ਮਿਲਖਾ ਸਿੰਘ ਨੰਗੇ ਪੈਰ ਭੱਜਦਾ ਦੁਨੀਆਂ ਭਰ ਦੀਆਂ ਰੇਸਾਂ ਤੱਕ ਜਾ ਅੱਪੜਿਆ
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ,
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ …..ਬਾਬਾ ਨਜ਼ਮੀ
ਛੋਟੇ ਹੁੰਦੇ ਸੁਣਦੇ ਹੁੰਦੇ ਸੀ ਕਿ ਰੋਮ ਇੱਕੋ ਦਿਨ ਵਿੱਚ ਨਹੀਂ ਸੀ ਉਸਰਿਆ। ਇਸਦੇ ਅਰਥ ਹੁਣ ਸਮਝ ਆਉਂਦੇ ਹਨ ਕਿ ਕੋਈ ਵੀ ਇਮਾਰਤ ਦੀ ਉਸਾਰੀ ਕਰਦੇ ਸਮੇਂ ਇੱਟ ਉੱਪਰ ਇੱਟ ਧਰਨ ਨੂੰ ਸਮਾਂ, ਸਮਰੱਥਾ,ਰੁਚੀ ਜਾਂ ਇੱਛਾ ਤਾਂ ਸਹਾਈ ਹੁੰਦੀ ਹੀ ਹੈ। ਸ਼ਾਇਦ ਇਸੇ ਨੂੰ ਕਿਸੇ ਟੀਚੇ ਤੱਕ ਅੱਪੜਨ ਦੀ ਪੌੜੀ ਕਿਹਾ ਜਾਂਦਾ ਹੋਣਾ । ਪਰ ਹੁਣ ਨਵਾਂ ਰਿਵਾਜ ਛੜੱਪਾ ਮਾਰ ਕੇ ਅੱਗੇ ਲੰਘਣ ਦਾ ਹੋ ਰਿਹਾ ਹੈ ਜੋ ਸਾਡੀ ਧੀਮੀ ਤੋਰ ਵਾਲਿਆਂ ਦੇ ਮੇਚ ਨਹੀਂ ਆਉਂਦਾ । ਬਹੁਤੇ ਲੋਕ ਸ਼ੌਰਟ ਕੱਟ ਰਾਹ ਹੀ ਭਾਲਦੇ ਕਈ ਠੱਗੀਆਂ ਠੋਰੀਆਂ ਦੇ ਕੁਰਾਹੇ ਜਾ ਭਟਕਦੇ ਹਨ। ਪੂਰੀ ਕਿਤਾਬ ਪੜ੍ਹਨ ਦੀ ਥਾਂ ਉਸ ਵਿੱਚੋਂ ਬਸ ਗਰਜਾਂ ਦੇ ਮੇਚ ਦੇ ਅੱਖਰ ਹੀ ਲੱਭਣ ਦੀ ਰੁਚੀ ਬਹੁਤ ਕੁੱਝ ਪਿੱਛੇ ਛੱਡ ਜਾਂਦੀ ਹੈ। ਲੋਕ ਰਾਤੋ ਰਾਤ ਲਾਟਰੀ ਨਿਕਲਣ ਵਾਲੀ ਖੁਸ਼ੀ ਭਾਲ਼ਦੇ ਪਾਈ ਪਾਈ ਜੋੜਨ ਵਾਲੀ ਪਿਰਤ ਤੋਂ ਵਖਰ ਗਏ ਹਨ। ਕਿਹਾ ਜਾਂਦਾ ਹੈ ਸਫਲਤਾ ਦੀ ਸੜਕ ਤਾਂ ਹਮੇਸ਼ਾ ਉਸਾਰੀ ਅਧੀਨ ਹੀ ਹੁੰਦੀ ਹੈ। ਕਾਹਲੇ ਹੀ ਟੀਚੇ ਤੱਕ ਅੱਪੜਨ ਵਾਲੇ ਲੋਕ ਬੜੀ ਛੇਤੀ ਦਿਲ ਛੱਡ ਕੇ ਕੁਰਾਹੇ ਜਾ ਥਿੜਕਦੇ ਹਨ। ਮਹਾਂ ਭਾਰਤ ਅਨੁਸਾਰ ਛੋਟੀਆਂ ਛੋਟੀਆਂ ਪ੍ਰਾਪਤੀਆਂ ਨੂੰ ਸਿਰ ਤੇ ਨਾ ਬਿਠਾਓ ਤੇ ਅਸਫਲਤਾ ਨੂੰ ਦਿਲ ਤੱਕ ਨਾ ਅਪੜਨ ਦਿਓ। ਜਿਵੇਂ ਦਿਨ ਤੇ ਰਾਤ ਆਪੋ ਆਪਣੀ ਵਾਰੀ ਨਿਭਾ ਜਾਂਦੇ ਹਨ ਅਸੀਂ ਵੀ ਇੱਕ ਮਨ ਇੱਕ ਚਿਤ ਹੋ ਕੇ ਅਰਜੁਨ ਦੇ ਮੱਛੀ ਦੀ ਅੱਖ ਵੇਖਣ ਵਾਂਗ ਆਪਣੇ ਨਿਸ਼ਾਨੇ ਵੱਲ ਵਧਿਆਂ ਹੀ ਪ੍ਰਾਪਤੀ ਕਰ ਸਕਦੇ ਹਾਂ। ਕਿਹਾ ਜਾਂਦਾ ਹੈ ਸਾਡੇ ਅੰਦਰ ਸ਼ਕਤੀਆਂ ਦੇ ਖੂਹ ਭਰੇ ਹੋਏ ਹਨ ਪਰ ਉਸ ਸ਼ਕਤੀ ਨੂੰ ਗੇੜਨ ਦੀ ਜਾਚ ਅਤੇ ਲਗਨ ਚਾਹੀਦੀ ਹੈ। ਹਾਲਾਤ ਵੀ ਬਸ ਡਰੇ ਨੂੰ ਡਰਾਉਂਦੇ ਹਨ। ਇੱਕ ਭੇਡਾਂ ਚਾਰਨ ਵਾਲਾ ਬੱਚਾ ਇਬਰਾਹਿਮ ਲਿੰਕਨ ਅਮਰੀਕਾ ਦਾ ਰਾਸ਼ਟਰਪਤੀ ਆਪਣੀ ਲਗਨ ਅਤੇ ਸਖਤ ਮਿਹਨਤ ਕਰਕੇ ਹੀ ਬਣ ਸਕਿਆ ਹੈ। ਇਹੋ ਜਿਹੀਆਂ ਕਈ ਮਿਸਾਲਾਂ ਹਨ ਜੋ ਹਾਲਾਤਾਂ ਨੂੰ ਸਰ ਕਰਦੇ ਕਈ ਪ੍ਰਾਪਤੀਆਂ ਤੱਕ ਜਾ ਅੱਪੜੇ ਹਨ।ਜਿੰਦਗੀ ਦੀਆਂ ਉਚਾਣਾਂ ਅਤੇ ਨਿਵਾਣ ਤਾਂ ਮਨੁੱਖ ਦਾ ਇਮਤਿਹਾਨ ਹੁੰਦੇ ਹਨ। ਮਿਲਖਾ ਸਿੰਘ ਨੰਗੇ ਪੈਰ ਭੱਜਦਾ ਦੁਨੀਆਂ ਭਰ ਦੀਆਂ ਰੇਸਾਂ ਤੱਕ ਜਾ ਅੱਪੜਿਆ ਸੀ। ਮਨੋਵਿਗਿਆਨੀ ਦੱਸਦੇ ਹਨ ਹੀਣ ਭਾਵਨਾ ਜਾਂ ਡਰ ਵਹਿਮ ਸਾਡੇ ਅੰਦਰਲੀਆਂ ਰੁਕਾਵਟਾਂ ਹਨ ਜੋ ਅੱਗੇ ਵਧਣ ਤੋਂ ਹੋੜਦੀਆਂ ਹਨ। ਯਤਨ ਜਾਰੀ ਰੱਖਣ ਨਾਲ ਹੀ ਸੰਭਵ ਹੈ ਕਿ ਟੀਚਾ ਸਰ ਕੀਤਾ ਜਾ ਸਕੇ। ਕਈ ਵਾਰੀ ਸਫਲਤਾ ਦਾ ਤਾਲਾ ਅਖੀਰਲੀ ਚਾਬੀ ਨਾਲ ਹੀ ਖੁੱਲ੍ਹਦਾ ਹੈ। ਸੋ ਲਗਾਤਾਰ ਯਤਨ ਰੱਖਣੇ ਬਹੁਤ ਜਰੂਰੀ ਹਨ। ਰੱਬ ਨੇ ਤਾਂ ਸਭਨੂੰ ਇੱਕਸਾਰ ਸੰਭਾਵਨਾਵਾਂ ਦਿੱਤੀਆਂ ਹਨ । ਕਿਉਂਜੋ ਰੱਬ ਕਦੇ ਦਰੈਤ ਨਹੀਂ ਕਰਦਾ । ਪਰ ਅਸੀਂ ਹੀ ਮਾਯੂਸ ਹੋ ਕੇ ਹਥਿਆਰ ਸੁੱਟ ਦਿੰਦੇ ਹਾਂ।
ਕਈ ਲੋਕ ਹਾਲਾਤ, ਕਿਸਮਤ ਜਾਂ ਵਾਪਰ ਰਹੀਆਂ ਘਟਨਾਵਾਂ ਨੂੰ ਕੋਸਦੇ ਆਪਣੀਆਂ ਊਣਾਂ ਨੂੰ ਢਕਦੇ ਹਨ। ਪੰਜਾਬੀ ਦੀ ਕਹਾਵਤ ‘ ਉੱਠਿਆ ਆਪ ਤੋਂ ਨਾ ਜਾਵੇ,ਫਿੱਟੇ ਮੂੰਹ ਗੋਡਿਆਂ ਦੇ’ ਅਜਿਹੇ ਢਹਿੰਦੀ ਕਲਾ ਵਾਲੀ ਸੋਚ ਤੇ ਢੁਕਦੀ ਹੈ। ਕੁੱਝ ਲੋਕ ਸਭ ਹਾਲਾਤਾਂ ਨੂੰ ਸਰ ਕਰਦੇ ਹੋਏ ਵੱਡੀ ਪ੍ਰਾਪਤੀ ਤੱਕ ਜਾ ਅੱਪੜਦੇ ਹਨ। ਇਹ ਸਾਡੇ ਸਭ ਲਈ ਪ੍ਰੇਰਣਾ ਸਰੋਤ ਬਣਦੇ ਹਨ। ਆਪਣੀ ਜਨਮ ਭੂਮੀ ਤੋਂ ਬਿਗਾਨੀ ਧਰਤ ਤੱਕ ਅੱਪੜੇ ਕਈ ਲੋਕ ਆਪਣੀ ਹਿੰਮਤ ਅਤੇ ਲਗਨ ਨਾਲ ਰਾਜਸੀ ਤਾਕਤ ਨੂੰ ਹੱਥ ਪਾ ਰਹੇ ਹਨ। ਅਸੀਂ ਕੈਨੇਡਾ ਅਤੇ ਯੂ.ਕੇ.ਦੀਆਂ ਕੁਰਸੀਆਂ ਤੱਕ ਅੱਪੜੇ ਲੋਕਾਂ ਨੂੰ ਵੇਖ ਸਕਦੇ ਹਾਂ। ਜਿਨ੍ਹਾਂ ਦੀ ਹਿੰਮਤ ਦਾ ਬਰ ਛੋਟਾ ਹੈ ਜਾਂ ਦਲੇਰੀ ਦਾ ਦਮ ਛੋਟਾ ਹੈ, ਉਹ ਹੀ ਕਿਸਮਤ ਨੂੰ ਕੋਸਦੇ ਹੋਣਗੇ। ਸਫਲ ਹੋਏ ਸਭ ਆਦਮੀ ਸਾਡੇ ਲਈ ਰੋਲ ਮਾਡਲ ਰਹੇ ਹਨ।