ਅਦਬਾਂ ਦੇ ਵਿਹੜੇ

ਅਣਦੇਖਿਆ ਪ੍ਰੋਫੈਸਰ ਤੇ ਮੇਰਾ ਪਿਆਰਾ ਲੇਖਕ ਘੁਗਿਆਣਵੀ 

ਡਾ ਕਿਰਪਾਲ ਸਿੰਘ ਔਲਖ

***

ਡਾ ਕਿਰਪਾਲ ਸਿੰਘ ਔਲਖ

ਮੈਂ ਹਾਲਾਂ ਤੀਕ ਵੀ ਨਿੰਦਰ ਘੁਗਿਆਣਵੀ ਨੂੰ ਕਦੇ ਨਹੀਂ ਮਿਲਿਆ ਹਾਂ। ਅਖਬਾਰਾਂ ਵਿਚ ਛਪਦੀਆਂ ਉਸਦੀਆਂ ਲਿਖਤਾਂ ਜਾਂ ਫੇਸ ਬੁੱਕ ਉਤੇ ਪੈਂਦੀਆਂ ਪੋਸਟਾਂ ਕਰਕੇ ਹੀ ਜਾਣਦਾ ਹਾਂ ਨਿੰਦਰ ਨੂੰ। ਮੇਰੀ ਪਤਨੀ ਜਸਬੀਰ ਕੌਰ ਨੇ ਕਈ  ਵਾਰੀ ਉਸਦੀ ਜੱਜ ਦਾ ਅਰਦਲੀ ਕਿਤਾਬ ਮੰਗੀ ਹੈ। ਹੁਣ ਸੈੱਟ ਆਰਡਰ ਕਰਿਆ ਹੈ। ਇਸ ਕਿਤਾਬ ਦਾ 13-ਵਾਂ ਐਡੀਸ਼ਨ ਮਿਲਿਆ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀ ਹੈ ਕਿ  ਇਸ ਸਮੇਂ  ਨਿੰਦਰ ਛੋਟੀ ਉਮਰ ਦਾ ਵੱਡਾ ਪੰਜਾਬੀ ਲੇਖਕ ਬਣ ਚੁੱਕਾ ਹੈ। ਉਮਰ ਉਸਦੀ 49 ਕੁ ਸਾਲ ਦਸਦੇ ਨੇ ਤੇ ਉਸਦੀਆਂ ਲਿਖੀਆਂ ਕਿਤਾਬਾਂ ਦੀ ਗਿਣਤੀ 69 ਹੋ ਚੁੱਕੀ ਹੈ। ਆਪ ਚਾਹੇ  ਉਹ ਦਸਵੀਂ ਫੇਲ ਹੈ, ਪਰ ਉਸ ਵੱਲੋ ਲਿਖੀਆਂ ਹੋਈਆਂ ਸਾਹਿਤਕ ਤੇ ਸਭਿਆਚਾਰਕ  ਵਿਸ਼ਿਆਂ ਉਪਰ ਵੱਖ ਵੱਖ ਕਿਤਾਬਾਂ ਨੂੰ ਐਮਏ ਅਤੇ ਬੀਏ ਦੇ ਸਿਲੇਬਸਾਂ ਤੇ ਸੀਬੀ ਐਸਸੀ ਵਿਚ ਪੜਾਇਆ  ਜਾ ਰਿਹਾ ਹੈ। 12  ਤੋਂ ਵਧੇਰੇ ਵਿਦਿਆਰਥੀ ਨਿੰਦਰ ਘੁਗਿਆਣਵੀ ਦੀਆਂ ਪੁਸਤਕਾਂ ਉਪਰ ਐਮ ਫਿਲ ਤੇ ਪੀ ਐਚ ਡੀ ਕਰ ਚੁੱਕੇ ਹਨ ਤੇ ਹਾਲਾਂ ਕਰੀ ਜਾ ਰਹੇ ਨੇ। ਕਈ  ਯੂਨੀਵਰਸਿਟੀਆਂ  ਨੇ ਨਿੰਦਰ ਘੁਗਿਆਣਵੀ ਤੋਂ  ਉਚੇਚਾ ਆਖ ਕੇ ਕਿਤਾਬਾਂ ਲਿਖਵਾਈਆਂ ਨੇ ਤੇ ਯੂਨੀਵਰਸਿਟੀਆਂ ਵੱਲੋਂ  ਹੀ ਪ੍ਰਕਾਸ਼ਿਤ ਕੀਤੀਆਂ  ਗਈਆਂ ਨੇ। ਉਸਦੀ ਲਿਖਤ ਅਰਦਲੀ ਵਾਲੀ ਕਿਤਾਬ ਅੰਗਰੇਜ਼ੀ  ਵਿਚ ਐਨ ਬੀ ਟੀ ਨੇ ਪ੍ਰਕਾਸ਼ਿਤ ਕੀਤੀ ਤੇ ਇਹੋ ਕਿਤਾਬ ਭਾਰਤ ਦੀਆਂ 12 ਜੁਬਾਨਾਂ ਵਿਚ ਅਨੁਵਾਦ ਹੋਈ। ਡੂੰਘੀ ਸੋਚ ਤੇ ਸਿੱਧੇ ਸਿੱਧੇ ਸ਼ਬਦ ਜੋ ਪੜਨ ਵਾਲੇ ਦੇ ਮਨ ਵਿਚ ਡੂੰਘੇ ਉਤਰ ਜਾਣ,  ਭਾਸ਼ਾ ਉਤੇ ਪਕੜ, ਸੰਖੇਪ ਗੱਲ, ਇਹ ਸਭ ਉਸਨੂੰ ਆਉਂਦਾ ਹੈ।ਫੇਸ ਬੁੱਕ ਉਤੇ ਬੜੇ ਧਿਆਨ ਨਾਲ ਉਸਦੀ ਲਿਖਤ ਪੜਦਾ ਹਾਂ। ਸੋ,ਧਰਤੀ ਨਾਲ ਜੁੜੇ ਅਜਿਹੇ  ਕੁਝ ਪਿਆਰੇ ਪੰਜਾਬੀ ਪੁੱਤਰਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਸੋਚਦਾ ਹਾਂ ਕਿ ਜਦ ਮੈਂ ਪੀ ਏ ਯੂ ਦਾ ਵਾਈਸ ਚਾਂਸਲਰ ਸਾਂ, ਕਦੇ ਉਸ ਸਮੇਂ ਨਿੰਦਰ ਘੁਗਿਆਣਵੀ ਮੈਨੂੰ ਦਿਖਾਈ ਦਿੰਦਾ, ਤਾਂ ਮੈਂ ਉਸਦੀ ਢੁਕਵੀਂ ਕਦਰ ਕਰਦਾ। ਪਰ ਉਦੋਂ ਉਹ ਕਾਫੀ ਛੋਟਾ ਹੋਵੇਗਾ। ਕਾਫੀ ਸਾਲ ਹੋਏ, ਉਦੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ  ਡਾ ਐਸ ਐਸ ਬੋਪਾਰਾਏ ਨੇ  ਨਿੰਦਰ  ਵਰਗੇ ਹੀ ਇਕ ਕਹਾਣੀਕਾਰ  ਕਿਰਪਾਲ ਕਜਾਕ ਦੀ ਕਦਰ ਪਾਈ ਸੀ। ਸਿਰਫ ਤੇ ਸਿਰਫ ਅੱਠਵੀਂ ਪਾਸ ਲੇਖਕ ਤੇ ਉਸ ਨੂੰ ਉਸਦੀ ਸਾਹਿਤਕ ਲੇਖਣੀ ਤੇ ਭਰਵੀਂ ਦੇਣ ਸਦਕਾ ਪ੍ਰੋਫੈਸਰ ਦੀ ਉਪਾਧੀ ਦੇ ਦਿੱਤੀ  ਸੀ। ਬੜਾ ਸਵਾਗਤ ਹੋਇਆ ਸੀ।

ਮੈਨੂੰ ਪਤਾ ਹੈ ਕਿ ਮੇਰੇ ਤੋਂ ਪਹਿਲੇ ਦਾ  ਉਹ ਵੀ ਸਮਾਂ ਬੜਾ ਨੇਕ ਸਮਾਂ ਸੀ, ਜਦ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪ੍ਰੋ ਮੋਹਨ ਸਿੰਘ ਪ੍ਰੋਫੈਸਰ ਆਫ ਅਮੈਰੀਟਿਸ ਸਨ, ਤੇ  ਉਹਨਾਂ ਨੇ  ਉਸ ਸਮੇਂ ਦੇ  ਉਭਰਦੇ ਸ਼ਾਇਰ ਤੇ ਬਾਅਦ ਵਿਚ ‘ਪਦਮ ਸ਼੍ਰੀ’ ਬਣੇ ਸੁਰਜੀਤ ਪਾਤਰ ਨੂੰ ਯੂਨੀਵਰਸਿਟੀ ਖੋਜ ਸਹਾਇਕ ਦੇ ਤੌਰ ਉਤੇ ਲਿਆਂਦਾ ਸੀ ਤੇ ਫਿਰ ਪਾਤਰ ਜੀ ਪ੍ਰੋਫੈਸਰ ਰਿਟਾਇਰ ਹੋਏ ਸਨ। ਇਵੇਂ ਹੀ  ਡਾ ਐਮ ਐਸ ਰੰਧਾਵਾ ਵਾਈਸ ਚਾਂਸਲਰ ਸਨ, ਤਾਂ ਉਹ ਸਾਡੇ ਮਾਣਯੋਗ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੂੰ ਸਾਡੀ ਯੂਨੀਵਰਸਿਟੀ ਲੈ ਕੇ ਆਏ। ਇਵੇਂ ਹੀ ਉਘੇ ਕਵੀ ਅਜਾਇਬ ਚਿੱਤਰਕਾਰ ਤੇ ਉਰਦੂ ਦੇ ਸ਼ਾਇਰ ਕ੍ਰਿਸ਼ਨ ਅਦੀਬ ਲੇਖਕ ਹੋਣ ਕਰ ਕੇ ਸਾਡੀ ਪੀ ਏ ਯੂ ਵਿੱਚ ਵਧੀਆ ਮਾਣ ਸਨਮਾਨ ਨਾਲ  ਰਹੇ।

ਨਿੰਦਰ ਘੁਗਿਆਣਵੀ  ਦਾ ਹੁਣ ਤੱਕ ਦਾ ਸਾਹਿਤਕ ਸਫਰ ਬੜੇ ਉਤਰਾਵਾਂ ਚੜਾਵਾਂ ਵਾਲਾ ਤੇ ਕਰੜੇ ਸੰਘਰਸ਼ ਨਾਲ ਜੂਝਣ ਵਾਲਾ ਰਿਹਾ ਹੈ। ਅਦਾਲਤਾਂ ਦੇ ਪੀਅਨ ਤੋਂ ਲੈਕੇ ਭਾਸ਼ਾ ਵਿਭਾਗ ਵਿਚ ਮਾਲੀ ਦਾ ਕੰਮ ਵੀ ਉਸਨੂੰ ਕਰਨਾ ਪਿਆ ਸੀ। ਹਲਾਤ ਬੰਦੇ ਨੂੰ ਰੋਲ ਦਿੰਦੇ ਨੇ ਪਰ ਅਸ਼ਕੇ ਜਾਈਏ, ਉਹ ਤਾਂ ਆਪਣੀ ਕਲਮ  ਦੇ ਮੋਹ ਮਾਣ ਸਦਕਾ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਵੀ ਕਿੰਨੇ ਕਿੰਨੇ ਵਾਰ ਗਾਹ ਆਇਆ। ਇਰਾਦੇ ਪੱਕੇ ਹੋਣ ਤਾਂ ਮਨੁੱਖ ਕੀ ਨਹੀ ਕਰ ਸਕਦਾ। ਹਾਲੇ ਬੜਾ ਕੁਝ ਕਰਨਾ ਬਾਕੀ ਹੈ। ਬੜੇ ਬੜੇ ਕਲਾਕਾਰਾਂ, ਸਾਹਿਤਕਾਰਾਂ, ਸਭਿਆਚਾਰਕ  ਤੇ ਕਲਾ ਸੰਸਾਰ ਦੇ ਹੀਰੇ ਬੰਦਿਆਂ ਨਾਲ ਨਿੰਦਰ ਖੂਬ ਵਿਚਰਿਆ ਤੇ ਆਪਣਾ ਦਾਇਰਾ ਵੱਡਾ ਕਰੀ ਗਿਆ।

ਮੈਨੂੰ ਹਾਲਾਂ ਵੀ ਯਾਦ ਹੈ, ਇਹ ਦੇਰ ਦੀ ਗੱਲ ਹੈ ਕਿ ਸਾਡੇ ਘਰ ਦੇ ਬੂਹੇ ਅੱਗੇ ਇਕ ਮੁੰਡਾ ਬੈੱਲ ਲਾਉਣ ਆਇਆ। ਗੱਲਾਂ ਕਰਦੇ ਕਰਦੇ ਉਹ ਬੜਾ ਹੁਸ਼ਿਆਰ  ਤੇ ਪੜਿਆ ਲਿਖਿਆ ਲੱਗਿਆ। ਹਾਲਾਤ ਠੀਕ ਨਹੀ ਸਨ ਤੇ ਬੈਲਾਂ ਲਾਉਂਦਾ ਫਿਰ ਰਿਹਾ ਸੀ। ਮੈਂ ਪੜਾਈ ਪੁੱਛੀ ਤਾਂ ਉਸਨੇ ਕਈ ਡਿਗਰੀਆਂ ਕਰੀਆਂ ਹੋਈਆਂ ਸਨ। ਮੈਂ ਸਮਝਾਇਆ ਕਿ ਤੂੰ ਬੈਂਕਾਂ ਲਈ ਨੌਕਰੀਆਂ ਭਰ,ਪੱਕਾ ਲਗ ਜਾਏਂਗਾ। ਸੋ, ਉਸ ਦਿਨ ਤੋਂ ਉਹ ਯਤਨ ਕਰਦਾ ਰਿਹਾ। ਬੜੇ ਸਾਲਾਂ ਬਾਅਦ ਮਿਲਣ ਆਇਆ। ਕਹਿੰਦਾ, ਸਰ ਮੈਂ ਅਜਕਲ ਇਕ ਵੱਡੀ ਬੈਂਕ ਵਿਚ ਮੈਨੇਜਰ ਹਾਂ ਉਹੋ ਮੁੰਡਾ ਹਾਂ, ਜੋ ਬੈੱਲ ਲਾਉਣ ਆਇਆ ਸਾਂ।ਸੋ, ਲਗਦਾ ਹੈ ਕਿ ਨਿੰਦਰ ਘੁਗਿਆਣਵੀ ਵੀ ਛੇਤੀ ਹੀ ਆਪਣੇ ਜੱਜ ਸਾਹਿਬ ਨੂੰ ਮਿਲਣ ਜਾਏਗਾ ਤੇ ਆਖੇਗਾ ਕਿ ਸਰ ਮੈਂ ਆਪ ਦਾ ਅਰਦਲੀ ਨਿੰਦਰ ਹਾਂ, ਅਜਕਲ ਕੇਂਦਰੀ ਯੂਨਿਵਰਸਿਟੀ ਬਠਿੰਡਾ ਵਿਖੇ ਪ੍ਰੋਫੈਸਰ ਆਫ ਪ੍ਰੈਕਟਿਸ ਹਾਂ। ਸੋ, ਮੈਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਆਰ ਪੀ ਤਿਵਾੜੀ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਹਨਾਂ ਨੇ ਪੰਜਾਬੀ ਬੋਲੀ ਦਾ ਸਤਿਕਾਰ ਕੀਤਾ ਹੈ, ਇਹ ਲਗਾਤਾਰ ਹੋਣਾ ਚਾਹੀਦਾ ਹੈ। ਇਸ ਲੇਖ ਦਾ ਅੰਤ ਸੁਰਜੀਤ ਪਾਤਰ  ਦੇ ਲਿਖੇ ਸ਼ਬਦਾਂ ਨਾਲ ਢੁਕਵਾਂ ਰਹੇਗਾ:

 ਮੈਂ ਤਾਂ ਸੜਕਾਂ ‘ਤੇ ਵਿਛੀ ਬਿਰਖਾਂ ਦੀ ਰੇਤ ਹਾਂ 

ਮੈਂ ਨਹੀਂ ਮਿਟਣਾ ਸੌ ਵਾਰੀ ਲੰਘ ਮਸਲ ਕੇ।

8146574487

( ਸਾਬਕਾ ਵਾਈਸ ਚਾਂਸਲਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ)

Show More

Related Articles

Leave a Reply

Your email address will not be published. Required fields are marked *

Back to top button
Translate »