14 ਭਾਸ਼ਾਵਾਂ ਵਿੱਚ ਗੀਤ ਗਾਉਣ ਵਾਲਾ ਗਾਇਕ : ਅਮ੍ਰਿਤਪਾਲ ਸਿੰਘ ਨਕੋਦਰ

ਐਡਮਿਟਨ ਕਨੇਡਾ ਦੀ ਪ੍ਰਸਿੱਧ ਆਲੀਸ਼ਾਨ ਐਡਮਿੰਟਨ ਪਬਲਿਕ ਲਾਇਬ੍ਰੇਰੀ 17 ਸਟਰੀਟ ਵਿਖੇ ਲਗਭਗ 71 ਸਾਲ ਗੁਜਾਰ ਚੁੱਕੇ ਗਾਇਕ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਤਿੱਖੇ ਨੈਣ ਨਕਸ਼, ਹਸਮੁੱਖ ਚਿਹਰਾ, ਡੋਰੀ ਪਾ ਕੇ ਬੰਨੀ ਹੋਈ ਗੁੱਝਵੀਂ ਦਾੜੀ, ਤੀਰਕਮਾਨੀ ਅੰਗੜਾਈ ਲੈਂਦੀਆਂ ਫੈਲਾਵ ਵਿੱਚ ਬੁਰਸ਼ਦਾਰ ਮੁੱਛਾਂ, ਭਵਾਂ ਚੜ੍ਹਾ ਕੇ ਬੰਨੀ ਹੋਈ ਸਲੀਕੇਦਾਰ ਲੜਾਂ ਵਾਲੀ ਪੋਚਵੀਂ ਪੱਗ, ਆਖਰੀ ਲੜ੍ਹ ਦੀ ਮਰੋੜੀ ਇਸ ਤਰ੍ਹਾਂ ਜਿਵੇਂ ਕਿਸੇ ਸਪਨੀ ਨੇ ਵਲੇਵਾ ਮਾਰਿਆ ਹੋਵੇ। ਸਫ਼ੇਟ ਫਿਫਟੀ, ਸਾਧਾਰਣ ਆਕਸ਼ਰਕ ਪਹਿਰਾਵਾ, ਦਰਮਿਆਨੇ ਤੋਂ ਉਪਰ ਕੱਦ, ਫਕੀਰਾਂ ਵਰਗੀ ਮੱਧਮ ਚਾਲ, ਬੋਲ ਚਾਲ ’ਚ ਹਲੀਮੀ, ਫਬੀਲੀ ਤੇ ਛਬੀਲੀ ਸ਼ਰਲ ਸਪਸ਼ਟ ਕੂਣੀਂ ਬਾਣੀ, ਅੰਦਰੋਂ-ਬਾਹਰੀ ਪਾਰਦਰਸ਼ੀ, ਜੋ ਅਪਣਿਆਂ ਦਾ ਤਾਂ ਹੈ ਹੀ, ਬਿਗਾਨਿਆਂ ਦਾ ਵੀ, ਯਾਰੀ ਦੋਸਤੀ ਵਿੱਚ ਨਿਸ ਸਵਾਰਥ ਕਿਰਿਆਵਾਂ ਦਾ ਸਿਰਜਕ, ਜ਼ਰੂਰਤਮੰਦਾਂ ਦਾ ਮਦਦਗਾਰ, ਵਾਕਫ਼ੀਅਤ ਦਾ ਇਨਸਾਈ ਕਲੋ ਪੀਡੀਆ ਅਤੇ ਸੰਗੀਤ ਅਤੇ ਗਾਇਨ ਕਲਾ ਵਿੱਚ ਪਰਪੱਕ ਨਿਪੁੰਨ। ਕਈ ਸਾਜ ਵਜਾਉਣ ਵਿੱਚ ਮੁਹਾਰਤ ਰੱਖਣ ਵਾਲਾ।

                                                                ਗਾਇਕ ਅਮ੍ਰਿਤਪਾਲ ਸਿੰਘ ਰੇਡੀਉ ਟੀ.ਵੀ. ਤੋਂ ਮਾਨਤਾ ਪ੍ਰਾਪਤ ਕਲਾਕਾਰ ਹੈ। ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਐਮ.ਏ. ਸੰਗੀਤ ਦੀ ਵਿਦਿਆ ਹਾਸਿਲ ਕੀਤੀ ਅਤੇ ਵੱਖ-ਵੱਖ ਸਕੂਲਾਂ ਕਾਲਿਜ਼ਾਂ ਤੋਂ ਪੜ੍ਹਾਉਣ ਤੋਂ ਬਾਅਦ ਕੰਨਿਆ ਸੀ.ਸੈ. ਸਕੂਲ ਨਕੋਦਰ ਤੋਂ ਸੇਵਾ ਮੁਕਤ ਹੋਏ।

                                                ਮੁਢਲੀ ਸੰਗੀਤ ਦੀ ਸਿਖਿਆ ਉਨ੍ਹਾਂ ਨੇ ਅਪਣੇਂ ਤਾਇਆ ਜੀ ਸ. ਕੀਰਤਨੀਏ ਗਿਆਨੀ ਦਲੀਪ ਸਿੰਘ ਜੀ ਤੋਂ ਹਾਸਿਲ ਕੀਤੀ। ਸੰਗੀਤ ਅਤੇ ਕੱਵਾਲੀ ਗਾਇਨ ਵੀ ਸਿਖਿਆ ਉਨ੍ਹਾਂ ਬਲਦੇਵ ਨਾਰੰਗ ਡੀ.ਏ.ਵੀ. ਕਾਲਿਜ ਜਾਲੰਧਰ ਅਤੇ ਪ੍ਰੋ. ਕ੍ਰਿਪਾਲ ਸਿੰਘ ਜੰਡੂ ਅਤੇ ਰਮੇਸ਼ ਪੁਸ਼ਕਰਨਾਂ (ਦੋਵੇਂ ਉਸਤਾਦ) ਤੋਂ ਸੰਗੀਤ ਅਤੇ ਗਾਇਨ ਦੀਆਂ ਬਾਰੀਕੀਆਂ ਸਿੱਖੀਆਂ।

                ਅਮ੍ਰਿਤਪਾਲ ਨੇ ਭਾਰਤ ਦੀਆਂ 14 (ਚੋਦ੍ਹਾਂ) ਭਾਸ਼ਾਵਾਂ ਵਿੱਚ ਗਾਇਆ ਹੈ। ਨੌਵੀਂ ਜ਼ਮਾਤ ਵਿੱਚ ਪੜ੍ਹਦਿਆਂ ਹੀ ਰਾਸ਼ਟਰਪਤੀ ਐਵਾਰਡ ਲੈ ਲਿਆ ਸੀ। ਭੰਗੜੇ ਗਿੱਧੇ ਵਿੱਚ ਨਿਪੁੰਨ ਪ੍ਰਸਿਖਿਅਕ। ਕਈ ਮਾਨ-ਸਨਮਾਨ ਹਾਸਿਲ ਕਰ ਚੁਕੇ ਹਨ। ਐਨ.ਸੀ.ਈ.ਆਰ. ਟੀ ਵਲੋਂ ਸਮੂਹ ਗਾਨ ਵਿੱਚ ਭਾਗ ਲੈ ਕੇ ਲਾਲ ਕਿਲਾ ਭਾਰਤ ਵਿਖੇ 90 ਅਧਿਆਪਕਾਂ ਸਣੇਂ ਗਾਇਨ ਦੇ ਜ਼ੌਹਰ ਵਿਖਾਏ। ਭਾਰਤ ਛੱਡੋ ਅੰਦੋਲਨ ਦੀ 42ਵੀਂ ਵਰ੍ਹੇਗੰਢ ਉਪਰ ਮੁੰਬਈ ਵਿੱਚ 3500 ਬੱਚਿਆਂ ਨੂੰ ਦੇਸ਼-ਭਗਤੀ ਦੇ ਗੀਤ ਤਿਆਰ ਕਰਵਾਏ। ਜਿਹੜੇ ਗੀਤ ਭਾਰਤ-ਪਾਕਿ ਵੰਡ ਤੋਂ ਪਹਿਲਾਂ ਅੰਡਰ ਗਰਾਉਂਡ ਰੇਡੀਉ ਸਟੇਸ਼ਨ ਤੋਂ ਵਜਦੇ ਸਨ, ਉਹ ਗੀਤ ਬੱਚਿਆਂ ਨੂੰ ਲਾਲ ਕਿਲੇ ਲਈ ਤਿਆਰ ਕਰਵਾਏ। ਜਿਸ ਦੀ ਕੁਮੈਂਟਰੀ ਪ੍ਰਸਿੱਧ ਅਭਿਨੇਤਾ ਨਸੀਰੂਨਦੀਨ ਸ਼ਾਹ ਨੇ ਕੀਤੀ ਅਤੇ ਡਾ. ਮੋਹਨ ਆਗਾਸੇ ਨੇ ਕੋਰੀਓਗ੍ਰਾਫੀ ਕੀਤੀ

                ਸਵ. ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤੋਂ ਸਨਮਾਨਿਤ ਹੋਏ। ਉਨ੍ਹਾਂ ਦੇ ਅਨੇਕਾਂ ਹੀ ਵਿਦਿਆਰਥੀ ਪੀ.ਐਚ.ਡੀ. ਕਰਕੇ ਉਚ ਪਦਵੀਆਂ ਤੇ ਹਨ। ਚਿਲਡਰਨ ਕੌਂਸਿਲ ਵੱਲੋਂ ਕਰਵਾਏ ਗਏ ਸਟੇਟ ਪੱਧਰ ਦੇ ਮੁਕਾਬਲਿਆਂ ਵਿੱਚ ਰਾਜ ਪੱਧਰੀ ਪੁਰਸਕਾਰ ਪ੍ਰਾਪਤ ਕੀਤੇ। ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਕਰਵਾਏ ਗਏ ਵਿਦਿਅਕ ਮੁਕਾਬਲਿਆਂ ਵਿੱਚ ਸਟੇਟ ਪੱਧਰ ਤਕ ਦੇ ਬੱਚਿਆਂ ਨੇ ਭਾਗ ਲਿਆ। ਸੈਨਿਕ ਭਲਾਈ ਬੋਰਡ ਵਲੋਂ ਵਿਸ਼ੇਸ ਤੌਰ ’ਤੇ ਸਨਮਾਨਿਤ ਹੋਏ।

                ਉਹ ਯੂਥ ਵੈਲਫ਼ੇਅਰ ਕਲੱਬ (ਰਜਿ.) ਨਕੋਦਰ ਤੇ ਕਨਵੀਨਰ, ਜੇਸੀਜ ਇੰਟਰਨੈਸ਼ਨਲ ਨਕੋਦਰ ਦੇ ਪ੍ਰਧਾਨ ਵਜੋਂ ਆਉਟ ਸਟੈਂਡਿੰਗ ਜੇਸੀਜ ਆਫ਼ ਪੰਜਾਬ ਦਾ ਐਵਾਰਡ ਪ੍ਰਾਪਤ ਕੀਤਾ।

                ਸੰਗੀਤ ਗਾਇਨ ਪ੍ਰਾਪਤੀਆਂ ਤੋਂ ਇਲਾਵਾ ਲੋੜ੍ਹਵੰਦ ਪਰਿਵਾਰਾਂ ਲਈ ਮਹੀਨਾਵਾਰ ਰਾਸ਼ਨ ਦੇਣਾ ਸ਼ੁਰੂ ਕੀਤਾ ਹੋਇਆ ਹੈ। ਜੋ ਚਾਰ ਸਾਲਾਂ ਤੋਂ ਲਗਾਤਾਰ ਜਾਰੀ ਹੈ। ਅੱਖਾਂ ਦੇ ਕੈਂਪ, ਮੈਡੀਕਲ ਕੈਂਪ, ਬਲੱਡ ਡੋਨੇਸ਼ਨ ਕੈਂਪ, ਸਕੂਲ-ਕਾਲਿਜ ਦੀਆਂ ਜ਼ਰੂਰਤਮੰਦ ਲੜਕੀਆਂ ਦੀਆਂ ਫੀਸਾਂ, ਵਰਦੀਆਂ ਆਦਿ ਦੇਣਾਂ। ਸੀਨੀਅਰ ਸਿਟੀਜਨ ਵੈਲ਼ਫੇਅਰ ਕੌਸਿਲ ਨਕੋਦਰ ਦੇ ਮੁੱਖ ਅਹੁਦੇਦਾਰ, ਹਸਪਤਾਲ ਵੈਲਫ਼ੇਅਰ ਕਮੇਟੀ ਦੇ ਅਹੁਦੇਦਾਰ, ਸ਼ਮਸ਼ਾਨਘਾਟ ਸੁਧਾਰ ਸਭਾ ਕਮੇਟੀ ਦੇ ਸੈਕਟਰੀ ਰਹੇ।

                ਉਨ੍ਹਾਂ ਨੇ ਗੰਧਰਵ ਮਹਾਂ ਵਿਦਿਆਲੇ ਦੇ ਚੇਅਰਮੈਨ ਵਿਨੋਦ ਚੰਦਰ ਮੌਦਗਿਲ ,ਸਾਧਨ ਇੰਡੀਆ ਫਿਲਮ ਇੰਨਡਸਟਰੀ ਦੇ ਸੰਗੀਤ ਡਾਇਰੈਕਟਰ ਐਮ.ਬੀ. ਸ੍ਰੀ ਨਿਵਾਸਨ, ਡਾ. ਪ੍ਰੇਮ ਭਾਟੀਆ ਆਲ ਇੰਡੀਆ ਰੇਡੀਉ ਤੋਂ ਸੰਗੀਤ ਕਲਾ ਦੇ ਗੁਣ ਅਤੇ ਬਾਰੀਕੀਆਂ ਸਿਖੀਆਂ।

                ਅਮ੍ਰਿਤਪਾਲ ਐਨ.ਸੀ.ਈ. ਆਰ.ਟੀ. ਦੇ ਸਹਾਇਕ ਰਿਸੋਰਸ ਪਰਸਨ ਰਹੇ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਸੰਗੀਤ ਸਿਖਲਾਈ ਕੈਂਪ ਵੀ ਲਗਾਏ। ਉਹ ਵਧੀਆ ਪ੍ਰਬੰਧ ਕਰਮੀ ਵੀ ਹੈ। ਉਹ ਸ਼ਬਦ ਕੀਰਤਨ ਕਰਨ ਵਿੱਚ ਰਸ ਭਿੰਨਾ ਕੀਰਤਨ ਕਰਨ ਵਿੱਚ ਮਾਹਿਰ ਹਨ।

                                ਇਕ ਵਧੀਆ ਇੰਨਸਾਨ ਹੋਣ ਦੇ ਨਾਤੇ, ਸੱਚਾਈ ਈਮਾਨਦਾਰੀ ਅਤੇ ਅਪਣੀ ਹੋਂਦ ਦੀ ਸਾਮਾਜਿਕ ਅਤੇ ਸਭਿਆਚਾਰਕ ਵਾਸਤਵਿਕਤਾਵਾਂ ਨਾਲ ਜੁੜੇ ਹੋਏ ਹਨ। ਉਹਨਾ ਅਪਣੀ ਜ਼ਿੰਦਗੀ ਵਿੱਚ ਆਤਰਿਕ ਸੰਘਰਸ਼ ਕੀਤਾ ਅਤੇ ਅਪਣੀਆਂ ਜੜਾਂ ਨੂੰ ਪਰੰਪਰਾਵਾਂ ਨਾਲ ਜੋੜੀ ਰੱਖਿਆ। ਉਹ ਸੰਗੀਤ ਗਾਇਨ ਕਲਾ ਵਿੱਚ ਅਪਣੀ ਸ਼ੈਲੀ ਆਪ ਨਿਰਧਾਰਿਤ ਕਰਦੇ ਹਨ। ਗਾਇਨ ਪ੍ਰਸਤੂਤੀ ਵਿਲੱਖਣ ਅਤੇ ਪ੍ਰਭਾਵਸ਼ਾਲੀ ਹੈ। ਦਿਲਚਸਪ ਹੈ ਕਿ ਉਹ ਸੰਵੇਦਨਸ਼ੀਲ ਵਿਅਕਤੀਤਵ ਦੇ ਧਨੀ ਹਨ।

                ਅਮ੍ਰਿਤਪਾਲ ਹੋਰਾਂ ਅਪਣੇ ਸੰਦੇਸ਼ ਵਿੱਚ ਕਿਹਾ, ਕਿ ਸੰਗੀਤ ਵਿੱਚ ਆਲਾਪ ਦੀ ਸਮਝ ਹੋਣੀਂ ਚਾਹੀਦੀ ਹੈ। ਧਵਨੀ ਵਿਵੇਕ, ਹੋਠਾਂ ਦੀ ਗਤੀ, ਸੰਗੀਤ ਵਿੱਚ ਅਤੇ ਗਾਇਨ ਵਿੱਚ ਮਹੱਤਵ ਪੂਰਨ ਹਨ। ਸੰਗੀਤ ਵਿੱਚ ਸਭ ਤੋਂ ਮਹੱਤਵਪੂਰਨ ਹੈ ਸੁਰ। ਸੁਰੀਲਾਪਨ ਦੇ ਸਿਵਾ ਸੰਗੀਤ ਕੁਝ ਵੀ ਨਹੀਂ। ਮਨੋਦਸ਼ਾ ਅਤੇ ਭਾਵਾਂ ਨੂੰ ਗੀਤ ਵਿੱਚ ਸੰਭਾਲਣਾ ਇਕ ਬਿਹਤਰੀਨ ਗੁਣ ਹੈ। ਦਿਲ ਤੇ ਦਿਮਾਗ਼ ਵਿੱਚ ਵੰਡਿਆ ਹੋਇਆ ਮਨੁੱਖ ਇਕ ਦੀ ਸਰਵੋਚਤਾ ਅਤੇ ਦੂਸਰੇ ਦੇ ਆਕਰਸ਼ਣ ਦੇ ਕਾਰਣ ਸਪਰਧਾ ਵਿੱਚ ਅਪਣੀ ਪਹਿਚਾਣ ਖੋ ਬਹਿੰਦਾ ਹੈ। ਮਨੁੱਖ ਨੂੰ ਨਾ ਕੇਵਲ ਅਪਣੇ ਨਾਲ ਬਲਕਿ ਅਪਣੇਂ ਸਮੇਂ ਨਾਲ ਵੀ ਸੰਘਰਸ਼ ਕਰਨਾ ਪੈਂਦਾ ਹੈ ਅਤੇ ਅਪਣੇਂ ਪਿੱਛੇ ਉਹ ਇਕ ਐਸੀ ਪਰੰਪਰਾ ਛੱਡ ਜਾਂਦਾ ਹੈ, ਜਿਸ ਨੂੰ ਦੂਸਰੇ ਸਮਝਣ ਅਤੇ ਉਸ ਉਪਰ ਵਿਚਾਰ ਚਿੰਤਨ ਕਰਨ। ਉਨ੍ਹਾਂ ਦਾ ਮੋਬਾਇਲ ਨੰਬਰ ਹੈ – 98142-25425

ਬਲਵਿੰਦਰ ਬਾਲਮ ਗੁਰਦਾਸਪੁਰ

ਬਲਵਿੰਦਰ ਬਾਲਮ ਗੁਰਦਾਸਪੁਰ ਉਂਕਾਰ ਨਗਰ ਗੁਰਦਾਸਪੁਰ ਪੰਜਾਬ ਮੋ. 98156-25409 ਐਡਮਿੰਟਨ, ਕਨੇਡਾ

Exit mobile version