ਔਰਤਾਂ ਨਾਲ ਬਲਾਤਕਾਰ ਨੂੰ ਇੱਕ ਯੁੱਧ-ਨੀਤਿਕ ਹਥਿਆਰ ਦੇ ਤੌਰ ਤੇ ਵਰਤਣਾ ਸਭ ਤੋਂ ਘਿਨੌਣਾ ਅਪਰਾਧ -ਸੁਖਦੇਵ ਭੁਪਾਲ
ਔਰਤਾਂ ਨਾਲ ਬਲਾਤਕਾਰ ਨੂੰ ਇੱਕ ਯੁੱਧ-ਨੀਤਿਕ ਹਥਿਆਰ ਦੇ ਤੌਰ ਤੇ ਵਰਤਣਾ ਸਭ ਤੋਂ ਘਿਨੌਣਾ ਅਪਰਾਧ -ਸੁਖਦੇਵ ਭੁਪਾਲ
ਕੇਂਦਰ ਦੀ ਭਾਜਪਾ ਸਰਕਾਰ ਦੀ ਹਿੰਦੂਤਵਵਾਦੀ ਰਾਜਨੀਤੀ ਨੇ ਸ਼ਾਂਤੀ ਨਾਲ ਰਹਿ ਰਹੇ ਮਣੀਪੁਰ ਦੇ ਭਾਈਚਾਰਿਆਂ ਵਿੱਚ ਅਜਿਹੀ ਕਬਾਇਲੀ-ਧਾਰਮਿਕ ਤ੍ਰੇੜ ਪੈਦਾ ਕਰ ਦਿੱਤੀ, ਜਿਸ ਨਾਲ ਸਾਰਾ ਮਣੀਪੁਰ ਭਾਂਬੜ ਬਣ ਕੇ ਮੱਚ ਉੱਠਿਆ। ਇਸ ਦਾ ਅਸਰ ਹੁਣ ਉੱਤਰ-ਪੂਰਬੀ ਭਾਰਤ ਦੇ ਦੂਜੇ ਸੂਬਿਆਂ ਵਿੱਚ ਵੀ ਫੈਲਣਾ ਸ਼ੁਰੂ ਹੋ ਗਿਆ ਹੈ। ਚੇਤੇ ਰਹੇ ਕਿ 1980 ਅਤੇ 1990 ਦੇ ਦਹਾਕਿਆਂ ਵਿੱਚ ਮਣੀਪੁਰ ਭਾਰਤ ਦੇ ਸਭ ਤੋਂ ਸ਼ਾਂਤਮਈ ਅਤੇ ਮਿਲਵਰਤਨ ਵਾਲੇ ਭਾਈਚਾਰਿਆਂ ਵਿੱਚ ਗਿਣਿਆ ਜਾਂਦਾ ਸੀ।
ਭਾਜਪਾ ਨੇ 2024 ਦੀਆਂ ਚੋਣਾਂ ਜਿੱਤਣ ਲਈ ਉੱਤਰ-ਪੂਰਬੀ ਸੂਬਿਆਂ ਵਿੱਚੋਂ ਮਣੀਪੁਰ ਨੂੰ ਚੁਣਿਆਂ, ਤਾਂ ਕਿ ਹਿੰਦੂ-ਈਸਾਈ ਝਗੜੇ ਦਾ ਫ਼ਿਰਕੂ ਕਾਰਡ ਖੇਡ ਕੇ ਹਿੰਦੂ ਵੋਟਾਂ ਦਾ ਧਰੁਵੀਕਰਨ ਕੀਤਾ ਜਾ ਸਕੇ। ਦਰਅਸਲ ਜਦੋਂ ਕਿਸੇ ਸਰਕਾਰ ਕੋਲ ਆਉਂਦੀਆਂ ਚੋਣਾਂ ਜਿੱਤਣ ਲਈ ਕੋਈ ਹਾਂ-ਪੱਖੀ ਮੁੱਦੇ ਨਹੀਂ ਹੁੰਦੇ, ਜਿਵੇਂ, ਗ਼ਰੀਬੀ ਦਾ ਘਟਣਾ, ਕੁਪੋਸ਼ਣ ਦਾ ਘਟਣਾ, ਸਿਹਤ ਅਤੇ ਵਿਦਿਅਕ ਸਹੂਲਤਾਂ ਦਾ ਵਧੀਆ ਹੋਣਾ, ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹਈਆਂ ਕਰਵਾਉਣੇ, ਸ਼ੁੱਧ ਹਵਾ, ਸ਼ੁੱਧ ਪਾਣੀ ਅਤੇ ਜ਼ਹਿਰ ਮੁਕਤ ਪੌਸ਼ਟਿਕ ਭੋਜਨ ਮੁਹਈਆ ਕਰਵਾਉਣ ਵਿੱਚ ਲੋਕਾਂ ਦੀ ਅਗਵਾਈ ਕਰਨ ਆਦਿ, ਤਾਂ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਹੀ ਵੋਟਾਂ ਹਾਸਿਲ ਕਰਨ ਦਾ ਲੋਕ-ਵਿਰੋਧੀ ਕਾਰਡ ਖੇਡਦੀ ਹੈ।
ਮਣੀਪੁਰ ਵਿੱਚ ਵੀ ਭਾਜਪਾ ਦੀ ਡਬਲ ਇੰਜਣ ਸਰਕਾਰ ਨੇ ਹਿੰਦੂਤਵ ਦੀ ਰਾਜਨੀਤੀ ਰਾਹੀਂ ਹਿੰਦੂ ਵੋਟਾਂ ਦੇ ਧਰੁਵੀਕਰਨ ਦੀ ਸੋਚੀ ਸਮਝੀ ਸਕੀਮ ਤਹਿਤ ਇਹ ਅੱਗ ਭੜਕਾਈ ਹੈ। ਪਿਆਰ ਮੁਹੱਬਤ ਨਾਲ ਰਹਿ ਰਹੇ ਬਹੁਗਿਣਤੀ ਮੈਤੇਈ ਭਾਈਚਾਰੇ, ਜੋ ਮੁੱਖ ਤੌਰ ਤੇ ਹਿੰਦੂ ਧਰਮ ਨੂੰ ਮੰਨਣ ਵਾਲੇ ਹਨ ਅਤੇ ਘੱਟਗਿਣਤੀ ਕੂਕੀ ਕਬੀਲੇ, ਜੋ ਮੁੱਖ ਤੌਰ ਤੇ ਈਸਾਈ ਧਰਮ ਨੂੰ ਮੰਨਣ ਵਾਲੇ ਹਨ, ਦਰਮਿਆਨ ਧਾਰਮਿਕ ਫਿਰਕਾਪ੍ਰਸਤੀ ਅਤੇ ਕਬੀਲਾਵਾਦ ਦਾ ਜ਼ਹਿਰ ਫ਼ੈਲਾ ਕੇ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੱਤਾ ਹੈ। ਪਹਿਲਾਂ ਕੂਕੀ ਕਬੀਲੇ ਨੂੰ ਵਿਸ਼ੇਸ਼ ਫੰਡਿੰਗ ਕਰਕੇ ਮੈਤੇਈ ਭਾਈਚਾਰੇ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਕੀਤੀ ਗਈ, ਫ਼ਿਰ ਮੈਤੇਈ ਭਾਈਚਾਰੇ ਨੂੰ ਐੱਸ.ਟੀ. (ਅਨੁਸੂਚਿਤ ਕਬੀਲਾ) ਦਾ ਦਰਜਾ ਹਾਸਲ ਕਰਨ ਲਈ ਉਕਸਾਇਆ ਗਿਆ। ਇਸੇ ਨੀਤੀ ਦੇ ਹਿੱਸੇ ਵਜੋਂ ਮਣੀਪੁਰ ਹਾਈ ਕੋਰਟ ਦਾ ਇੱਕ ਗੈਰ-ਸੰਵਿਧਾਨਕ ਸੁਝਾਅ ਆਇਆ, ਤਾਂ 3 ਮਈ, 2023 ਨੂੰ ਇਹ ਦੋਨੇ ਭਾਈਚਾਰੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਦੱਖਣੀ ਮਣੀਪੁਰ ਦੇ ਪਹਾੜੀ ਇਲਾਕਿਆਂ ਵਿੱਚ ਰਹਿ ਰਹੇ ਮੈਤੇਈ ਭਾਈਚਾਰੇ ਅਤੇ ਇੰਫਾਲ ਘਾਟੀ ਦੇ ਇਲਾਕੇ ਵਿੱਚ ਰਹਿ ਰਹੇ ਕੂਕੀ ਭਾਈਚਾਰੇ ਦੇ ਲੋਕ ਇਸ ਹਿੰਦੂਤਵਵਾਦੀ ਰਾਜਨੀਤੀ ਦਾ ਸਭ ਤੋਂ ਪਹਿਲਾ ਸ਼ਿਕਾਰ ਬਣੇ। ਦੋਨਾਂ ਭਾਈਚਾਰਿਆਂ ਨੇ ਇਕ ਦੂਜੇ ਦੀ ਲੁੱਟਮਾਰ ਕੀਤੀ, ਘਰਾਂ ਨੂੰ ਅੱਗਾਂ ਲਾਈਆਂ ਗਈਆਂ, ਕਤਲੇਆਮ ਹੋਇਆ ਅਤੇ ਔਰਤਾਂ ਨਾਲ ਬਲਾਤਕਾਰ ਦੀਆਂ ਘਿਨੌਣੀਆਂ ਘਟਨਾਵਾਂ ਵੀ ਹੋਈਆਂ। ਜਦੋਂ ਵੀ ਕੋਈ ਲੋਕਾਂ ਦੇ ਵੱਖ-ਵੱਖ ਧੜਿਆਂ ਦਰਮਿਆਨ ਹਿੰਸਾ ਹੁੰਦੀ ਹੈ, ਤਾਂ ਉਸ ਦਾ ਸਭ ਤੋਂ ਵੱਧ ਸ਼ਿਕਾਰ ਔਰਤਾਂ ਅਤੇ ਬੱਚੇ ਹੁੰਦੇ ਹਨ। ਅਜਿਹੀ ਹਿੰਸਾ ਵਿੱਚ ਔਰਤਾਂ ਨਾਲ ਬਲਾਤਕਾਰ ਨੂੰ ਇੱਕ ਰਣਨੀਤੀ ਦੇ ਹਿੱਸੇ ਵਜੋਂ ਦੇਖਿਆ ਜਾਂਦਾ ਹੈ।
ਕਰੀਬ 70-75 ਦਿਨ ਭਾਜਪਾ ਦੀ ਡਬਲ ਇੰਜਣ ਸਰਕਾਰ ਇਹ ਅੱਗ ਲਗਵਾ ਕੇ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਵਿਰੋਧੀ ਪਾਰਟੀਆਂ ਦੇ ਬਹੁਤ ਰੌਲਾ ਪਾਉਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ ਬਾਰੇ ਕੋਈ ਬਿਆਨ ਤੱਕ ਜਾਰੀ ਨਹੀਂ ਕੀਤਾ। ਸ਼ਾਂਤੀ ਬਹਾਲੀ ਦਾ ਯਤਨ ਤਾਂ ਦੂਰ ਦੀ ਗੱਲ, ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਤੱਕ ਨਹੀਂ ਕੀਤੀ ਗਈ। ਹੁਣ ਤੱਕ 150 ਦੇ ਕਰੀਬ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ 60,000 ਤੋਂ ਵੱਧ ਲੋਕ ਘਰ-ਬਾਰ ਛੱਡ ਕੇ ਰਾਹਤ ਕੈਂਪਾਂ ਦੀਆਂ ਮਾੜੀਆਂ ਹਾਲਤਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ ਹਨ। 19 ਜੁਲਾਈ ਨੂੰ ਜਦੋਂ ਦੋ ਕੂਕੀ ਔਰਤਾਂ ਦੀ ਨਗਨ ਪਰੇਡ ਦਾ ਵੀਡੀਓ ਸਾਹਮਣੇ ਆਇਆ, ਤਾਂ ਜਾ ਕੇ ਕਿਤੇ ਪ੍ਰਧਾਨ ਮੰਤਰੀ ਨੇ ਮਣੀਪੁਰ ਬਾਰੇ ਇੱਕ ਰਾਜਨੀਤਿਕ ਕਿਸਮ ਦਾ ਬਿਆਨ ਦਿੱਤਾ, ਜਿਸ ਤੋਂ ਇਹ ਜਾਪਿਆ ਕਿ ਇਹ ਭਾਰਤ ਦਾ ਪ੍ਰਧਾਨ ਮੰਤਰੀ ਨਹੀਂ, ਸਗੋਂ ਭਾਜਪਾ ਦਾ ਕੋਈ ਲੀਡਰ ਬੋਲ ਰਿਹਾ ਹੈ।
ਦੇਸ਼-ਦੁਨੀਆਂ ਦੇ ਸਾਰੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਭਾਜਪਾ ਦੀ ਡਬਲ ਇੰਜਣ ਸਰਕਾਰ ਦੀ ਹਿੰਦੂਤਵ ਦੀ ਰਾਜਨੀਤੀ ਦਾ ਡਟ ਕੇ ਵਿਰੋਧ ਕਰਨ ਅਤੇ ਇਸ ਅੱਗ ਨੂੰ ਅੱਗੇ ਫੈਲਾਉਣ ਦੀਆਂ ਕੋਸ਼ਿਸ਼ਾਂ ਨੂੰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਕੇ ਨਾਕਾਮ ਕਰਨ। ਮਣੀਪੁਰ ਦੇ ਲੋਕਾਂ ਦੇ ਹੋਏ ਜਾਨ-ਮਾਲ ਦੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਅਤੇ ਰਾਜ ਦੀ ਡਬਲ ਇੰਜਣ ਸਰਕਾਰ ਤੇ ਦਬਾਅ ਬਣਾਇਆ ਜਾਵੇ। ਅਸੀਂ ਸਾਰੇ ਇਨਸਾਫ਼ ਪਸੰਦ ਲੋਕ ਮਣੀਪੁਰ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ।