ਹੁਣ ਲੋੜ ਹੈ ਕਿ ਕੈਨੇਡਾ ਦੇ ਲੋਕ ਆਪਣੇ ਵਾਸਤੇ ਵੀ ਕੁੱਝ ਕਰਨ-ਮਾਰਕ ਕਾਰਨੀ

ਔਟਵਾ (ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਦੀ ਸੰਸਦ ਭੰਗ ਕੀਤੇ ਜਾਣ ਉਪਰੰਤ 28 ਅਪਰੈਲ 2025 ਨੂੰ ਚੋਣਾਂ ਦੇ ਐਲਾਨ ਮਗਰੋਂ ਦੇਸ਼ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਔਟਵਾ ਦੇ ਨੇਪੀਅਰ ਤੋਂ ਉਮੀਦਵਾਰ ਵੱਜੋਂ ਮੈਦਾਨ ਵਿਚ ਉਤਰਨਗੇ। ਲਿਬਰਲ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਇਹ ਹਲਕਾ ਲੰਮੇ ਸਮੇਂ ਤੋਂ ਪਾਰਟੀ ਦੇ ਕਬਜ਼ੇ ਹੇਠ ਹੈ। ਇੱਥੋਂ ਦੇ ਵੋਟਰਾਂ ਨੇ ਭਾਰਤੀ ਮੂਲ ਦੇ ਚੰਦਰ ਆਰੀਆ ਨੂੰ ਤਿੰਨ ਵਾਰ ਜਿਤਾ ਕੇ ਸੰਸਦ ਵਿੱਚ ਭੇਜਿਆ। ਹਾਲਾਂਕਿ ਕੱੁਝ ਮਾਮਲਿਆਂ ’ਤੇ ਆਪਣੀ ਹੀ ਪਾਰਟੀ ਦੀ ਨੁਕਤਾਚੀਨੀ ਕਰਕੇ ਆਰੀਆ ਦਾ ਪੱਤਾ ਕੱਟ ਕੇ ਉਨ੍ਹਾਂ ਦੀ ਥਾਂ ਕਾਰਨੀ ਨੂੰ ਇਸ ਸੁਰੱਖਿਅਤ ਹਲਕੇ ਤੋਂ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ। ਇਸੇ ਦੌਰਾਨ ਲਿਬਰਲ ਪਾਰਟੀ ਦੇ ਲੀਡਰ ਮਾਰਕ ਕਾਰਨੀ ਜੋ ਨਿਊ ਫਾਊਂਡਲੈਂਡ ਵਿੱਚ ਮੌਜੂਦ ਸਨ, ਨੇ ਆਖਿਆ ਕਿ ਕੈਨੇਡਾ ਦੇ ਲੋਕਾਂ ਨੇ ਅਮਰੀਕਾ ਵਾਸਤੇ ਬਹੁਤ ਕੱੁਝ ਕੀਤਾ ਹੈ ਅਤੇ ਹੁਣ ਲੋੜ ਹੈ ਕਿ ਕੈਨੇਡਾ ਦੇ ਲੋਕ ਆਪਣੇ ਵਾਸਤੇ ਵੀ ਕੱੁਝ ਕਰਨ। ਉਹਨਾਂ ਆਖਿਆ ਕਿ ਇਸ ਲਈ ਕੈਨੇਡਾ ਦੀ ਆਰਥਿਕਤਾ ਨੂੰ ਬੇਹੱਦ ਜਿਆਦਾ ਮਜਬੂਤ ਕਰਨ ਦੀ ਲੋੜ ਹੈ । ਇਸ ਦੇ ਨਾਲ ਹੀ ਉਹਨਾਂ ਕੰਜਰਵਟਿਵ ਲੀਡਰ ਪੀਅਰੇ ਪੋਲੀਵਰ ਉੱਪਰ ਵੀ ਸ਼ਬਦੀ ਹਮਲੇ ਕੀਤੇ।