ਕਲਮੀ ਸੱਥ

ਬਰਫੀਲੇ ਡਾਲਰਾਂ ਹੇਠਾਂ ਅੱਗ ਵਿੱਚ ਸੜਦੇ ਫੁੱਲ

ਬਰਫੀਲੇ ਡਾਲਰਾਂ ਹੇਠਾਂ ਅੱਗ ਵਿੱਚ ਸੜਦੇ ਫੁੱਲ

ਗੁਰਮੇਲ ਬੀਰੋਕੇ ਦਾ  ਕਾਲਮ ਬਰਫੀਲੇ ਡਾਲਰ ਨਾਂ ਹੇਠ ਪੰਜਾਬੀ ਅਖ਼ਬਾਰ ਵਿੱਚ ਲਗਾਤਾਰ ਬਹੁਤ ਸਾਲ ਛਪਦਾ ਰਿਹਾ । ਅੱਗ ਵਿੱਚ ਸੜਦੇ ਫੁੱਲ ਦੇ ਨਾਂ ਦੇ  ਸਬ-ਕਾਲਮ ਹੇਠ ਇਹ ਕਹਾਣੀਆਂ ਪੰਜਾਬੀ ਅਖ਼ਬਾਰ  ਦੇ ਪਾਠਕਾਂ ਵੱਲੋਂ ਉਸ ਮੌਕੇ ਵੀ ਬਹੁਤ ਪਸੰਦ ਕੀਤੀਆਂ ਗਈਆਂ ਸਨ, ਪਰ ਹੁਣ ਇਹ ਕਿਤਾਬੀ ਰੂਪ ਵਿੱਚ ਆ ਚੁੱਕੀਆਂ ਹਨ। ਗੁਰਮੇਲ ਬੀਰੋਕੇ ਦੀ ਦੂਜੀ ਕਿਤਾਬ ਛਪੀ ਹੈ, ਪਹਿਲੀ “ਬਾਤਾਂ ਸੜਕ ਦੀਆਂ” ਸੀ। ਇਹ ਕਿਤਾਬ ਕਹਾਣੀਆਂ ਦੀ ਹੈ। ਪ੍ਰਕਾਸ਼ਕ ਨਵਯੁਗ ਨਵੀਂ ਦਿੱਲੀ ਵਾਲੇ ਹਨ। ਕਿਤਾਬ ਦਾ ਨਾਂ “ਅੱਗ ‘ਚ ਸੜਦੇ ਫੁੱਲ” ਹੈ। ਇਸ ਵਿੱਚ ਨੌਂ ਕਹਾਣੀਆਂ ਹਨ। ਸਾਰੀਆਂ ਕਹਾਣੀਆਂ ਦਾ ਧਰਾਤਲ ਕਨੇਡਾ ਦੀ ਧਰਤੀ ਹੈ ਤੇ ਪਾਤਰ ਪੰਜਾਬੀ ਹਨ। ਵੱਖਰੀ ਗੱਲ ਹੈ ਕਿ ਇਹਨਾਂ ਕਹਾਣੀਆਂ ਵਿੱਚ ਕਈ ਥਾਂਵਾਂ ‘ਤੇ ਸਾਇੰਸ, ਮਨੋਵਿਗਿਆਨ ਤੇ ਅਰਥ-ਸ਼ਾਸਤਰ ਦੀਆਂ ਥਿਊਰੀਆਂ ਦੇ ਅੰਸ਼ ਮਿਲਣਗੇ, ਜਿੰਨ੍ਹਾਂ ਰਾਹੀਂ ਪੰਜਾਬੀ ਪਾਠਕ ਕਹਾਣੀ ਦੇ ਨਾਲ-ਨਾਲ ਕੁਛ ਸਿੱਖਣਗੇ…।

*

ਕਹਾਣੀ “ਆਲ੍ਹਣੇ ਵਾਲਾ ਸੱਪ ਵਿਦਿਆਰਥਣ ਕੁੜੀ ਦੇ ਮਨ ਦੀ ਦਸ਼ਾ ਦਿਖਾਉਂਦੀ ਹੈ। ਉਹ ਕਨੇਡਾ ਵਿੱਚ ਪੜ੍ਹ ਕੇ ਬੁਰੇ ਹਾਲਾਂ ਨਾਲ ਵਿਆਹ ਕਰਾ ਕੇ ਪੱਕੀ ਹੁੰਦੀ ਹੈ ਤੇ ਫਿਰ ਪੱਕੀ ਹੋ ਕੇ ਆਪਣੇ ਘਰਵਾਲੇ ਨੂੰ (ਜਿਸ ਨਾਲ ਉਸ ਨੇ ਪੱਕਾ ਹੋਣ ਲਈ ਮਿੰਨਤਾਂ ਕਰਕੇ ਵਿਆਹ ਕਰਾਇਆ ਸੀ) ਧੋਖੇ ਨਾਲ ਕਤਲ ਕਰਾਉਂਦੀ ਹੈ।

*“ਛਾਲਾ ਫਿੱਸ ਗਿਆ ਕਹਾਣੀ ਵਿੱਚ ਇੱਕ ਪੰਜਾਬੀ ਪਤੀ ਦੀ ਮਨੋਦਸ਼ਾ ਚਿੱਤਰੀ ਗਈ ਹੈ। ਉਹ ਸ਼ੱਕ ਦੇ ਅਧਾਰ ‘ਤੇ ਘਰਵਾਲ਼ੀ ਦਾ ਕਤਲ ਕਰ ਦਿੰਦਾ ਹੈ ਤੇ ਸਬੂਤ ਮਿਟਾਉਣ ਦੀ ਕੋਸ਼ਸ਼ ਕਰਦਾ ਹੈ ਪਰ ਕਾਨੂੰਨ ਦੇ ਸਿਕੰਜੇ ਵਿੱਚ ਜਕੜਿਆ ਜਾਂਦਾ ਹੈ। ਜੇਲ਼ ਵਿੱਚ ਇੱਕ ਗੋਰੇ ਕੈਦੀ ਨਾਲ ਗੱਲਾਂ ਕਰਦਾ ਹੈ ਤੇ ਉਹ ਗੋਰਾ ਕੈਦੀ ਔਰਤ ਦੀ ਮਹਾਨਤਾ, ਔਰਤ ਨਾਲ ਜੁੜਨ ਵਾਲੇ ਸੰਬੰਧਾਂ ਦੀ ਮਹਾਨਤਾ ਤੇ ਪਿਆਰ ਦੀ ਪਵਿੱਤਰਤਾ ਬਾਰੇ ਉਸ ਨੂੰ ਦੱਸਦਾ ਹੈ ਤਾਂ ਉਸ ਦੀ ਮਾਨਸਿਕਤਾ ਬਿਗੜ ਜਾਂਦੀ ਹੈ। ਉਹ ਆਪਣੇ ਗੁਨਾਹ ਦੇ ਭਾਰ ਹੇਠ ਦਬ ਜਾਂਦਾ ਹੈ, ਮਨ ਇਸ ਤਰਾਂ ਟਸ-ਟਸ ਕਰਨ ਲੱਗਦਾ ਹੈ ਜਿਵੇਂ ਛਾਲੇ ਵਿੱਚ ਰਾਧ ਭਰੀ ਹੋਵੇ ਤੇ ਅਖੀਰ ਨੂੰ ਜੱਜ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰਕੇ ਹਲਕਾ-ਹਲਕਾ ਮਹਿਸੂਸ ਕਰਦਾ ਹੈ।

*

ਕਹਾਣੀ “ਡਰੇ ਹੋਏ ਫੁੱਲ ਇੱਕ ਪੰਜਾਬਣ ਦੀ ਕਹਾਣੀ ਹੈ। ਉਸ ਦੇ ਮਾਂ ਬਾਪ ਦਾ ਤਲਾਕ ਉਸ ਦੀ ਨਾਨੀ ਕਰਵਾ ਦਿੰਦੀ ਹੈ ਤੇ ਕੁੜੀ ਸਹਿਮ ਭਰੇ ਮਹੌਲ ਵਿੱਚ ਪਲ਼ਦੀ ਹੈ ਤੇ ਫਿਰ ਘਰੋਂ ਭੱਜ ਜਾਂਦੀ ਹੈ। ਉਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਸ ਸਮੇਂ (ਉਸ ਦੇ ਹਾਲਾਤਾਂ ਵਾਂਗ ਹੀ ਦੁੱਖ ਭੁਗਤਦੀ) ਇੱਕ ਗੋਰੀ ਕੁੜੀ ਨਾਲ ਸੰਬੰਧ ਬਣਾ ਲੈੰਦੀ ਹੈ। ਕੁਛ ਸਮੇਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਮਨ ਗਲਤ ਕਰ ਰਿਹਾ ਹੈ। ਇਸ ਕਹਾਣੀ ਵਿੱਚ ਫੁੱਲਾਂ ਦੇ ਇੱਕ ਖਾਸ ਕਿਸਮ ਦੇ ਬੂਟੇ ਦੀ ਗੱਲ ਕਰੀ ਗਈ ਹੈ, ਪਾਤਰ ਕੁੜੀ ਸੋਚਦੀ ਹੈ ਕਿ ਮਨੁੱਖ ਦਾ ਮਨ ਇਸ ਬੂਟੇ ਵਾਂਗ ਹੈ ਜੋ ਆਪਣੀ ਸੋਚਣੀ ਬਦਲਦਾ ਹੈ। ਉਹ ਬੂਟਾ ਵੀ ਧਰਤੀ ਦੀ ਤਾਸੀਰ ਮੁਤਾਬਕ ਆਪਣੇ ਫੁੱਲਾਂ ਦਾ ਰੰਗ ਬਦਲਦਾ ਹੈ, ਬਨਸਪਤੀ ਵਿਗਿਆਨ ਵਿੱਚੋਂ ਲਈ ਗਈ ਇਹ ਉਦਾਹਰਨ ਕਮਾਲ ਦੀ ਹੈ। ਅਖੀਰ ‘ਤੇ ਉਹ ਆਪਣੀ ਸੋਝੀ ਤੋਂ ਕੰਮ ਲੈੰਦੀ ਹੈ ਤੇ ਆਪਣੀ ਸਹੇਲੀ ਨੂੰ ਕਹਿੰਦੀ ਹੈ ਕਿ ਇੱਕ ਕੁੜੀ ਨੂੰ ਮੁੰਡੇ ਨਾਲ ਹੀ ਵਿਆਹ ਕਰਾਉਣਾ ਚਾਹੀਂਦਾ ਹੈ। ਇਸ ਕਹਾਣੀ ਵਿੱਚ ਬੱਚਿਆਂ ਦੀ ਮਾਨਸਿਕਤਾ ਦਿਖਾਈ ਹੈ।

*

ਕਹਾਣੀ “ਝੂਠੀਆਂ ਇੱਜ਼ਤਾਂ ਵਾਲੇਵਿੱਚ ਇੱਕ ਦਿਖਾਵੇ ਵਾਲੇ ਤੇ ਝੂਠੇ ਪਾਖੰਡੀ ਬਾਪ ਵੱਲੋਂ ਕੀਤਾ ਕਤਲ ਦਿਖਾਇਆ ਹੈ। ਬਾਪ ਝੂਠੀ ਇੱਜ਼ਤ ਖ਼ਾਤਰ ਆਪਣੀ ਧੀ ਦਾ ਕਤਲ ਕਰ ਦਿੰਦਾ ਹੈ। ਧੀ ਦੀ ਐਨੀ ਕੁ ਗਲਤੀ ਸੀ ਕਿ ਉਹ ਆਪਣੀ ਪਸੰਦ ਦਾ ਵਰ ਆਪ ਲੱਭ ਬੈਠੀ ਸੀ। ਇਸ ਕਹਾਣੀ ਵਿੱਚ ਸਮਾਜ ਵਿਗਿਆਨ ਬਾਰੇ ਕਾਫ਼ੀ ਜਾਣਕਾਰੀ ਮਿਲਦੀ ਹੈ।

“ਕੌੜਾ ਫਲ਼ ਕਹਾਣੀ ਕਨੇਡਾ ਦੀ ਧਰਤੀ ਉੱਤੇ ਜੰਮੀ ਪਲ਼ੀ ਕੁੜੀ ਬਾਰੇ ਦੱਸਦੀ ਹੈ। ਉਹ ਗੋਰੇ ਬਾਪ ਦੀ ਧੀ ਹੈ ਤੇ ਪੰਜਾਬਣ ਮਾਂ ਦੇ ਪੇਟੋਂ ਜਨਮੀਂ ਹੈ। ਉਸ ਦੀ ਮਾਂ ਦਾ ਦਾਦਾ (ਉਸ ਦਾ ਪੜਨਾਨਾ) ਪੰਜਾਬ ਵਿੱਚ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਰਿਹਾ ਸੀ। ਉਸ ਦੇ ਗੋਰੇ ਬਾਪ ਨੇ ਉਸ ਦੀ ਮਾਂ ਨੂੰ ਚਾਵਾਂ ਨਾਲ ਅਪਣਾ ਲਿਆ ਸੀ। ਉਸ ਕੁੜੀ ਦੀ ਸ਼ਕਲ ਸੂਰਤ ਆਪਣੇ ਬਾਪ ਨਾਲ ਮਿਲਦੀ ਹੈ, ਗੋਰੀਆਂ ਕੁੜੀਆਂ ਵਰਗੀ ਹੈ। ਉਸ ਦੇ ਨਾਨੇ ਤੇ ਨਾਨੀ ਨੇ ਉਸ ਦੀ ਮਾਂ ਦਾ ਤਲਾਕ ਕਰਵਾ ਦਿੱਤਾ ਤੇ ਉਸ ਨੂੰ ਜਤੀਮ-ਘਰ ਭਿਜਵਾ ਦਿੱਤਾ। ਫਿਰ ਉਹ ਕੁੜੀ ਇੱਕ ਪੰਜਾਬੀ ਜੋੜੇ ਨੇ ਗੋਦ ਲੈ ਕੇ ਪਾਲ਼ ਲਈ। ਉਸ ਨੂੰ ਪੰਜਾਬੀ ਸੰਸਕਾਰ ਦਿੱਤੇ। ਉਸ ਦੇ ਪਾਲਣਹਾਰ ਮਾਂ-ਬਾਪ ਦਾ ਪੰਜਾਬ ਵਿੱਚ ਕਤਲ ਹੋ ਜਾਂਦਾ ਹੈ, ਉਹ ਆਪਣੀ ਜਾਇਦਾਦ ਵੰਡਾਉਣ ਜਾਂਦੇ ਹਨ। ਉਹ ਪਾਤਰ ਕੁੜੀ ਪੰਜਾਬੀ ਲੋਕਾਂ ਨੂੰ ਨਫ਼ਰਤ ਕਰਨ ਲੱਗਦੀ ਹੈ। ਉਸ ਕੁੜੀ ਕੋਲੋਂ ਇੱਕ ਪੰਜਾਬੀ ਮੁੰਡਾ (ਕਨੇਡਾ ਪੜ੍ਹਨ ਆਇਆ) ਸਹਾਇਤਾ ਮੰਗਦਾ ਹੈ। ਉਹ ਉਸ ਦੀ ਸਹਾਇਤਾ ਕਰ ਦਿੰਦੀ ਹੈ ਤੇ ਫਿਰ ਨਿੱਤ ਮਿਲਦਿਆਂ, ਹੌਲੀ-ਹੌਲੀ ਉਹ ਉਸੇ ਮੁੰਡੇ ਨੂੰ ਪਿਆਰ ਕਰਨ ਲੱਗ ਜਾਂਦੀ ਹੈ। ਮੁੰਡੇ ਨੂੰ ਪੰਜਾਬ ਗਏ ਨੂੰ ਉਸ ਦੇ ਮਾਂ ਬਾਪ ਕੁੜੀ ਨੂੰ ਛੱਡਣ ਲਈ ਮਜਬੂਰ ਕਰ ਦਿੰਦੇ ਹਨ ਤੇ ਉਹ ਕਨੇਡਾ ਆਕੇ ਕੁੜੀ ਨੂੰ ਛੱਡ ਕੇ ਭੱਜ ਜਾਂਦਾ ਹੈ, ਉਸ ਵੇਲੇ ਤੱਕ ਉਹ ਕੁੜੀ ਰਾਹੀਂ ਪੱਕਾ ਹੋ ਚੁੱਕਾ ਹੁੰਦਾ ਹੈ ਤੇ ਕੁੜੀ ਉਸ ਸਮੇਂ ਗਰਭਵਤੀ ਹੁੰਦੀ ਹੈ ਤੇ ਉਹ ‘ਕੱਲੀ ਰਹਿ ਜਾਂਦੀ ਹੈ। ਕਹਾਣੀ ਦੱਸਦੀ ਹੈ ਕਿ ਜਾਤ-ਪਾਤ ਦਾ ਕੋਹੜ ਸੱਤ ਸਮੁੰਦਰ ਪਾਰ ਵੀ ਨਾਲ ਹੀ ਆ ਪਹੁੰਚਦਾ ਹੈ।

*

“ਸੀਲ ਮੋਰਨੀ ਕਹਾਣੀ ਵਿੱਚ ਬਹੁਤ ਸਾਰੇ ਉਹ ਤੱਤ ਹਨ ਜੋ ਦੱਸਦੇ ਹਨ ਕਿ ਕਿਵੇਂ ਭਾਰਤ ਵਿੱਚਲਾ ਕਾਲ਼ਾ ਧਨ ਕਨੇਡਾ ਪਹੁੰਚਦਾ ਹੈ ਤੇ ਮਹਿੰਗਾਈ ਵਧਾਉਂਦਾ ਹੈ। ਬੁੱਢਾ ਆਦਮੀ ਆਪਣੀ ਧੀ ਦੇ ਹਾਣ ਦੀ ਕੁੜੀ ਵਿਆਹ ਲਿਆਉਂਦਾ ਹੈ ਤੇ ਉਹ ਕਿਸ ਤਰਾਂ ਦੇ ਦੁੱਖ ਝੱਲਦੀ ਹੈ। ਉਹ ਸਭ ਕੰਧਾਂ ਢਾਹੁਣ ਬਾਰੇ ਸੋਚਦੀ ਤਾਂ ਹੈ ਪਰ ਕਰ ਕੁਝ ਨਹੀਂ ਸਕਦੀ।

*

ਕਹਾਣੀ “ਸੁੱਚੇ ਕੱਚ ਦੀਆਂ ਕੀਚਰਾਂ ਇੱਕ ਸਹੁਰੇ ਵੱਲੋਂ ਆਪਣੀ ਨੂੰਹ ਨਾਲ ਗਲਤ ਸੰਬੰਧ ਜੋੜਣ ਦੀ ਕੋਸ਼ਸ਼ ਨਾਲ ਤੁਰਦੀ ਹੈ ਤੇ ਫਿਰ ਸਮਾਜ ਵਿੱਚ, ਨੇੜਲੇ ਰਿਸ਼ਤਿਆਂ ਵਿੱਚ ਬਣੇ ਕਾਮੁਕ ਸੰਬੰਧਾਂ ਬਾਰੇ ਬਹੁਤ ਹੀ ਬਰੀਕੀ ਨਾਲ ਚਾਨਣਾ ਪਾਉਂਦੀ ਹੈ। ਇਸ ਕਹਾਣੀ ਵਿੱਚ ਲੇਖਕ ਨੇ ਬਹੁਤ ਸਾਰੇ ਉਹ ਤੱਥ ਪੇਸ਼ ਕੀਤੇ ਹਨ ਜਿੰਨਾਂ ਰਾਹੀਂ ਉਹ ਬਹੁਤ ਜ਼ਿਆਦਾ ਔਖੀਆਂ ਗੱਲਾਂ ਨੂੰ ਪਾਤਰਾਂ ਦੇ ਮੂੰਹੋਂ ਕਰਵਾਉਂਦਾ ਹੈ। ਲੇਖਕ ਗੋਤਰ-ਗਵਨ ਦੇ ਵਿਸ਼ੇ ਨੂੰ ਸਾਇੰਸ ਤੇ ਮਨੋਵਿਗਿਆਨ ਨਾਲ ਜੋੜਕੇ ਤੋਰਦਾ ਹੈ। ਇਹ ਕਹਾਣੀ ਬਿਲਕੁਲ ਨਵੇਂ ਢੰਗ ਦੀ ਹੈ। ਅੱਜ ਤੱਕ ਪੰਜਾਬੀ ਦੇ ਕਿਸੇ ਵੀ ਕਹਾਣੀਕਾਰ ਨੇ ਇਸ ਵਿਸ਼ੇ ‘ਤੇ ਨਹੀਂ ਲਿਖਿਆ। 

*

“ਟਾਕੀਆਂ ਲੱਗੇ ਰਿਸ਼ਤੇ” ਕਹਾਣੀ ਪੰਜਾਬ ਦੀ ਇੱਕ ਔਰਤ ਦੀ ਹੈ। ਉਹ ਪੰਜਾਬ ਵਿੱਚ ਵੀ ਦੁੱਖ ਕੱਟਦੀ ਹੈ। ਉਸ ਦੇ ਦੁੱਖ ਪੰਜਾਬ ਵਿੱਚ “ਆਪਣਾ  ਦੇਸ਼” ਬਣਾਉਣ ਵਾਲਿਆਂ ਦੇ ਕਾਰਨ ਸ਼ੁਰੂ ਹੁੰਦੇ ਹਨ। ਮਰ ਚੁੱਕੇ ਭਾਰਤੀ ਪਤੀ ਤੋਂ ਬਾਅਦ, ਦੂਜਾ ਵਿਆਹ ਕਰਾ ਕੇ, ਆਪਣੇ ਬੱਚੇ ਲੈਕੇ ਕਨੇਡਾ ਆਉਂਦੀ ਹੈ। ਲੋਕਾਂ ਕੋਲ਼ੋਂ ਬੇਜੋੜ ਵਿਆਹ ਨੂੰ ਲੁਕੋਂਦੀ ਹੈ, ਰਿਸ਼ਤੇ ਉੱਤੇ “ਅੰਕਲ” ਦੀ ਟਾਕੀ ਲਾਉਂਦੀ ਹੈ। ਉਹੀ ਅੰਕਲ (ਦੂਜਾ ਪਤੀ) ਬੱਚਿਆਂ ਨੂੰ ਕਤਲ ਕਰ ਦਿੰਦਾ ਹੈ ਤੇ ਫਿਰ ਰਿਸ਼ਤਾ ਅਦਾਲਤ ਵਿੱਚ ਸਭ ਨੂੰ ਦਿਸ ਜਾਂਦਾ ਹੈ, ਟਾਕੀਆਂ ਵੀ ਉਧੜ ਜਾਂਦੀਆਂ ਨੇ ਤੇ ਉਸ ਦਾ ਸੰਸਾਰ ਵੀ ਉੱਜੜ ਚੁੱਕਾ ਹੁੰਦਾ ਹੈ।

*

“ੜਾੜਾ ਖਾਲੀ ਕਹਾਣੀ ਕਮਾਲ ਦੀ ਹੈ। ਬਲੂ ਬੈਰੀ ਦੀ ਫਸਲ ਬਾਤ ਸੁਣਾਉਂਦੀ ਹੈ। ਉਹ ਦੱਸਦੀ ਹੈ ਕਿ ਰਾਜਨੀਤਿਕ ਹੱਦਾਂ ਚਲਾਕ ਲੋਕਾਂ ਨੇ ਬਣਾਈਆਂ ਨੇ। ਦੇਸ਼ਾਂ ਦੇ ਨਾਂ ਦਿੱਤੇ ਨੇ। ਚਲਾਕ ਲੋਕਾਂ ਨੇ ਆਮ ਲੋਕਾਂ ਨੂੰ ਆਪਣੇ ਢੰਗ ਨਾਲ ਚਲਾਉਣ ਲਈ ਬਹੁਤ ਢੰਗ ਲੱਭੇ ਨੇ। ਬਹੁਤ ਸਾਰੇ ਕਾਰਨ ਹਨ ਜੋ ਮਨੁੱਖ ਦੀ ਬਿਰਤੀ ਘੜਦੇ ਹਨ। ਲਾਲਚ ਵੀ ਇਸੇ ਤਰਾਂ ਪੈਦਾ ਹੁੰਦਾ ਹੈ। ਕਹਾਣੀ ਦੀ ਮੁੱਖ ਪਾਤਰ ਦੇ ਮਾਪੇ ਆਪਣੇ ਬੱਚਿਆਂ ਦੇ ਕਾਗਜ਼ੀ ਵਿਆਹ ਕਰਦੇ ਹਨ ਤਾਂ ਕਿ ਛੇਤੀ ਡਾਲਰ ਕਮਾਏ ਜਾ ਸਕਣ। ਉਨ੍ਹਾਂ ਕਾਗਜ਼ੀ ਵਿਆਹਾਂ ਵਿੱਚ ਹੀ ਉਹ ਪਾਤਰ ਕੁੜੀ ਉਲ਼ਝ ਜਾਂਦੀ ਹੈ। ਜਦ ਨੂੰ ਉਹ ਆਪਣਾ ਅਸਲ ਵਿਆਹ ਕਰਾ ਕੇ ਘਰ ਵਸਾਉਣਾ ਚਾਹੁੰਦੀ ਹੈ ਓਸ ਵੇਲੇ ਤੱਕ ਬਹੁਤ ਨੁਕਸਾਨ ਹੋ ਚੁੱਕਾ ਹੁੰਦਾ ਹੈ। ਉਸ ਦੀ ਸਿਹਤ ਵੀ ਬੰਝਰ ਭੂਮੀ ਬਣ ਜਾਂਦੀ ਹੈ। ਚਾਰ ਵਿਆਹਾਂ ਤੋਂ ਬਾਅਦ ਵੀ ਉਹ ਡਾਲਰਾਂ ਦੀ ਮਾਲਕ ਹੁੰਦੀ ਹੋਈ ਬੇ-ਘਰੀ ਹੈ। ਉਸ ਦੇ ਮਾਪੇ ਉਸ ਦੀ ਢਲ਼ ਚੁੱਕੀ ਉਮਰ ਵਿੱਚ ਵੀ ਵਰ ਟੋਲ਼ ਰਹੇ ਹੁੰਦੇ ਨੇ।

*

ਕਿਤਾਬ ਪੜ੍ਹਣ ਵਾਲੀ ਹੈ। ਪਾਠਕ ਪੜ੍ਹ ਕੇ ਸਮਾਜ ਤੇ ਜ਼ਿੰਦਗੀ ਬਾਰੇ ਵੱਖਰੇ ਨਜ਼ਰੀਏ ਨਾਲ ਸੋਚਣਗੇ।

**

ਹਰਬੰਸ ਬੁੱਟਰ ਸੰਪਾਦਕ ਪੰਜਾਬੀ ਅਖ਼ਬਾਰ

Show More

Related Articles

Leave a Reply

Your email address will not be published. Required fields are marked *

Back to top button
Translate »