14 ਪਾਕਿ ਵਿਸ਼ੇਸ਼ਤਾਵਾਂ ਨਾਲ ਭਰਪੂਰ ਹੈ ਗੁਰਚਰਨ ਕੌਰ ਥਿੰਦ ਦੀ ਪੁਸਤਕ ਲਹਿੰਦੇ ਪੰਜਾਬ ਚ’ 14 ਦਿਨ

ਜਸਵਿੰਦਰ ਸਿੰਘ ਰੁਪਾਲ

ਪੁਸਤਕ ਦਾ ਨਾਮ : ਲਹਿੰਦੇ ਪੰਜਾਬ ‘ਚ 14 ਦਿਨ

ਲੇਖਕ ਦਾ ਨਾਮ : ਸ੍ਰੀ ਮਤੀ ਗੁਰਚਰਨ ਕੌਰ ਥਿੰਦ

ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨਾਂ, ਲੁਧਿਆਣਾ

ਪੰਨੇ : 246,   ਕੀਮਤ : 495/-

ਸਮੀਖਿਆਕਾਰ : ਸ . ਜਸਵਿੰਦਰ ਸਿੰਘ ਰੁਪਾਲ

                   ਕੈਨੇਡਾ ਦੇ ਸ਼ਹਿਰ ਕੈਲਗਰੀ ਚ ਰਹਿਣ ਵਾਲੀ ਲੇਖਿਕਾ ਸ੍ਰੀ ਮਤੀ ਗੁਰਚਰਨ ਕੌਰ ਥਿੰਦ ਦਾ ਨਾਂ ਪੰਜਾਬੀ ਸਾਹਿਤ ਸਮਾਜ ਲਈ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਉਹ ਵੱਖ ਵੱਖ ਸਮਾਜਿਕ ਵਿਸ਼ਿਆਂ ਤੇ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਪਾਠਕਾਂ ਲਈ ਲਿਖ ਚੁੱਕੇ ਹਨ। ਪਿੱਛੇ ਜਿਹੇ ਉਹ ਲਹਿੰਦੇ ਪੰਜਾਬ ਵਿੱਚ ਦੋ ਕੁ ਹਫਤਿਆਂ ਲਈ ਗਏ। ਆਪਣੀਆਂ ਯਾਦਾਂ ਅਤੇ ਮਿਲਣੀਆਂ ਰਾਹੀਂ ਲਹਿੰਦੇ ਪੰਜਾਬ ਦੇ ਇਤਿਹਾਸਕ, ਧਾਰਮਿਕ,ਸਮਾਜਿਕ ਆਦਿ ਵੱਖ ਵੱਖ ਪੱਖਾਂ ਨੂੰ ਉਹਨਾਂ ਨੇ ਆਪਣੇ ਚੇਤੰਨ ਨਜ਼ਰੀਏ ਨਾਲ ਦੇਖਿਆ, ਉਹਨਾਂ ਲੋਕਾਂ ਦੀਆਂ ਖੁਸ਼ੀਆਂ ਅਤੇ ਗ਼ਮਾਂ ਵਿੱਚ ਸ਼ਰੀਕ ਹੋ ਕੇ ਉਹਨਾਂ ਨਾਲ ਦਿਲੀ ਸਾਂਝ ਬਣਾਈ। ਅਤੇ ਆਪਣੀ ਕਲਮ ਰਾਹੀਂ ਖੂਬਸੂਰਤ ਸ਼ਬਦਾਂ ਵਿੱਚ ਪਰੋ ਕੇ ਉਸ ਪੰਜਾਬ ਦੀਆਂ ਵਿਸ਼ੇਸ਼ਤਾਵਾਂ ਨੂੰ ਆਪਣੇ ਨਜ਼ਰੀਏ ਤੋਂ ਇਸ ਪੁਸਤਕ ਰਾਹੀਂ ਸਾਂਝਾ ਕੀਤਾ ਹੈ ਜਿਸ ਨੂੰ  ਪੜ੍ਹ ਕੇ ਹਰੇਕ ਪਾਠਕ  ਆਪਣੀ ਪਸੰਦ ਦਾ ਸਵਾਦ ਲੈ ਸਕਦਾ ਹੈ । ਕਾਵਿਮਈ ਵਾਰਤਕ ਵਿੱਚ ਲਿਖਿਆ ਇਹ ਸਫ਼ਰਨਾਮਾ ਜਿੱਥੇ ਪਾਠਕ ਨੂੰ ਪਾਕਿ ਮੁੱਹਬਤਾਂ ਦੇ ਦੀਦਾਰੇ ਕਰਵਾਉਂਦਾ ਹੈ, ਉੱਥੇ ਉਸ ਦੇ ਧੁਰ ਅੰਦਰ ਦੀ ਪਾਕਿਸਤਾਨ ਜਾਣ ਦੀ ਇੱਛਾ ਦੇ ਬੀਜ ਨੂੰ ਵਿਕਸਿਤ ਵੀ ਕਰਦਾ ਹੈ ਅਤੇ ਇਸ ਤਰਾਂ ਇਹ ਅੱਖਰ ਬਲਵਿੰਦਰ ਕੌਰ ਬਰਾੜ ਜੀਂ ਦੇ ਸ਼ਬਦਾਂ ਵਿਚ  ਦੋਹਾਂ ਪੰਜਾਬਾਂ ਵਿਚਾਲੇ ਇਕ ਪੁਲ ਵੀ ਉਸਾਰਦੇ ਹਨ। ਇਸ ਪੁਸਤਕ ਵਿੱਚ ਲੇਖਿਕਾ ਥਿੰਦ ਨੇ ਆਪਣੇ 14 ਦਿਨਾਂ ਦੇ ਸਫਰ ਦੀ ਬਾਤ ਪਾਈ ਹੈ, ਤੇ ਇਸ ਪੁਸਤਕ ਦੀਆਂ 14  ਵਿਸ਼ੇਸ਼ਤਾਈਆਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਹੈ ਇਹ ਲੇਖ । ਆਓ ਇਹਨਾਂ ਦੇ ਦਰਸ਼ਨ ਕਰੀਏ।

1. ਨਿੱਜੀ ਯਾਦਾਂ  :– ਕਿਸੇ ਵੀ ਸਥਾਨ ਤੇ ਜਾਣ ਦਾ ਸੁਆਦ ਕਿਤੇ ਵਧ ਜਾਂਦਾ ਹੈ ਜੇ ਉਸ ਸਥਾਨ ਬਾਰੇ ਪਹਿਲਾਂ ਤੋਂ ਕਾਫੀ ਕੁਝ ਸੁਣਿਆ ਹੋਵੇ।  ਯਾਤਰਾ ਦਾ ਇਤਿਹਾਸਕ ਪਿਛੋਕੜ ਵਿਚ ਲੇਖਿਕਾ ਨੇ ਆਪਣੇ ਆਪ ਨੂੰ ਉਹਨਾਂ ਲੱਖਾਂ ਹੀ ਲੋਕਾਂ ਵਿਚੋਂ ਇਕ ਮੰਨਿਆ ਹੈ ਜਿਹਨਾਂ ਦੇ ਵਡੇਰਿਆਂ ਨੇ ਵੰਡ ਦੇ ਦੁਖਾਂਤ ਨੂੰ ਪਿੰਡੇ ਤੇ ਹੰਢਾਇਆ ।ਉਹ ਲਿਖਦੀ ਹੈ ” ਮੇਰੀ ਦਾਦੀ ਨੂੰ ਮੈ ਆਪਣੇ ਰਾਹ ਵਿੱਚ ਰਹਿ ਗਏ ਦੋ ਪੁੱਤਾਂ ਨੂੰ ਯਾਦ ਕਰ ਹਿੱਕ ਵਿੱਚ ਮੁੱਕੀਆਂ ਮਾਰਦੀ ਨੂੰ ਵੇਖਿਆ ਹੈ।” ਆਪਣੇ ਦਾਦਾ ਜੀ ਦੀ ਗੱਟੀ ਪਿੰਡ ਦੇ ਦਰਜੀ ਨਾਲ ਦਿਲੀ ਸਾਂਝ ਹੋਣਾ, ਉਸ ਦੇ ਪੋਤਰਿਆਂ ਵੱਲੋਂ ਲਗਾਤਾਰ ਇਧਰੋਂ ਗਏ ਜੱਥਿਆ ਵਿਚੋਂ ਭਾਲ ਕਰਨੀ ਤੇ ਅਖੀਰ ਲੇਖਿਕਾ ਦੇ ਪਰਿਵਾਰ ਨਾਲ ਮਿਲਣੀ ਹੋਣੀ ,ਇਸ ਸਭ ਦਾ ਜਿਕਰ ਪੜ੍ਹ ਕੇ ਮੱਲੋਮੱਲੀ ਭਾਵਨਾਵਾਂ ਦੇ ਵਹਿਣ ਵਿੱਚ ਬਹਿ ਜਾਈਦਾ ਹੈ।

2.ਇਤਿਹਾਸਕ ਪੱਖ :– ਲਹਿੰਦੇ ਪੰਜਾਬ ਦੀਆਂ ਇਤਿਹਾਸਕ ਥਾਵਾਂ ਤੇ ਕਦਮ ਰੱਖਦਿਆਂ ਇਤਿਹਾਸ ਦੇ ਉਹਨਾਂ ਪਲਾਂ ਨੂੰ  ਪ੍ਰਤੱਖ ਕਰਨ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ। ਬਾਬਾ ਬੁੱਲ੍ਹੇ ਸ਼ਾਹ ਦੀ ਮਜਾਰ, ਲਾਹੌਰ ਦਾ ਸ਼ਾਦਮਨ ਚੌਕ, ਲਾਹੌਰ ਦਾ ਸ਼ਾਹੀ ਕਿਲ੍ਹਾ,ਅਨਾਰਕਲੀ ਬਜ਼ਾਰ ,ਲਾਹੌਰ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ,ਤਕਸ਼ਿਲਾ ਮਿਊਜ਼ੀਅਮ,ਸਰਕਪ ਦੇ ਖੰਡਰ, ਬੁੱਧ ਮੱਠ ਦੇ ਖੰਡਰ,  ਆਦਿ ਸਥਾਨਾਂ ਬਾਰੇ ਉਥੋਂ ਦਾ ਪੂਰਾ ਇਤਿਹਾਸ, ਉਸ ਜਗ੍ਹਾ ਬਾਰੇ ਲੋਕ ਵਿਸ਼ਵਾਸ਼, ਉਸ ਥਾਂ ਦੀ ਮੌਜੂਦਾ ਹਾਲਾਤ ਆਦਿ ਸਭ ਕੁਝ ਨੂੰ ਚੇਤੰਨ ਲੇਖਿਕਾ ਨੇ ਬਹੁਤ ਖੂਬਸੂਰਤ ਅੰਦਾਜ਼ ਵਿਚ ਬਿਆਨਿਆ ਹੈ।

3.ਧਾਰਮਿਕ ਪੱਖ  : ਪਾਕਿਸਤਾਨ ਵਿਚ ਸਾਡੇ ਕਿੰਨੇ ਸਾਰੇ ਇਤਿਹਾਸਕ ਗੁਰ ਅਸਥਾਨ ਹਨ ਜਿਹਨਾਂ ਦੇ ਦਰਸ਼ਨਾਂ ਦੀ ਅਰਦਾਸ ਹਰ ਰੋਜ ਹਰ ਸਿੱਖ ਕਰਦਾ ਹੈ। ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ ਵਿਚਲੇ ਹੋਰ ਗੁਰਦੁਆਰੇ ਬਾਲ ਲੀਲਾ ਸਾਹਿਬ, ਪੱਟੀ ਸਾਹਿਬ,ਮਾਲ ਸਾਹਿਬ,ਕਿਆਰਾ ਸਾਹਿਬ,ਤੰਬੂ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਆਦਿ ਸਾਰੇ ਗੁਰਦੁਆਰਿਆਂ ਦਾ ਇਤਿਹਾਸ, ਉਹਨਾਂ ਦੀ ਇਮਾਰਤ, ਸਾਂਭ ਸੰਭਾਲ, ਪ੍ਰਬੰਧ ਆਦਿ ਬਾਰੇ ਬਾਖੂਬੀ ਬਿਆਨ ਹੈ ਜਿਸ ਤੋਂ ਕੋਈ ਵੀ ਸ਼ਰਧਾਲੂ ਸਿੱਖ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ।

4.ਵੰਡ ਦਾ ਦੁਖਾਂਤ:- 1947 ਵਿੱਚ ਹੋਈ ਦੇਸ਼ ਵੰਡ ਦਾ ਸਭ ਤੋਂ ਵੱਧ ਦੁਖਾਂਤ ਪੰਜਾਬ ਨੇ ਹੰਢਾਇਆ ਹੈ। ਇਸੇ ਲਈ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਹਜ਼ਾਰਾਂ ਹੀ ਲੋਕ ਅਜਿਹੇ ਹਨ, ਜਿਹਨਾਂ ਨੇ ਉਸ ਦੁਖਾਂਤ ਨੂੰ ਜੇ ਅੱਖੀਂ ਨਹੀਂ ਵੀ ਦੇਖਿਆ, ਤਾਂ ਆਪਣਿਆਂ ਤੋਂ ਉਸ ਦੁਖਾਂਤ ਦੀਆਂ ਹੱਡ ਬੀਤੀਆਂ ਸੁਣੀਆਂ ਹਨ।ਉਸ ਦਰਦ ਦੀ ਤੜਪ ਥਾਂ ਥਾਂ ਇਸ ਪੁਸਤਕ ਵਿੱਚ ਝਲਕਦੀ ਹੈ। ਰਾਜਨੀਤੀ ਦੀ ਖੇਡ, ਧਾਰਮਿਕ ਕੱਟੜਤਾ ਆਦਿ ਨੇ ਕਿਵੇਂ ਭਰਾਵਾਂ ਵਾਂਗ ਇੱਕਠੇ ਰਹਿੰਦੇ ਲੋਕਾਂ ਦੇ ਦਿਲ ਵਿੱਚ ਨਫਰਤਾਂ ਪੈਦਾ ਕਰ ਦਿੱਤੀਆਂ ਸਨ। ਉਹ ਹੰਢਾਏ ਜਾਂ ਆਪਣੀਆਂ ਕੋਲੋਂ ਸੁਣੇ ਹੋਏ ਦਰਦਨਾਕ ਕਿੱਸੇ ਕਿੰਨੇ ਦਹਾਕਿਆਂ ਬਾਅਦ ਵੀ ਚੇਤੇ ਚੋਂ ਨਹੀਂ ਨਿਕਲਦੇ। ਆਪਣਿਆਂ ਦੇ ਤੁਰ ਜਾਣ, ਮਾਰੇ ਜਾਣ, ਬੇਇੱਜਤ ਹੋਣ, ਅਤੇ ਵਿਛੜ ਜਾਣ ਦਾ ਦਰਦ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਭਰਿਆ ਪਿਆ ਹੈ, ਜੋ ਹਲਕੀ ਜਿਹੀ ਵੀ ਜਗ੍ਹਾ ਮਿਲਣ ਤੇ ਅੱਖਾਂ ਦੇ ਨੀਰ ਰਾਹੀਂ ਬਾਹਰ ਬਹਿ ਤੁਰਦਾ ਹੈ।

5.ਮੁਹੱਬਤੀ ਸਾਂਝ:– ਚੜ੍ਹਦੇ ਲਹਿੰਦੇ ਪੰਜਾਬ ਦੇ ਲੋਕਾਂ ਵਿੱਚ ਦਿਲੀ ਮੁੱਹਬਤ ਪੂਰੀ ਕਾਇਮ ਹੈ। ਦੋਵੇਂ ਪਾਸੇ ਦੀ ਜਨਤਾ ਨੂੰ, ਭਾਵੇਂ ਦੇਰ ਨਾਲ ਹੀ ਸਹੀ, ਇਹ ਸਮਝ ਆ ਗਈ ਹੈ ਕਿ ਕਿਵੇਂ 1947 ਵੇਲੇ ਉਹਨਾਂ ਨੂੰ ਮੂਰਖ ਬਣਾਇਆ ਗਿਆ ਸੀ, ਕਿਵੇਂ ਉਹ ਬਹਿਕਾਵੇ ਵਿੱਚ ਆ ਗਏ ਸਨ। ਧੁਰ ਅੰਦਰੋਂ ਦੋਵੇਂ ਪਾਸੇ ਦੇ ਲੋਕ ਉਸ ਜਾਣੇ ਅਣਜਾਣੇ ਪੈਦਾ ਹੋਈ ਨਫਰਤ ਨੂੰ ਦਿਲੋਂ ਖਤਮ ਕਰ ਚੁੱਕੇ ਹਨ ਅਤੇ ਇਹ ਵੀ ਸਮਝਦੇ ਹਨ ਕਿ ਅੱਜ ਵੀ ਸਰਕਾਰਾਂ ਦਾ ਰੋਲ ਕੋਈ ਬਹੁਤਾ ਵਧੀਆ ਨਹੀਂ ਹੈ। ਇਸੇ ਲਈ ਜਦੋਂ ਵੀ ਕਿਤੇ ਇਹ ਇੱਕਠੇ ਹੁੰਦੇ ਹਨ, ਘੁੱਟ ਕੇ ਗਲਵਕੜੀਆ ਪੈਂਦੀਆਂ ਹਨ, ਬਹੁਤ ਕੁਝ ਅਣਕਿਹਾ ਰਹਿ ਜਾਂਦਾ ਹੈ। ਮੇਲ ਅਤੇ ਵਿਛੋੜੇ ਚੋਂ ਮੁਹੱਬਤ ਗੂੜ੍ਹੀ ਹੁੰਦੀ ਲੱਗਦੀ ਹੈ।

6..ਪੰਜਾਬੀ ਬੋਲੀ :- ਚੇਤੰਨ ਪੰਜਾਬੀ ਲੇਖਕ ਪੰਜਾਬੀ ਬੋਲੀ ਦੇ ਮੁੱਦੇ ਨੂੰ ਕਦੇ ਅਣਦੇਖਿਆ ਨਹੀਂ ਕਰ ਸਕਦਾ। ਗੁਰਚਰਨ ਕੌਰ ਥਿੰਦ ਜੀਂ ਲਹਿੰਦੇ ਪੰਜਾਬ ਵਿੱਚ ਪੰਜਾਬੀ ਬੋਲੀ ਦੀ ਦਸ਼ਾ ਅਤੇ ਦਿਸ਼ਾ ਨੂੰ ਨੇੜਿਓਂ ਤੱਕਦੇ ਹਨ, ਪੰਜਾਬੀ ਬੋਲੀ ਦੇ ਮੋਢੀ ਲੇਖਕਾਂ ਅਤੇ ਸਮਾਜਿਕ ਕਾਰਜ-ਕਰਤਾਵਾਂ ਨਾਲ ਵਾਰਤਾਲਾਪ ਕਰਦੇ ਹਨ। ਬਾਬਾ ਨਜਮੀ, ਈਸਾਨ ਬਾਜਵਾ, ਆਸ਼ਿਕ ਰਹੀਲ  ਅਤੇ ਅਹਿਮਦ ਰਜ਼ਾ ਵਰਗੇ ਪੰਜਾਬੀ ਲੇਖਕਾਂ ਨਾਲ ਤਾਂ ਮੁਲਾਕਾਤਾਂ ਵੀ ਕੀਤੀਆਂ, ਜਿਹਨਾਂ ਨੇ ਪੰਜਾਬੀ ਬੋਲੀ ਲਈ ਲਗਾਤਾਰ ਕੰਮ ਕੀਤਾ ਹੈ ਅਤੇ ਹੁਣ ਵੀ ਕਰ ਰਹੇ ਹਨ। ਲਹਿੰਦੇ ਪੰਜਾਬ ਦੀ ਪੰਜਾਬੀ ਦਾ ਮੁੱਖ ਦੁਖਾਂਤ ਉੱਥੇ ਦੀ ਲਿੱਪੀ ਹੈ, ਜੋ ਗੁਰਮੁਖੀ ਦੀ ਥਾਂ ਸ਼ਾਹਮੁਖੀ ਹੈ। ਚੜ੍ਹਦੇ ਪੰਜਾਬ ਵਿੱਚ ਸ਼ਾਹਮੁਖੀ ਪੜ੍ਹਨ ਲਿਖਣ ਵਾਲੇ ਘੱਟ ਹਨ ਅਤੇ ਲਹਿੰਦੇ ਪੰਜਾਬ ਵਿੱਚ ਗੁਰਮੁਖੀ ਲਿੱਪੀ ਨੂੰ ਪੜ੍ਹ ਲਿਖ ਸਕਣ ਵਾਲੇ ਬਹੁਤ ਘੱਟ ਹਨ। ਇਹ ਲਿੱਪੀ ਦਾ ਵਖਰੇਵਾਂ ਹੋਰ ਵਧੇਰੇ ਨੇੜਤਾ ਬਣਨ ਵਿੱਚ ਰੁਕਾਵਟ ਹੈ। ਬਾਕੀ ਪੰਜਾਬੀ ਅਧਿਆਪਕਾਂ ਦੀ ਘਾਟ ਵੀ ਉੱਥੇ ਰੜਕਦੀ ਹੈ। ਬਾਬਾ ਨਜਮੀ ਸਮੇਤ ਹੋਰ ਪੰਜਾਬੀ ਲੇਖਕਾਂ ਨੇ ਜਿਸ ਤਰਾਂ ਪੰਜਾਬੀ ਲਈ ਸੰਘਰਸ਼ ਸ਼ੁਰੂ ਕੀਤਾ ਹੈ, ਆਸ ਬੱਝਦੀ ਹੈ ਕਿ ਇੱਕ ਦਿਨ ਸਭ ਮਸਲੇ ਹੱਲ ਹੋ ਜਾਣਗੇ।

7.ਸਭਿਆਚਾਰਕ ਸਾਂਝ :- ਦੇਸ਼ ਦੀ ਵੰਡ ਨੇ ਪੰਜਾਬ ਨੂੰ ਭਾਵੇ ਦੋ ਟੁਕੜਿਆਂ ਵਿਚ ਵੰਡ ਦਿੱਤਾ ਪਰ ਸਾਡੀ ਸਭਿਆਚਾਰਕ ਸਾਂਝ ਨੂੰ ਕੋਈ ਨਹੀਂ ਤੋੜ ਸਕਦਾ। ਚੜ੍ਹਦੇ ਲਹਿੰਦੇ ਪੰਜਾਬ ਦੀ ਸਭਿਆਚਾਰਕ ਸਾਂਝ ਉਹਨਾਂ ਦੇ ਖਾਣ ਪੀਣ, ਪਹਿਰਾਵਾ, ਰਹਿਣ ਸਹਿਣ, ਬੋਲੀ, ਰਸਮ ਰਿਵਾਜ , ਮਹਿਮਾਨ ਨਿਵਾਜੀ ਅਤੇ ਨੈਤਿਕ ਕਦਰਾਂ ਕੀਮਤਾਂ ਵਿਚ ਹੈ। ਇਹ ਸਾਂਝ ਥਾਂ ਥਾਂ ਉੱਤੇ ਇਸ ਪੁਸਤਕ ਵਿੱਚ ਨਜ਼ਰ ਆਉਂਦੀ ਹੈ।

8.ਇਸਤਰੀ ਦੀ ਦਸ਼ਾ :–ਲੇਖਿਕਾ ਆਪ ਕੈਲਗਰੀ ਵਿੱਚ ਨਾਰੀ ਹੱਕਾਂ ਅਤੇ ਸਮਾਨਤਾ ਲਈ ਕਰਮਸ਼ੀਲ ਹੈ। ਆਪਣੀਆਂ ਲਿਖਤਾਂ ਰਾਹੀਂ, ਕੈਲਗਰੀ ਵੁਮੈਨ ਐਸੋਸੀਏਸ਼ਨ ਰਾਹੀਂ, ਟੀਵੀ ਪ੍ਰੋਗਰਾਮਾਂ ਰਾਹੀਂ, ਅਤੇ ਪ੍ਰਸ਼ਾਸ਼ਨ ਨਾਲ ਮਿਲ ਕੇ ਔਰਤਾਂ ਦੇ ਮਨੋਬਲ ਉੱਚਾ ਚੁੱਕਣ, ਉਹਨਾਂ ਨੂੰ ਹੁਨਰਮੰਦ ਬਣਾਉਣ ,ਉਹਨਾਂ ਨੂੰ ਠੀਕ ਮਨੋਵਿਗਿਆਨਕ ਅਗਵਾਈ ਦੇਣ ਅਤੇ ਉਹਨਾਂ ਨੂੰ ਵਖ ਵੱਖ ਪਲੇਟਫਾਰਮ ਮੁਹਈਆ ਕਰਵਾਉਣ ਆਦਿ ਵਿਚ ਗੁਰਚਰਨ ਕੌਰ ਥਿੰਦ ਹਮੇਸ਼ਾ ਅੱਗੇ ਰਹੀ ਹੈ। ਇਸੇ ਲਈ ਲਹਿੰਦੇ ਪੰਜਾਬ ਦੀ ਯਾਤਰਾ ਸਮੇਂ ਵੀ ਉਥੋਂ ਦੀ ਔਰਤ ਦੀ ਦਸ਼ਾ ਵੱਲ ਉਸਦਾ ਖਾਸ ਧਿਆਨ ਗਿਆ ਹੈ। ਜਿੱਥੇ ਉਸਨੇ ਦੀਪ ਸਾਈਦੀ ਵਰਗੀ ਨਾਰੀ ਹੱਕਾਂ ਲਈ ਕਰਮਸ਼ੀਲ ਸ਼ਖਸ਼ੀਅਤ ਨਾਲ ਟੀਵੀ ਲਈ ਮੁਲਾਕਾਤ ਕੀਤੀ ਹੈ, ਉਥੇ ਵੱਖ ਵੱਖ ਵਰਗਾਂ ਦੀਆਂ ਔਰਤਾਂ ਦੇ ਦਿਲ ਦੀ ਥਾਹ ਪਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਆਪਣੀ ਟਿੱਪਣੀ ਇਸ ਪੁਸਤਕ ਵਿਚ ਬੇਬਾਕੀ ਨਾਲ ਲਿਖੀ ਹੈ। ਲੇਖਿਕਾ ਦੇ ਦੱਸਣ ਅਨੁਸਾਰ ਉੱਥੇ ਅਜੇ ਔਰਤ ਦੀ ਹਾਲਤ ਬਹੁਤੀ ਵਧੀਆ ਨਹੀਂ ਹੈ। ਸਰਕਾਰ ਨੂੰ, ਸਮਾਜ ਨੂੰ ਅਜੇ ਉਸਦੀ ਬਿਹਤਰੀ ਲਈ ਬਹੁਤ ਕੁਝ ਕਰਨਾ ਪਵੇਗਾ। ਇਸਲਾਮੀ ਕੱਟੜਤਾ ਵੀ ਬਹੁਤ ਵਾਰੀ ਔਰਤ ਦੀ ਤੱਰਕੀ ਵਿਚ ਰੁਕਾਵਟ ਬਣਦੀ ਹੈ।

9. ਵਾਤਾਵਰਣ, ਸ਼ਹਿਰ ਅਤੇ ਹੋਰ ਯਾਤਰੂ ਸਥਾਨਾਂ ਦਾ ਜਿਕਰ:- ਜਿਸ ਵੀ ਸ਼ਹਿਰ , ਬਾਗ਼, ਇਮਾਰਤ, ਆਦਿ ਥਾਂ ਤੇ ਇਹ ਕਾਫਲਾ ਗਿਆ, ਉਸ ਨੂੰ ਪੂਰੀ ਦਿਲਚਸਪੀ ਨਾਲ ਦੇਖਿਆ। ਉਸ ਦਾ ਇਤਿਹਾਸ ਜਾਣਿਆ। ਪੁਰਾਤਨ ਅਤੇ ਨਵੀਂ ਅਵਸਥਾ ਦਾ ਮੁਕਾਬਲਾ ਕੀਤਾ। ਕਿਧਰੇ ਹਲੀਮ ਅਤੇ ਫ਼ਲੂਦਾ ਵਰਗੇ ਨਵੇਂ ਖਾਣੇ ਖਾਧੇ ਜਾ ਰਹੇ ਹਨ। ਕਿਧਰੇ ਪ੍ਰਸਿੱਧ ਬਜਾਰਾਂ ਵਿਚੋਂ ਪ੍ਰਸਿੱਧ ਵਸਤੂਆਂ ਖਰੀਦੀਆਂ ਜਾ ਰਹੀਆਂ ਹਨ। ਕਿਧਰੇ ਮਿਲ ਰਹੇ ਮਹਿਮਾਨਾਂ ਨਾਲ ਤੋਹਫ਼ਿਆਂ ਦਾ ਵਟਾਂਦਰਾ ਕੀਤਾ ਜਾ ਰਿਹਾ ਹੈ । ਕਿਧਰੇ ਖਾਸ ਸ਼ਖਸ਼ੀਅਤਾਂ ਦੀ ਟੀਵੀ ਲਈ ਇੰਟਰਵਿਊ ਲਈ ਜਾ ਰਹੀ ਹੈ ਅਤੇ ਕਿਧਰੇ ਪਾਕਿ ਮੀਡੀਆ ਲਈ ਇੰਟਰਵਿਊ ਦਿੱਤੀ ਜਾ ਰਹੀ ਹੈ । ਸ਼ਹਿਰਾਂ ਪਿੰਡਾਂ ਬਜਾਰਾਂ ਆਦਿ ਥਾਵਾਂ ਤੇ ਸਫਾਈ, ਪ੍ਰਬੰਧ, ਵਿਅਕਤੀਆਂ ਅਤੇ ਕਰਮਚਾਰੀਆਂ ਦੀ ਗੱਲਬਾਤ ਦਾ ਅੰਦਾਜ ਸਭ ਨੂੰ ਦਿਲਚਸਪੀ ਨਾਲ ਲਿਖਿਆ ਗਿਆ ਹੈ।

10.ਆਰਥਿਕ ਪੱਖ::- ਆਰਥਿਕ ਪੱਖ ਕਿਸੇ ਵੀ ਵਿਅਕਤੀ, ਸੰਸਥਾ, ਦੇਸ਼ ਕੌਮ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਉਸ ਦਾ ਸਮੁੱਚਾ ਵਿਕਾਸ ਇਸੇ ਪੱਖ ਤੇ ਅਧਾਰਿਤ ਹੁੰਦਾ ਹੈ। ਪਾਕਿਸਤਾਨ ਦਾ ਆਰਥਿਕ ਢਾਂਚਾ ਬਹੁਤਾ ਮਜਬੂਤ ਨਹੀਂ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪਾਕਿਸਤਾਨੀ ਰੁਪਏ ਦਾ ਮੁੱਲ ਭਾਰਤੀ ਰੁਪਏ ਤੋਂ ਕਾਫੀ ਘੱਟ ਹੈ। ਲੇਖਿਕਾ ਨੇ ਉਥੋਂ ਦੇ ਲੋਕਾਂ ਦੇ ਇਸ ਪੱਖ ਨੂੰ ਬਾਰੀਕੀ ਨਾਲ ਦੇਖਿਆ ਮਹਿਸੂਸਿਆ ਅਤੇ ਬਿਆਨਿਆ ਹੈ। ਇੱਕ ਬਜ਼ੁਰਗ ਔਰਤ ਨੂੰ ਦਾਣੇ ਭੁੰਨਦੀ ਨੂੰ ਦੇਖ ਕੇ ਲੇਖਿਕਾ ਲਿਖਦੀ ਹੈ-

 “ “ਨੱਬਿਆਂ ਵਰ੍ਹਿਆਂ ਦੀ ਇਹ ਸਿਰੜੀ ਔਰਤ ਅਜੇ ਵੀ ਆਪਣੇ ਕਿੱਤੇ ਨਾਲ ਜੁੜੀ ਹੋਈ ਸੀ ਅਤੇ ਆਪਣੇ ਪਰਿਵਾਰ ਲਈ ਕਮਾਈ ਕਰ ਰਹੀ ਸੀਇਸ ਸੋਚ ਨੂੰ ਆਪਣੇ ਜ਼ਿਹਨ ਅੰਦਰੋਂ ਖੁਰਚਣ ਦਾ ਯਤਨ ਕਰ ਰਹੀ ਸਾਂ ਕਿ ” ਲੋੜਾਂ ਦੇ ਸੌਦੇ ਹੋਣੇ ਆਂ ,ਨਹੀਂ ਤਾਂ ਐਨੀ ਉਮਰ ਵਿੱਚ ਕੌਣ ਆਪਣੀ ਮਾਂ ਕੋਲੋਂ ਐਸ ਤਰਾਂ ਕੰਮ ਕਰਵਾਉਂਦਾ “…(ਪੰਨਾ 24)

11.ਅਦਬੀ ਸਾਂਝ :– ਲਹਿੰਦੇ ਪੰਜਾਬ ਦੇ ਅਦੀਬਾਂ ਨਾਲ ਮਿਲਣੀਆਂ, ਅਦਬੀ ਮੁਸ਼ਾਇਰੇ, ਮੁਲਾਕਾਤਾਂ ਆਦਿ ਸਭ ਕੁਝ ਬਹੁਤ ਦਿਲਚਸਪ ਹੈ। ਥਿੰਦ ਹੋਰਾਂ ਦਾ ਮੇਜ਼ਬਾਨ ਅਹਿਮਦ ਰਜ਼ਾ ਖੁਦ ਸਾਹਿਤ ਨਾਲ ਅਤੇ ਮੀਡੀਆ ਨਾਲ ਜੁੜਿਆ ਹੋਇਆ ਹੈ ਅਤੇ ਉਸਦੀ ਸੰਗਤ ਵਿਚ ਇਹ ਕਾਫਲਾ ਹੋਰ ਪੰਜਾਬੀ ਅਦਬੀ ਸ਼ਖਸ਼ੀਅਤਾਂ ਨਾਲ ਮਿਲਦਾ ਹੈ। ਸਾਹਿਤ ਰਾਹੀਂ ਲੋਕਾਂ ਦੇ ਮਸਲਿਆਂ ਦੀ ਗੱਲ ਹੁੰਦੀ ਹੈ । ਚੜ੍ਹਦੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਅਦਬ ਦਾ ਇਹ ਪੁਲ ਇਥੋਂ ਦੀ ਜਨਤਾ ਨੂੰ ਵੀ ਹੋਰ ਵਧੇਰੇ ਨੇੜੇ ਲਿਆ ਸਕਣ ਦੀ ਸਮਰੱਥਾ ਰੱਖਦਾ ਹੈ। ਪ੍ਰਸਿੱਧ ਪੰਜਾਬੀ ਲੇਖਕ ਬਾਬਾ ਨਜਮੀ, ਆਸ਼ਿਕ ਰਹੀਲ, ਖਾਲਿਦ ਮਹਿਮੂਦ,ਅੱਬਾਸ ਮਿਰਜ਼ਾ,ਮਜ਼ਹਰ ਉਲਾਹ ਕੁਰੈਸ਼ੀ, ਮੁਨਾਜ ਸਾਹਿਰ, ਆਦਿਲ ਨਿਨਹਾਸ ਲਾਹੌਰੀ,ਰਾਣਾ ਅਜ਼ਹਰ ਫਿਰੋਜੀ, ਅਕੀਲ ਅਲੀ, ਅਹਿਮਦ ਰਜ਼ਾ, ਡਾ. ਤਬੱਸਮ ,ਸੁਲਤਾਨ  ਖੈਰਵੀ ਆਦਿ ਹੋਰ ਕਿੰਨੇ ਹੀ ਪਾਕਿ ਲੇਖਕਾਂ ਨਾਲ ਅਦਬੀ ਮਹਿਫਲਾਂ ਵਿਚ ਹਿੱਸਾ ਲਿਆ।

12.ਵਿਦਿਅਕ ਪੱਖ : ਲਹਿੰਦੇ ਪੰਜਾਬ ਦੇ ਵਿਦਿਅਕ ਪੱਖ ਨੂੰ ਵੀ ਰਿਟਾਇਰਡ ਅਧਿਆਪਕਾ ਨੇ ਅੱਖੋਂ ਪਰੋਖੇ ਨਹੀਂ ਕੀਤਾ।  ਭਾਵਨਾਤਮਕ ਸਾਂਝ ਵਾਲੇ ਪਿੰਡ ਗੱਟੀ ਦੇ ਸਕੂਲ ਵਿੱਚ ਵੀ ਗਏ। ਐਗਰੀਕਲਚਰਲ ਯੂਨੀਵਰਸਿਟੀ ਫੈਸਲਾਬਾਦ ਵੀ ਗਏ ਜਿੱਥੇ ਲੇਖਕਾ ਦੇ ਪਤੀ ਜੋ ਖੁਦ ਰਿਟਾਇਰਡ ਖੇਤੀਬਾੜੀ ਵਿਗਿਆਨੀ ਹਨ, ਨੇ ਖੇਤੀਬਾੜੀ ਬਾਰੇ ਖੋਜਾਂ ਅਤੇ ਤਕਨੀਕਾਂ ਤੇ ਵਿਚਾਰਾਂ ਕੀਤੀਆਂ।

13.ਹਿੰਦ ਪਾਕਿ ਬਾਰਡਰ  ਸਮੱਸਿਆਵਾਂ:- ਇਸ ਸਮੇ ਹਿੰਦੁਸਤਾਨ ਅਤੇ ਪਾਕਿਸਤਾਨ ਦੋ ਵੱਖਰੇ ਦੇਸ਼ ਹਨ ਅਤੇ ਦੋਹਾਂ ਦੀਆਂ ਸਰਕਾਰਾਂ ਇੱਕ ਦੂਜੇ ਨੂੰ ਦੁਸ਼ਮਣ ਦੇਸ਼ ਮੰਨਦੀਆਂ ਹਨ। ਦੋਵਾਂ ਦੇਸ਼ਾਂ ਖਾਸ ਕਰਕੇ ਦੋਵਾਂ ਪਾਸੇ ਦੇ ਪੰਜਾਬ ਦੇ ਲੋਕ ਧੁਰ ਅੰਦਰੋਂ ਮਿਲਣਾ ਚਾਹੁੰਦੇ ਹਨ। ਪਰ ਬਹੁਤ ਥਾਵਾਂ ਤੇ ਸਰਕਾਰੀ ਰੁਕਾਵਟਾਂ ਪੰਜਾਬੀ ਲੋਕਾਂ ਨੂੰ ਅੱਖਰਦੀਆਂ ਹਨ। ਪੁਸਤਕ ਵਿੱਚ ਕਈ ਥਾਵਾਂ ਤੇ ਅਜਿਹੀਆਂ ਭਾਵਨਾਵਾਂ ਦਰਸਾਈਆਂ ਗਈਆਂ ਹਨ।

14. ਵਿਲੱਖਣ ਅੰਦਾਜ-ਏ-ਬਿਆਂ :-  ਕਿਸੇ ਲੇਖਕ ਦੀ ਲਿਖਤ ਵਿਚ ਉਸਦਾ ਅੰਦਾਜ ਅਤੇ ਸ਼ੈਲੀ ਹੀ ਉਸਦੀ ਪਹਿਚਾਣ ਹੁੰਦੀ ਹੈ ਜਿਸ ਤੇ ਪਾਠਕ ਖਿੱਚੇ ਆਉਂਦੇ ਹਨ। ਇਸ ਪੁਸਤਕ ਵਿਚੋਂ ਸੰਖੇਪ ਝਲਕੀਆਂ ਪਾਠਕਾਂ ਅੱਗੇ ਰੱਖਣਾ ਚਾਹਾਂਗਾ —

* ਅਸੀਂ ਭਾਰਤ ਤੇ ਕੈਨੇਡਾ ਵਿਚ ਜਿਨ੍ਹਾਂ ਚੌੜੀਆ ਤੇ ਪੱਧਰੀਆਂ ਸੜਕਾਂ ਨੂੰ ਹਾਈਵੇ ਆਖਦੇ ਹਾਂ, ਇੱਥੇ ਪਾਕਿਸਤਾਨ ਵਿੱਚ ਉਸਨੂੰ ਮੋਟਰਵੇ ਆਖਦੇ ਹਨ।……(ਪੰਨਾ 38)

*ਸ਼ਾਨਾਮੱਤੇ ਖਾਲਸਾ ਰਾਜ ਦੇ ਇਨ੍ਹਾਂ ਅਣਿਆਈ ਮੌਤੇ ਮਾਰ ਦਿੱਤੇ ਗਏ ਦੋ ਵਾਰਸਾਂ ਨੂੰ ਕੋਲੋ ਕੋਲ ਪਏ ਵੇਖ ਖਾਲਸਾ- ਰਾਜ ਦੇ ਪਤਨ ਦੇ ਢਲਦੇ ਸੂਰਜ ਦਾ ਕਰੁਣਾਮਈ ਇਤਿਹਾਸ ਯਾਦ ਕਰ ਅੱਖਾਂ ਨਮ ਹੋ ਗਈਆਂ।…..(ਪੰਨਾ 50)

* “ਪਾਕਿਸਤਾਨ ਦਾ ਨਜਾਮ ਨਹੀਂ ਬਦਲਿਆ,ਇੱਥੇ ਮੁਜਾਰੇ ਅਜੇ ਵੀ ਜਗੀਰਦਾਰਾਂ ਦੇ ਚਾਕਰ ਹਨ।….ਜਦੋ ਇਥੇ ਮੁਲਾਣਿਆਂ ਦਾ ਰਾਜ ਖਤਮ ਹੋਊ ਤਾਂ ਹੀ ਕੋਈ ਤਬਦੀਲੀ ਹੋ ਸਕਣੀ ਆ।……..(ਪੰਨਾ 67)

* ਰਸਤੇ ਵਿੱਚ ਚਨਾਬ/ਝਨਾਂ ਦਰਿਆ ਕੋਲੋਂ ਲੰਘਦਿਆਂ “ਲੰਘ ਆ ਜਾ ਪੱਤਣ ਝਨਾਂ ਦਾ ਯਾਰ” ਗੀਤ ਦੇ ਬੋਲ ਆਪ- ਮੁਹਾਰੇ ਬੁੱਲ੍ਹਾਂ ਤੇ ਆ ਗਏ। …(ਪੰਨਾ 130)

* ਭਾਰਤ ਵਿਚ ਜਿਹੜੇ ਲੋਕ ਨੇ, ਉਹ ਪਾਕਿਸਤਾਨ ਨੂੰ ਵੇਖਦੇ ਨੇ ਇੰਡੀਆ ਦੇ ਮੀਡੀਆ ਦੀ ਅੱਖ ਨਾਲ , ਇਸ ਲਈ ਉਧਰ ਜਿਆਦਾ ਡਾਊਟ ਨੇ। ….(ਪੰਨਾ 188)

               ਹਵਾਲੇ ਜਿਆਦਾ ਦੇਣ ਨਾਲ ਲੇਖ ਲੰਮਾ ਹੋਣ ਦਾ ਡਰ ਹੈ। ਖਾਸ ਗੱਲ ਇਹ ਹੈ ਕਿ ਗੁਰਚਰਨ ਕੌਰ ਥਿੰਦ ਜੀਂ ਨੇ ਇੱਕ ਆਮ ਯਾਤਰੀ ਵਾਂਗ ਯਾਤਰਾ ਨਹੀਂ ਕੀਤੀ, ਸਗੋਂ ਨਾ ਕੇਵਲ ਇੱਕ ਜਾਗਰੂਕ ,ਖੋਜੀ ਬਿਰਤੀ ਨਾਲ ਨਾ ਕੇਵਲ ਲਹਿੰਦੇ ਪੰਜਾਬ ਦੇ ਖੂਬਸੂਰਤ ,ਧਾਰਮਿਕ ਇਤਿਹਾਸਕ ਸਥਾਨਾਂ ਨੂੰ ਦੇਖਿਆ ,ਬਲਕਿ ਆਪਣੇ ਦਿਲੀ ਜਜ਼ਬਾਤ ਵੀ ਪਾਕਿ ਲੋਕਾਂ ਨਾਲ ਸਾਂਝੇ ਕੀਤੇ। ਜਿੱਥੇ ਉਹਨਾਂ ਲੋਕਾਂ ਦੀ ਮੁਹੱਬਤ ਦੇ ਮਹਿਮਾਨ ਨਿਵਾਜੀ ਦੇ ਦਰਸ਼ਨ ਕਰਵਾਏ, ਉਥੇ ਉਹਨਾਂ ਦੀਆਂ ਸਮੱਸਿਆਵਾਂ ਅਤੇ ਦੁੱਖ ਤਕਲੀਫ਼ਾਂ ਨੂੰ ਵੀ ਸੁਣਿਆ ਅਤੇ ਪਾਠਕਾਂ ਅੱਗੇ ਪੇਸ਼ ਕੀਤਾ। ਮੈਂ ਇਸ ਪੁਸਤਕ ਲਿਖਣ ਲਈ ਲੇਖਕਾ ਨੂੰ ਮੁਬਾਰਕ ਦਿੰਦਾ ਹਾਂ ਅਤੇ ਸਮੂਹ ਪੰਜਾਬੀ ਪਾਠਕਾਂ ਨੂੰ ਇਹ ਪੁਸਤਕ ਪੜ੍ਹਨ ਦੀ ਜ਼ੋਰਦਾਰ ਸਿਫਾਰਿਸ਼ ਵੀ ਕਰਦਾ ਹਾਂ। ਲੇਖਿਕਾ ਦੀ ਕਲਮ ਇੰਝ ਹੀ ਚੱਲਦੀ ਰਵੇ।

Exit mobile version