ਹੱਡ ਬੀਤੀਆਂ

ਹੈਂਅ…ਹੈਂਅ !! ਬਚ ਈ ਗਿਆ…. ??


          ਜਿਵੇਂ ਚਾਚੇ-ਤਾਏ,ਮਾਮੇ-ਭੂਆ ਦੇ ਜਾਏ ਲੜਕੇ ਰਿਸ਼ਤੇ ਵਿਚ ਭਰਾ ਲਗਦੇ ਹੁੰਦੇ ਨੇ,ਇਵੇਂ ਇਹ ਵੀ ਮੇਰੇ ਅਜਿਹੇ ਇਕ ਭਰਾ ਬਾਰੇ ਹੀ ਮੇਰੀ ਅੱਖੀਂ ਦੇਖੀ ਵਾਰਤਾ ਹੈ।ਜਿਸਨੇ ਜਵਾਨੀ ਤੋਂ ਲੈ ਕੇ ਅਠੱਤਰ ਅੱਸੀ ਸਾਲ ਦੀ ਉਮਰ ਤੱਕ ਸ਼ਾਇਦ ਹੀ ਕੋਈ ਦਿਨ ਸੁੱਕਾ ਲੰਘਾਇਆ ਹੋਵੇ ਜਦ ਉਸਨੇ ਕਦੇ ਸ਼ਰਾਬ ਨਾ ਪੀਤੀ ਹੋਵੇ!ਇਹ ਉਸਦੀ ਖੁਸ਼ਕਿਸਮਤੀ ਹੀ ਕਹਿ ਲਉ ਕਿ ਉਹਦੇ ਬੱਚੇ ਆਪਣੇ ਬਾਪ ਦਾ ਰੱਜ ਕੇ ਸਤਿਕਾਰ ਕਰਦੇ ਰਹੇ।ਸ਼ਰਾਬ ਪੀਣ ਦੀ ਆਦਤ ਕਾਰਨ ਉਹ ਆਪਣੇ ਬਾਪ ਨੂੰ ਕਦੇ ਬੁਰਾ-ਭਲਾ ਨਾ ਕਹਿੰਦੇ।

     ਪਿੰਡ ਵਿਚ ਕਿਸੇ ਦੇ ਵੀ ਘਰੇ ਵਿਆਹ ਕੁੜਮਾਈ ਵਗੈਰਾ ਹੋਣਾ ਉਸਨੇ ਬਿਨ ਬੁਲਾਇਆ ਮਹਿਮਾਨ ਬਣਕੇ ਪਿਆਕੜਾਂ ਦੀ ਢਾਣੀ ਵਿਚ ਜਾ ਸ਼ਾਮਲ ਹੋ ਜਾਣਾ।ਪੀ ਕੇ ਗਲ਼ੀਆਂ ‘ਚ ਡਿਗੇ ਪਏ ਨੂੰ ਅਕਸਰ ਚੁੱਕ ਚੁੱਕ ਕੇ ਘਰੇ ਲਿਆਉਣਾ ਪੈਂਦਾ।ਪਰ ਸ਼ਰਾਬੀ ਹੋ ਕੇ ਹਰੇਕ ਥਾਂਹ ਖਰੂਦ ਪਾਉਣ ਦੀ ਉਹਦੀ ਭੈੜੀ ਵਾਦੀ ਕਾਰਨ ਉਹਦੀ ਪਤਨੀ ਤੇ ਮਾਪੇ ਬੜੇ ਦੁਖੀ ਹੁੰਦੇ ਜਦ ਉਨ੍ਹਾਂ ਨੂੰ ਆਏ ਦਿਨ ਬਾਹਰੋਂ ਲੋਕਾਂ ਵਲੋਂ ਭਾਂਡੇ ਭੰਨਣ ਜਿਹੇ ਉਲ਼ਾਂਭੇ ਸੁਣਨੇ ਪੈਂਦੇ!
       ਇਕ ਵਾਰ ਅਸੀਂ ਉਨ੍ਹਾਂ ਦੇ ਘਰੇ ਕਿਸੇ ਸਮਾਗਮ ‘ਤੇ ਗਏ ਹੋਏ ਸਾਂ।ਸਮਾਗਮ ਤੋਂ ਪਹਿਲੀ ਸ਼ਾਮ ਉਸ ‘ਸ਼ਰਾਬੀ ਵੀਰੇ’ ਨੇ ਰੱਜ ਕੇ ਸ਼ਰਾਬ ਪੀ ਲਈ ਤੇ ਲੱਗ ਪਿਆ ਅਵਲ਼ੀਆਂ-ਟਵਲ਼ੀਆਂ ਮਾਰਨ।
ਘਰ ਤੋਂ ਥੋੜ੍ਹਾ ਹਟਵੇਂ ਥਾਂਹ ਪਸੂਆਂ ਦੇ ਵਾੜੇ ਵਿਚ ਉਹਦਾ ਬਾਪ ਮੰਜੇ ਡਾਹੁਣ ਵੇਲੇ ਇਕ ਢਿੱਲੇ ਮੰਜੇ ਦੀ ਦੌਣ ਕੱਸ ਰਿਹਾ ਸੀ ਜਦ ਘਰੇ ਕੂਕ-ਰੌਲ਼ਾ ਪੈ ਗਿਆ ਕਿ ਸ਼ਰਾਬੀ ਹੋਇਆ ਛਿੰਦਾ ਕੋਠੇ ਤੋਂ ਡਿਗ ਪਿਆ ਐ!ਜਿਵੇਂ ਪਿੰਡਾਂ ‘ਚ ਹੁੰਦਾ ਹੀ ਐ,ਆਂਢੀ ਗੁਆਂਢੀ ‘ਛਿੰਦਾ ਕੋਠਿਉਂ ਡਿਗ ਪਿਆ ਉਏ…ਬਚਾਉ ਬਚਾਉ !’ ਕਰਦੇ ਵਾਹੋ ਦਾਹੀ ਉਨ੍ਹਾਂ ਦੇ ਘਰ ਵੱਲ ਦੌੜ ਪਏ!ਭੱਜੇ ਜਾਂਦੇ ਲੋਕਾਂ ਦੀ ਅਜਿਹੀ ‘ਹਾਲ ਪਾਹਰਿਆ’ ਨੂੰ ਜਮਾਂ ਈ ਅਣਗੌਲ਼ਿਆ ਤੇ ਅਣਸੁਣਿਆਂ ਕਰਦਾ ਉਹਦਾ ਬਾਪ ਇੰਜ ਦੌਣ ਕੱਸੀ ਗਿਆ ਜਿਵੇਂ ਉੱਥੇ ਕੁੱਝ ਵੀ ਨਾ ਹੋਇਆ ਹੋਵੇ ! ਭਾਵੇਂ ਗੁਆਂਢੀਆਂ ਨੇ ਉਹਨੂੰ ‘ਸੁਣਾ ਕੇ’ ਹੀ ਉੱਚੀ ਉੱਚੀ ਦੁਹਾਈ ਜਿਹੀ ਪਾਈ ਸੀ !
          ਪੰਜਾਂ ਦਸਾਂ ਕੁ ਮਿੰਟਾਂ ਹੀ ਬਾਅਦ ਉਹੀ ਰੌਲ਼ਾ ਪਾਉਂਦੇ ਲੰਘੇ ਲੋਕ ਆਪੋ ਆਪਣੇ ਘਰਾਂ ਨੂੰ ਮੁੜਦੇ ਵਕਤ ਇਉਂ ਗੱਲਾਂ ਕਰਦੇ ਜਾਣ-
     ‘ਓ ਬਈ ਸ਼ੁਕਰ ਰੱਬ ਦਾ !’ਕੱਠੇ ਕੀਤੇ ਪਏ ਬਿਸਤਰਿਆਂ ਉੱਪਰ ਡਿਗਣ ਕਾਰਨ ਬਚਾਅ ਹੋ ਗਿਆ…. ਬਚ ਗਿਆ ਛਿੰਦਾ ਬਚ ਗਿਆ !’
       ਇਹ ਗੱਲ ਕੰਨੀਂ ਪੈਂਦਿਆਂ ਹੀ ਵਾੜੇ ਵਿਚ ਛਿੰਦੇ ਦੇ ਬਾਪ ਨੇ ਮੰਜੇ ਦੀ ਦੌਣ ਇਕ ਦਮ ਹੱਥੋਂ ਛੱਡ’ਤੀ!ਸਿੱਧਾ ਖੜ੍ਹਾ ਹੋ ਕੇ ਉਹ ਗਲ਼ੀ ਵਿਚ ਉਕਤ ਗੱਲਾਂ ਕਰਦੇ ਜਾਂਦੇ ਗੁਆਂਢੀਆਂ ਨੂੰ ਦੁਖੀ ਜਿਹੀ ਸੁਰ ਵਿਚ ਬੋਲਿਆ-
    “ਹੈਂਅ…..ਹੈਂਅ ! ਉਹ ਬਚ ਹੀ ਗਿਆ ਉਏ ??”

ਤਰਲੋਚਨ ਸਿੰਘ ਦੁਪਾਲ ਪੁਰ

ਤਰਲੋਚਨ ਸਿੰਘ ਦੁਪਾਲ ਪੁਰ
  001-408-915-1268
 [email protected]

Show More

Related Articles

Leave a Reply

Your email address will not be published. Required fields are marked *

Back to top button
Translate »