‘ਹਾਏ ਓਏ ਰੱਬਾ, ਰੁਲ ਚੱਲੀਆਂ ਸੀ ਰੀਝਾਂ-ਕੁੱਤਾ ਖਾ ਗਿਆ ਵੀਜ਼ਾ’

ਹਾਏ ਓ ਰੱਬਾ!
ਰੁਲ ਚੱਲੀਆਂ ਸੀ ਰੀਝਾਂ-ਕੁੱਤਾ ਖਾ ਗਿਆ ਵੀਜ਼ਾ
ਗਲਤ ਤਰੀਕੇ ਨਾਲ ਪਾਸਪੋਰਟ ਡਿਲਿਵਰ ਕਰਨ ’ਤੇ ਨਿਊਜ਼ੀਲੈਂਡ ਪੋਸਟ ਨੇ ਮੰਗੀ ਮਾਫੀ
-ਡਾਕ ਵਾਲੇ ਲਿਫ਼ਾਫੇ ਵਿਚ ਸੀ ਪਾਸਪੋਰਟ ਅਤੇ ਵੀਜ਼ਾ
-ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, 31 ਮਈ 2024:-ਨਿਊਜ਼ੀਲੈਂਡ ਦੇ ਵਿਚ ਡਾਕ ਵੰਡਣ ਦਾ ਕੰਮ ਵਾਲੀ ਸੰਸਥਾ ‘ਨਿਊਜ਼ੀਲੈਂਡ ਪੋਸਟ’ ਨੇ ਆਖਿਰ ਉਸ ਗੱਲ ਲਈ ਮਾਫੀ ਮੰਗ ਲਈ ਹੈ, ਜਿਸ ਦੇ ਚਲਦਿਆਂ ਇਕ ਵਿਅਕਤੀ ਦਾ ਪਾਸਪੋਰਟ ਤੇ ਵੀਜ਼ੇ ਵਾਲਾ ਲਿਫ਼ਾਫਾ ਘਰ ਦੇ ਕੁੱਤੇ ਦੇ ਗੇੜ ਵਿਚ ਆ ਗਿਆ ਸੀ ਅਤੇ ਕੁੱਤੇ ਨੇ ਉਸ ਦਾ ਇਕ ਹਿੱਸਾ ਚਬਾ ਲਿਆ ਸੀ। ਦਰਅਸਲ ਦਿੱਤੇ ਨਿਰਦੇਸ਼ਾਂ ਦੇ ਅਧਾਰ ਉਤੇ ਇਹ ਪਾਸਪੋਰਟ ਪ੍ਰਾਪਤ ਕਰਨ ਵਾਲੇ ਵਿਅਕਤੀ ਦੇ ਦਸਤਖਤਾਂ ਤੋਂ ਬਿਨਾਂ ਡਿਲਿਵਰ ਨਹੀਂ ਕਰਨਾ ਬਣਦਾ ਸੀ, ਪਰ ਡਿਲੀਵਰੀ ਕਰਨ ਵਾਲੇ ਨੇ ਇਸ ਨੂੰ ਦਰਵਾਜ਼ੇ ਮੂਹਰੇ ਰੱਖ ਦਿੱਤਾ।  ਘਰ ਵਿਚ ਰੱਖੇ ਕੁੱਤੇ ਦੀ ਨਿਗ੍ਹਾ ਇਸ ਉਤੇ ਪੈ ਗਈ ਅਤੇ ਉਸਨੇ ਲਿਫ਼ਾਫਾ ਪਾੜ ਸੁਟਿਆ, ਪਾਸਪੋਰਟ ਇਕ ਖੂੰਜੇ ਤੋਂ ਚਬਾ ਲਿਆ ਅਤੇ ਯੂ. ਕੇ ਵਰਕ ਵੀਜ਼ੇ ਵਾਲਾ ਸਟਿੱਕਰ ਵੀ ਖਰਾਬ ਹੋ ਗਿਆ।

ਨਿਊਜ਼ੀਲੈਂਡ ਪੋਸਟ ਨੇ ਪਹਿਲਾਂ ਇਸ ਦੇ ਲਈ ਆਪਣੀ ਗਲਤੀ ਨਹੀਂ ਮੰਨੀ ਅਤੇ ਕੋਈ ਦੇਣਦਾਰੀ ਦੇਣ ਤੋਂ ਇਨਕਾਰ ਕੀਤਾ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਕੁੱਤੇ ਦੇ ਮਾਲਕ ਦੀ ਗਲਤੀ ਹੈ। ਜਿਸ ਵਿਅਕਤੀ ਦਾ ਵਰਕ ਵੀਜ਼ਾ ਸੀ ਉਸਨੇ ਅਗਲੇ ਤਿੰਨ ਹਫ਼ਤੇ ਦੇ ਵਿਚ ਇੰਗਲੈਂਡ ਜਾਣਾ ਸੀ ਅਤੇ ਉਸਨੂੰ ਇਹ ਨਵੀਂ ਮੁਸੀਬਤ ਪੈ ਗਈ ਸੀ। ਪਰ ਉਸਨੇ ਕਰ ਕਰਾ ਕੇ ਵੀਜ਼ਾ ਤਾਂ ਦੁਬਾਰਾ ਪ੍ਰਾਪਤ ਕਰ ਲਿਆ ਪਰ ਨਵਾਂ ਪਾਸਪੋਰਟ ਬਨਾਉਣ ਦੇ ਲਈ ਉਸਨੂੰ ਅਰਜੈਂਟ ਫੀਸ ਦੇ ਨਾਲ 430 ਡਾਲਰ ਖਰਚਣੇ ਪਏ।  ਉਸਨੇ ਪੈਰਵੀ ਜਾਰੀ ਰੱਖੀ ਅਤੇ ਆਖਿਰ ਨਿਊਜ਼ੀਲੈਂਡ ਪੋਸਟ ਨੇ ਗਲਤੀ ਮੰਨ ਨੇ ਹੋਏ ਨੁਕਸਾਨ ਦੀ ਪੂਰਤੀ ਲਈ ਪੇਸ਼ਕਸ਼ ਕੀਤੀ। ਸੋ ਜਿਸ ਵਿਅਕਤੀ ਨੇ ਪੂਰੀ ਤਰ੍ਹਾਂ ਇੰਗਲੈਂਡ ਜਾਣ ਦੀ ਤਿਆਰੀ ਕੀਤੀ ਹੋਵੇ ਅਤੇ ਇਹ ਘਟਨਾ ਹੋ ਜਾਵੇ ਤਾਂ ਉਸਦੇ ਮੂੰਹੋਂ ਤਾਂ ਇਹੀ ਨਿਕਲੇਗਾ ਕਿ ‘ਹਾਏ ਓਏ ਰੱਬਾ, ਰੁਲ ਚੱਲੀਆਂ ਸੀ ਰੀਝਾਂ-ਕੁੱਤਾ ਖਾ ਗਿਆ ਵੀਜ਼ਾ।’’

Exit mobile version