ਹਮੇਸ਼ਾ ਯਾਦ ਆਏਗੀ ਗੁਰਮੀਤ ਬਾਵਾ- ਨਿੰਦਰ ਘੁਗਿਆਣਵੀ
ਹਮੇਸ਼ਾ ਯਾਦ ਆਏਗੀ ਗੁਰਮੀਤ ਬਾਵਾ- ਨਿੰਦਰ ਘੁਗਿਆਣਵੀ
ਵੀਰ ਕੇਵਲ ਧਾਲੀਵਾਲ ਨੇ ਸੋਗੀ ਸੁਨੇਹਾ ਭੇਜਕੇ ਬੇਹੱਦ ਉਦਾਸ ਕਰ ਦਿੱਤਾ ਅਜ ਸਵੇਰੇ ਸਵੇਰੇ। ਬੀਬੀ ਗੁਰਮੀਤ ਬਾਵਾ ਝਕਾਨੀ ਦੇ ‘ਅਹੁ ਟੁਰ ਗਈ’, ਬਿਨਾਂ ਦੱਸੇ, ਬਿਨਾ ਪੁੱਛੇ। ਚੁੱਪ ਚੁਪੀਤੀ। ਧੀ ਲਾਚੀ ਦੇ ਵਿਛੋੜੇ ਵਿਚ ਭਰੀ ਪੀਤੀ। ਭਰਵੀਂ ਗਰਜਵੀਂ ਤੇ ਲਰਜਵੀਂ ਆਵਾਜ ਸਦਾ ਦੀ ਨੀਂਦੇ ਜਾ ਸੁੱਤੀ ਹੈ ਮੋਈਆਂ ਕਬਰਾਂ ਵਿਚ। ਅਲਗੋਜਿਆਂ ਦਾ ਸੰਸਾਰ ਲੁੱਟਿਆ ਪੁੱਟਿਆ ਗਿਆ ਏ, ਹੁਣ ਭਲਾ ਕਿਸ ਨੇ ਗਾਉਣਾ ਏਂ ਅਲਗੋਜਿਆ ਨਾਲ? ਲਾਵਾਰਿਸ ਹੋਗੇ ਨੇ ਅੱਜ ਅਲਗੋਜੇ।ਯਾਦਾਂ ਕਲੇਜੇ ਧੂਅ ਪਾਉਂਦੀਆਂ ਨੇ। ****ਜਦ ਉਹਨੂੰ ਪਤਾ ਲਗਣਾ ਕਿ ਨਿੰਦਰ ਅੰਮ੍ਰਿਤਸਰ ਆਇਆ ਸੀ ਤੇ ਬਿਨਾ ਮਿਲੇ ਮੁੜ ਗਿਆ ਹੈ,ਜਦੇ ਈ ਫੋਨ ਆ ਜਾਣਾ ਤੇ ਉਲਾਂਭਾ ਭਾਰੀ ਹੋਣਾ ਮਾਵਾਂ ਦੇ ਮੋਹ ਭਰੇ ਉਲਾਂਭੇ ਵਰਗਾ। ਮਾਫੀ ਮੰਗਦਾ ਸਾਂ ਤੇ ਵਾਇਦਾ ਕਰਦਾ ਸਾਂ ਕਿ ਬੀਬੀ ਜੀ ਅੱਗੇ ਤੋਂ ਇਓਂ ਨੀ ਹੁੰਦਾ, ਹੁਣ ਜਦ ਆਇਆ ਤਾਂ ਮਿਲਕੇ ਜਾਊਂਗਾ। ਮੈਂ ਵੀਹ ਵਰੇਂ ਤੋਂ ਵੱਧ ਸਮੇਂ ਤੋਂ ਉਨਾ ਦੇ ਸਪੰਰਕ ਵਿਚ ਸਾਂ ਤੇ ਉਨਾ ਦੀ ਹੇਕ ਤੇ ਹੂਕ ਤਾਂ ਉਦੋਂ ਤੋਂ ਦਿਲ ਵਿਚ ਵੜ ਬੈਠੇ ਹੋਣੇ, ਜਦੋਂ ਜਨਮਿਆਂ ਤੇ ਸੁਰਤ ਸੰਭਲਣ ਉਤੇ ਟੀਵੀ ਰੇਡੀਉ ਚੋਂ ਉਨਾਂ ਨੂੰ ਸੁਣਨ ਲੱਗਿਆ ਸੀ।ਗੁਰਮੀਤ ਬਾਵਾ ਭਲੇ ਸੁਭਾਓ ਦੀ ਮਾਲਕ ਸੀ। ਜਿੰਨੀ ਸੰਗਾਊ ਸੀ ਤੇ ਓਨੀ ਹੀ ਨਿਮਰਤਾਵਾਨ ਵੀ ਸੀ। ਕਹਿੰਦੀਆਂ ਕਹਾਉਂਦੀਆਂ ਗਾਉਣ ਵਾਲੀਆਂ ਬਾਵਾ ਨੂੰ ਤਾਂ ਜੱਫੀ ਪਾਕੇ ਮਿਲਦੀਆਂ ਸਨ ਪਰ ਉਹਦੀ ਉੱਚੀ ਆਵਾਜ ਤੇ ਲੰਮੀ ਹੇਕ ਨਾਲ ਪੁੱਜ ਕੇ ਸਾੜਾ ਕਰਦੀਆਂ ਸਨ।ਉਹ ਬੇਪਰਵਾਹ ਫਨਕਾਰਾ ਸੀ। ****ਮੈਨੂੰ ਚੇਤੇ ਆ ਰਿਹਾ ਹੈ ਉਹ ਦਿਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲੋਕ ਗਾਇਕੀ ਬਾਰੇ ਇਕ ਵੱਡਾ ਸੈਮੀਨਾਰ ਸੀ ਤੇ ਲੋਕ ਸੰਗੀਤ ਬਾਰੇ ਉਥੇ ਮੁੱਖ ਭਾਸ਼ਣ ਮੇਰਾ ਸੀ। ਬਾਵਾ ਜੀ ਆਏ। ਦੇਵ ਥਰੀਕੇ ਵਾਲਾ ਆਇ। ਮੁਹੰਮਦ ਸਦੀਕ, ਹੰਸ ਰਾਜ ਹੰਸ, ਗੁਰਭਜਨ ਗਿੱਲ, ਵਾਈਸ ਚਾਂਸਲਰ ਡਾ ਜਸਪਾਲ ਸਿੰਘ ਹੁਰੀਂ ਬੈਠੇ ਸਨ। ਡਾ ਰਜਿੰਦਰ ਪਾਲ ਬਰਾੜ ਨੇ ਅਨਾਊਂਸ ਕਰਿਆ ਕਿ ਬਾਵਾ ਜੀ ‘ਡੋਲੀ’ ਦੇ ਕੁਝ ਸੁਣਾਉਣਗੇ। ਬੀਬੀ ਬਾਵਾ ਨੇ ਦਰਦ ਪਰੁੱਚੇ ਬੋਲ ਛੋਹੇ: ਪੁੱਤਰ ਸੱਤ ਵੀ ਹੋਣ ਸਮਾਅ ਲੈਂਦੋਂਤੇ ਧੀ ਘਰ ਨਾ ਇਕ ਸਮਾ ਸਕੀ।ਜਿਹੜੀ ਤੁਰਨ ਵੇਲੇ ਘਰੋਂ ਗਈ ਰੋਂਦੀ ਉਹਨੂੰ ਮਾਂ ਨਾ ਚੁੱਪ ਕਰਾ ਸਕੀ।ਕੁਹਾਰੋ ਡੋਲੀ ਨਾ ਚਾਇਓ, ਵੇ ਮੇਰਾ ਬਾਬੁਲਾ ਆਇਆ ਨਹੀਂਕਿ ਵੀਰਾ ਦੂਰ ਖੜਾ ਰੋਵੇਂ,ਕਿਸੇ ਨੇ ਚੁੱਪ ਕਰਾਇਆ ਨਹੀਂ। ਆਡੀਟੋਰੀਅਮ ਵਿਚ ਸੰਨਾਟਾ ਪਸਰ ਗਿਆ। ਵਾਈਸ ਚਾਂਸਲਰ ਦੀ ਅੱਖ ਸਮੇਤ ਹਰ ਅੱਖ ਨਮ ਸੀ। ਕੋਈ ਸਾਹ ਨਹੀਂ ਸੀ ਲੈ ਰਿਹਾ। ਬਾਵਾ ਗਾ ਰਹੀ ਸੀ: ਓ ਬਾਬੁਲਾ ਸਾਂਭ ਕੇ ਰਖਲੀਂ ਵੇ ਮੇਰੇ ਬਚਪਨ ਦੇ ਗੁੱਡੀਆਂ ਪਟੋਲੇਰੱਬ ਦੇ ਨਾਂ ਮੈਨੂੰ ਮਾਫ ਤੂੰ ਕਰਦੀਂ, ਅਸਾਂ ਮੰਦੜੇ ਬੋਲ ਨਾ ਬੋਲੇ।ਜੇਹੜਾ ਤੂੰ ਸਾਲੂ ਦਿੱਤਾ ਸੀ, ਅਸਾਂ ਨੇ ਰੱਜ ਹੰਡਾਇਆ ਨਹੀਂ, ਕੁਹਾਰੋ ਡੋਲੀ ਨਾ ਚਾਇਓ, ਵੇ ਮੇਰਾ ਬਾਬਲ ਆਇਆ ਨਹੀਂ।ਲੋਕ ਸੰਗੀਤ ਵਿਚ ਲਿਪਟੀ ਇਹ ਦੁਪਹਿਰ ਕਦੇ ਨਹੀਂ ਭੁਲਣੀ। ਅਜ ਰੋਣਾ ਆਇਆ ਬੜਾ।
ਖੈਰ। ***ਮੇਰੇ ਬੇਨਤੀ ਕਰਨ ਉਤੇ ਬਾਵਾ ਜੀ ਹਰ ਥਾਂ ਪਧਾਰੇ ਸਨ। ਚਾਹੇ ਵਿਰਸਾ ਵਿਹਾਰ ਵਿਚ ਸੱਤ ਸ਼ਖਸੀਅਤਾਂ ਦਾ ਸਨਮਾਨ ਸੀ, ਚਾਹੇ ਵਿਕਰਮਜੀਤ ਦੁੱਗਲ ਐਸ ਐਸ ਪੀ ਦਾ ਵੈਲਕਮ ਸੀ, ਚਾਹੇ ਮੇਰੀ ‘ਜੱਜ ਮੈਡਮ’ ਫਿਲਮ ਦਾ ਮਹੂਰਤ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਪਣੀ ਪੁਸਤਕ ‘ਲੋਕ ਗਾਇਕ’ ਵਿਚ ਮੈਂ ਉਨਾਂ ਦੀ ਜੀਵਨੀ ਬਾਰੇ ਵਿਸਥਾਰਪੂਰਵਕ ਨਿਬੰਧ ਲਿਖਿਆ। ਪੰਜਾਬੀ ਯੂਨੀ: ਪਟਿਆਲਾ ਦੀ ਪੁਸਤਕ ‘ਸਾਡੀਆਂ ਲੋਕ ਗਾਇਕਵਾਂ’ ਵਿਚ ਬਾਵਾ ਜੀ ਦੀ ਪੂਰੀ ਜੀਵਨੀ ਲਿਖੀ। ਭਾਰਤ ਸਰਕਾਰ ਦੀ ਕਿਤਾਬ ‘ਪੰਜਾਬ ਦਾ ਲੋਕ ਸੰਗੀਤ’ ਵਿਚ ਵੀ ਬਾਵਾ ਜੀ ਬਾਰੇ ਖੂਬ ਲਿਖਿਆ ਸੀ। ਉਹ ਜਦ ਵੀ ਮਿਲਦੇ ਤੇ ਖੁਸ਼ ਹੋ ਕੇ ਕਹਿੰਦੇ ਕਿ ਨਿੰਦਰ ਤੂੰ ਮੈਨੂੰ ਅੱਖਰਾਂ ਵਿਚ ਸਾਂਭ ਦਿੱਤਾ ਏ। ਮੈਂ ਇਕ ਥਾਵੇਂ ਇਹ ਵੀ ਲਿਖਿਆ ਸੀ ਕਿ ਇਕ ਵਾਰ ਬੰਬੇ ਬਾਵਾ ਜੀ ਗਾਉਣ ਗਏ। ਵਿਸਾਖੀ ਦਾ ਮੇਲਾ। ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਵੀ ਆਏ। ਜਦ ਬਾਵਾ ਜੀ ਨੇ ਪੰਤਾਲੀ ਸੈਕਿੰਡ ਲੰਮੀ ਹੇਕ ਸੁੱਟੀ, ਤਾਂ ਰਾਜੀਵ ਗਾਂਧੀ ਸੀਟ ਉਤੋਂ ਖਲੋਕੇ ਤਾੜੀਆਂ ਮਾਰ ਰਹੇ ਸਨ। ਮੰਚ ਉਤੇ ਬਾਵਾ ਜੀ ਦਾ ਸਨਮਾਨ ਕਰਨ ਲੱਗੇ ਤਾਂ ਰਾਜੀਵ ਗਾਂਧੀ ਨੇ ਪੁਛਿਆ ਸੀ ਕਿ, “ਆਪ ਕੇ ਗਲੇ ਮੇਂ ਕੁਦਰਤ ਨੇ ਏਸਾ ਕੌਨ ਸਾ ਪੁਰਜਾ ਫਿਟ ਕਰ ਰਖਾ ਹੈ? ਅਰੇ ਕਿਆ ਬਾਤ ਹੈ ਬਾਵਾ ਜੀ। ਮੈਂ ਆਪ ਕੋ ਸਲਿਊਟ ਕਰਤਾ ਹੂੰ ਬਾਵਾ ਜੀ।”ਇਕ ਦਿਨ ਉਹ ਕੇਵਲ ਧਾਲੀਵਾਲ ਨਾਲ ਸਾਡੇ ਦਫਤਰ ਆਏ ਪੰਜਾਬ ਕਲਾ ਭਵਨ ਚੰਡੀਗੜ੍ਹ। ਸਬੱਬ ਨਾਲ ਮੈਂ ਵੀ ਬੈਠਾ ਸਾਂ ਆਪਣੇ ਕਮਰੇ ਵਿਚ। ਆਉਂਦੇ ਸਾਰ ਘੁੱਟ ਕੇ ਜੱਫੀ ਪਾਈ। ਮੈਂ ਆਪਣੀ ਕੁਰਸੀ ਉਤੇ ਬਿਠਾਣ ਲਈ ਜਿੱਦ ਕੀਤੀ। ਨਾ ਮੰਨੇ। ਚਾਹ ਪੀਤੀ। ਬੜੇ ਖੁਸ਼ ਹੋਏ। ਜਾਣ ਲੱਗੇ ਪਰਸ ਚੋਂ ਪੰਜ ਸੌ ਦਾ ਨੋਟ ਕਢਕੇ ਮੇਰੀ ਚਿੱਟੀ ਸ਼ਰਟ ਦੀ ਜੇਬ ਵਿਚ ਪਾਉਂਦੇ ਬੋਲੇ, “ਏਹ ਸ਼ਗਨ ਏਂ, ਮੇਰਾ ਪੁੱਤਰ ਅਫਸਰ ਬਣ ਗਿਆ ਏ ਹੁਣ, ਬੜੀ ਖੁਸ਼ ਆਂ ਤੈਨੂੰ ਏਥੇ ਦੇਖਕੇ।”ਮੇਰੀਆਂ ਅੱਖਾਂ ਭਰ ਆਈਆਂ, ਜਿਵੇਂ ਹੁਣ ਇਹ ਸ਼ਬਦ ਟਾਈਪ ਕਰਦਿਆਂ ਭਰੀਆਂ ਹੋਈਆਂ ਨੇ। ਪੰਜਾਬ ਦੇ ਲੋਕ ਗੀਤਾਂ, ਸੁਹਾਗ ਤੇ ਸਿੱਠਣੀਆਂ ਤੇ ਲੋਕ ਸੰਗੀਤ ਦੀ ਪਵਿੱਤਰ ਲੋਕ ਧਾਰਾ ਨੂੰ ਅਮੀਰ ਕਰਨ ਵਾਲੀਏ ਬੀਬੀਏ, ਬਾਏ ਬਾਏ, ਧੰਨਵਾਦ।