ਇਹ ਦਾਦੇ ਦਾਦੀਆਂ ਕੌਣ ਹੁੰਦੇ ਨੇ ?
ਇਹ ਦਾਦੇ ਦਾਦੀਆਂ ਕੌਣ ਹੁੰਦੇ ਨੇ ?
(ਅੰਗਰੇਜ਼ੀ ਤੋਂ ਅਨੁਵਾਦ : ਗੁਰਦਿਆਲ ਦਲਾਲ)
(ਸੱਤਵੀਂ ਜਮਾਤ ਦੇ ਬੱਚੇ ਦੀ ਕਲਮ ਤੋਂ)
*
ਦਾਦੇ ਤੇ ਦਾਦੀਆਂ ਬੰਦਿਆਂ ਵਰਗੇ ਹੀ ਹੁੰਦੇ ਹਨ
ਬਹੁਤ ਬੁੱਢੇ, ਬਹੁਤ ਕਮਜ਼ੋਰ
ਉਨ੍ਹਾਂ ਦੇ ਆਪਣੇ ਛੋਟੇ ਬੱਚੇ ਨਹੀਂ ਹੁੰਦੇ
ਉਹ ਦੂਜਿਆਂ ਦੇ ਬੱਚਿਆਂ ਨੂੰ ਪਿਆਰ ਕਰਦੇ ਹਨ
ਉਹ ਬਿਰਧ ਘਰਾਂ ਵਿੱਚ ਰਹਿੰਦੇ ਹਨ
ਜਿੱਥੋਂ ਕੁਝ ਬੰਦੇ ਕਦੀ ਕਦੀ
ਉਨ੍ਹਾਂ ਨੂੰ ਆਪਣੇ ਨਾਲ਼ ਲੈ ਜਾਂਦੇ ਹਨ
ਅਤੇ ਫਿਰ ਵਾਪਸ ਵੀ ਛੱਡ ਜਾਂਦੇ ਹਨ
ਦਾਦਾ ਆਦਮੀ ਹੁੰਦਾ ਹੈ ਤੇ ਦਾਦੀ ਔਰਤ
ਦਾਦੇ ਦਾਦੀਆਂ ਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ
ਜਦੋਂ ਲੋਕ ਉਨ੍ਹਾਂ ਨੂੰ ਲੈਣ ਆਉਂਦੇ ਹਨ
ਬੱਸ ਉਸ ਸਮੇਂ ਉਨ੍ਹਾਂ ਦਾ ਉੱਥੇ ਹੋਣਾ ਜ਼ਰੂਰੀ ਹੈ
ਉਹ ਐਨੇ ਬੁੱਢੇ ਹੁੰਦੇ ਹਨ ਕਿ ਖੇਡ ਨਹੀਂ ਸਕਦੇ
ਲੰਗੜਾ ਕੇ ਤੁਰਦੇ ਹਨ,ਦੌੜ ਨਹੀਂ ਸਕਦੇ
ਇਹ ਚੰਗੀ ਗੱਲ ਹੁੰਦੀ ਹੈ
ਜਦੋਂ ਲੋਕ ਉਨ੍ਹਾਂ ਨੂੰ ਗੱਡੀਆਂ ਵਿੱਚ
ਦੁਕਾਨਾਂ ਤੇ ਲੈ ਜਾਂਦੇ ਹਨ ਤੇ ਪੈਸੇ ਦਿੰਦੇ ਜਾਂ ਲੈਂਦੇ ਹਨ
ਬੁੱਢੇ ਦੂਜਿਆਂ ਨਾਲ਼
ਫੁੱਲਾਂ ਦੇ ਰੰਗਾਂ ਬਾਰੇ ਗੱਲਾਂ ਕਰਦੇ ਹਨ
ਉਹ ਇਹ ਵੀ ਦੱਸਦੇ ਹਨ ਕਿ
ਉਘੜ-ਦੁਘੜੀਆਂ ਥਾਵਾਂ ਉੱਤੇ
ਧਿਆਨ ਨਾਲ਼ ਚੱਲਣਾ ਚਾਹੀਦਾ ਹੈ
ਉਹ ਕਿਸੇ ਨੂੰ ਕਦੀ ਵੀ ‘ਛੇਤੀ ਕਰੋ’ ਨਹੀਂ ਕਹਿੰਦੇ
ਉਹ ਅਕਸਰ ਪਤਲੇ ਅਤੇ ਵਿੰਗੇ ਹੁੰਦੇ ਹਨ
ਉਹ ਤੁਰਦੇ-ਤੁਰਦੇ ਫਿਸਲ ਕੇ ਡਿਗ ਪੈਂਦੇ ਹਨ
ਉਹ ਐਨਕਾਂ ਲਾਉਂਦੇ ਹਨ
ਅਤੇ ਖੂੰਡੀ ਫੜ ਕੇ ਤੁਰਦੇ ਹਨ
ਉਹ ਆਪਣੇ ਮੂੰਹਾਂ ਵਿੱਚੋਂ ਦੰਦ ਬਾਹਰ ਕੱਢ ਸਕਦੇ ਹਨ
ਉਹ ਆਪਣੇ ਪਹਿਰਾਵੇ ਵੱਲ ਧਿਆਨ ਨਹੀਂ ਦਿੰਦੇ
ਉਨ੍ਹਾਂ ਨੂੰ ਅਜੀਬ-ਅਜੀਬ ਸਵਾਲਾਂ ਦੇ
ਉੱਤਰ ਦੇਣੇ ਪੈਂਦੇ ਹਨ
ਜਿਵੇਂ, ਰੱਬ ਸ਼ਾਦੀ-ਸ਼ੁਦਾ ਕਿਉਂ ਨਹੀਂ ਹੁੰਦਾ ?
ਜਾਂ ਕੁੱਤੇ ਬਿੱਲੀਆਂ ਮਗਰ ਕਿਉਂ ਦੌੜਦੇ ਹਨ ?
ਉਹ ਲੋਕਾਂ ਵੱਲ ਅੱਖਾਂ ਗੱਡ ਕੇ ਵੇਖਦੇ ਜਾਮ ਹੋ ਜਾਂਦੇ ਹਨ
ਜੇ ਉਨ੍ਹਾਂ ਨੂੰ ਇੱਕੋ ਕਹਾਣੀ
ਬਾਰ-ਬਾਰ ਸੁਨਾਉਣ ਲਈ ਕਹੀ ਜਾਓ
ਉਹ ਬੁਰਾ ਨਹੀਂ ਮਨਾਉਂਦੇ
ਹਰ ਉਸ ਬੰਦੇ ਨੂੰ, ਜਿਸ ਕੋਲ਼ ਟੈਲੀਵਿਜ਼ਨ ਨਹੀਂ
ਜਿੱਥੋਂ ਵੀ ਮਿਲਣ
ਦਾਦਾ ਦਾਦੀ ਜ਼ਰੂਰ ਲੈ ਲੈਣੇ ਚਾਹੀਦੇ ਹਨ
ਕਿਉਂ ਕਿ ਦਾਦਾ-ਦਾਦੀ ਅਜਿਹੇ ਲੋਕ ਹੁੰਦੇ ਹਨ
ਜੋ ਆਪਣਾ ਸਮਾਂ ਸਾਡੇ ਨਾਲ਼ ਬਿਤਾਉਣਾ ਚਾਹੁੰਦੇ ਹਨ
ਉਹ ਜਾਣਦੇ ਹਨ ਕਿ ਸੌਣ ਤੋਂ ਪਹਿਲਾਂ
ਅਸੀਂ ਕੀ ਖਾਣਾ ਪਸੰਦ ਕਰਦੇ ਹਾਂ
ਅਸੀਂ ਚਾਹੇ ਕੁਝ ਗਲਤ ਵੀ ਕਰੀਏ
ਉਹ ਸਾਨੂੰ ਦੁਆਵਾਂ ਦਿੰਦੇ ਹਨ ਤੇ ਚੁੰਮਦੇ ਹਨ
ਤੁਸੀਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿੰਦੇ ਦੇਖ ਸਕਦੇ ਹੋ
ਉਹ ਕਦੀ ਸੌਂਦੇ ਨਹੀਂ ਹੁੰਦੇ
ਸਾਡੇ ਮਾਪੇ ਉਨ੍ਹਾਂ ਨਾਲ਼ ਉੱਚੀ ਤੇ ਗੁੱਸੇ ਨਾਲ਼ ਬੋਲਦੇ ਹਨ
ਮੈਨੂੰ ਹੈਰਾਨੀ ਹੈ ਦਾਦੇ ਦਾਦੀਆਂ ਕਿੱਥੋਂ ਆਉਂਦੇ ਹਨ ?
ਲੋਕ ਉਨ੍ਹਾਂ ਦੀ ਮੌਤ ਧੂਮ-ਧਾਮ ਨਾਲ਼ ਮਨਾਉਂਦੇ ਹਨ
ਉਨ੍ਹਾਂ ਨੂੰ ਧਰਤੀ ਵਿੱਚ ਦਬਾ ਕੇ ਵੀ
ਲੋਕਾਂ ਨੂੰ ਖੁਆਉਂਦੇ-ਪਿਆਉਂਦੇ ਤੇ ਮੁਸਕ੍ਰਾਉਂਦੇ ਹਨ