ਕਲਮੀ ਸੱਥ

ਜੇ ਬਿੱਠਾਂ ਨਾ ਕਰੀਏ ਤਾਂ ਹੋਰ ਕੀ ਕਰੀਏ ?

ਸੰਨੀ ਧਾਲੀਵਾਲ ਦੀ ਕਾਵਿ-ਪੁਸਤਕ ‘ਖ਼ਾਲੀ ਆਲ੍ਹਣਾ’- ਜ਼ਿੰਦਗੀ ਦੇ ਯਥਾਰਥ ਦੀ ਮੂੰਹ ਬੋਲਦੀ ਤਸਵੀਰ
                             ਡਾ. ਸੁਖਦੇਵ ਸਿੰਘ ਝੰਡ
                 ਫੋਨ: +91 97798 80184                                  
‘ਖ਼ਾਲੀ ਆਲ੍ਹਣਾ’ ਸੰਨੀ ਧਾਲੀਵਾਲ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੀਆਂ ਕੁੱਝ ਕਹਾਣੀਆਂ ਬੇਸ਼ਕ ਰਵਿੰਦਰ ਸੋਢੀ ਵੱਲੋਂ ਸੰਪਾਦਿਤ ਪੁਸਤਕ ‘ਹੁੰਗਾਰਾ ਕੌਣ ਭਰੇ’ ਵਿੱਚ ਛਪੀਆਂ ਹਨ ਪਰ ਕਵਿਤਾਵਾਂ ਦੀ ਇਹ ਉਸ ਦੀ ਪਹਿਲੀ ਕਿਤਾਬ ਹੀ ਹੈ। ਭੌਤਿਕ ਵਿਗਿਆਨ ਦੀ ਪਿੱਠ-ਭੂਮੀ ਦਾ ਵਿਦਵਾਨ ਆਪਣੀਆਂ ਕਵਿਤਾਵਾਂ ਪਹਿਲਾਂ ਅੰਗਰੇਜ਼ੀ ਵਿੱਚ ਲਿਖ ਕੇ ਫੇਸਬੁੱਕ ‘ਤੇ ਪਾਉਂਦਾ ਸੀ। ਉੱਘੇ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਤੇ ਕਈ ਹੋਰਨਾਂ ਵੱਲੋਂ ਆਏ ਮਸ਼ਵਰੇ ‘ਤੇ ਉਸ ਨੇ ਕਵਿਤਾ ਪੰਜਾਬੀ ਵਿੱਚ ਲਿਖਣੀ ਸ਼ੁਰੂ ਕੀਤੀ ਅਤੇ ਇਸ ਤਰ੍ਹਾਂ ਸੰਨੀ ਪੰਜਾਬੀ ਕਵੀ ਦੇ ਰੂਪ ਵਿਚ ਸੋਸ਼ਲ ਮੀਡੀਏ ਦੇ ਅਹਿਮ ਪ੍ਰਚਾਰ ਸਾਧਨ ‘ਫੇਸਬੁੱਕ’ ਰਾਹੀਂ ਪਿਛਲੇ ਇੱਕ-ਦੋ ਸਾਲਾਂ ਤੋਂ ਉਜਾਗਰ ਹੋਇਆ ਹੈ। ਫੇਸਬੁੱਕ ਉੱਪਰ ਉਸ ਦੀਆਂ ਮੁੱਢਲੀਆਂ ਕਵਿਤਾਵਾਂ ਨੂੰ ਪੰਜਾਬੀ ਪਾਠਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ ਜਿਸ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਹੋਰ ਕਈ ਕਵਿਤਾਵਾਂ ਲਿਖ ਕੇ ਫੇਸਬੁੱਕ ‘ਤੇ ਪਾਈਆਂ। ‘ਏਕਮ’, ‘ਪ੍ਰੀਤਲੜੀ ‘ਤੇ ‘ਪ੍ਰਤੀਮਾਨ’ ਵਰਗੇ ਮਿਆਰੀ ਸਾਹਿਤਕ ਮੈਗ਼ਜ਼ੀਨਾਂ ਨੇ ਇਨ੍ਹਾਂ ਵਿੱਚੋਂ ਕਈਆਂ ਨੂੰ ਫੇਸਬੁੱਕ ਤੋਂ ਚੁੱਕ ਕੇ ਆਪਣੇ ਵਿੱਚ ਸ਼ਾਮਲ ਕਰਨ ਦਾ ਮਾਣ ਬਖ਼ਸ਼ਿਆ ਜਿਸ ਨਾਲ ਸਾਹਿਤਕ ਹਲਕਿਆਂ ਵਿੱਚ ਵੀ ‘ਸੰਨੀ’ ਦੀ ਚਰਚਾ ਆਰੰਭ ਹੋ ਗਈ। ‘ਸੰਨੀ’ ਦੀਆਂ ਕਵਿਤਾਵਾਂ ਕਨੇਡਾ, ਅਮਰੀਕਾ, ਇੰਗਲੈਂਡ ‘ਤੇ ਭਾਰਤ ਦੇ ਅਖ਼ਬਾਰਾ ਵਿੱਚ ਪਬਲਸ਼ ਹੋ ਚੁੱਕੀਆਂ ਹਨ।  

 ‘ਸੰਨੀ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਡਾ. ਅਮਰ ਸਿੰਘ ਧਾਲੀਵਾਲ ਦਾ ਹੋਣਹਾਰ ਫ਼ਰਜ਼ੰਦ ਹੈ ਜਿਨ੍ਹਾਂ ਨੇ ਵੱਖ-ਵੱਖ ਸਮੇਂ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ, ਯੂਨੀਵਰਸਿਟੀ ਦੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ, ਰਜਿਸਟਰਾਰ, ਡੀਨ ਫੈਕਲਟੀ ਆਫ਼ ਸੋਸ਼ਲ ਸਾਇੰਸਿਜ਼ ਅਤੇ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਵਰਗੇ ਅਹਿਮ ਅਹੁਦਿਆਂ ‘ਤੇ ਜ਼ਿੰਮੇਂਵਾਰੀ ਬਾਖੂਬੀ ਨਿਭਾਈ ਹੈ। ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਸੇਵਾ ਕਰਦਿਆਂ ਮੈਨੂੰ ਉਨ੍ਹਾਂ ਨੂੰ ਕਈ ਵਾਰ ਮਿਲਣ ਅਤੇ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਨੂੰ ਨੇੜਿਉਂ ਤੱਕਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੀ ਲਿਆਕਤ, ਸਖ਼ਤ ਮਿਹਨਤ, ਇਮਾਨਦਾਰੀ ਅਤੇ ਦਿਆਨਤਦਾਰੀ ਦੀ ਉਦੋਂ ਵੀ ਚਰਚਾ ਹੁੰਦੀ ਸੀ ਅਤੇ ਇਹ ਅਜੇ ਵੀ ਹੁੰਦੀ ਹੈ। ਸਕੂਲ ਅਧਿਆਪਕ ਵਜੋਂ ਸੇਵਾ ਆਰੰਭ ਕਰਕੇ ਅਲੀਗੜ੍ਹ ਮੁਸਲਿਮ ਯੂਨੀਵਸਿਟੀ ਵਿੱਚ ਮਨੋਵਿਗਿਆਨ ਦੀ ਮਾਸਟਰ ਡਿਗਰੀ ਦੇ ਪਹਿਲੇ ਨਾਨ-ਮੁਸਲਿਮ ਗੋਲਡ-ਮੈਡਲਿਸਟ ਬਣਨ ਵਾਲੇ ਅਤੇ ਉੱਥੋਂ ਹੀ ਇਸ ਖੇਤਰ ਵਿੱਚ ਪੀਐੱਚ.ਡੀ. ਕਰਨ ਵਾਲੇ ਸੰਨੀ ਦੇ ਪਿਤਾ ਜੀ ਮਹਾਨ ਸ਼ਖਸ ਡਾ. ਅਮਰ ਸਿੰਘ ਧਾਲੀਵਾਲ ਹੀ ਹਨ।ਸੰਨੀ ਧਾਲੀਵਾਲ ਦੀ ਕਵਿਤਾ ਯਥਾਰਥ ਦੇ ਬਹੁਤ ਨੇੜੇ ਹੈ। ਉਹ ਕਵਿਤਾ ਵਿੱਚ ਓਹੀ ਹਾਵ-ਭਾਵ ਪ੍ਰਗਟ ਕਰਦਾ ਹੈ ਜੋ ਉਸ ਨੇ ਆਪ ਹੱਢੀਂ ਹੰਢਾਏ ਹਨ ਜਾਂ ਸਮਾਜ ਵਿੱਚ ਵਿਚਰਦਿਆਂ ਬੜੇ ਨੇੜਿਉਂ ਤੱਕੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਫਿਜ਼ਿਕਸ ਵਿੱਚ ਐੱਮ.ਐੱਸ.ਸੀ. ਆਨਰਜ਼ ਕਰਨ ਤੋਂ ਬਾਅਦ ਉਹ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਖੇ ਪ੍ਰਵਾਸ ਕਰ ਗਿਆ ਅਤੇ ਉੱਥੇ ਅਧਿਆਪਨ ਲਈ ਲੋੜੀਂਦੀ ਟੀਚਰ-ਟ੍ਰੇਨਿੰਗ ਕਰਕੇ ਸਕੂਲ ਅਧਿਆਪਕ ਬਣ ਗਿਆ। ਸਖ਼ਤ ਮਿਹਨਤ ਅਤੇ ਲਗਨ ਸਦਕਾ ਉਹ ਵਾਈਸ-ਪ੍ਰਿੰਸੀਪਲ ਦੇ ਅਹੁਦੇ ਤੀਕ ਅੱਪੜਿਆ। ਇਸ ਤੋਂ ਪਹਿਲਾਂ ਸ਼ੁਰੂਆਤੀ ਦੌਰ ਵਿੱਚ ਉਸ ਨੂੰ ਕੈਨੇਡਾ ਵਿੱਚ ਕੈਸ਼ੀਅਰ, ਕਲੱਰਕ, ਰੀਸਰਚ ਅਸਿਸਟੈਂਟ, ਆਦਿ ਨੌਕਰੀਆਂ ਵੀ ਕਰਨੀਆਂ ਪਈਆਂ ਅਤੇ ਪਾਰਟ-ਟਾਈਮ ਟੈਕਸੀ ਵੀ ਚਲਾਉਣੀ ਪਈ। ਇਸ ਤਰ੍ਹਾਂ ਉਸ ਨੇ ਜ਼ਿੰਦਗੀ ਨੂੰ ਬੜਾ ਨੇੜੇ ਤੋਂ ਵੇਖਿਆ ਅਤੇ ਹੰਢਾਇਆ ਹੈ। ਤਾਂ ਹੀ ਕਈ ਵਾਰ ‘ਜ਼ਿੰਦਗੀ’ ਉਸ ਨੂੰ ਮੁਖਾਤਿਬ ਹੋ ਕੇ ਕਹਿੰਦੀ ਪ੍ਰਤੀਤ ਹੁੰਦੀ ਹੈ :
     ਮੈਂ ਚੱਲੀ ਹਾਂ
     ਮੇਰੇ ਨਾਲ ਕਿੱਕਲੀ ਪਾ ਲੈ
    ਮੈਨੂੰ ਘੁੱਟ-ਘੁੱਟ ਜੱਫੀਆਂ ਪਾ ਲੈ
     ਮੇਰੇ ਬੁੱਲ੍ਹਾਂ ਦੀ ਲਿਪਸਟਿਕ ਲਾਹ
    ਮੈਨੂੰ ਤੇਰੇ ‘ਕੱਠੇ ਕੀਤੇ ਕਾਗਜ਼ਾਂ ਵਿੱਚੋਂ
     ਕੋਈ ਖੁਸ਼ਬੂ ਨਹੀਂ ਆਉਂਦੀ।              (ਪੰਨਾ-15)

ਪੁਸਤਕ ਦੇ ਟਾਇਟਲ ਵਾਲੀ ਕਵਿਤਾ ‘ਖ਼ਾਲੀ ਆਲ੍ਹਣਾ’ ਵਿੱਚ ਉਹ ਬਜ਼ੁਰਗ ਜੋੜੇ ਦੀ ‘ਜ਼ਿੰਦਗੀ ਦੀ ਸ਼ਾਮ’ ਨੂੰ ਬਾਖੂਬੀ ਚਿੱਤਰਦਾ ਹੈ :
     ਹੁਣ ਆਲ੍ਹਣੇ ਵਿੱਚ
     ਤੂੰ ਤੇ ਮੈਂ ਰਹਿ ਗਏ ਹਾਂ
     ਬੱਚਿਆਂ ਬਿਨ ਆਲ੍ਹਣਾ
     ਖ਼ਾਲੀ ਹੋ ਗਿਆ।                        (ਪੰਨਾ-20)
    ਉਸ ਦੀਆਂ ਕਈ ਕਵਿਤਾਵਾਂ ਵਿਚ ਉਸ ਦੇ ਯੂਨੀਵਰਸਿਟੀ ਪੜ੍ਹਦੇ ਸਮੇਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਵਿੱਚ ਉਹ ਭੌਤਿਕ ਵਿਗਿਆਨ ਦੇ ‘ਇਲੈੱਕਟਰੋਨਾਂ ਤੇ ਪਰੋਟੋਨਾਂ, ਕੈਮਿਸਟਰੀ ਦੀਆ ਕੈਮੀਕਲ ਰੀਐਕਸ਼ਨਾਂ ਅਤੇ ਅਲਜਬਰੇ ਦੇ ਫਾਰਮੂਲਿਆਂ ਦੀ ਗੱਲ ਕਰਦਾ ਹੈ: 
     ਮੇਰੇ ਸਰੀਰ ਵਿੱਚ
    ਕੋਈ ਕੈਮੀਕਲ ਰੀਐਕਸ਼ਨ ਹੋਣ ਲੱਗਦਾ
    ਬਹੁਤ ਸਾਰੇ ਸੁਆਲ ਮੇਰੇ ਦਿਮਾਗ਼ ਵਿੱਚ
    ਇਲੈੱਕਟਰੋਨਜ਼ ਤੇ ਪਰੋਟੋਨਜ਼ ਦੀ ਤਰ੍ਹਾਂ
    ਭੱਜਣ ਲੱਗਦੇ ਹਨ।                        (ਪੰਨਾ-45)
ਕੈਨੇਡਾ ਵਿੱਚ ਰਹਿੰਦਆਂ ਵੀ ‘ਸੰਨੀ’ ਆਪਣੀ ਮਾਤ-ਭੂਮੀ ਭਾਰਤ ਦੇ ਅਜੋਕੇ ਹਾਲਾਤ ਤੋਂ ਭਲੀ-ਭਾਂਤ ਵਾਕਿਫ਼ ਹੈ ਅਤੇ ਇੱਥੋਂ ਦੇ ਬਸ਼ਿੰਦਿਆਂ ਦੇ ਦੁੱਖਾਂ/ਤਕਲੀਫਾਂ ਨੂੰ ਪੂਰੀ ਤਰ੍ਹਾਂ ਸਮਝਦਾ ਹੈ। ਭਗਤ ਸਿੰਘ ਨੂੰ ਸਮਰਪਿਤ ਕਵਿਤਾ “ਮੈਂ ਭਗਤ ਸਿੰਘ ਬੋਲਦਾ ਹਾਂ” ਵਿੱਚ ਭਗਤ ਸਿੰਘ ਲੋਕਾਂ ਨੂੰ ਮੁਖਾਤਿਬ ਹੁੰਦਾ ਹੋਇਆ ਪੰਛੀਆਂ ਨਾਲ ਵਾਰਤਾਲਾਪ ਕਰਦਾ ਹੈ :
       ਤੁਹਾਡੇ ਨਾਲੋਂ ਤਾਂ ਪੰਛੀ ਚੰਗੇ ਆ
        ਉਹ ਸੱਚ ਤਾਂ ਬੋਲਦੇ ਆ
        ਮੇਰੇ ਬੁੱਤ ‘ਤੇ ਬਿੱਠਾਂ ਕਰਦੇ ਆ
        ਜਦੋਂ ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਕਿ
        ਕਿ ਮੇਰੇ ‘ਤੇ ਬਿੱਠਾਂ ਕਿਉਂ ਕਰਦੇ ਹੋ?
        ਕਹਿੰਦੇ!
       “ਤੇਰੀ ਆਜ਼ਾਦੀ ਨੂੰ ਚੱਟਣਾ
         ਨਾ ਪੀਣ ਨੂੰ ਪਾਣੀ
         ਨਾ ਆਲ੍ਹਣਾ ਪਾਉਣ ਨੂੰ ਰੁੱਖ
         ਨਾ ਸਾਹ ਲੈਣ ਨੂੰ ਸਾਫ਼ ਹਵਾ
         ਖਾਣ ਲਈ
         ਸਿਰਫ਼ ਜ਼ਹਿਰੀਲੇ ਦਾਣੇ
         ਬਰਾਊਨ ਚਮੜੀ ਨਾਲੋਂ ਤਾਂ
         ਚਿੱਟੀ ਚੰਗੀ ਸੀ
         ਜੇ ਬਿੱਠਾਂ ਨਾ ਕਰੀਏ ਤਾਂ
         ਹੋਰ ਕੀ ਕਰੀਏ?”           (ਪੰਨਾ-37)
ਸੰਨੀ ਧਾਲੀਵਾਲ ਸਮਾਜ ਵਿੱਚ ਕੀਤੇ ਜਾਂਦੇ ਮੁੰਡੇ ਤੇ ਕੁੜੀ ਵਿਚਲੇ ‘ਫ਼ਰਕ’ ਨੂੰ ਆਪਣੀ ਕਵਿਤਾ ‘ਕ੍ਰਿਸਮਸ ਗਿਫ਼ਟ’ ਵਿਚ ਬਹੁਤ ਵਧੀਆ ਤਰ੍ਹਾਂ ਦਰਸਾਉਂਦਾ ਹੈ ਜਦੋਂ ਕ੍ਰਿਸਮਸ ਦੇ ਤਿਓਹਾਰ ਮੌਕੇ ਜਦੋਂ ਮਾਪਿਆਂ ਵੱਲੋਂ ਬੇਟੇ ਨੂੰ ‘ਟੈਲੀਸਕੋਪ’ ਅਤੇ ਬੇਟੀ ਨੂੰ ‘ਸੋਨੇ ਦੀਆਂ ਝਾਂਜਰਾਂ’ ਤੋਹਫਿਆਂ ਵਿੱਚ ਮਿਲਦੀਆਂ ਹਨ ਤਾਂ ਬੇਟੀ ਝਾਂਜਰਾਂ ਲੈਣ ਤੋਂ ਇਹ ਕਹਿੰਦਿਆਂ ਇਹ ਕਹਿ ਕੇ ਇਨਕਾਰ ਕਰਦੀ ਹੈ ਕਿ ਉਹ ਵੀ ਵੀਰੇ ਵਾਂਗ ‘ਚੰਦ-ਮਾਮੇ’ ਨੂੰ ਨੇੜਿਉਂ ਵੇਖਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਹ ਝਾਂਜਰਾਂ ਨੂੰ ਗ਼ੁਲਾਮੀ ਦਾ ਪ੍ਰਤੀਕ ਵੀ ਸਮਝਦੀ ਹੈ:
       ਨਹੀਂ ਮੰਮ, ਮੈਂ ਵੀ ਮਾਣ ਨਾਲ ਉਤਾਂਹ ਨੂੰ ਦੇਖਣਾ
       ਮੈਂ ਵੀ ਵੀਰੇ ਵਾਂਗਰ
       ਚੰਦ-ਮਾਮੇ ਨੂੰ ਨੇੜਿਉਂ ਦੇਖਣਾ ਚਾਹੁੰਦੀ ਹਾਂ
       ਮੈਂ ਵੀ ਤਾਰਿਆਂ ਨਾਲ ਲੁਕਣ-ਮੀਟੀ ਖੇਡਣੈ
       ਮੈਂ ਵੀ ਉਨ੍ਹਾਂ ਨਾਲ ਨੱਚਣਾ ਟੱਪਣਾ।            (ਪੰਨਾ-25)

‘ਸੰਨੀ’ ਅਜੋਕੇ ਕਵੀਆਂ ਦੇ ‘ਖੋਖਲੇਪਨ’ ਦੇ ਬਖੀਏ ਵੀ ਬਾਖੂਬੀ ਉਧੇੜਦਾ ਹੈ। ‘ਮੈਨੂੰ ਨਹੀਂ ਚਾਹੀਦਾ ਕਵੀ-ਪਤੀ’ ਕਵਿਤਾ ਵਿੱਚ ਅਜਿਹੇ ਹੀ ਇੱਕ ਕਵੀ ਦੀ ਪੀੜਤ ਪਤਨੀ ਦੁਖੀ ਹੋ ਕੇ ਲੋਕਾਂ ਨੂੰ ਕਹਿੰਦੀ ਹੈ : 
         ਪਤਾ ਨਹੀਂ ! ਉਹਦੇ ਕੋਲ
         ਕਿੰਨੇ ਦਿਲਾਂ ਦੀਆਂ ਚਾਬੀਆਂ ਹਨ
         ਮੇਰੇ ਦਿਲ ਵਾਲੀ ਚਾਬੀ ਤਾਂ
         ਉਨ੍ਹਾਂ ਚਾਬੀਆਂ ਵਿੱਚ
         ਕਿਤੇ ਗਵਾਚ ਗਈ ਹੈ।                (ਪੰਨਾ-79)
ਇਸ ਤਰ੍ਹਾਂ ਹੋਰ ਕਈ ਕਵਿਤਾਵਾਂ ਵਿੱਚ ਉਹ ਸਮਾਜਿਕ ਮੁੱਦੇ ਬਾਖੂਬੀ ਉਭਾਰਦਾ ਹੈ। ਛੋਟੇ ਜਿਹੇ ਇਸ ਲੇਖ ਵਿੱਚ ਉਪਰੋਕਤ ਟੂਕਾਂ ਰਾਹੀਂ ਤਾਂ ‘ਸੰਨੀ’ ਦੀਆਂ ਕਵਿਤਾਵਾਂ ਦੀ ਝਲਕ ਹੀ ਵਿਖਾਈ ਜਾ ਸਕੀ ਹੈ। ਪੁਸਤਕ ਦੀਆਂ ਸਾਰੀਆਂ ਹੀ ਕਵਿਤਾਵਾਂ ਪੜ੍ਹਨ ਤੇ ਮਾਨਣਯੋਗ ਹਨ ਅਤੇ ਇਨ੍ਹਾਂ ਦਾ ਅਨੰਦ ਪੁਸਤਕ ਪੜ੍ਹ ਕੇ ਹੀ ਲਿਆ ਜਾ ਸਕਦਾ ਹੈ। ਇਨ੍ਹਾਂ ਵਿੱਚ ਜੀਵਨ ਦੀ ਸੱਚਾਈ ਸਾਹਮਣੇ ਨਜ਼ਰ ਆਉਂਦੀ ਹੈ ਅਤੇ ਇਹ ਜ਼ਿੰਦਗੀ ਦੇ ਯਥਾਰਥ ਨੂੰ ਸਮਝਣ ਵਿੱਚ ਵੀ ਕੁੱਝ ਹੱਦ ਤੀਕ ਸਹਾਈ ਹੋ ਸਕਦੀਆਂ ਹਨ।

ਸੰਨੀ ਧਾਲੀਵਾਲ

‘ਪੰਜ ਆਬ ਪ੍ਰਕਾਸ਼ਨ, ਜਲੰਧਰ ਵੱਲੋਂ ਪੁਸਤਕ ਬੜੀ ਰੀਝ ਨਾਲ ਛਾਪੀ ਗਈ ਹੈ।

ਮੈਂ ਸੰਨੀ ਧਾਲੀਵਾਲ ਨੂੰ ਇਹ ਪਲੇਠੀ ਪੁਸਤਕ ਪਾਠਕਾਂ ਦੇ ਸਨਮੁੱਖ ਕਰਨ ‘ਤੇ ਹਾਰਦਿਕ ਮੁਬਾਰਕਬਾਦ ਪੇਸ਼ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਸ ਦੀ ਕਲਮ ਅੱਗੋਂ ਵੀ ਇੰਜ ਹੀ ਸਮਾਜ ਦਾ ਚਿਤਰਣ ਕਰਦੀ ਰਹੇਗੀ।

Show More

Related Articles

Leave a Reply

Your email address will not be published. Required fields are marked *

Back to top button
Translate »