6 ਲੱਖ ਤੋਂ ਵੱਧ ਲੋਕਾਂ ਨੇ ਸਰੀ ਨਗਰ ਕੀਰਤਨ ਵਿੱਚ ਸਮੂਲੀਅਤ ਕੀਤੀ
ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ
ਲੱਖਾਂ ਦੀ ਗਿਣਤੀ ਵਿਚ ਸ਼ਾਮਲ ਹੋਏ ਸ਼ਰਧਾਲੂ – ਖਰਾਬ ਮੌਸਮ ਨੇ ਸਮਾਪਤੀ ਸਮਾਗਮ ਦਾ ਰੰਗ ਫਿੱਕਾ ਕੀਤਾ
ਸਰੀ, 22 ਅਪ੍ਰੈਲ (ਹਰਦਮ ਮਾਨ)- ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਵਿਚ ਲੱਖਾਂ ਦੀ ਗਿਣਤੀ ਵਿਚ ਨੌਜਵਾਨ, ਬੱਚੇ ਅਤੇ ਬਜ਼ੁਰਗ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ। ਸ਼ਾਮ ਦੇ ਚਾਰ ਕੁ ਵਜੇ ਤੱਕ ਮੌਸਮ ਬਹੁਤ ਸੁਹਾਵਣਾ ਰਿਹਾ ਪਰ ਬਾਅਦ ਵਿਚ ਵਗੀ ਠੰਡੀ ਹਵਾ ਅਤੇ ਮੀਂਹ ਨੇ ਲੋਕਾਂ ਦੇ ਉਤਸ਼ਾਹ ਮੱਠਾ ਪਾ ਦਿੱਤਾ।
ਇਹ ਨਗਰ ਕੀਰਤਨ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ 128 ਸਟਰੀਟ, 82 ਐਵੀਨਿਊ, 124 ਸਟਰੀਟ, 76 ਐਵੀਨਿਊ ਅਤੇ 128 ਸਟਰੀਟ ਹੁੰਦਾ ਹੋਇਆ ਵਾਪਸ ਗੁਰਦੁਆਰਾ ਦਸ਼ੇਮਸ਼ ਦਰਬਾਰ ਵਿਖੇ ਆ ਕੇ ਸੰਪੂਰਨ ਹੋਇਆ। ਸਰੀ ਦੇ ਵੱਖ ਵੱਖ ਪੰਜਾਬੀ ਸਕੂਲਾਂ ਦੇ ਬੱਚੇ ਨਗਰ ਕੀਰਤਨ ਦੇ ਨਾਲ ਨਾਲ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ। ਸਿੰਘ ਗੱਤਕੇ ਦੇ ਜ਼ੋਹਰ ਦਿਖਾ ਰਹੇ ਸਨ। ਨਗਰ ਕੀਰਤਨ ਵਿਚ ਕੁਝ ਲੋਕਾਂ ਦੇ ਹੱਥਾਂ ਵਿਚ ਫੜ੍ਹੇ ਕੇਸਰੀ ਝੰਡੇ ਉਪਰ ਖਾਲਿਸਤਾਨ ਉਕਰਿਆ ਹੋਇਆ ਸੀ।
ਨਗਰ ਕੀਰਤਨ ਦੇ ਪੂਰੇ ਰੂਟ ਉਪਰ ਕਾਰੋਬਾਰੀਆਂ, ਸ਼ਰਧਾਲੂਆਂ ਵੱਲੋਂ ਵੱਖ ਵੱਖ ਪਕਵਾਨਾਂ ਦੇ ਲੰਗਰ ਲਾਏ ਹੋਏ ਸਨ ਅਤੇ ਲੋਕ ਇਨ੍ਹਾਂ ਖਾਣਿਆਂ ਦਾ ਸਵਾਦ ਮਾਣ ਰਹੇ ਸਨ। ਸਰੀ ਵਿਚ ਚਲਦੇ ਪ੍ਰਮੁੱਖ ਰੇਡੀਓ ਸਟੇਸ਼ਨਾਂ ਅਤੇ ਟੀ.ਵੀ. ਚੈਨਲਾਂ ਵੱਲੋਂ ਸਟੇਜਾਂ ਸਜਾਈਆਂ ਗਈਆਂ ਸਨ ਜਿੱਥੋਂ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸੀ, ਢਾਡੀਆਂ ਦੀਆਂ ਵਾਰਾਂ ਗੂੰਜ ਰਹੀਆਂ ਸਨ ਅਤੇ ਲੀਡਰਾਂ ਦੇ ਭਾਸ਼ਣ ਸੁਣਾਈ ਦੇ ਰਹੇ ਸਨ। ਇਕ ਪਾਸੇ ਕੇਸਰੀ ਦਸਤਾਰਾਂ ਸਜਾਈਆਂ ਜਾ ਰਹੀਆਂ ਸਨ, ਮੈਗਜ਼ੀਨ, ਅਖਬਾਰ, ਪੈਂਫਲਿਟ ਵੰਡੇ ਜਾ ਰਹੇ ਸਨ।
ਨਗਰ ਕੀਰਤਨ ਵਿਚ ਇਸ ਵਾਰ ਵੀ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸਤੀਸ਼ ਗੁਲਾਟੀ ਵੱਲੋਂ ਪੰਜਾਬੀ ਕਿਤਾਬਾਂ ਦੀ ਪ੍ਰਦਰਸ਼ਨੀ ਲਾ ਕੇ ਪੰਜਾਬੀਆਂ ਨੂੰ ਕਿਤਾਬਾਂ ਪੜ੍ਹਨ ਦਾ ਸੁਨੇਹਾ ਦਿੱਤਾ ਗਿਆ। ਸੈਂਕੜੇ ਪੁਸਤਕ ਪ੍ਰੇਮੀਆਂ ਨੇ ਇੱਥੋਂ ਕਿਤਾਬਾਂ ਖਰੀਦ ਕੇ ਸਤੀਸ਼ ਗੁਲਾਟੀ ਦੇ ਉਪਰਾਲੇ ਨੂੰ ਹੁੰਗਾਰਾ ਦਿੱਤਾ। ਪੰਜਾਬੀ ਦੇ ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਨਾਮਵਰ ਚਿੱਤਰਕਾਰ ਜਰਨੈਲ ਸਿੰਘ, ਜਰਨਲਿਸਟ ਸੁਰਿੰਦਰ ਚਾਹਲ, ਪ੍ਰੋ. ਸ਼ੁਭਪ੍ਰੇਮ ਸਿੰਘ ਬਰਾੜ, ਕੁਲਵਿੰਦਰ ਕੁਲਾਰ, ਮੋਹਨ ਗਿੱਲ, ਮਿਸਜ਼ ਦਰਸ਼ਨ ਗਿੱਲ, ਮਿਸਜ਼ ਹਰਦਿਆਲ ਸਿੰਘ ਚੀਮਾ ਸਿਆਟਲ, ਰਣਧੀਰ ਢਿੱਲੋਂ, ਬਲਵਿੰਦਰ ਸਿੰਘ ਪੰਧੇਰ (ਫਿਨਲੈਂਡ), ਚਮਕੌਰ ਸਿੰਘ ਢਿੱਲੋਂ, ਨਵਦੀਪ ਗਿੱਲ। ਡਾ. ਸੁਖਵਿੰਦਰ ਵਿਰਕ ਅਤੇ ਹੋਰ ਕਈ ਸਾਹਿਤਕ ਸ਼ਖ਼ਸੀਅਤਾਂ ਨੇ ਪੁਸਤਕ ਪ੍ਰਦਰਸ਼ਨੀ ਵਿਚ ਹਾਜਰ ਹੋ ਕੇ ਸਤੀਸ਼ ਗੁਲਾਟੀ ਦੇ ਯਤਨਾਂ ਦੀ ਪ੍ਰਸੰਸਾ ਕੀਤੀ।
ਨਗਰ ਕੀਤਰਨ ਦੇ ਪ੍ਰਬੰਧਕਾਂ, ਸੇਵਾਦਾਰਾਂ, ਪੁਲਿਸ ਅਤੇ ਪ੍ਰਸਾਸ਼ਨ ਵੱਲੋਂ ਲੋਕਾਂ ਦੀ ਸਹੂਲਤ ਲਈ ਸੁਚਾਰੂ ਪ੍ਰਬੰਧ ਕੀਤੇ ਗਏ ਸਨ। ਬਿਜਲੀ ਦੀਆਂ ਤਾਰਾਂ ਵਿਚ ਇਕ ਕਰੇਨ ਡਿੱਗਣ ਨਾਲ ਵੀ ਸਮਾਪਤੀ ਸਮਾਗਮਾਂ ਵਿਚ ਕਾਫੀ ਵਿਘਨ ਪਿਆ ਰਿਹਾ। ਪ੍ਰਬੰਧਕਾਂ ਨੇ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ ਸੰਗਤਾਂ ਤਾ ਧੰਨਵਾਦ ਕੀਤਾ।