ਐਧਰੋਂ ਓਧਰੋਂ

ਮਰਦ ਹੋਣਾ ਵੀ ਇੱਕ ਹਾਦਸਾ ਹੈ ……..!

ਮੌਜੂਦਾ ਸਮਾਜ ਵਿੱਚ ਮਰਦ ਹੋਣਾ ਕਈ ਵਾਰ ਇੱਕ ਭਾਰੀ ਜ਼ਿੰਮੇਵਾਰੀ ਦੇ ਨਾਲ ਜੁੜਿਆ ਹੋਣ ਦੇ ਬਾਅਦ ਵੀ ਸਿਰਫ ਇੱਕ ਹਾਦਸਾ ਬਣ ਕੇ ਰਹਿ ਜਾਂਦਾ ਹੈ। ਮਰਦ ਦਾ ਇੱਕ ਹਾਦਸਾ ਬਣ ਕੇ ਰਹਿ ਜਾਣਾ ਸਿਰਫ਼ ਜ਼ਿੰਦਗੀ ਦੇ ਇੱਕ ਪੱਖ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਇਸ ਤਰ੍ਹਾਂ ਦਾ ਅਨੁਭਵ ਉਸਦੇ ਕਿਰਦਾਰ ਵਿੱਚ ਸਾਰੀ ਜਿੰਦਗੀ ਦੇਖਣ ਨੂੰ ਮਿਲਦਾ ਹੈ। ਮਰਦ ਨੂੰ ਅਜਿਹਾ ਕਿਰਦਾਰ ਅਦਾ ਕਰਨਾ ਪੈਂਦਾ ਹੈ ਜਿਸ ਵਿੱਚ ਸਹੀ ਹੋਣ ਦੇ ਬਾਅਦ ਵੀ ਉਹ ਹੀ ਕਸੂਰਵਾਰ,ਲਾਪਰਵਾਹ ਅਤੇ ਜਾਹਲ ਸਾਬਿਤ ਹੁੰਦਾ ਹੈ। ਅੱਜ ਦਾ ਇਹ ਲੇਖ ਸਮਾਜ ਵਿੱਚ ਮੌਜੂਦਾ ਮਹੱਤਵਪੂਰਨ ਰਿਸ਼ਤਿਆਂ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਵਾਂਗ ਹੋ ਸਕਦਾ ਹੈ, ਕਿਉਂਕਿ ਇਹ ਸਮਾਜ ਤੇ ਅਸਲ ਤਾਨੇ-ਬਾਨੇ ਨੂੰ  ਬਿਆਨ ਕਰਦਾ ਹੈ।  

ਅੱਜ ਗੱਲ ਕਰਦੇ ਹਾਂ ਪਰਿਵਾਰ ਦੀ, ਜਿਸ ਵਿੱਚ ਜੇਕਰ ਅੱਜ ਦਾ ਮਰਦ ਆਪਣੀ ਮਾਂ ਦੇ ਸਾਹਮਣੇ ਆਪਣੀ ਘਰਵਾਲੀ ਨਾਲ ਪਿਆਰ ਨਾਲ ਗੱਲ-ਬਾਤ ਕਰਦਾ ਹੈ ਜਾਂ ਬੁਲਾਉਂਦਾ ਹੈ ਤਾਂ ਪਤੀ-ਪਤਨੀ ਲਈ ਇਹ ਗੱਲ ਇੱਕ ਨਵਾਂ ਵਿਸ਼ਾ ਨਹੀਂ ਹੁੰਦੀ ਹੈ। ਪਰ ਮਾਂ, ਜੋ ਕਿ ਆਪਣੇ ਪੁੱਤਰ ਨੂੰ ਵੱਡਾ ਹੁੰਦਾ ਵੇਖ ਰਹੀ ਹੈ, ਉਹ ਇਸ ਗੱਲ ਨੂੰ ਕਈ ਵਾਰ ਇਸ ਤਰ੍ਹਾਂ ਦੇਖਦੀ ਹੈ ਕਿ ਉਸਦਾ ਪੁੱਤਰ ਜਨਾਨੀ ਦੇ ਥੱਲੇ ਲੱਗ ਗਿਆ ਹੈ। ਉਹ ਸਮਝਦੀ ਹੈ ਕਿ ਉਸਦਾ ਪੁੱਤਰ ਹੁਣ ਆਪਣੇ ਬੁਜੁਰਗਾਂ ਦੇ ਰਿਸ਼ਤੇ ਦੀ ਇਜ਼ਤ ਨਾ ਕਰਕੇ, ਘਰਵਾਲੀ ਦੀ ਗੁਲਾਮੀ ਵਿੱਚ ਜੀਅ ਰਿਹਾ ਹੈ। ਇਹ ਸਿਰਫ਼ ਮਾਂ ਦਾ ਹੀ ਨਹੀਂ, ਸਗੋਂ ਸਮਾਜ ਦਾ ਵੀ ਇੱਕ ਵੱਡੇ ਪੱਧਰ ਦਾ ਅੰਦਰੂਨੀ ਵਿਸ਼ਵਾਸ ਬਣ ਚੁੱਕਾ ਹੈ ਕਿ ਜੇਕਰ ਮਰਦ ਆਪਣੀ ਘਰਵਾਲੀ ਦੀ ਇਜ਼ਤ ਕਰੇ, ਉਸਦੇ ਨਾਲ ਪਿਆਰ ਨਾਲ ਬੋਲ ਤਾਂ ਉਹ ਕਮਜ਼ੋਰ ਹੈ, ਜਨਾਨੀ ਦੇ ਅਧੀਨ ਹੋ ਗਿਆ ਹੈ।

ਇਸਦੇ ਉਲਟ, ਜੇਕਰ ਮਰਦ ਆਪਣੀ ਮਾਂ ਨਾਲ ਪਿਆਰ ਨਾਲ ਗੱਲਾਂ ਕਰਦਾ ਹੈ, ਉਸਦੇ ਨਾਲ ਵਾਧੂ ਸਹਿਮਤੀ ਦਿਖਾਉਂਦਾ ਹੈ ਤਾਂ ਘਰਵਾਲੀ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ। ਉਸਦੇ ਲਈ ਇਹ ਗੱਲ ਵੱਡੇ ਅਹਿਮ ਦੀ ਗੱਲ ਬਣ ਜਾਂਦੀ ਹੈ। ਉਹ ਸੋਚਦੀ ਹੈ ਕਿ ਉਸਦਾ ਪਤੀ ਮਾਂ ਦਾ ਲਾਈ ਲੱਗ ਹੈ ‘, ਉਹ ਮਾਂ ਦੀ ਕੁਛੜ ਵਿੱਚ ਹੀ ਵੜਿਆ ਰਹਿੰਦਾ ਹੈ। ਅਜਿਹੀ ਸਥਿਤੀ ਮਰਦ ਨੂੰ ਇੱਕ ਅਜਿਹੀ ਦੁਚਿੱਤੀ ਵਿੱਚ ਪਾ ਦਿੰਦੀ ਹੈ, ਜਿਥੇ ਉਹ ਕਿਸੇ ਵੀ ਪਾਸੇ ਜਾਵੇ, ਸੋਚ ਉਦੇ ਖਿਲਾਫ ਹੀ ਕੰਮ ਕਰੇਗੀ।

ਜੇਕਰ ਮਰਦ ਆਪਣੇ ਬੱਚਿਆਂ ਨੂੰ ਸੁਧਾਰਨ ਲਈ ਕਦੇ ਉਸੇ ਹੱਥ ਚੱਕ ਲਵੇ, ਤਾਂ ਉਸਨੂੰ ਜ਼ਾਲਮ, ਬੇਰਹਿਮ ਦਾ ਖਿਤਾਬ ਦੇ ਦਿੱਤਾ ਜਾਂਦਾ ਹੈ। ਲੋਕ ਇਹ ਨਹੀਂ ਵੇਖਦੇ ਕਿ ਉਹ ਪਿਤਾ ਦੇ ਰੂਪ ਵਿੱਚ, ਜੋ ਆਪਣੇ ਬੱਚਿਆਂ ਦੀ ਭਲਾਈ ਲਈ ਸਖਤੀ ਵਰਤਦਾ ਹੈ, ਕਦੇ ਵੀ ਆਪਣੀ ਜ਼ਿੰਮੇਵਾਰੀ ਵਿੱਚ ਕਮੀ ਨਹੀਂ ਕਰਦਾ। ਪਰ ਜੇਕਰ ਉਹ ਪਿਓ ਆਪਣੇ ਬੱਚਿਆਂ ਨੂੰ ਕੁਝ ਨਹੀਂ ਕਹਿੰਦਾ, ਤਾਂ ਉਸ ਨੂੰ ਲਾਪਰਵਾਹ, ਗੈਰਜਿੰਮੇਵਾਰ ਕਿਹਾ ਜਾਂਦਾ ਹੈ। ਇਹ ਦੋਨੋ ਸਥਿਤੀਆਂ ਵਿੱਚ ਮਰਦ ਨੂੰ ਕਦਰ ਦੀ ਬਜਾਏ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਘਰ-ਪਰਿਵਾਰ ਦੇ ਪਾਲਣ ਪੋਸ਼ਣ ਦੀ ਮੁੱਖ ਜਿੰਮੇਵਾਰੀ ਘਰ ਦੇ ਮਰਦ ਦੀ ਹੁੰਦੀ ਹੈ। ਜਿਸ ਲਈ ਘਰੋਂ ਬਾਹਰ ਜਾ ਕੇ ਦਿਨ ਭਰ ਮਿਹਨਤ-ਮੁਸ਼ਕਤ ਕਰਨੀ ਪੈਂਦੀ ਹੈ,ਤਾਂ ਜਾ ਕੇ ਘਰ ਦੀਆਂ ਜਰੂਰਤਾਂ ਪੂਰੀਆਂ ਹੁੰਦੀਆਂ ਹਨ। ਪਰ ਮਰਦ ਸਾਰਾ ਦਿਨ ਕਮਾਈ ਦੇ ਮਾਮਲਿਆਂ ਵਿੱਚ ਘਰ ਤੋਂ ਬਾਹਰ ਰਹੇ, ਤਾਂ ਉਸ ਨੂੰ “ਅਵਾਰਾ” ਕਹਿ ਦਿੱਤਾ ਜਾਂਦਾ ਹੈ। ਅਗਰ ਸਾਰਾ ਦਿਨ ਘਰ ਬੈਠਾ ਰਹੇ ਤਾਂ ਵੇਹਲਾ, ਨਿਕੰਮਾ ਆਦਿ ਨਾਵਾਂ ਨਾਲ ਨਿਵਾਜਿਆ ਜਾਂਦਾ ਹੈ। ਇਹੋ ਜਿਹੀ ਸਥਿਤੀ ਵਿੱਚ ਮਰਦ ਆਪਣੀ ਜ਼ਿੰਦਗੀ ਦੇ ਹਰ ਹਿਸੇ ਵਿੱਚ ਅਜਿਹਾ ਫ਼ਿਲ ਕਰਦਾ ਹੈ ਕਿ ਉਹ ਜੋ ਵੀ ਕਰੇ, ਸਮਾਜ ਨੂੰ ਰਾਸ ਨਹੀਂ ਆਉਂਦਾ।

ਅੱਜ ਦੇ ਸਮਾਜ ਵਿੱਚ ਜਿਆਦਾ ਕਰਕੇ ਘਰ ਦੀ ਸਥਿਤੀ ਨੂੰ ਬਿਹਤਰ ਕਰਨ ਲਈ ਪਤੀ-ਪਤਨੀ ਦੋਨੋ ਨੌਕਰੀ ਕਰਦੇ ਹਨ। ਪਰ ਅਗਰ ਪਤੀ ਆਪਣੀ ਘਰਵਾਲੀ ਤੋਂ ਨੌਕਰੀ ਨਾ ਕਰਵਾਵੇ, ਤਾਂ ਉਸ ਨੂੰ “ਸ਼ੱਕੀ” ਹੋਣ ਦਾ ਖਿਤਾਬ ਦੇ ਦਿੱਤਾ ਜਾਂਦਾ ਹੈ। ਪਰ ਜੇਕਰ ਉਹ ਆਪਣੀ ਘਰਵਾਲੀ ਨੂੰ ਨੌਕਰੀ ਕਰਨ ਦੇ ਲਈ ਪ੍ਰੇਰਿਤ ਕਰੇ, ਤਾਂ ਉਹੀ ਸਮਾਜ ਉਸ ਨੂੰ “ਜਨਾਨੀ ਦੀ ਕਮਾਈ ਖਾਣ ਵਾਲਾ” ਕਹਿ ਦਿੰਦਾ ਹੈ। ਸਮਾਜ ਦੇ ਦੋਹਰੇ ਮਾਪਦੰਡਾਂ ਨੇ ਮਰਦ ਨੂੰ ਹਰ ਪਾਸੇ ਤੋਂ ਘੇਰਿਆ ਹੋਇਆ ਹੈ।

ਘਰ-ਪਰਿਵਾਰ ਵਿੱਚ ਕਈ ਵਾਰ ਪਤੀ-ਪਤਨੀ ਵਿੱਚ ਬੋਲ-ਬਲਈ ਹੋ ਜਾਂਦੀ ਹੈ। ਜੇਕਰ ਕਿਸੇ ਗਲਤੀ ਦੇ ਕਾਰਨ ਅਚਾਨਕ ਮਰਦ ਜਨਾਨੀ ਤੇ ਹੱਥ ਚੱਕ ਲਵੇ ਜਾਂ ਉੱਚਾ-ਨੀਵਾਂ ਬੋਲਦੇ, ਤਾਂ ਉਹਨਾਂ ਨੂੰ “ਬਤਮੀਜ,” “ਜਾਹਲ,” “ਦਰਿੰਦਾ” ਕਿਹਾ ਜਾਂਦਾ ਹੈ। ਸਮਾਜ ਫਿਰ ਇਸ ਗੱਲ ਨੂੰ ਵੀ ਇੱਕ ਅਜਿਹੀ ਸਥਿਤੀ ਬਣਾਉਣ ਵਿੱਚ ਲੱਗ ਜਾਂਦਾ ਹੈ ਕਿ ਮਰਦ ਨੂੰ ਸਿਰਫ਼ ਨਕਾਰਾਤਮਕ ਰੂਪ ਵਿੱਚ ਹੀ ਵੇਖਿਆ ਜਾਵੇ। ਪਰ, ਜੇਕਰ ਕਿਤੇ ਜਨਾਨੀ ਮਰਦ ਤੇ ਹੱਥ ਲਵੇ ਜਾਂ ਉੱਚਾ-ਨੀਵਾਂ ਬੋਲਦੇ, ਤਾਂ ਮਰਦ ਨੂੰ ਨਿਪੁੰਸਕ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ ਮਰਦ ਦੇ ਲਈ ਸਿਰਫ਼ ਚੁੱਪ ਰਹਿਣਾ ਹੀ ਠੀਕ ਸਮਝਿਆ ਜਾਂਦਾ ਹੈ, ਕਿਉਂਕਿ ਸਮਾਜ ਨੇ ਮਰਦ ਨੂੰ ਹਰ ਇੱਕ ਸਥਿਤੀ ਵਿੱਚ ਕਸੂਰਵਾਰ ਬਣਾਕੇ ਰੱਖਿਆ ਹੋਇਆ ਹੈ।

ਮਰਦ ਹੋਣਾ ਖਾਸ ਕਰਕੇ ਅੱਜ ਦੇ ਸਮੇਂ ਵਿੱਚ, ਕਈ ਵਾਰ ਇੱਕ ਹਾਦਸਾ ਬਣ ਜਾਂਦਾ ਹੈ। ਉਹ ਵੀ ਇੱਕ ਅਜਿਹਾ ਹਾਦਸਾ ਹੈ ਜਿਸ ਵਿੱਚ ਮਰਦ ਨੂੰ ਹਰ ਪੱਖ ਤੋਂ ਸਮਝਣ ਦੇ ਬਜਾਏ, ਉਸਦੇ ਖਿਲਾਫ ਦੋਸ਼ ਲਾਏ ਜਾਂਦੇ ਹਨ। ਸਮਾਜ ਦੇ ਇਹ ਦੋਹਰੇ ਮਾਪਦੰਡ, ਮਰਦ ਨੂੰ ਕਿਸੇ ਵੀ ਹਾਲਤ ਵਿੱਚ ਸੁਭਾਵਿਕ ਜੀਵਨ ਜਿਉਣ ਨਹੀਂ ਦਿੰਦੇ। ਇਸ ਲਈ ਇਸ ਸੋਚ ਸੰਬੰਧੀ ,ਇਹ ਅਹਿਸਾਸ ਕਰਨ ਦੀ ਜ਼ਰੂਰਤ ਹੈ ਅਤੇ ਸਮਾਜ ਦੇ ਹਾਲਾਤ ਬਦਲਣ ਦੀ ਲੋੜ ਹੈ। ਮਰਦ ਵੀ ਇੱਕ ਮਨੁੱਖ ਹੈ, ਜਿਸਦੇ ਆਪਣੇ ਜਜ਼ਬਾਤ, ਦੁੱਖ-ਸੁੱਖ ਹੁੰਦੇ ਹਨ। ਉਸਨੂੰ ਵੀ ਇੱਕ ਆਮ ਇਨਸਾਨ ਦੀ ਤਰ੍ਹਾਂ ਹੀ ਮਾਪਿਆ ਜਾਣਾ ਚਾਹੀਦਾ ਹੈ। ਮਰਦ ਨੂੰ ਵੀ ਸਮਝ, ਪਿਆਰ ਅਤੇ ਸਨਮਾਨ ਦੀ ਲੋੜ ਹੁੰਦੀ ਹੈ। ਅਜੇ ਵੀ ਸਮਾਜ ਵਿੱਚ ਇਹ ਹਾਲਾਤ ਬਦਲ ਸਕਦੇ ਹਨ ਜੇਕਰ ਲੋਕ ਸਮਝਣ ਦੀ ਕੋਸ਼ਿਸ਼ ਕਰਨ। ਮਰਦ ਹੋਣਾ ਇੱਕ ਹਾਦਸਾ ਬਣਾਉਣ ਦੀ ਬਜਾਏ, ਉਸ ਨੂੰ ਸਨਮਾਨ , ਪਿਆਰ ਅਤੇ ਜ਼ਿੰਮੇਵਾਰੀ ਨਾਲ ਵੇਖਣ ਦੀ ਲੋੜ ਹੈ। ਸਮਾਜ ਦੇ ਮਾਪਦੰਡਾਂ ਵਿੱਚ ਇਹ ਤਬਦੀਲੀ ਲਿਆਉਣੀ ਪਵੇਗੀ, ਤਾਂ ਜੋ ਮਰਦ ਵੀ ਇਸ ਸੰਸਾਰ ਵਿੱਚ ਆਪਣੇ ਹਿੱਸੇ ਦੀ ਖੁਸ਼ੀ ਅਤੇ ਆਜ਼ਾਦੀ ਦਾ ਅਨੁਭਵ ਕਰ ਸਕੇ।

[email protected]

ਸੰਦੀਪ ਕੁਮਾਰ-7009807121

ਐਮ.ਸੀ.ਏ, ਐਮ.ਏ ਮਨੋਵਿਗਆਨ

ਕੰਪਿਊਟਰ ਅਧਿਆਪਕ

ਸ.ਸ.ਸ.ਸ. ਗਰਦਲੇ,ਰੂਪਨਗਰ

Show More

Related Articles

Leave a Reply

Your email address will not be published. Required fields are marked *

Back to top button
Translate »