ਕਲਮੀ ਸੱਥ

ਕੰਧਾਂ ਦੇ ਓਹਲੇ

ਪੁਸਤਕ ਸਮੀਖਿਆ                                               ਕੰਧਾਂ ਦੇ ਓਹਲੇ

`ਕੰਧਾਂ ਦੇ ਓਹਲੇ` 135 ਸਫ਼ਿਆਂ ਦਾ ਕਾਵਿ-ਸੰਗ੍ਰਹਿ ਹੈ ਜਿਸ ਦੇ ਅੱਠ ਭਾਗਾਂ ਵਿਚ ਨੱਬੇ ਕਵਿਤਾਵਾਂ ਸ਼ਾਮਲ ਹਨ। ਇਸ ਦੀ ਲੇਖਿਕਾ ਸੰਦੀਪ ਕੌਰ ਰੂਹਵ ਬਠਿੰਡਾ ਜ਼ਿਲੇ ਦੀ ਫੂਲ ਤਹਿਸੀਲ ਦੇ ਪਿੰਡ ਨੰਦਗੜ੍ਹ ਕੋਟੜਾ ਦੀ ਜੰਮ-ਪਲ਼ ਹੈ। ਉਸ ਨੇ ਥਾਪਰ ਡੀਮਡ ਯੂਨੀਵਰਸਿਟੀ ਤੋਂ ਐਮ.ਟੈੱਕ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਅੱਜ ਕੱਲ੍ਹ ਕੈਲਗਰੀ (ਕੈਨੇਡਾ) ਵਿਚ ਰਹਿ ਰਹੀ ਹੈ। ਇਸ ਕਿਤਾਬ ਵਿਚਲੀਆਂ ਸਾਰੀਆਂ ਕਵਿਤਾਵਾਂ ਇੱਕ ਪੰਜਾਬਣ ਕੁੜੀ ਦੇ ਮਨੋਭਾਵਾਂ, ਅਹਿਸਾਸਾਂ, ਰੀਝਾਂ, ਚਾਵਾਂ, ਸੱਧਰਾਂ, ਮਲ੍ਹਾਰਾਂ, ਵਲਵਲਿਆਂ, ਸ਼ਿਕਵਿਆਂ, ਨਿਹੋਰਿਆਂ, ਪੀੜਾਂ, ਪਛਤਾਵਿਆਂ, ਲਾਚਾਰੀਆਂ ਅਤੇ ਬਗ਼ਾਵਤਾਂ ਦਾ ਡੁਲ੍ਹ-ਡੁਲ੍ਹ ਪੈਂਦਾ ਪ੍ਰਗਟਾਵਾ ਹਨ। ਉਹ ਆਪ ਵੀ ਇਨ੍ਹਾਂ ਕਵਿਤਾਵਾਂ ਨੂੰ ` ਮੇਰੇ ਮਨ ਦੀਆਂ ਕੰਧਾਂ ਓਹਲੇ ਨਿੱਤ ਜੰਮਦੇ, ਪਲ਼ਦੇ ਤੇ ਮਰਦੇ ਖ਼ਿਆਲਾਂ, ਜਜ਼ਬਾਤਾਂ ਤੇ ਅਹਿਸਾਸਾਂ ` ਦਾ ਰੂਪ ਮੰਨਦੀ ਹੈ। ਕਿਉਂਕਿ ਇਹ ਅਹਿਸਾਸ ਅਤੇ ਜਜ਼ਬਾਤ ਹਰੇਕ ਧੀ-ਧਿਆਣੀ ਦੇ ਹਿੱਸੇ ਆਉਂਦੇ ਹਨ, ਇਸੇ ਕਰ ਕੇ ਉਹ ਇਨ੍ਹਾਂ ਕਵਿਤਾਵਾਂ ਨੂੰ ` ਮੇਰੇ ਤੇ ਤੇਰੇ ਵਰਗੇ ਕਿੰਨੇ ਹੀ ਆਪਣਿਆਂ ਦੇ ਮਨਾਂ `ਦੀਆਂ ਕੰਧਾਂ `ਤੇ ਉਕਰੀਆਂ ਇਬਾਰਤਾਂ` ਦਾ ਨਾਮ ਦਿੰਦੀ ਹੈ।

                ਸੰਦੀਪ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਜੋ ਸੁਪਨੇ ਸਿਰਜੇ, ਜਿਸ ਤਰ੍ਹਾਂ ਦਾ ਘਰ -ਪਰਿਵਾਰ, ਆਂਢ-ਗੁਆਂਢ ਅਤੇ ਸਮਾਜ ਅੰਦਰ  ਕੁੜੀਆਂ ਜਾਂ ਔਰਤਾਂ ਪ੍ਰਤੀ ਵਰਤਾਰਾ ਵੇਖਿਆ, ਜਾਚਿਆ, ਉਸ ਨੂੰ ਉਸ ਦੀ ਕਾਵਿ-ਸੰਵੇਦਨਾ ਨੇ ਹਰਫ਼ਾਂ ਵਿਚ ਅਨੁਵਾਦਿਆ ਜੋ ਕਵਿਤਾਵਾਂ ਦਾ ਰੂਪ ਧਾਰਦੇ ਗਏ। ਸੋ ਉਸ ਵਿਚ ਇਕ ਕਵੀ ਦੇ ਮੁੱਢਲੇ ਗੁਣ ਪਹਿਲਾਂ ਤੋਂ ਹੀ ਬੀਜ ਵਾਂਗ ਮੌਜੂਦ ਸਨ, ਜਿਵੇਂ ਕਿਸੇ ਵਰਤਾਰੇ ਨੂੰ ਗਹਿਰਾਈ ਨਾਲ ਵਾਚਣਾ ਤੇ ਇਸ ਦੇ ਪ੍ਰਭਾਵ ਨੂੰ ਆਪਣੇ ਚਿੰਤਨ ਵਿਚ ਜਜ਼ਬ ਕਰ ਲੈਣਾ। ਉਸ ਦੀਆਂ ਕਵਿਤਾਵਾਂ ਵਿਚ ਖਿਆਲਾਂ ਦੀ ਉਡਾਣ ਵੀ ਹੈ ਅਤੇ ਸੰਵੇਦਨਾ ਦੀ ਗਹਿਰਾਈ ਵੀ। ਇਸ ਦੇ ਹਰਫ਼ ਪੰਜਾਬ,ਖਾਸ ਕਰ ਕੇ ਮਾਲਵੇ ਦੇ ਉਸ ਖਿੱਤੇ ਦੀ ਪੇਂਡੂ ਜ਼ਬਾਨ ਦੀ ਸਹੀ ਅਤੇ ਜਿਉਂ-ਦੀ-ਤਿਉਂ ਤਰਜਮਾਨੀ ਕਰਦੇ ਹਨ। ਉਸਨੇ ਕਿੰਨੇ ਹੀ ਲਫ਼ਜ਼ਾਂ ਨੂੰ ਅਲੋਪ ਹੋਣ ਤੋਂ ਬਚਾ ਲਿਆ ਹੈ, ਉਦਾਹਰਣ ਵਜੋਂ -ਬੱਠਲ਼ੀ, ਝਲਾਨੀ,ਤਪਲਾ, ਬੰਬਲ਼, ਬਾਟੀ, ਝੱਸਣਾ, ਮਿਰਚਾਂ ਝੁਹਾਉਂਦੀ, ਨਿਆਣ-ਮੱਤ, ਦੇਹਲ਼ੀ, ਕੌਲਾ, ਸਹੇਜਣਾ, ਅਲ਼ਕਤ, ਸੂਗ, ਆਹਰੀ, ਅੜਬਾਈ, ਤੌੜੇ, ਘਰੋੜੇ ਮੰਜੇ, ਔਤਰੀ ਆਦਿ।

                ਸੰਦੀਪ ਨੇ ਰਿਸ਼ਤਿਆਂ ਨੂੰ ਵੇਖਿਆ, ਪਰਖਿਆ, ਹੰਢਾਇਆ ਅਤੇ ਇਨ੍ਹਾਂ ਦੀ ਬਣਦੀ ਕਦਰ ਪਾਈ ਹੈ। ਕਵਿਤਾ ` ਪਿਓ ` ਆਮ ਘਰ ਦੇ ਪਰਿਵਾਰਕ ਮੁਖੀ ਦੀ ਟੱਬਰ ਖਾਤਰ ਜੱਦੋ-ਜਹਿਦ ਅਤੇ ਨਿਸਵਾਰਥ ਘਾਲਣਾ ਦੀ ਤਸਵੀਰ ਪੇਸ਼ ਕਰਦੀ ਹੈ –

ਬੱਠਲ਼ੀ ਦੇ ਇਕ ਪਾਸੇ ਦਾਣਿਆਂ ਦੀ ਚੋਗ / ਚਿੜੀ ਜਨੌਰਾਂ ਲਈ ਧਰਦਾ —/ ਔਲਾਦ ਦੀਆਂ ਮੰਗਾਂ ਪੂਰੀਆਂ ਕਰਦੇ ਹੋਏ ਬਾਪ ਦੇ / ਮੱਥੇ `ਤੇ ਵੱਟ ਨਹੀਂ ਹੁੰਦਾ / ਤੇ ਬੱਚਿਆਂ ਲਈ ਵੀ  ਪਿਓ ਉਹਨਾਂ ਦਾ / ਕਿਸੇ ਰਾਜੇ ਤੋਂ ਘੱਟ ਨਹੀਂ ਹੁੰਦਾ। ਕਵਿਤਾ ` ਵੱਡ ਵਡੇਰਿਆਂ ਦਾ ਘਰ ` ਇਕ ਆਮ ਘਰ ਦੀ ਬਣਤਰ ਦਾ ਸਹੀ ਤੇ ਮੁਕੰਮਲ ਨਕਸ਼ਾ ਪੇਸ਼ ਕਰਦੀ ਹੈ – ( ਸਬ੍ਹਾਤ, ਕੋਠੜੀਆਂ), ਝਲਾਨੀ (ਰਸੋਈ), ਵਰਾਂਡਾ, ਬੈਠਕ ਵਿਹੜਾ, ਵਿਹੜੇ ਵਿਚ ਕੋਈ ਰੁੱਖ, ਤਰਿੰਜਣਾਂ ਵੇਲ਼ੇ ਚਰਖਿਆਂ ਦੀ ਘੂਕ, ਤ੍ਰੀਮਤਾਂ ਦੇ ਗਾਉਣ ਦੀ ਗੂੰਜ ਤੇ ਕੁੜੀਆਂ- ਚਿੜੀਆਂ ਦੇ ਚਹਿਕਣ ਦੀ ਆਵਾਜ਼। ਕੁਝ ਸਤਰਾਂ – ਕਮਰਿਆਂ ਸਾਹਮਣੇ ਵੱਸਦਾ ਐ, ਮੇਰੇ ਬਾਪ ਦਾ ਖੁੱਲ੍ਹਾ ਵਿਹੜਾ / ਐਸ ਵਿਹੜੇ ਦੀ ਮਿੱਟੀ `ਚ ਰਚਿਆ ਐ, ਸਬਰ, ਸੰਤੋਖ ਤੇ ਖੇੜਾ। ਪਿੰਡ ਦੇ ਲੋਕ ਸਿੱਧੇ ਸਾਦੇ, ਖੁੱਲ੍ਹੇ ਸੁਭਾਅ ਵਾਲ਼ੇ, ਅਣਖੀ, ਮਿਹਨਤੀ, ਸੱਚੇ-ਸੁੱਚੇ ਕਿਰਦਾਰ ਵਾਲੇ ਅਤੇ ਸਖੀ ਹੁੰਦੇ ਹਨ। ਕਵਿਤਾ ` ਪਿੰਡਾਂ ਵਾਲੇ ` ਦੀ ਸਤਰ ਹੈ – – ਤੇਰ-ਮੇਰ ਦਾ ਫ਼ਰਕ ਨਾ ਜਾਣਦੇ, ਸਭ ਦਾ ਮੰਗਣ ਭਲਾ। ਕਵਿਤਾ ` ਬਰਕਤਾਂ ਵਾਲੇ ਘਰ` ਸੰਦੀਪ ਦਾ ਹੁਸੀਨ ਸੁਪਨਾ ਹੈ। ਉਹ ਘਰ ਜਿੱਥੇ ਭਰਾਵਾਂ ਦਾ ਏਕਾ ਹੋਵੇ, ਤ੍ਰੀਮਤਾਂ ਦੇ ਹਾਸੇ ਦੀ ਮਹਿਕ ਆਵੇ, ਧੀਆਂ ਦੇ ਸੁਫਨੇ ਤੇ ਰੀਝਾਂ ਇੱਜ਼ਤਾਂ ਲਈ ਦਫ਼ਨ ਨਾ ਹੋਣ, ਓਥੇ ਬਰਕਤਾਂ ਆਪ ਮੁਹਾਰੀਆਂ ਆਉਣ ।

                ਸੰਦੀਪ ਮਾਂ ਦੇ ਰਿਸ਼ਤੇ ਨੂੰ ਆਪ ਮਾਂ ਬਨਣ ਮਗਰੋਂ ਬਿਹਤਰ ਸਮਝ ਸਕੀ ਹੈ – ਹੁਣ ਜਦੋਂ ਆਪ ਮੈਂ ਧੀ ਦੀ ਮਾਂ ਬਣੀ ਆਂ / ਮਾਂ ਦੀਆਂ ਆਲ਼ੀਆਂ-ਭੋਲ਼ੀਆਂ ਜੀਆਂ ਗੱਲਾਂ ਦੀ ਮੈਨੂੰ ਹੁਣ ਸਮਝ ਆਉਂਦੀ। ( ਮੈਂ ਤੇ ਮਾਂ )। ਜਿਵੇਂ ਕਹਿੰਦੇ ਹਨ ਕਿ ਜਦੋਂ ਕਿਸੇ ਸਖ਼ਸ਼ ਤੋਂ ਵਿਰਵੇ ਹੋ ਜਾਈਏ ਤਾਂ ਓਦੋਂ ਉਸ ਦੀ ਅਸਲੀ ਅਹਿਮੀਅਤ ਦਾ ਪਤਾ ਲਗਦਾ ਹੈ, ਉਵੇਂ ਮਾਂ ਦੇ ਤੁਰ ਜਾਣ ਮਗਰੋਂ ਅਹਿਸਾਸ ਜਾਗਦੇ ਹਨ – ਮਾਵਾਂ ਦੇ ਜਾਣ ਮਗਰੋਂ ਘਰ ਦੀ / ਰੂਹ ਹੀ ਉੱਡ-ਪੁੱਡ ਜਾਵੇ। ( ਘਰ ਦੀ ਰੂਹ )। ਮਾਵਾਂ ਘਰ ਦੇ ਸਾਰੇ ਧੰਦੇ ਕਰਦੀਆਂ, ਖਿਲਾਰੇ ਸਮੇਟਦੀਆਂ, ਬਹੁਤ ਕੁਛ ਸਹਿੰਦੀਆਂ, ਹਰ ਔਖ-ਸੌਖ ਵੇਲ਼ੇ ਸਹਿਜ ਰਹਿੰਦੀਆਂ, ਸਬਰ-ਸੰਤੋਖ ਰਖਦੀਆਂ, ਘੱਟ ਖਾ-ਪਾ ਕੇ ਆਪਣੀਆਂ ਖਾਹਿਸ਼ਾਂ ਦਾ ਤਿਆਗ ਕਰਦੀਆਂ ਤੇ ਔਲ਼ਾਦ ਖਾਤਰ ਸੌ ਵੇਲਣ ਵੇਲਦੀਆਂ ਹਨ। ਇਸ ਦਾ ਅਹਿਸਾਸ ਆਉਣ `ਤੇ ਮਾਂ ਦੀ ਯਾਦ ਵੀ ਇੰਝ ਆਉਂਦੀ ਹੈ – ਕਦੇ ਜੇ ਮਨ-ਮਰਜ਼ੀਆਂ ਕਰਨ ਦੇ / ਖਿਆਲ ਆਉਣ ਵੀ ਤਾਂ ਉਨ੍ਹਾਂ ਨੂੰ / ਜੁੱਤੀ `ਤੇ ਮਿੱਟੀ ਵਾਂਗ ਝਾੜ ਦਿੰਦੀਆਂ। (ਮਾਂ)। ਆਮ ਕਿਹਾ ਕਰਦੇ ਹਨ ਕਿ ਕੁੜੀਆਂ ਤਾਂ ਕਿਸਮਤ-ਪੁੜੀਆਂ ਹੁਦੀਆਂ ਹਨ, ਪਤਾ ਨਹੀਂ ਵਿਚਾਰੀਆਂ ਦੇ ਕਿਹੋ ਜਿਹੇ ਲੇਖ ਉਘੜਨ। ਉਨ੍ਹਾਂ ਦੇ ਸਾਰੇ ਸੁਪਨੇ ਘੱਟ ਹੀ ਸਾਕਾਰ ਹੁੰਦੇ ਹਨ। ਭਲਾ ਉਨ੍ਹਾਂ ਨਾਲ਼ ਕੀਤੇ ਇਕਰਾਰ ਕਦੋਂ ਪੁਗਾਏ ਜਾਂਦੇ ਹਨ। ਉਹ ਲਿਖਦੀ ਹੈ – ਸਾਰੇ ਵਾਅਦਿਆਂ ਦੀ ਕਿਸਮਤ `ਚ ਨਹੀਂ ਲਿਖਿਆ ਹੁੰਦਾ / ਪੂਰੇ ਹੋਣਾ। (ਅਧੂਰੇ ਵਾਅਦੇ)। ਇਕ ਹੋਰ ਕਵਿਤਾ ਉਸ ਦੀ ਕਾਵਿ-ਸੰਵੇਦਨਾ ਅਤੇ ਕਾਵਿ-ਜੁਗਤ ਦੀ ਸਿਖਰ ਮੰਨੀਂ ਜਾ ਸਕਦੀ ਹੈ ਜਦੋਂ ਉਹ ਰਿਸ਼ਤਿਆਂ ਨੂੰ ਇਸ ਹੁਨਰ ਨਾਲ਼ ਬਿਆਨਦੀ ਹੈ – ਪਿੱਛੋਂ ਮਾਂ ਦੀ ਆਵਾਜ਼ ਆਉਣੀ / ਪੁੱਤ। ਨਾਜ਼ੁਕ ਚੀਜ਼ਾਂ ਨੇ, / ਬੋਚ-ਬੋਚ ਕੇ ਚੱਕੀਦੀਆਂ / ਤੇ ਸਾਂਭ-ਸਾਂਭ ਕੇ ਰੱਖੀਦੀਆਂ। —- ਅੱਜ-ਕੱਲ੍ਹ ਮੇਰੇ ਆਲ਼ੇ-ਦੁਆਲ਼ੇ ਦੇ ਰਿਸ਼ਤੇ ਵੀ  ਮੇਰੀ ਰਸੋਈ `ਚ ਰੱਖੇ / ਕੱਚ ਦੇ ਭਾਂਡਿਆਂ ਵਰਗੇ ਹੋ ਗਏ ਨੇ / — ਜਮਾਂ ਈ ਟੁੱਟ ਜਾਂਦੇ ਨੇ/ ਤਿੜਕਿਆਂ ਨੂੰ ਜੋੜਨ ਦੀ ਕੋਸ਼ਿਸ਼ `ਚ / ਮੈਂ ਕਈ ਵਾਰ ਆਪਣੇ ਹੱਥ ਲਹੂ-ਲੁਹਾਣ ਕਰਵਾਏ ਨੇ। (ਨਾਜ਼ੁਕ ਚੀਜ਼ਾਂ)।

                ਉਮਰ ਦਾ ਉਹ ਪੜਾਅ ਜਦੋਂ ਪੈਰ ਧਰਤੀ `ਤੇ ਨਹੀਂ ਟਿਕਦੇ, ਸੁਪਨੇ ਅੰਬਰੀਂ ਉਡਾਣ ਭਰਦੇ ਨੇ, ਮਾਪੇ ਘਰ ਦੀ ਮੋਹ ਪਿਆਰ ਵਾਲ਼ੀ ਮੁਹੱਬਤ ਨਵੇਂ ਅਰਥ ਟੋਲਦੀ ਹੈ, ਰੀਝਾਂ ਦਾ ਹਾਣ ਲਭਦੀ ਹੈ, ਉਦੋਂ ਹਰ ਕੋਈ ਮੁਟਿਆਰ ਇਸ ਤਰ੍ਹਾਂ ਦੀ ਮੁਹੱਬਤ ਤਲਾਸ਼ਦੀ ਹੈ – — ਉਹ ਮੇਰੇ ਨਾਲ਼ ਹਰੇਕ ਦਿਨ ਦੇ ਹਰੇਕ ਪਲ ਨੂੰ / ਵੈਲੈਨਟਾਈਨ ਡੇ ਵਾਂਗੂੰ ਮਨਾਉਂਦਾ। (ਮੋਹੱਬਤ ਦਾ ਦਿਨ)। — ਰਾਣੀਆਂ ਵਾਂਗੂੰ ਇੱਜ਼ਤ ਦਿੰਦੇ ਤੇ / ਮਹਿਬੂਬਾ ਵਾਂਗੂੰ ਚਾਹੁੰਦੇ ਨੇ। (ਕਰਮਾਂ ਵਾਲ਼ੀਆਂ ਕੁੜੀਆਂ)। — ਰੱਬ ਦੀ ਨੇਮਤ ਹੁੰਦਾ / ਜਿਹਦਾ ਮੂੰਹ ਬੇਸ਼ੱਕ ਨਾ ਪਰ ਦਿਲ ਕਹਿੰਦਾ ਹੋਵੇ / ਤੈਨੂੰ ਮੈਂ ਮੋਹੱਬਤ ਕਰਦਾਂ। (ਤੈਨੂੰ ਮੈਂ ਮੋਹੱਬਤ ਕਰਦਾਂ)। ਸਾਡੇ ਸਮਾਜ ਵਿਚ ਇਹ ਲਾਹਨਤ ਸਦੀਆਂ ਤੋਂ ਰਹੀ ਹੈ ਕਿ ਕੁੜੀ ਦਾ ਜਨਮ ਲੈਣਾ ਅਪਸ਼ਗਨ ਮੰਨਿਆਂ ਜਾਂਦਾ ਰਿਹਾ ਹੈ । ਉਸ ਨੂੰ ਪੱਥਰ ਆਖ ਕੇ ਦੁਰਕਾਰਿਆ ਜਾਂਦਾ ਰਿਹਾ ਹੈ। ਉਸ ਨਾਲ਼ ਘਰ ਵਿਚ ਕਈ ਤਰ੍ਹਾਂ ਦਾ ਵਿਤਕਰਾ ਕੀਤਾ ਜਾਂਦਾ ਰਿਹਾ ਹੈ। ਮੁੰਡੇ ਨੂੰ ਕੱਚਾ ਦੁੱਧ ਪਰ ਕੁੜੀ ਨੂੰ ਮਲ਼ਾਈ ਲਾਹੁਣ ਮਗਰੋਂ ਬਚਿਆ ਕਾੜ੍ਹਨੀ ਦਾ ਦੁੱਧ ਦਿੱਤਾ ਜਾਂਦਾ। ਅੰਦਰ-ਬਾਹਰ ਜਾਣ `ਤੇ ਕਈ ਤਰ੍ਹਾਂ ਦੀਆਂ ਬੰਦਸ਼ਾਂ, ਚੰਗੇ ਕੱਪੜੇ ਪਹਿਨਣ `ਤੇ ਪਾਬੰਦੀਆਂ ਅਤੇ ਹੋਰ ਕਈ ਕਿਸਮ ਦੀਆਂ ਮਨਾਹੀਆਂ ਵਿਚਾਰੀਆਂ ਧੀਆਂ-ਧਿਆਣੀਆਂ ਦੇ ਲੇਖੇ ਆਉਂਦੀਆਂ। ਕਈ ਪਾਸਿਓਂ ਵਰਜਣਾ, ਟੋਕਣਾ ਅਤੇ ਨਸੀਹਤਾਂ ਦੇਣੀਆਂ ਉਨ੍ਹਾਂ ਦੇ ਹਿੱਸੇ ਆਉਂਦੀਆਂ। ਖੁੱਲ੍ਹ ਕੇ ਹੱਸਣਾ, ਖੇਡਣਾ, ਸ਼ਿੰਗਾਰ ਕਰਨਾ ਕੰਵਾਰੀਆਂ ਦੇ ਨਸੀਬ `ਚ ਨਹੀਂ ਸੀ ਹੁੰਦਾ। ਉਨ੍ਹਾਂ ਦੀ ਹਰੇਕ ਹਰਕਤ ਉੱਤੇ ਕਰੜੀ ਨਿਗਾਹ ਰੱਖੀ ਜਾਂਦੀ। ਮੋਕਲ਼ੇ ਘਰਾਂ ਵਿਚ ਤੰਗਦਿਲੀ ਦਾ ਮੁਜ਼ਾਹਰਾ ਹੁੰਦਾ ਸੀ। ਇਹ ਦਰਿਆਉਤਾਂ, ਇਨ੍ਹਾਂ ਦੇ ਪਛਤਾਵਿਆਂ ਅਤੇ ਇਨ੍ਹਾਂ ਕੰਜਕਾਂ ਦੇ ਕੋਮਲ ਮਨਾਂ ਉਪਰ ਪਏ ਡੂੰਘੇ ਜ਼ਖ਼ਮਾਂ ਦਾ ਝਲਕਾਰਾ ਇਨ੍ਹਾਂ ਕਵਿਤਾਵਾਂ ਵਿਚ ਮਿਲਦਾ ਹੈ। ਸੰਦੀਪ ਦੀਆਂ ਲੰਮੀਆਂ ਕਵਿਤਾਵਾਂ ਵਿਚ `ਧੀਆਂ ਦੀ ਮਲਕੀਅਤ` ਅਤੇ `ਗ਼ਰੀਬ ਘਰਾਂ ਦੀਆਂ ਕੁੜੀਆਂ` ਉਦਾਹਰਣ ਵਜੋਂ ਲੈ ਸਕਦੇ ਹਾਂ ਜਿਨ੍ਹਾਂ ਵਿਚ ਧੀ ਦੀ ਪੂਰੀ ਆਤਮ-ਕਥਾ ਬੜੀ ਸੂਖਮਤਾ ਤੇ ਸਚਾਈ ਨਾਲ਼ ਬਿਆਨੀ ਗਈ ਹੈ ਜਿਸ ਨੂੰ ਪੜ੍ਹਨ ਮਗਰੋਂ ਪਾਠਕ ਦਾ ਡੂੰਘੀ ਸੋਚ ਵਿਚ ਡੁੱਬਣਾ ਸੁਭਾਵਕ ਹੈ — ਸਾਡੇ `ਤੇ ਮਰਜ਼ੀਆਂ ਚਲਾਈਆਂ ਜਾਂਦੀਆਂ / ਮੱਝਾਂ ਗਾਈਆਂ ਵਾਂਗ ਇਕ ਘਰ ਤੋਂ / ਦੂਜੇ ਘਰ ਪਹੁੰਚਾਈਆਂ ਜਾਂਦੀਆਂ —- ਅਸੀਂ ਕਦੋਂ ਰੀਝਾਂ ਨਾਲ਼ ਵਿਆਹੀਆਂ ਜਾਂਦੀਆਂ ? ਅਸੀਂ ਤਾਂ ਉਹ ਜ਼ਿੰਮੇਵਾਰੀਆਂ ਹੁੰਦੀਆਂ ਜਿਹੜੀਆਂ / ਵਿਆਹ ਦੇ ਨਾਉਂ `ਤੇ ਗਲ਼ਾਂ `ਚੋਂ ਲਾਹੀਆਂ ਜਾਂਦੀਆਂ।

                ਸੰਦੀਪ ਨਾ ਸਿਰਫ਼ ਦੁਰ-ਵਿਹਾਰ ਬਾਰੇ ਖੁੱਲ੍ਹ ਕੇ ਖੁਲਾਸੇ ਕਰਦੀ ਹੈ ਸਗੋਂ ਅੱਜ ਦੀ ਕੁੜੀ ਦੇ ਹਾਣ ਦੀ ਹੋ ਕੇ ਇਸ ਸਭ ਕਾਸੇ ਤੋਂ ਨਾਬਰ ਹੁੰਦੀ ਹੋਈ ਬਗ਼ਾਵਤ ਕਰਨ ਦਾ ਜੇਰਾ ਵੀ ਕਰਦੀ ਹੈ — ਜਦੋਂ ਕੁੜੀਆਂ ਦੇ ਹੌਕਿਆਂ-ਹਾਵਾਂ ਦਾ / ਸ਼ੋਰ ਕਿਸੇ ਨੇ ਨਾ ਸੁਣਿਆ / ਉਦੋਂ ਹੀ ਫਿਰ ਕੁੜੀਆਂ ਨੇ / ਬਗ਼ਾਵਤ ਦਾ ਰਾਹ ਚੁਣਿਆ। (ਬਾਗ਼ੀ)। ਉਹ ਇਸ ਨਾ-ਬਰਾਬਰੀ ਤੋਂ ਦੁਖੀ ਹੋ ਕੇ ਬੜੇ ਮਾਰਮਿਕ ਅਤੇ ਯਥਾਰਥਕ ਤਰੀਕੇ ਰਾਹੀਂ ਤਕੜਾ ਮਿਹਣਾ ਮਾਰਦੀ ਹੈ ਜੋ ਸਮਾਜ ਨੂੰ ਚੌਕੰਨਾ ਕਰਨ ਵਾਲ਼ਾ ਹੈ — ਤੇ ਸਵਾਲ ਜਦੋਂ ਘਰ ਦੀ ਇੱਜ਼ਤ ਦਾ ਹੁੰਦਾ, / ਤਾਂ ਕੁਰਬਾਨ ਕਰ ਦਿੱਤੇ ਜਾਂਦੇ ਨੇ / ਕੁੜੀਆਂ ਦੇ ਸੁਫ਼ਨੇ, ਰੀਝਾਂ ਤੇ ਚਾਅ / ਕਿਉਂਕਿ ਕੁੜੀਆਂ ਦੇ ਸਿਰ ਹੀ ਤਾਂ ਹੁੰਦਾ, / ਘਰ ਦੀ ਇੱਜ਼ਤ ਨੂੰ ਸਾਂਭਣ ਦਾ ਸਾਰਾ ਜ਼ਿੰਮਾਂ — (ਘਰ ਦੀ ਇੱਜ਼ਤ)। ਇਸ ਦੇ ਬਾਵਜੂਦ ਸੰਦੀਪ ਕੁਛ ਚੱਜ ਦੀਆਂ ਬੰਦਸ਼ਾਂ ਅਤੇ ਨਸੀਹਤਾਂ ਨਾਲ਼ ਸਹਿਮਤ ਵੀ ਹੁੰਦੀ ਹੈ ਜੋ ਆਉਣ ਵਾਲ਼ੀ ਜ਼ਿੰਦਗੀ ਵਿਚ ਸਹੀ ਸਾਬਤ ਹੁੰਦੀਆਂ ਹਨ ਅਤੇ ਜਿਨ੍ਹਾਂ ਵਿਚ ਵਿਤਕਰੇ ਦੀ ਭਾਵਨਾ ਨਹੀਂ ਹੁੰਦੀ।

                ਭਾਵੇਂ ਇਨ੍ਹਾਂ ਕਵਿਤਾਵਾਂ ਰਾਹੀਂ ਸੰਦੀਪ ਬਹੁਤਾ ਕਰ ਕੇ ਨਿੱਜ ਜਾਂ ਪਰ ਨੂੰ ਵੀ ਨਿੱਜ ਵਿਚ ਸਮਾ ਕੇ ਪ੍ਰਗਟ ਕਰਦੀ ਹੈ ਪਰ ਅਗਲੀਆਂ ਕਵਿਤਾਵਾਂ ਰਾਹੀਂ ਉਹ ਸਮਾਜ ਦੇ ਵੱਖੋ-ਵੱਖ ਮੁੱਦਿਆਂ`ਤੇ ਭਾਵਪੂਰਤ ਤਰੀਕੇ ਨਾਲ਼ ਕਲਮ-ਅਜ਼ਮਾਈ ਕਰਦੀ ਹੈ। ਇਨ੍ਹਾਂ ਕਵਿਤਾਵਾਂ ਦਾ ਪਾਠ ਕਰਦਿਆਂ ਜਿਉਂ-ਜਿਉਂ ਵਰਕੇ ਪਲਟਦੇ ਅੱਗੇ ਜਾਂਦੇ ਹਾਂ ਤਿਉਂ-ਤਿਉਂ ਉਹ ਉਮਰ ਦੇ ਪੜਾਅ ਤੈਅ ਕਰ ਰਹੀ ਹੈ ਅਤੇ ਉਸ ਦੀ ਕਾਵਿ-ਪ੍ਰਤਿਭਾ ਵੀ ਨਿਖਰਦੀ ਤੇ ਪਰਪੱਕ ਹੋਣ ਵੱਲ ਵਧ ਰਹੀ ਪ੍ਰਤੱਖ ਨਜ਼ਰ ਆਉਂਦੀ ਹੈ। ਬਲਾਤਕਾਰ ਦੇ ਘਿਨਾਉਣੇ ਕਾਰਨਾਮੇ ਦੀ ਪ੍ਰੀਭਾਸ਼ਾ ਨੂੰ ਉਸ ਨੇ ਵਿਸ਼ਾਲ ਕੀਤਾ ਹੈ । ਪਤੀ-ਪਤਨੀ ਦੇ ਰਿਸ਼ਤੇ ਵਿਚ ਆਪਸੀ ਸੂਝ-ਬੂਝ ਦੀ ਘਾਟ, ਆਦਮੀ ਦੀ ਅੰਨ੍ਹੀ ਪਸ਼ੂ ਬਿਰਤੀ ਅਤੇ ਪਤਨੀ ਨਾਲ ਉਸ ਦੀ ਮਰਜ਼ੀ ਅਤੇ ਸਹਿਮਤੀ ਤੋਂ ਬਿਨਾ  ਜਿਨਸੀ ਜ਼ਬਰਦਸਤੀ ਕਰਨ ਨੂੰ ਬਲਾਤਕਾਰ ਦੇ ਦਾਇਰੇ ਵਿਚ ਲਿਆਂਦਾ ਹੈ ਜਿਸ ਬਾਰੇ ਭਾਰਤੀ ਕਾਨੂੰਨ ਵੀ ਅਜੇ ਭੰਬਲਭੂਸੇ ਵਿਚ ਹੈ। ਇਹ ਅਣਗੌਲ਼ਿਆ ਜੁਰਮ ਸਮਾਜ ਦੀ ਚੁੱਪ ਅਤੇ ਬਰਦਾਸ਼ਤ ਉਪਰ ਸਵਾਲੀਆ ਚਿੰਨ੍ਹ ਲਾਉਂਦਾ ਹੈ। ਸ਼ਾਇਰਾ ਇਸ ਨੂੰ ਦਿਨ ਦੇ ਚਿੱਟੇ ਚਾਨਣ ਵਿਚ ਉਜਾਗਰ ਕਰਨ ਦਾ ਹੀਆ ਕਰ ਰਹੀ ਹੈ — ਬਲਾਤਕਾਰ ਹਮੇਸ਼ਾ ਬਾਹਰ ਹੀ ਨਹੀਂ ਹੁੰਦੇ / ਬਲਾਤਕਾਰ ਘਰ ਦੀਆਂ ਕੰਧਾਂ ਓਹਲੇ ਵੀ ਹੁੰਦਾ। ਔਰਤਾਂ ਨਾਲ਼ ਹੋ ਰਹੇ ਹਰ ਤਰ੍ਹਾਂ ਦੇ ਦੁਰਵਿਹਾਰ ਅਤੇ ਅਤਿਆਚਾਰ ਵਿਚ ਔਰਤ ਵੀ ਭਾਗੀਦਾਰ ਬਣੀ ਹੋਈ ਹੈ। ਇਸ ਦੀ ਨਿਸ਼ਾਨਦੇਹੀ ਕਰਦਿਆਂ ਇਸ ਦੀ ਜੜ੍ਹ ਤਕ ਪਹੁੰਚ ਕੇ ਇਉਂ ਲਿਖਿਆ ਹੈ — ਔਰਤ ਹੀ ਔਰਤ ਦੀ ਕਿਰਦਾਰਕੁਸ਼ੀ ਕਰਦੀ /— , ਵਕਤ ਦੇ ਨਾਲ਼ ਅੱਗੇ ਕਉਂ ਨਹੀਂ ਵਧਦੀ / ਅਤੀਤ ਦੇ ਵਿਚ ਠਹਿਰੀ ਕਿਉਂ ਐਂ ? / ਔਰਤ ਹੀ ਔਰਤ ਦੀ ਵੈਰੀ ਕਿਉਂ ਹੈ ? ਪਤੀ ਪਤਨੀ ਦੇ ਆਪਸੀ ਸੰਬੰਧਾਂ ਨੂੰ ਸਹਿਜ ਤੇ ਸੁਖਾਵੇਂ ਰੱਖਣ ਲਈ ਆਪਸੀ ਪਿਆਰ ਅਤੇ ਸਤਿਕਾਰ ਦੀ ਅਹਿਮੀਅਤ ਜਤਾਈ ਹੈ। ਪੇਕਿਆਂ ਤੋਂ ਵਿਦਾ ਹੋਣ ਮਗਰੋਂ ਸਹੁਰੀਂ ਜਾਣ ਵੇਲ਼ੇ ਦੀਆਂ ਰੀਝਾਂ ਤੇ ਉਮੰਗਾਂ ਨੂੰ ਸਮਝਣ ਦੀ ਲੋੜ ਹੈ — ਬਿਗਾਨੀ ਧੀ ਨਹੀਂ ਭਾਲ਼ਦੀ / ਸਹੁਰਿਆਂ ਤੋਂ ਲੀੜੇ, ਟੂੰਮਾਂ, ਰਾਣੀਹਾਰ / ਮਹਿੰਗੀਆਂ ਚੀਜ਼ਾਂ ਜਾਂ ਜ਼ਮੀਨ ਜਾਇਦਾਤ / ਉਹ ਤਾਂ ਆਸ ਲੈ ਕੇ ਆਉਂਦੀ ਆ / ਕਿ ਸਹੁਰਿਆਂ ਤੋਂ ਵੀ ਮਿਲੂਗਾ, ਪੇਕਿਆਂ ਜਿੰਨਾਂ ਪਿਆਰ। (ਬਿਗਾਨੀ ਧੀ)।

                    ਮੌਜੂਦਾ ਭਖਦਾ ਮੁੱਦਾ ਪੰਜਾਬ ਤੋਂ ਵਿਦੇਸ਼ਾਂ ਨੂੰ ਵਿਦਿਆਰਥੀਆਂ ਦੀ ਅੰਨ੍ਹੇਵਾਹ ਹੋ ਰਹੀ ਹਿਜਰਤ ਦਾ ਹੈ ਜਿਸ ਵਰਤਾਰੇ ਨੇ ਖਾਸ ਤੌਰ ਤੇ ਛੋਟੀ ਉਮਰ ਦੀਆਂ ਕੁੜੀਆਂ ਨੂੰ ਨਵੀਆਂ ਚੁਣੌਤੀਆਂ ਦਰਮਿਆਨ ਲਿਆ ਖੜ੍ਹਾ ਕੀਤਾ ਹੈ। ਕੁੜੀਆਂ ਨੂੰ ਬਾਰ੍ਹਵੀਂ ਜਮਾਤ ਪਾਸ ਕਰਨ ਉਪ੍ਰੰਤ ਆਈਲੈਟਸ ਕਰਵਾ ਕੇ ਕੈਨੇਡਾ ਵਰਗੇ ਮੁਲਕਾਂ ਵਿਚ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਸ ਦਾ ਨਾ ਸਿਰਫ ਓਪਰੀ ਜ਼ੁਬਾਨ -ਅੰਗ੍ਰੇਜ਼ੀ ਨਾਲ਼ ਵਾਹ ਪੈਂਦਾ ਹੈ, ਸਗੋਂ ਕਈ ਜਣੀਆਂ ਨਾਲ਼ ਭੋਰਿਆਂ (ਬੇਸਮੈਂਟਾਂ) ਵਿਚ ਰਹਿਣਾ ਪੈਂਦਾ ਹੈ। ਖਾਣਾ ਬਨਾਉਣਾ, ਸਫ਼ਾਈ ਕਰਨੀ, ਕੱਪੜੇ ਧੋਣੇ, ਪ੍ਰੈਸ ਕਰਨੇ, ਭਾਂਡੇ ਮਾਂਜਣੇ, ਟ੍ਰੇਨ ਜਾਂ ਬਸ ਰਾਹੀਂ ਕਾਲਜ ਜਾਣਾ ਆਉਣਾ, ਖਰਚੇ ਕੱਢਣ ਲਈ ਨਿੱਕੇ ਮੋਟੇ ਕੰਮ ਕਰਨੇ, ਸਟੋਰਾਂ, ਰੈਸਤੋਰਾਂ, ਹੋਟਲਾਂ `ਚ ਸਾਝਰੇ, ਆਥਣੇ ਜਾਂ ਰਾਤ-ਬਰਾਤੇ ਕੰਮ ਕਰਨਾ, ਮੁੜਦੇ ਵਕਤ ਸਟੋਰਾਂ ਤੋਂ ਰਾਸ਼ਨ ਵਗੈਰਾ (ਗਰਾਸਰੀ) ਲੈ ਕੇ ਆਉਣਾ, ਮੋਢੇ ਪਿੱਠੂ(ਬੈਕਪੈਕ), ਹੱਥ `ਚ ਸਾਮਾਨ ਦਾ ਭਰਿਆ ਝੋਲ਼ਾ, ਇਹ ਸਾਰੀ ਜਹਿਮਤ ਝੱਲਣੀ ਪੈਂਦੀ ਹੈ। ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਵਾ ਕੇ ਘਰ ਵਾਲ਼ੇ ਨੂੰ ਸੱਦਣਾ ਵਗੈਰਾ। ਕਵਿਤਾ `ਆਈਲੈਟਸ ਵਾਲ਼ੀਆਂ ਕੁੜੀਆਂ` ਰਾਹੀਂ ਥੋੜ੍ਹੇ ਸ਼ਬਦਾਂ ਵਿਚ ਪੂਰੀ ਵਿਥਿਆ ਕਹਿ ਦਿੱਤੀ ਹੈ , ਕੁੱਝ ਸਤਰਾਂ — ਨਾਲ਼ੇ ਪੜ੍ਹਦੀਆਂ ਤੇ ਨਾਲ਼ ਈ / ਸ਼ਿਫਟਾਂ ਵੀ ਲਾਉਂਦੀਆਂ / — ਸਗੋਂ ਘਰ ਵਾਲ਼ੇ ਦੇ ਘਰ ਵਾਲ਼ਿਆਂ ਨੂੰ ਵੀ / ਪੇਪਰ ਭੇਜ  ਬਾਹਰਲੇ ਮੁਲਕਾਂ ਦੇ ਵੀਜ਼ੇ ਦਵਾਉਂਦੀਆਂ / — ਘਰ ਵਾਲ਼ੇ ਦੇ ਘਰ ਵਾਲ਼ਿਆਂ ਨੂੰ / ਪਸੰਦ ਹੀ ਨਹੀਂ ਆਉਂਦੀਆਂ। ਪਰਦੇਸੀਂ ਗਈਆਂ ਕੁੜੀਆਂ ਦੀ ਹਾਲਤ ਨੂੰ ਇਕ ਹੋਰ ਕਵਿਤਾ `ਪਰਦੇਸਾਂ ਦੀ ਜੂਨ` ਰਾਹੀਂ ਇਉਂ ਦਰਸਾਇਆ ਹੈ — ਕੰਮ ਧੰਦਿਆਂ ਦੇ ਵਿਚ ਉਲਝ ਗਈ ਆ ਜ਼ਿੰਦਗੀ / ਡਾਲਰ ਕਮਾਉਣੇ ਜੀਅ ਦਾ ਜੰਜਾਲ ਹੋ ਗਏ।

                ਸੰਦੀਪ ਦੀਆਂ ਕਵਿਤਾਵਾਂ ਵਿਚ ਸੂਖਮਤਾ, ਰਵਾਨਗੀ, ਸਾਦਗੀ, ਸਰਲਤਾ, ਸਚਾਈ ਅਤੇ ਆਪਮੁਹਾਰਾਪਣ ਹੈ। ਇਹ ਪਾਠਕ ਦੇ ਮਨ `ਤੇ ਸਿੱਧਾ ਅਸਰ ਕਰਦੀਆਂ ਹਨ ਅਤੇ ਸੋਚ ਨੂੰ ਟੁੰਬਦੀਆਂ ਹਨ। ਕੁੱਝ ਕਵਿਤਾਵਾਂ ਖੁੱਲ੍ਹੀਆਂ ਦੀ ਕੈਟੇਗਰੀ ਵਿਚ ਆਉਂਦੀਆਂ ਹਨ ਪਰ ਬਹੁਤੀਆਂ ਛੰਦ-ਬੰਦੀ ਜਾਂ ਤੁਕਾਂਤ ਤੇ ਵੀ ਖਰੀਆਂ ਉਤਰਦੀਆਂ ਹਨ। ਪਿੰਗਲ ਦੇ ਨਿਯਮਾਂ ਅਤੇ ਪ੍ਰਚਲਤ ਬਹਿਰਾਂ ਤੇਂ ਹਟ ਕੇ ਨਵੀਆਂ ਬਹਿਰਾਂ ਸਿਰਜੀਆ ਹਨ। ਸਰੋਦੀ ਰੰਗ ਦੀ ਭਾਅ ਵੀ ਮਿਲਦੀ ਹੈ। ਉਸ ਕੋਲ ਕਾਵਿ-ਸੰਵੇਦਨਾ ਹੈ, ਕਾਵਿ-ਜੁਗਤ ਹੈ, ਆਪਣਾ ਵੱਖਰਾ ਅੰਦਾਜ਼ ਹੈ, ਸਚਾਈ ਹੈ, ਹੋਰ ਪ੍ਰਪੱਕਤਾ ਨਾਲ਼ ਕਾਵਿ-ਸਿਰਜਣਾ ਕਰਨ ਦੀ ਸਮਰੱਥਾ ਅਤੇ ਵਿਧੀ ਹੈ। ਉਮੀਦ ਹੈ ਕਿ ਉਹ ਸ਼ਬਦਾਂ ਦੇ ਸੰਕੋਚ ਅਤੇ ਕਾਵਿ-ਮੁਹਾਰਤ ਨੂੰ ਨਿਖਾਰਨ ਵੱਲ ਉਚੇਚਾ ਧਿਆਨ ਦਿੰਦੀ ਹੋਈ ਨਿੱਜ ਤੋਂ ਪਰੇ ਜਾ ਕੇ ਆਪਣੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਦਿਸ-ਹੱਦੇ ਤਕ ਫੈਲਾਉਂਦੀ ਹੋਈ ਕਾਵਿ-ਰਚਨਾ ਦੀਆਂ ਨਵੀਆਂ ਸਿਖਰਾਂ ਛੋਂਹਦੀ ਰਹੇਗੀ। ਇਸ ਵੱਲ ਉਸ ਨੇ ਪਿਛਲੇ ਕਵਰ ਉਪਰ ਇਸ਼ਾਰਾ ਵੀ ਕੀਤਾ ਹੈ — ਇਬਾਦਤ, ਮੋਹੱਬਤ, ਸ਼ਿਕਾਇਤਾਂ / ਨਾਲ਼ ਵਿਛੋੜੇ ਦੀਆਂ ਕੁੱਝ ਗੱਲਾਂ ਨੇ /` ਕੰਧਾਂ ਦੇ ਓਹਲੇ“ਚ ਮੇਰੀਆਂ ਹੀ ਨਹੀਂ / ਆਪਣੀਆਂ ਸਭ ਦੀਆਂ ਗੱਲਾਂ ਨੇ।

                ਸੰਸਾਰ ਪ੍ਰਸਿੱਧ ਮਨੋਵਿਗਿਆਨੀ ਸਿਗਮੰਡ ਫਰਾਇਡ ਨੇ ਮੰਨਿਆਂ ਸੀ ਕਿ `ਮੈਂ ਆਪਣੇ ਸਾਰੇ ਗਿਆਨ, ਤਜਰਬੇ ਅਤੇ ਖੋਜਾਂ ਦੇ ਬਾਵਜੂਦ ਔਰਤ ਨੂੰ ਨਹੀਂ ਸਮਝ ਸਕਿਆ।`ਕਿਤਾਬ `ਕੰਧਾਂ ਦੇ ਓਹਲੇ` ਪੜ੍ਹਨ ਮਗਰੋਂ ਕੋਈ ਸਹਿਜੇ ਹੀ ਇਕ ਅੱਲ੍ਹੜ ਕੁੜੀ ਦੇ ਮਨ ਦੀ ਹਾਲਤ ਦਾ ਕੁੱਝ ਨਾ ਕੁੱਝ ਅਨੁਮਾਨ ਤਾਂ ਲਾ ਹੀ ਸਕੇਗਾ। ਕਿਸੇ ਅਗਿਆਤ ਸ਼ਾਇਰ ਦੀ ਇਕ ਕਵਿਤਾ ਦੀ ਸਤਰ ਰੈ — ਮੈਂ ਤੈਨੂੰ ਮਿਲਣ ਆਈ, ਜਦੋਂ ਮਿਲ ਕੇ ਮੁੜੀ ਤਾਂ ਅਧੂਰੀ ਸੀ। ਇਸ ਅਧੂਰੇਪਣ ਦੇ ਦਰਸ਼ਨ ਵੀ ਇਨ੍ਹਾਂ ਕਵਿਤਾਵਾਂ ਵਿਚ ਹੁੰਦੇ ਹਨ।

                ਸੰਦੀਪ ਕੋਲ਼ ਕਾਵਿ-ਸਿਰਜਣਾ ਲਈ ਸਰਜ਼ਮੀਨ ਮੌਜੂਦ ਹੈ, ਅਹਿਸਾਸਾਂ ਦੇ ਬੀਜ ਹਨ, ਜ਼ਮੀਨ ਵੱਤਰ ਹੈ, ਬੱਸ ਲੋੜ ਹੈ ਵਕਤ ਸਿਰ ਕਾਵਿ-ਬੀਜ ਬੀਜਣ ਦੀ, ਖੜੋਤ ਆਉਣ ਨਾਲ਼ ਵੱਤਰ ਸੁੱਕਣ ਦੀ ਸੰਭਾਵਨਾ ਹੋ ਜਾਂਦੀ ਹੈ। ਫ਼ਿਲਹਾਲ ਸੰਦੀਪ ਨੂੰ ਪਲੇਠੇ ਕਾਵਿ-ਸੰਗ੍ਰਹਿ ਦੀਆਂ ਮੁਬਾਰਕਾਂ। ਪਾਠਕਾਂ ਦਾ ਹੁੰਗਾਰਾ ਉਸ ਦੀ ਸਿਰਜਣ-ਕਲਾ ਲਈ ਆਕਸੀਜਨ ਦਾ ਕੰਮ ਕਰੇਗਾ।

ਸਮੀਖਿਆਕਾਰ – ਜਗਦੇਵ ਸਿੱਧੂ

Show More

Related Articles

Leave a Reply

Your email address will not be published. Required fields are marked *

Back to top button
Translate »