ਏਹਿ ਹਮਾਰਾ ਜੀਵਣਾ

ਜਦੋਂ ਤੂੰ ‘ਕਨੇਡਾ’ ਤੋਂ ‘ਪੰਜਾਬ’ ਵਿਆਹ ਕਰਾਉਣ ਆਇਆ ਸੀ

ਮੋਮਬੱਤੀ

ਚੇਤਾ ਕਰ
ਸ਼ਾਇਦ ਤੈਨੂੰ ਯਾਦ ਹੋਵੇ

ਜਦੋਂ ਤੂੰ ‘ਕਨੇਡਾ’ ਤੋਂ ‘ਪੰਜਾਬ’
ਵਿਆਹ ਕਰਾਉਣ ਆਇਆ ਸੀ
ਬੱਦਲਵਾਈ ਹੋਵੇ ਜਾ “ਸੰਨੀ ਡੇਅ”
ਤੂੰ ਹਰ ਰੋਜ ‘ਸਿੱਧਵਾਂ ਕਾਲਜ’ ਦੇ
ਗੇਟ ਤੇ ਆ ਕੇ ਖੜ੍ਹ ਜਾਂਦਾ ਸੀ

ਤੂੰ ਕਹਿੰਦਾ ਸੀ
ਸਭ ਤੋਂ ਸੋਹਣੀ ਕੁੜੀ ਨਾਲ
ਵਿਆਹ ਕਰਾਉਣਾ
ਕਨੇਡਾ ਦੀ ਲੱਗੀ ਮੋਹਰ ਦਾ
ਪੂਰਾ ਫ਼ਾਇਦਾ ਉਠਾਉਣਾ
ਤੂੰ ਕਹਿੰਦਾ ਸੀ
ਕਨੇਡੀਅਨ ਮੋਹਰ ਦੀ ਪਾਵਰ
ਕਿਹੜਾ ਕਿਸੇ ‘ਮਾਫੀਏ’ ਦੀ ਤਾਕਤ ਤੋਂ ਘੱਟ ਹੈ ?

ਉਸ ਕੁੜੀ ਨਾਲ ਵਿਆਹ ਕਰਾਉਣਾ
ਜਿਸਨੂੰ ਦਾਦਕਿਆਂ ਨਾਨਕਿਆਂ ਨੇ
ਵਿਹਲੇ ਬੈਠ ਕੇ ਬਣਾਇਆ ਹੋਵੇ
ਰਾਤਾਂ ਨੂੰ ਜਾਗ ਜਾਗ ਕੇ ਬਣਾਇਆ ਹੋਵੇ
ਉਹ ਕੁੜੀ
ਜਿਸਨੂੰ ਹੱਸਣਾ ਆਉਂਦਾ ਹੋਵੇ
ਹਸਾਉਣਾ ਆਉਂਦਾ ਹੋਵੇ
ਕੁਤਕਤਾੜੀਆ ਕੱਢਣੀਆਂ ਆਉਂਦੀਆਂ ਹੋਣ
ਘੁੱਟ ਕੇ ਜੱਫ਼ੀ ਪਾਉਣੀ ਆਉਂਦੀ ਹੋਵੇ
ਗੋਰੀਆਂ ਵਾਂਗਰ ‘ਕਿਸ’ ਕਰਨਾ ਆਉਂਦਾ ਹੋਵੇ
ਗਿੱਧਾ ਪਾਉਣਾ ਆਉਂਦਾ ਹੋਵੇ
ਮਟਕ ਨਾਲ ਤੁਰਨਾ ਆਉਂਦਾ ਹੋਵੇ
ਤਿਆਰ ਹੋਣਾ ਆਉਂਦਾ ਹੋਵੇ
ਹਾਰ ਸ਼ਿੰਗਾਰ ਕਰਨਾ ਆਉਂਦਾ ਹੋਵੇ
ਦਿਲ ਦੇ ਵਿੱਚ ਵੜ੍ਹਨਾ ਆਉਂਦਾ ਹੋਵੇ
ਹਰ ਰਾਤ ਨੂੰ ਸੁਹਾਗ ਰਾਤ ਦੀ ਤਰਾਂ
ਮਨਾਉਣਾ ਆਉਂਦਾ ਹੋਵੇ
ਪੜ੍ਹਨ ਵਿੱਚ ਹੁਸ਼ਿਆਰ ਹੋਵੇ
ਇਲਾਕੇ ਦੇ
ਕਹਿੰਦੇ ਕਹਾਉਂਦੇ ਪਰਿਵਾਰ ਚੋਂ ਹੋਵੇ
ਜਿਸਨੂੰ ਮਸਾਜ ਕਰਨੀ ਆਉਂਦੀ ਹੋਵੇ
ਪਿਆਰ ਦੀ ਭੁੱਖੀ ਹੋਵੇ
ਜ਼ਾਕੂਜ਼ੀ ਵਿੱਚ ਬੈਠਣਾ ਆਉਂਦਾ ਹੋਵੇ
‘ਬੀਚ’ ਵਿੱਚ ਚੁੱਭੀਆਂ ਲਾਉਣੀਆਂ ਆਉਂਦੀਆਂ ਹੋਣ
ਹਰ ਕੋਈ ਮੈਨੂੰ ਉਹਦੇ ਨਾਲ ਦੇਖ ਕੇ ਕਹੇ
ਦੇਖੋ, ਇਹਦੀ ਵਧੀਆ ਲਾਟਰੀ ਨਿੱਕਲੀ ਹੈ

ਫਿਰ ਇੱਕ ਦਿਨ
ਤੇਰੀ ਇੱਛਾ ਨੂੰ ਫ਼ਲ ਲੱਗਿਆ
ਮੈਂ ਤੈਨੂੰ ਪਸੰਦ ਆ ਗਈ
ਫਿਰ ਮੈਂ ਕਨੇਡਾ ਪਹੁੰਚ ਗਈ

ਪਰ!
ਪਰ!
ਹੁਣ
ਤੂੰ ਤਾਂ ਸੱਤੇ ਦਿਨ ਕੰਮ ਕੰਮ ਕੰਮ
ਕਦੇ ਵੀ ਘਰ ਨਹੀਂ ਆਉਂਦਾ

ਤੈਨੂੰ ਪਤੈ ?
ਰੀਝਾਂ ਨਾਲ ਲੱਭ ਕੇ ਲਿਆਂਦੀ
ਮੋਮਬੱਤੀ ਦਾ ਕੀ ਬਣੂ ?

ਮੈਂ ਬਲ਼ ਰਹੀ ਹਾਂ
ਪਿਘਲ ਰਹੀ  ਹਾਂ
ਮੱਚ ਰਹੀ ਹਾਂ
ਸੁੰਗੜ ਰਹੀ ਹਾਂ
ਵਗੈਰ ਵਰਤਿਆ
ਘੱਸ ਰਹੀ ਹਾਂ
ਚਾਨਣ ਕਰਦੀ ਹਾਂ
ਮੇਰੀ ਲੋਅ ਦਿਨ ਬ ਦਿਨ ਘੱਟ ਰਹੀ ਹੈ
ਪਰ
ਤੂੰ ਚਾਨਣ ਵਿੱਚ ਮੈਨੂੰ ਲੱਭਦਾ ਨਹੀਂ

ਜਦ
ਮੈਂ ਨਹਾਂ ਧੋ ਕੇ
ਮਸਾਜ਼ ਕਰਾਕੇ
ਆਈ ਬਰੋ ਬਣਾ ਕੇ
ਪਰਫੂਇਮ ਲੱਗਾ ਕੇ
ਨੌਹ ਸਾਫ਼ ਕਰਾ ਕੇ
ਸੰਤਰੰਗੀ ਨੁੰਹ ਪਾਲਸ਼ ਲਾ ਕੇ
ਗਹਿਣਾ ਗੱਟਾ ਪਾ ਕੇ
ਸ਼ੀਸ਼ੇ ਨੂੰ ਤਰੇੜਾਂ ਪਾ ਕੇ
ਵਿਕਟੋਰੀਆ ਸੀਕਰਟ ਪਾ ਕੇ
ਗੁਆਂਢੀ ਦੀ ਹਾਰਟ ਬੀਟ ਵਧਾ ਕੇ
ਲਿਸ਼ਕ-ਪੁਸ਼ਕ ਕੇ ਬਹਿੰਦੀ ਹਾਂ
ਔਂਸੀਆਂ ਪਾਉਂਦੀ ਹਾਂ
ਤਾਂ
ਤੇਰਾ ਫ਼ੋਨ ਆ ਜਾਂਦਾ ਹੈ
‘ ਕੈਲੀਫੋਰਨੀਆ ਤੋਂ ਫਲੋਰੀਡਾਅ’
ਦਾ ਟਰਿਪ ਮਿਲ ਗਿਆ
ਮੈ ਹੁਣ ਲਾਹ ਕੇ ਹੀ ਆਊਂਗਾ
ਧੌੜੀ ਦੀ ਜੁੱਤੀ ਜਿੰਡਾ ਚਿੱਕ
ਜੇਬ ਵਿੱਚ ਪਾ ਕੇ ਆਊਂਗਾ

ਦੇਖੀਂ ਕਿਤੇ!
ਇਹ ਨਾ ਹੋਵੇ
ਮੋਮਬੱਤੀ ਸਾਰੀ ਹੀ ਪਿਘਲ ਜਾਵੇ
ਰਹਿੰਦੇ-ਖੂਹਿੰਦੇ ਚਾਨਣ ਦੀ ਲੀਕ
ਕਿਸੇ ਹੋਰ ਨੁੱਕਰ ਵਿੱਚ
ਜਾ ਵੱਜੇ
ਫਿਰ
ਬਹੁਤ ਦੇਰ ਹੋ ਜਾਵੇਗੀ
ਤੇਰੇ ਇਕੱਠੇ ਕੀਤੇ
ਰੰਗ-ਬਰੰਗੇ ਕਾਗਜ਼
ਕਿਸੇ ਕੰਮ ਨਹੀੰ ਆਉਣੇ

ਤੇ ਲੋਕ ਕਹਿਣਗੇ
ਬੇਵਕੂਫ਼ ਦੀ ਲਾਟਰੀ ਤਾਂ ਨਿੱਕਲੀ ਸੀ
ਪਰ ਲਾਟਰੀ ਧਨ
ਸਾਂਭ ਨਹੀਂ ਸਕਿਆ

ਪਰ ਲਾਟਰੀ ਧਨ
ਸਾਂਭ ਨਹੀਂ ਸਕਿਆ

Sunny Dhaliwal
Show More

Related Articles

Leave a Reply

Your email address will not be published. Required fields are marked *

Back to top button
Translate »