ਹੱਡ ਬੀਤੀਆਂ

ਕੈਨੇਡਾ ਵਾਲਾ ਕਿਲ਼ਾ

ਜੱਗੀ ਨਹੀਂ ਦੇਖਿਆ?

ਕਾਹਲੀ ਵਿੱਚ ਮੈਂ ਨਾਲ ਦੇ ਕੰਮ ਕਰਨ ਵਾਲੇ ਮੁੰਡਿਆਂ ਨੂੰ ਪੁੱਛਿਆ।  ਰੋਟੀ ਵਾਲਾ ਡੱਬਾ ਚੱਕੀ ਜਾਂਦਾ ਸੀ ਬਾਹਰ ਨੂੰ, ਉਹ ਸਕਦਾ ਮਾਪਿਆਂ ਦੇ ਸੋਹਲ ਪੁੱਤ ਦੀ

ਬੱਸ ਹੋ ਗਈ ਹੋਵੇ ਕੰਮ ਵੇਖ ਕੇ।  ਓਹਨਾ ਵਿਚੋਂ ਇੱਕ ਨੇ ਟੌਂਟ ਜਿਹਾ ਮਾਰ ਕੇ ਕਿਹਾ।

ਮੈਂ ਓਹਦੀ ਗੱਲ ਇਗਨੋਰ ਕਰਕੇ ਬਾਹਰ ਦੇਖਣ ਚਲਾ ਗਿਆ।  ਉਹ ਮੈਨੂੰ ਨਹੀਂ ਦਿੱਸਿਆ।

ਮੈਂ ਵੀ ਵਾਪਸ ਆ ਕੇ ਕੰਮ ਚ ਲੱਗ ਗਿਆ।

2 ਘੰਟੇ ਬਾਅਦ ਜਾ ਕੇ ਓਹਦਾ ਫੋਨ ਲੱਗਾ।

ਮੈਂ ਗੱਡੀ ਚੱਕੀ ਤੇ ਓਹਨੂੰ ਲੈਣ ਨਿਕਲ ਗਿਆ।

ਅੱਜ ਫੇਰ ਉਹ ਲੇਕ ਦੇ ਕੋਲ ਬਣੇ ਪੁੱਲ ਤੇ ਬੈਠਾ ਸੀ।

ਜੱਗੀ ਯਾਰ ਤੂੰ ਕਮਾਲ ਕਰਦਾ , ਕੰਮ ਵਿਚੇ ਛੱਡ ਆਇਆ।  ਉਤੋਂ ਤੇਰਾ ਫੋਨ ਵੀ ਨਹੀਂ ਲੱਗਦਾ।

ਉਹ ਬੋਲਿਆ ਨਹੀਂ , ਮੈਂ ਦੇਖਿਆ ਓਹਦੀਆਂ ਅੱਖਾਂ ਚ ਪਾਣੀ ਸੀ।

ਮੈਂ ਕੋਲ ਬਹਿ ਕੇ ਓਹਦੇ ਮੋਢੇ ਤੇ ਹੱਥ ਰੱਖਿਆ , ਕਿ ਗੱਲ ਹੋ ਗਈ ਹੁਣ, ਕ੍ਯੂਂ ਦਿਲ ਛੋਟਾ ਕਰਦਾ

ਮੈਂ ਫੇਲ ਹੋ ਗਿਆ ਯਾਰ , ਮੇਰਾ ਜੀ ਕਰਦਾ ਆਹ ਲੇਕ ਛਾਲ ਮਾਰ ਕੇ ਮਰ ਜਾਵਾਂ।  

ਉਹ ਫੇਰ  ਡੁਸਕਣ ਲੱਗ ਪਿਆ।

ਮਰ ਕੇ ਪਾਸ ਹੋ ਜਾਏਂਗਾ ? ਕਿਉਂ ਪਾਗਲਾਂ ਵਾਲੀਆਂ ਗੱਲਾਂ ਕਰਦਾ।  ਚੱਲ ਉੱਠ ਘਰ ਚੱਲੀਏ , ਬਾਹਰ ਠੰਡ ਆ। ਰਸਤੇ ‘ਚ ਮੈਂ ਉਹਨੂੰ ਹੌਸਲਾ ਦੇਣ ਲਈ ਐਵੇਂ ਹੀ ਗਿਣਤੀਆਂ ਮਿਣਤੀਆਂ ਜਿਹੀਆਂ ਕਰਕੇ ਕਿਹਾ ਕਿ ਤੇਰੀ  PR ਵਾਲੀ ਫਾਈਲ ਦਾ processing  Time ਪੂਰਾ ਹੋ ਗਿਆ,  ਕਿਸੇ ਵੇਲੇ ਵੀ email ਆ ਜਾਣੀ ਆ, ਪਤਾ ਨਹੀਂ ਅੱਜ ਰਾਤ ਨੂੰ ਹੀ ਆ ਜੇ।

ਉਹ ਬੋਲਿਆ ਨਹੀਂ ਕੁਝ, ਓਸੇ ਤਰਾਂ ਚੁੱਪ ਜਿਹਾ ਹੀ ਬੈਠਾ ਰਿਹਾ। ਓਹਦੀ ਬੇਸਮੈਂਟ ਕੋਲ ਪਹੁੰਚਕੇ ਮੈਂ ਉਹਨੂੰ ਕਿਹਾ , ਸਵੇਰੇ ਟੈਮ ਨਾਲ ਤਿਆਰ ਹੋ ਜਾਈਂ,  ਕੰਮ ਤੋਂ late ਨਹੀਂ ਹੋਣਾ ਆਪਾਂ। ਉਹ ਢਿੱਲਾ ਜਿਹਾ ਹੱਥ ਮਿਲਾ ਕੇ ਚੰਗਾ ਕਹਿ ਚਲਾ ਗਿਆ।

ਘਰ ਆ ਕੇ ਮੇਰੇ ਦਿਮਾਗ ਚ , ਜੱਗੀ ਦੀ ਫ਼ਿਲਮ ਚੱਲਣ ਲੱਗ ਪਈ।  ਮਾਪਿਆਂ ਦਾ ਇਕੱਲਾ ਪੁੱਤ, ਫਰਾਟੇਦਾਰ ਇੰਗਲਿਸ਼ ਬੋਲਦਾ, BSc ਕਰਕੇ ਬੇਰੋਜ਼ਗਾਰੀ ਦੁਖੋਂ ਕੈਨੇਡਾ ਆਇਆ, ਪਹਿਲਾਂ ਤਾਂ ਜਿਹੜੇ ਏਜੇਂਟ ਨੇ ਕੇਸ ਲਾਇਆ , ਓਹਨੇ ਕਾਲਜ ਗ਼ਲਤ ਦਿਵਾਉਣ ‘ਚ ਹੇਰਾਫੇਰੀ ਕਰਤੀ।  ਫੇਰ ਜੇ ਔਖੇ ਸੌਖੇ ਨੇ ਕਾਲਜ ਨਬੇੜਿਆ ਤਾਂ ਓਨੀ ਦੇਰ ਨੂੰ ਕਨੇਡਾ ਸਰਕਾਰ ਦੇ  ਰੂਲ ਬਦਲ ਗਏ। CRS score 500 ਤੋਂ ਉੱਤੇ ਪਤਾ ਨਹੀਂ ਕਿਹੜੇ ਲੋਕਾਂ ਦੇ ਨੰਬਰਾਂ ਨਾਲ ਤੁਰਿਆ ਫਿਰਦਾ।

ਕਿਸੇ ਨੇ ਸਲਾਹ ਦੇ ਦਿੱਤੀ , LIMIA ਲੈ ਲਾ , ਓਹਦੇ ਤੇ ਵੀ ਪੈਸੇ ਖ਼ਰਚ ਲਏ।  PR ਵਾਲੀ line ‘ਚ ਲੱਗਾ ਸੀ, ਪਰ ਅਜੇ ਤੱਕ ਵਾਰੀ ਨਹੀਂ ਸੀ ਆ ਰਹੀ , ਓਧਰੋਂ work permit ਵੀ ਮੁੱਕਣ ਵਾਲਾ।    ਕੁਲ ਮਿਲਾ ਕੇ 4 ਸਾਲ ਕੈਨੇਡਾ ਚ ਧੱਕੇ ਖਾਣ ਬਾਅਦ  ਜਦੋਂ ਕੋਈ ਆਸ ਦੀ ਕਿਰਨ ਨਾ ਦਿਸੇ ਤਾਂ ਬੰਦਾ ਟੁੱਟ ਹੀ ਜਾਂਦਾ।

ਅਗਲੇ ਦਿਨ ਜਦੋਂ ਮੈਂ ਉਸਨੂੰ ਓਹਦੀ ਬੇਸਮੈਂਟ ਦੇ ਬਾਹਰ ਜਾ ਕੇ ਫੋਨ ਕੀਤਾ ਤਾਂ ਓਹਨੇ ਚੱਕਿਆ ਨਹੀਂ, ਓਹਦੇ ਨਾਲ ਰਹਿੰਦੇ ਮੁੰਡੇ ਨੇ ਦੱਸਿਆ ਕਿ ਓਹ ਤਾਂ ਤੜਕੇ ਹੀ ਨਿਕਲ ਗਿਆ,  ਮੈਂਨੂੰ ਗੱਲ ਖਟਕੀ, ਕਿਉਂਕਿ ਕੱਲ੍ਹ ਲੇਕ ‘ਤੇ ਜੋ ਉਹ ਕਹਿ ਰਿਹਾ ਸੀ, ਸੋਚਕੇ ਹੀ ਮੇਰੇ ਲੂੰ ਕੰਢੇ ਖੜ੍ਹੇ ਹੋ ਗਏ।  ਸਾਰਾ ਰਾਹ ਮੈਂ ਓਹਦੇ ਬਾਰੇ ਸੋਚਦਾ ਕੰਮ ‘ਤੇ ਪਹੁੰਚਿਆ ਤਾਂ ਅੱਗੇ ਕੰਮ ਵਾਲੀ ਵੈਸਟ ਪਾਈ ਓਹੀ ਜੱਗੀ ਮੇਰੇ ਤੋਂ ਵੀ ਪਹਿਲਾਂ ਕੰਮ ‘ਤੇ ਪਹੁੰਚਿਆ ਸੀ। ਮੈਨੂੰ ਆਉਂਦਾ ਦੇਖ ਦੂਰੋਂ ਹੀ ਬੋਲਿਆ , ਭਾਜੀ ਤੁਹਾਡੀ ਗੱਲ ਸੱਚੀ ਹੋ ਗਈ,  ਰਾਤੀਂ PR ਵਾਲੀ email ਆ ਗਈ।

ਓਹਨੂੰ ਦੂਰੋਂ ਰੂਫ ‘ਤੇ ਚੜ੍ਹੇ ਨੂੰ ਰੌਲਾ ਪਾਉਂਦੇ  ਦੇਖ , ਮੈਨੂੰ ਏਦਾਂ ਲੱਗਾ ਜਿਵੇਂ ਸਾਲਾਂ ਤੋਂ ਜਿਸ ਕਿਲ੍ਹੇ ਨੂੰ ਫਤਿਹ ਕਰਨ ਲਈ ਉਹ ਲੜ ਰਿਹਾ ਸੀ, ਅੱਜ ਓਹਦੀ ਫਸੀਲ ‘ਤੇ ਝੰਡਾ ਫੜੀ ਖੜ੍ਹਾ ਹੋਵੇ

ਗੁਰਪ੍ਰੀਤ ਸੰਧਾਵਾਲੀਆ
1 604 690 1050
Show More

Related Articles

Leave a Reply

Your email address will not be published. Required fields are marked *

Back to top button
Translate »