ਹੱਥੀਂ ਕਿਰਤ ਕਰਨ ਵਾਲਿਆਂ ਦੀ ਮੱਦਦ ਨਾਲ ਮਿਲਦਾ ਹੈ ਮਨ ਨੂੰ ਸਕੂਨ – ਲੇਖਕ ਰਮੇਸ਼ ਸੇਠੀ


* ਬਠਿੰਡਾ , ( ਸੱਤਪਾਲ ਮਾਨ ) ਬਠਿੰਡਾ ਸ਼ਹਿਰ ਨੂੰ ਲੇਖਕਾਂ , ਬੁੱਧੀਜੀਵੀਆਂ , ਰੰਗਕਰਮੀਆਂ , ਚਿੱਤਰਕਾਰਾਂ ਅਤੇ ਹੋਰ ਵੱਖ – ਵੱਖ ਕਲਾਵਾਂ ਦੇ ਸੁਮੇਲ ਦਾ ਮਾਣ ਪ੍ਰਾਪਤ ਹੈ। ਇਸੇ ਕਰਕੇ ਜੇਕਰ ਬਠਿੰਡਾ ਨੂੰ ਕਲਾਕਾਰਾਂ ਦੀ ਉਪਜ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਇਸੇ ਉਪਜ ਵਿੱਚ ਇੱਕ ਹੋਰ ਹੀਰਾ ਸ਼ਾਮਿਲ ਹੈ , ਜੋ ਬੁੱਧੀਜੀਵੀ , ਲੇਖਕ ਅਤੇ ਕਈ ਹੋਰ ਗੁਣਾਂ ਦੀ ਗੁਥਲੀ ਦਾ ਮਾਲਕ ਹੈ । ਮੇਰੀ ਮੁਰਾਦ ਹੈ ਰਮੇਸ਼ ਸੇਠੀ ਬਾਦਲ ਤੋਂ , ਜਿਸਦੇ ਨਾਉਂ ਤੋਂ ਹਰ ਬੁੱਧੀਜੀਵੀ ਵਰਗ ਭਲੀਭਾਂਤ ਜਾਣੂ ਹੈ। ਲੋੜਵੰਦਾਂ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਸਮੱਸਿਆਵਾਂ ਸਮਝਣਾ , ਹਰੇਕ ਦੇ ਚੇਹਰੇ ਤੇ ਮੁਸ਼ਕਾਣ ਲਿਆਉਣ ਦੀ ਕੋਸ਼ਿਸ਼ ਕਰਨਾ ਸੇਠੀ ਦੇ ਖਿੜੇ ਮੱਥੇ ਹਾਸਿਲ ਹੈ। ਬੀਤੀ ਸ਼ਾਮ ਇਸ ਸ਼ਖ਼ਸੀਅਤ ਨਾਲ ਚੈਨਲ ਸੁਪਨ ਉਡਾਰੀ ਲਈ ਇੱਕ ਸੰਖੇਪ ਮੁਲਾਕਾਤ ਕਰਨ ਦਾ ਸਬੱਬ ਬਣਿਆ , ਜਿਨ੍ਹਾਂ ਨਾਲ ਐਫ. ਐਮ. ਰੇਡੀਓ ਬਠਿੰਡਾ ਦੀ ਬਿਹਤਰੀਨ ਅਨਾਊਂਸਰ ਮੈਡਮ ਦੀਪਾ ਛਾਬੜਾ ਵੱਲੋਂ ਕੀਤੀ ਗੱਲਬਾਤ ਦੌਰਾਨ ਰਮੇਸ਼ ਸੇਠੀ ਨੇ ਦੱਸਿਆ ਕਿ ਉਸਦਾ ਜਨਮ ਜਿਲ੍ਹਾ ਮੁਕਤਸਰ ਦੇ ਪਿੰਡ ਬਾਂਦੀਆਂ ਨਾਨਕੇ ਪਿੰਡ ਹੋਇਆ ।

ਪੜਾਈ – ਲਿਖਾਈ ਕਰਨ ਉਪਰੰਤ ਤਕਰੀਬਨ 37 ਸਾਲ ਦਸਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਾਦਲ ਵਿਖੇ ਬਤੌਰ ਸੁਪਰਡੈਂਟ ਸੇਵਾ ਨਿਭਾਈ ਅਤੇ ਸੇਵਾਮੁਕਤੀ ਬਾਅਦ ਪੱਕੇ ਤੌਰ ਤੇ ਸੀਸਮਹਿਲ ਬਠਿੰਡਾ ਦੇ 114 ਨੰਬਰ ਆਪਣੇ ਡੇਰੇ ਲਾਏ ਹੋਏ ਹਨ। ਜਿਸਨੂੰ ਉਹ ਇੱਕ ਆਸ਼ਰਮ ਦਾ ਨਾਉਂ ਦਿੰਦੇ ਹਨ। ਗੱਲਾਂਬਾਤਾਂ ਦੌਰਾਨ ਸੇਠੀ ਨੇ ਦੱਸਿਆ ਕਿ ਹੁਣ ਤੱਕ ਉਸਦੀਆਂ ਲਿਖੀਆਂ ਪੰਜ ਕਿਤਾਬਾਂ ਵਿੱਚ ” ਇੱਕ ਗੰਧਾਰੀ ਹੋਰ ” , ” ਕਰੇਲਿਆਂ ਵਾਲੀ ਅੰਟੀ ” , ” 149 ਮਾਡਲ ਟਾਊਨ ” ਤਿੰਨ ਕਹਾਣੀ ਸੰਗ੍ਰਹਿ ਹਨ ਅਤੇ ” ਬਾਬੇ ਹਰਗੁਲਾਲ ਦੀ ਹੱਟੀ ” ਉਸਦੀ ਸਵੈਜਵਿਨੀ ਦੇ ਪਹਿਲਾ ਤੇ ਦੂਜਾ ਭਾਗ ਆਏ ਹਨ ਅਤੇ ਇਸ ਸਫ਼ਰ ਨੂੰ ਉਨ੍ਹਾਂ ਅੱਗੇ ਵੀ ਜਾਰੀ ਰੱਖਣ ਦਾ ਵਾਇਦਾ ਕੀਤਾ। ਇਸਦੇ ਨਾਲ ਹੀ ਸੇਠੀ ਬਾਦਲ ਦੇ ਵਿਸ਼ੇਸ਼ ਕਾਰਜਾਂ ਵਿੱਚ ਕੌਫ਼ੀ ਵਿਦ ਸਾਹਿਤਕਾਰਾਂ , ਡਾਕਟਰਾਂ , ਸਿਆਸੀ ਆਗੂਆਂ , ਵਕੀਲਾਂ , ਸ਼ੋਸ਼ਲ ਵਰਕਰਾਂ ਤੇ ਗਾਇਕਾਂ ਨਾਲ ਬੜੇ ਲੰਮੇ ਸਮੇਂ ਤੋਂ ਜਾਰੀ ਹੈ। ਇਸੇ ਕਾਰਜ ਵਿੱਚ ਇੱਕ ਹੋਰ ਖਾਸੀਅਤ ਦੇਖਣ ਨੂੰ ਮਿਲੀ ਕਿ ਜਿਸਨੂੰ ਵੀ ਉਨ੍ਹਾਂ ਮੋਬਾਇਲ ਰਾਹੀਂ ਪੈਸੇ ਭੇਜਣੇ ਹੁੰਦੇ ਨੇ , ਉਨ੍ਹਾਂ ਬਣਦੀ ਰਕਮ ਤੋਂ ਇਕ ਰੁਪਿਆ ਵੱਧ ਭੇਜਦੇ ਨੇ , ਤਾਂਕਿ ਵਸੂਲ ਕਰਨ ਵਾਲਾ ਇਸ ਇੱਕ ਰੁਪਏ ਦੇ ਵਾਧੇ ਦੇ ਅਚੰਭੇ ਨੂੰ ਲੈਕੇ ਕੁੱਝ ਸਮੇਂ ਲਈ ਆਪਣੇ ਚੇਹਰੇ ਤੇ ਮੁਸਕਾਨ ਲੈ ਆਵੈ। ਰਮੇਸ਼ ਸੇਠੀ ਬਾਦਲ ਦੀਆਂ ਵੱਖ – ਵੱਖ ਪਹਿਲੂਆਂ ਤੇ ਕੀਤੀ ਇਹ ਇੰਟਰਵਿਊ ਚੈਨਲ ਸੁਪਨ ਉਡਾਰੀ ਤੇ ਦੇਖਣਯੋਗ ਅਤੇ ਸੇਧਪੂਰਵਕ ਸਾਬਿਤ ਹੋਵੇਗੀ।

Exit mobile version