ਯਾਦਾਂ ਬਾਕੀ ਨੇ --

ਹੋਂਦ ਚਿੱਲੜ ਸਿੱਖ ਨਸ਼ਲਕੁਸ਼ੀ ਮਾਮਲਾ


ਅੱਜ ਵੀ ਅੱਲ੍ਹੇ ਨੇ ਹੋਂਦ ਚਿੱਲੜ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਨਸੂਰ ਬਣ ਚੁੱਕੇ ਜ਼ਖ਼ਮ 

ਚੇਅਰਮੈਨ ਮਨਜਿੰਦਰ ਸਿੰਘ ਸਰੌਦ

ਬੀਤੇ ਦਿਨੀਂ ਦਿੱਲੀ ਸਿੱਖ ਨਸ਼ਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਿੱਥੇ ਹੋਂਦ ਚਿੱਲੜ, ਪਟੌਦੀ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਾ ਇੱਕ ਢਾਰਸ ਜ਼ਰੂਰ ਵੱਝਿਆ ਸੀ ਪ੍ਰੰਤੂ ਹੁਣ ਪਿਛਲੇ ਦਿਨਾਂ ਤੋਂ ਇੱਕ ਵਾਰ ਫਿਰ ਕੁਝ ਬਾਹਰੀ ਲੋਕਾਂ ਵੱਲੋਂ ਪਿੰਡ ਹੋਂਦ ਚਿੱਲੜ ਅੰਦਰ ਸਿੱਖ ਪਰਿਵਾਰਾਂ ਦੀਆਂ ਖੰਡਰ ਬਣ ਚੁੱਕੀਆਂ ਹਵੇਲੀਆਂ ਨੂੰ ਢਾਹ ਕੇ ਉਨ੍ਹਾਂ ਜਗਾਵਾਂ ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਤੇਜ਼ ਹੋਣ ਦੇ ਚਲਦਿਆਂ ਪੀੜਤ ਪਰਿਵਾਰਾਂ ਅੰਦਰ ਡਰ ਅਤੇ ਰੋਸ ਦਾ ਮਾਹੌਲ ਪਨਪ ਰਿਹਾ ਹੈ । ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 2 ਨਵੰਬਰ 1984 ਨੂੰ ਪਿੰਡ ਹੋਂਦ, ਗੁੜਗਾਉਂ ਅਤੇ ਪਟੌਦੀ ਵਿਖੇ 79 ਸਿੱਖਾਂ ਦਾ ਵਹਿਸ਼ੀਆਨਾ ਢੰਗ ਦੇ ਨਾਲ ਕਤਲੇਆਮ ਕੀਤਾ ਗਿਆ, ਕਰੀਬ 3 ਦਿਨ ਚੱਲੇ ਇਸ ਖੂਨੀ ਕਾਂਡ ਵਿੱਚ ਸੈਂਕੜੇ ਸਿੱਖ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਸੰਪਤੀ ਨੂੰ ਲੁੱਟ ਲਿਆ ਸੀ ।   

      ਕੁਝ ਅਰਸਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਪੀੜਤਾਂ ਲਈ ਇਨਸਾਫ਼ ਦੀ ਜੰਗ ਲੜ ਰਹੇ ਜੁਝਾਰੂ ਲੋਕਾਂ ਦੇ ਨਾਲ ਪਿੰਡ ਹੋਂਦ ਅੰਦਰ ਜਾ ਕੇ ਵੇਖਿਆ ਕਿ ਉੱਥੇ ਕੁਝ ਲੋਕਾਂ ਵੱਲੋਂ ਖੰਡਰ ਬਣ ਚੁੱਕੀਆਂ ਹਵੇਲੀਆਂ ਦੀਆਂ ਕੰਧਾਂ ਨਾਲ ਛੇੜਛਾੜ ਕਰਨ ਤੋਂ ਬਾਅਦ ਆਲੇ ਦੁਆਲੇ ਦੀ ਜ਼ਮੀਨ ਨੂੰ ਕਾਫੀ ਹੱਦ ਤੱਕ ਆਪਣੇ ਖੇਤਾਂ ਵਿੱਚ ਰਲਾ ਲਿਆ ਹੈ । ਕਈ ਹਵੇਲੀਆਂ ਦੀ ਛੱਤ ਡਿੱਗ ਚੁੱਕੀ ਹੈ ਅਤੇ ਉੱਥੇ ਲਗਾਏ ਬੂਟੇ ਪੱਟ ਦਿੱਤੇ ਹਨ । ਉੱਥੇ ਮੌਜੂਦ ਹੋਂਦ ਚਿੱਲੜ ਸਿੱਖ ਕਤਲੇਆਮ ਦਾ ਸੰਤਾਪ ਹੰਡਾ ਚੁੱਕੇ ਪੀੜਤ ਪਰਿਵਾਰਾਂ ਦੇ ਕੁਝ ਮੈਂਬਰ ਅਤੇ ਪਿੰਡ ਚਿੱਲੜ ਦੇ ਸਰਪੰਚ ਰਵੀ ਕੁਮਾਰ ਨੇ ਆਖਿਆ ਕਿ ਕੁਝ ਬਾਹਰੀ ਅਸਰ-ਰਸੂਖ ਵਾਲੇ ਲੋਕ ਇਨ੍ਹਾਂ ਹਵੇਲੀਆਂ ਨੂੰ ਢਾਹ ਕੇ ਹੌਲੀ-ਹੌਲੀ ਉਸ ਜਗ੍ਹਾ ਉੱਪਰ ਕਬਜ਼ੇ ਦੀ ਤਾਕ ਵਿੱਚ ਹਨ । ਜਿਨ੍ਹਾਂ ਵੱਲੋਂ ਰਾਤ ਬਰਾਤੇ ਇਨ੍ਹਾਂ ਹਵੇਲੀਆਂ ਨੂੰ ਵਾਰ-ਵਾਰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।                      
                ਜਦਕਿ ਇਹ ਅਹਿਮ ਮਾਮਲਾ ਮਾਨਯੋਗ ਹਾਈਕੋਰਟ ਵਿੱਚ ਚੱਲ ਰਿਹਾ ਹੈ । ਉਨ੍ਹਾਂ ਕੁਝ ਦਿਨ ਪਹਿਲਾਂ ਵੀ ਇਸ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਸੀ । ਉਨ੍ਹਾਂ ਕਿਹਾ ਕਿ 2016 ਦੇ ਵਿੱਚ ਮਾਨਯੋਗ ਜੱਜ ਟੀ.ਪੀ. ਗਰਗ ਵੱਲੋਂ ਜਦੋਂ ਇਸ ਖੰਡਰ ਪਿੰਡ ਦਾ ਦੌਰਾ ਕੀਤਾ ਗਿਆ ਸੀ ਤਾਂ ਉਨ੍ਹਾਂ ਤੁਰੰਤ ਨਿਸ਼ਾਨਦੇਹੀ ਦੇ ਹੁਕਮ ਦਿੱਤੇ ਸਨ । ਪਰੰਤੂ ਕੁਝ ਲੋਕਾਂ ਵੱਲੋਂ ਉਨ੍ਹਾਂ ਨਿਸਾਨੀਆਂ ਨੂੰ ਮਿਟਾਉਣ ਤੋਂ ਬਾਅਦ ਨਾਲ ਲੱਗਦੀ ਜ਼ਮੀਨ ਤੋਂ ਇਲਾਵਾ ਹਵੇਲੀਆਂ ਵਾਲੀ ਜ਼ਮੀਨ ਨੂੰ ਵੀ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਵੱਲੋਂ ਜ਼ਿਲ੍ਹਾ ਰੇਵਾੜੀ ਦੇ ਡਿਪਟੀ ਕਮਿਸ਼ਨਰ ਅਭਿਸ਼ੇਕ ਮੀਣਾ ਨਾਲ ਮੁਲਾਕਾਤ ਦੌਰਾਨ ਜਦੋਂ ਦੁਬਾਰਾ ਇਹ ਸਾਰਾ ਮਾਮਲਾ ਉਠਾਇਆ ਤਾਂ ਉਨ੍ਹਾਂ ਤੁਰੰਤ ਐਸ.ਡੀ. ਐਮ. ਅਤੇ ਤਹਿਸੀਲਦਾਰ ਰੇਵਾੜੀ ਨੂੰ ਹਦਾਇਤਾਂ ਦਿੱਤੀਆਂ ਕਿ ਪਿੰਡ ਹੋਂਦ ਦੀ ਨਿਸ਼ਾਨਦੇਹੀ ਕੀਤੀ ਜਾਵੇ । ਪੀੜਤ ਪਰਿਵਾਰਾਂ ਬੀਬੀ ਸੁਰਜੀਤ ਕੌਰ, ਗੋਪਾਲ ਸਿੰਘ ਅਤੇ ਗੁਰਜੀਤ ਸਿੰਘ ਨੇ ਆਖਿਆ ਕਿ ਕੁਝ ਲੋਕ ਪਿੰਡ ਹੋਂਦ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਹਨ ਜਿਸ ਨੂੰ ਰੋਕਣ ਲਈ ਸਰਕਾਰ ਉਨ੍ਹਾਂ ਦੀ ਮਦਦ ਕਰੇ ।
                        ਪੀੜਤਾਂ ਲਈ ਇਨਸਾਫ਼ ਦੀ ਜੰਗ ਲੜਨ ਵਾਲੇ ਲੋਕਾਂ ਦੇ ਵਿੱਚੋਂ ਹੀ ਕੁਝ ਲੋਕ ਸਦਾ ਹੀ ਇੱਕ ਗੱਲ ਦਾ ਗਿੱਲਾ ਕਰਦੇ ਨੇ ਕਿ ਭਾਵੇਂ ਹੋਂਦ ਚਿੱਲੜ ਦੇ ਨਾਂ ਤੇ ਸਿਆਸਤ ਤਾਂ ਬਹੁਤ ਕੀਤੀ ਗਈ ਪਰ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਕੀਤੀ ਜਾ ਰਹੀ ਚਾਰਾਜੋਈ ਦੇ ਵਿੱਚ ਵੀ ਕਿਤੇ ਨਾ ਕਿਤੇ ਢਿੱਲ ਵਰਤਣ ਦੇ ਨਾਲ ਕੋਈ ਦੇਰੀ ਦੇ ਚਲਦਿਆਂ ਕਾਫੀ ਕੁਝ ਬਦਲ ਗਿਆ । ਕਈ ਸੱਜਣ ਇੱਥੇ ਆਉਂਦੇ ਰਹੇ ਜਾਂਦੇ ਰਹੇ ਸਮਾਂ ਪਾ ਕੇ ਉਹ ਵੀ ਮੁੜ ਇੱਥੇ ਕਿਤੇ ਵਿਖਾਈ ਨਾ ਦਿੱਤੇ । ਪਤਾ ਨਹੀਂ ਕਿਉਂ ਹੋਂਦ ਚਿੱਲੜ ਦੀਆਂ ਇਹਨਾਂ ਖੰਡਰ ਹਵੇਲੀਆਂ ਨੂੰ ਵੇਖ ਕੇ ਇੱਕ ਗੱਲ ਮਨ ਵਿੱਚ ਸਹਿਜੇ ਹੀ ਆ ਜਾਂਦੀ ਹੈ ਕਿ ਇਥੇ ਸਦਾ ਹੀ ਇਨਸਾਨ ਕੁਝ ਬਣਨ ਦੇ ਲਈ ਮਨ ਵਿੱਚ ਧਾਰ ਕੇ ਆਉਂਦਾ ਹੈ । ਜਦੋਂ ਉਸ ਦੇ ਮਨ ਦੀਆਂ ਕਈ ਸੱਧਰਾਂ ਪੂਰੀਆਂ ਹੋ ਜਾਂਦੀਆਂ ਹਨ ਤੇ ਉਹ ਮੁੜ ਕੇ ਇੱਥੇ ਫੇਰਾ ਪਾਉਣਾ ਵੀ ਮੁਨਾਸਬ ਨਹੀਂ ਸਮਝਦਾ । ਖੰਡਰ ਹਵੇਲੀਆਂ ਤੇ ਵਿਚਾਰੇ ਪੀੜਿਤ ਪਰਿਵਾਰ ਕਿਸੇ ਨੂੰ ਵੀ ਕੁਝ ਕਹਿਣ ਦੇ ਜੋਗੇ ਨਹੀਂ ਉਹਨਾਂ ਲਈ ਤਾਂ ਸਾਰੇ ਇੱਕ ਹਨ ਕਿਉਂਕਿ ਉਨ੍ਹਾਂ ਨੂੰ ਤਾਂ ਸਾਰੇ ਹੀ ਇਨਸਾਫ ਦੇ ਨਾਂ ਤੇ ਸਬਜਬਾਗ ਵਿਖਾ ਰਹੇ ਹਨ ।
 

ਕੀ ਕਹਿਣਾ ਹੈ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ, ਇਸ ਅਹਿਮ ਮਸਲੇ ਤੇ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਜਥੇਦਾਰ ਕਰਨੈਲ ਸਿੰਘ ਪੰਜੋਲੀ, ਭੁਪਿੰਦਰ ਸਿੰਘ ਭਲਵਾਨ ਅਤੇ ਹੱਕ-ਸੱਚ ਮਿਸ਼ਨ ਹਲਕਾ ਪਾਇਲ ਦੇ ਸਰਪ੍ਰਸਤ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਆਖਿਆ ਕਿ ਇੱਕ ਪਾਸੇ ਤਾਂ ਪੀੜਤ ਪਰਿਵਾਰ ਇਸ ਕਤਲੇਆਮ ਦੇ ਇਨਸਾਫ਼ ਦੀ ਜੰਗ ਲੜ ਰਹੇ ਹਨ ਪਰ ਦੂਜੇ ਪਾਸੇ ਉਨ੍ਹਾਂ ਦੀਆਂ ਹਵੇਲੀਆਂ ਨੂੰ ਢਾਹ ਕੇ ਜਾਇਦਾਦ ਨੂੰ ਹੜੱਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬੇਹੱਦ ਮੰਦਭਾਗੀ ਗੱਲ ਹੈ । ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਤੁਰੰਤ ਇਸ ਦਾ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ ।
ਕੈਪਸਨ : ਹੋਂਦ ਚਿੱਲੜ ਵਿਖੇ ਬੁਰੀ ਤਰ੍ਹਾਂ ਤਹਿਸ-ਨਹਿਸ ਕੀਤੀ ਇੱਕ ਹਵੇਲੀ ਨੂੰ ਵਿਖਾਉਂਦੇ ਹੋਏ , ਸਰਪੰਚ ਰਵੀ ਕੁਮਾਰ ਅਤੇ ਗੁਰਦੁਆਰਾ ਸਾਹਿਬ ਦੀ ਕੀਤੀ ਗਈ ਭੰਨ ਤੋੜ ।

ਚੇਅਰਮੈਨ ਮਨਜਿੰਦਰ ਸਿੰਘ ਸਰੌਦ
9463463136

Show More

Related Articles

Leave a Reply

Your email address will not be published. Required fields are marked *

Back to top button
Translate »