ਇਹ ਕੌਣ ਹਨ ? ਜੋ ਗੱਡੀ ਨੂੰ ਅੱਗ ਲਾਕੇ ਬਿਟਕੋਇਨ ਮਨੀ ਦੀ ਮੰਗ ਕਰਦੇ ਹਨ !
ਐਡਮਿੰਟਨ(ਪੰਜਾਬੀ ਅਖ਼ਬਾਰ ਬਿਊਰੋ) ਐਡਮਿੰਟਨ ਪੁਲਿਸ ਅੱਗ ਲੱਗਣ ਦੀਆਂ ਦੋ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਜਿੱਥੋਂ ਪੁਲਿਸ ਨੂੰ ਫਿਰੌਤੀ ਸਬੰਧੀ ਚਿੱਠੀਆਂ ਮਿਲੀਆਂ ਹਨ ਅਤੇ ਇਸ ਮਾਮਲੇ ਵਿੱਚ ਪੁਲਿਸ ਦੁਆਰਾ ਲੋਕਾਂ ਕੋਲੋਂ ਸਹਿਯੋਗ ਮੰਗਿਆ ਜਾ ਰਿਹਾ ਹੈ ਕਿ ਇਹਨਾਂ ਦੋਹਾਂ ਘਟਨਾਵਾਂ ਨਾਲ ਸੰਬੰਧਿਤ ਜੇਕਰ ਕਿਸੇ ਕੋਲ ਕੋਈ ਵੀ ਸੀਸੀਟੀਵੀ ਫੁਟੇਜ ਹੋਵੇ ਤਾਂ ਉਹ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਐਡਮਿੰਟਨ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਹਿਲੀ ਘਟਨਾ 23 ਸਤੰਬਰ ਨੂੰ ਸਵੇਰੇ 5 ਵਜੇ ਦੇ ਕਰੀਬ 77 ਸਟਰੀਟ ਅਤੇ 95 ਐਵਨਿਊ ਤੇ ਸਥਿਤ Holyrood ਏਰੀਆ ਵਿੱਚ ਵਾਪਰੀ ਜਿੱਥੇ ਇੱਕ ਗੱਡੀ ਨੂੰ ਅੱਗ ਲਗਾਈ ਗਈ ਸੀ ਅਤੇ ਉੱਥੇ ਇੱਕ ਪ੍ਰੋਪਰਟੀ ਦੇ ਬਾਹਰ ਪੁਲਿਸ ਨੂੰ ਹੱਥ ਨਾਲ ਲਿਖੀ ਇੱਕ ਚਿੱਠੀ ਮਿਲੀ ਸੀ ਜਿਸ ਵਿੱਚ ਬਿਟਕੋਇਨ ਮਨੀ ਟਰਾਂਸਫਰ ਦੀ ਮੰਗ ਕੀਤੀ ਗਈ ਸੀ। ਇਸ ਤੋਂ ਤਿੰਨ ਹਫਤਿਆਂ ਬਾਅਦ 13 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ ਸਾਢੇ 3 ਵਜੇ ਦੇ ਕਰੀਬ 95 ਸਟਰੀਟ ਅਤੇ 97 ਐਵਨਿਊ ਤੇ ਪੈਂਦੇ Cloverdale ਇਲਾਕੇ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ ਸੀ ਜੋ ਪੁਲਿਸ ਅਨੁਸਾਰ ਜਾਣ ਬੁਝ ਕੇ ਲਗਾਈ ਗਈ ਸੀ। ਹਾਲਾਂਕਿ ਘਰ ਵਿੱਚ ਮੌਜੂਦ ਲੋਕ ਉਥੋਂ ਸੁਰੱਖਿਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ ਸਨ। ਇਥੋਂ ਵੀ ਪੁਲਿਸ ਨੂੰ ਉਸੇ ਹੈਂਡਰਾਇਟਿੰਗ ਵਿੱਚ ਇੱਕ ਚਿੱਠੀ ਮਿਲੀ ਸੀ ਜੋ ਪਹਿਲਾਂ ਬਰਾਮਦ ਹੋਈ ਸੀ ਇਸ ਤੋਂ ਇਲਾਵਾ ਇੱਕ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਉਸ ਨੂੰ ਵੀ ਇੱਕ ਚਿੱਠੀ ਮਿਲੀ ਸੀ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਹਜ਼ਾਰ ਡਾਲਰ ਇੱਕ ਬਿੱਟ ਕੋਇਨ ਅਕਾਊਂਟ ਦੇ ਵਿੱਚ ਪਾ ਦਿੱਤੇ ਜਾਣ ਨਹੀਂ ਤਾਂ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ ਜਾਵੇਗੀ ਇਸ ਮਾਮਲੇ ਵਿੱਚ ਡਿਟੈਕਟਿਵ ਸ਼ੌਨ ਥੋਰੀਮਬਰਟ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਆਖਿਆ ਹੈ ਕਿ ਇਸ ਵਕਤ ਇਹ ਨਹੀਂ ਕਿਹਾ ਜਾ ਸਕਦਾ ਕਿ ਦੋਵੇਂ ਵਾਰਦਾਤਾਂ ਇੱਕ ਦੂਜੇ ਨਾਲ ਸੰਬੰਧਿਤ ਹਨ ਜਾਂ ਨਹੀਂ ਉਹਨਾਂ ਆਖਿਆ ਕਿ ਜੇ ਕਿਸੇ ਕੋਲ ਵੀ ਕੋਈ ਸੂਚਨਾ ਹੋਵੇ ਤਾਂ ਫੋਨ ਨੰਬਰ 780-423-4567 ਤੇ ਸਾਂਝੀ ਕੀਤੀ ਜਾਵੇ