਨੂੰ ਹੀ ਅਪਨਾਉਣ ਦਾ ਫੈਸਲਾ ਕੀਤਾ ਹੈ । ਇਹ ਸੱਚੀਆਂ ਗੱਲਾਂ ਉਸਦਾ ਪਹਿਲਾ ਸੋਲੋ ਗੀਤ ਹੈ , ਜੋ ਉਸਨੇ ਰਿਕਾਰਡ ਕਰਵਾਕੇ ਆਪਣੀ ਕਿਸਮਤ ਅਜਮਾਉਣ ਦਾ ਹੀਲਾ ਕੀਤਾ ਹੈ। ਜਿਸਨੂੰ ਉਸਨੇ ਬੜੀ ਮਿਹਨਤ ਨਾਲ ਰਿਕਾਰਡ ਕਰਵਾਇਆ ਹੈ। ਉਸਦਾ ਕਹਿਣਾ ਹੈ ਕਿ ਇਸ ਗੀਤ ਨਾਲ ਜੇਕਰ ਸਰੋਤਿਆਂ ਨੇ ਉਸਦੀ ਗਾਇਕੀ ਨੂੰ ਕਬੂਲ ਕੀਤਾ ਤਾਂ ਅੱਗੇ ਤੋਂ ਉਹ ਸੋਲੋ ਗੀਤਾਂ ਨੂੰ ਹੀ ਸਮਰਪਿਤ ਹੋ ਜਾਵੇਗੀ। ਗਾਇਕਾ ਦੀਪ ਧਾਲੀਵਾਲ ਨੇ ਦੱਸਿਆ ਕਿ ਇਸ ਗੀਤ ਦਾ ਕਲਮਕਾਰ ਲਾਭ ਜੋਧਪੁਰੀ ਹੈ ਅਤੇ ਸੰਗੀਤਕਾਰ ਵਿਨੋਦ ਸ਼ਰਮਾ ਹੈ ਜਦਕਿ ਇਸਦਾ ਪੇਸ਼ਕਾਰ ਸਰਤਾਜ ਰਿਕਾਡਜ਼ ਦਾ ਸਰੋਵਰ ਰਾਏਖਾਨਾ ਹੈ ਅਤੇ ਇਸਦਾ ਵੀਡਿਓ ਵੀ ਸਰੋਵਰ ਰਾਏਖਾਨਾ ਨੇ ਬਣਾਇਆ ਹੈ। ਗਾਇਕਾ ਦੀਪ ਧਾਲੀਵਾਲ ਨੇ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਸਰੋਤਿਆਂ ਤੋਂ ਇਹ ਉਮੀਦ ਰੱਖੀ ਹੈ ਕਿ ਉਹ ਇਸ ਗੀਤ ਨੂੰ ਪੂਰਨ ਸਹਿਯੋਗ ਦੇਣਗੇ