ਅਨੁਵਾਦ ਕਲਾ ਦਾ ਪੁਖ਼ਤਾ ਦਸਤਾਵੇਜ਼-ਏਕਮ ਦਾ 50 ਵਾਂ ਅੰਕ
ਪੰਜਾਬੀ ਵਿਚ ਸਾਹਿਤਕ ਮੈਗਜ਼ੀਨ ਸ਼ੁਰੂ ਕਰਨਾ ਅਤੇ ਲਗਾਤਾਰ 12 ਵੇਂ ਸਾਲ ਤੱਕ ਪਹੁੰਚਦੇ-ਪਹੁੰਚਦੇ ਇਕ ਕਾਫਲੇ ਦਾ ਰੂਪ ਧਾਰਨ ਕਰ ਲੈਣਾ ਵਾਕਿਆ ਹੀ ਇਕ ਕ੍ਰਿਸ਼ਮਾ ਹੈ, ਵਿਸ਼ੇਸ਼ ਤੌਰ ਤੇ ਜਦੋਂ ਅਜਿਹੇ ਮੈਗਜ਼ੀਨ ਦੀ ਸੰਪਾਦਕ ਦਾ ਦਾਰੋ-ਮ-ਦਾਰ ਇਕ ਔਰਤ ਦੇ ਹੱਥ ਹੋਵੇ। ਪੰਜਾਬੀ ਦਾ ਤਿਮਾਹੀ ਰਸਾਲਾ ‘ਏਕਮ’ ਇਕ ਅਜਿਹਾ ਹੀ ਮੈਗਜ਼ੀਨ ਹੈ, ਜਿਸ ਦੀ ਸੰਪਾਦਕ ਪੰਜਾਬੀ ਕਾਵਿ ਜਗਤ ਦੀ ਜਾਣੀ ਪਹਿਚਾਣੀ ਸਖਸ਼ਿਅਤ ਸ੍ਰੀਮਤੀ ਅਰਤਿੰਦਰ ਸੰਧੂ ਹੈ।
ਅੱਜ ਮੈਂ ਇਸ ਮੈਗਜ਼ੀਨ ਦੇ 50 ਵੇਂ ਅੰਕ(ਜੁਲਾਈ-ਸਤੰਬਰ 2024) ਦੀ ਗੱਲ ਕਰਾਂਗਾ, ਜੋ ਅਨੁਵਾਦ ਵਿਸ਼ੇਸ਼ ਅੰਕ ਦੇ ਤੌਰ ਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਮੇਰੇ ਕੋਲ ਜਦੋਂ ਇਸ ਅੰਕ ਦੀ ਪੀ ਡੀ ਐਫ ਪਹੁੰਚੀ ਤਾਂ ਸਵਰਕ ਤੇ ‘ਅਨੁਵਾਦ ਵਿਸ਼ੇਸ਼ ਅੰਕ’ ਪੜ੍ਹ ਕੇ ਸੋਚਿਆ ਕਿ ਪੰਦਰਾਂ-ਵੀਹ ਲੇਖਕਾਂ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਰਚਨਾਵਾਂ ਨਾਲ ਕੰਮ ਚਲਾਇਆ ਹੋਵੇਗਾ, ਇਸ ਲਈ ਮੈਂ ਤਤਕਰਾ ਦੇਖਣ ਤੋਂ ਵੀ ਪਰਹੇਜ਼ ਹੀ ਕੀਤਾ।
ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਜਦੋਂ ਕੰਪਿਊਟਰ ਤੋਂ ਕੋਈ ਪੁਰਾਣੀ ਫ਼ਾਈਲ ਖੋਲ੍ਹਣ ਲੱਗਿਆ ਤਾਂ ਅਚਾਨਕ ਹੀ ‘ਏਕਮ’ ਦੀ ਪੀ ਡੀ ਐਫ ਸਾਹਮਣੇ ਆ ਗਈ ਮੈਂ ਸੋਚਿਆ ਇਕ ਦੋ ਅਨੁਵਾਦਿਤ ਰਚਨਾਵਾਂ ਹੀ ਪੜ੍ਹ ਲਈਆਂ ਜਾਣ, ਪਰ ਜਦੋਂ ‘ਅੰਦਰਲੀ ਝਾਤ’ ਦੇ ਨਜ਼ਰ ਮਾਰੀ ਤਾਂ ਦੇਖਿਆ ਕਿ ਆਰਟੀਕਲਾਂ ਦੀ ਤਾਂ ਛਹਿਬਰਾਂ ਲੱਗੀਆਂ ਹੋਈਆਂ ਹਨ(30 ਆਰਟੀਕਲ)। ਇਹਨਾਂ ਦੇ ਲੇਖਕ ਵੀ ਜਾਣੇ ਪਹਿਚਾਣੇ ਅਤੇ ਉੱਚ ਕੋਟੀ ਦੇ, ਜਿੰਨਾਂ ਵਿਚੋਂ ਕੁਝ ਤਾਂ ਪੰਜਾਬੀ ਅਨੁਵਾਦ ਖੇਤਰ ਦੇ ਸ਼ਾਹ ਸਵਾਰ ਹਨ, ਜਿਵੇਂ ਕਿ ਜੰਗ ਬਹਾਦੁਰ ਗੋਇਲ, ਮਨਮੋਹਨ, ਸੁਕਰੀਤ , ਬਲਬੀਰ ਮਾਧੋਪੁਰੀ, ਸੁਰਿੰਦਰ ਸਿੰਘ ਤੇਜ, ਜਿੰਦਰ, ਨਰਿੰਦਰ ਕੁਮਾਰ, ਅਮੀਆ ਕੁੰਵਰ, ਪਰਮਜੀਤ ਸਿੰਘ ਢੀਂਗਰਾ, ਡਾ.ਰਵੀ ਰਵਿੰਦਰ, ਪ੍ਰਵੇਸ਼ ਸ਼ਰਮਾ, ਅਮਰਜੀਤ ਕੌਂਕੇ, ਸਤਪਾਲ ਭੀਖੀ, ਡਾ.ਸਵਾਮੀ ਸਰਬਜੀਤ, ਕੁਲਦੀਪ ਸਿੰਘ ਦੀਪ ਆਦਿ।
ਅਨੁਵਾਦ ਦੇ ਵੱਖ-ਵੱਖ ਪਹਿਲੂਆਂ ਤੇ ਚਰਚਾ ਕਰਦੇ ਇਹਨਾਂ ਸਾਰੇ ਲੇਖਾਂ ਵਿਚ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਕਿਤੇ ਅਨੁਵਾਦ ਸੰਬੰਧੀ ਕਈ ਸਾਂਝੇ ਜਾਂ ਮੂਲ ਪੱਖ ਪੇਸ਼ ਕੀਤੇ ਗਏ ਹਨ। ਮਸਲਨ ਅਨੁਵਾਦ ਦੀ ਪ੍ਰਕਿਰਿਆ ਇਕ ਕਿਸਮ ਦੀ ਦੋ ਵੱਖ-ਵੱਖ ਭਾਸ਼ਾਵਾਂ ਅਤੇ ਸਭਿਆਚਾਰਾਂ ਵਿਚਕਾਰ ਪੁਲ ਦੀ ਤਰਾਂ ਹੁੰਦੀ ਹੈ; ਅਨੁਵਾਦ ਕਰਨ ਵਾਲੇ ਨੂੰ ਦੋਵੇਂ ਭਾਸ਼ਾਵਾਂ(ਜਿਸ ਭਾਸ਼ਾ ਦੀ ਪੁਸਤਕ ਦਾ ਅਨੁਵਾਦ ਕੀਤਾ ਜਾ ਰਿਹਾ ਹੈ ਅਤੇ ਜਿਸ ਭਾਸ਼ਾ ਵਿਚ ਕੀਤਾ ਜਾ ਰਿਹਾ ਹੈ) ਦਾ ਚੰਗਾ ਗਿਆਨ ਹੋਣਾ ਲਾਜ਼ਮੀ ਹੈ; ਅਨੁਵਾਦਕ ਨੂੰ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਅਨੁਵਾਦ ਨਿਰਸ ਨਾ ਬਣ ਜਾਵੇ; ਅਨੁਵਾਦ ਕਦੇ ਵੀ ਸ਼ਬਦਾਂ ਜਾਂ ਵਾਕਾਂ ਦਾ ਹੂ-ਬ-ਹੂ ਉੱਲਥਾ ਨਹੀਂ ਹੁੰਦਾ; ਹਰ ਭਾਸ਼ਾ ਦੇ ਕੁਝ ਸ਼ਬਦ ਅਜਿਹੇ ਹੁੰਦੇ ਹਨ ਜਿੰਨਾਂ ਨੂੰ ਦੂਜੀਆਂ ਭਾਸ਼ਾਵਾਂ ਵਿਚ ਉਲਥਾਇਆ ਨਹੀਂ ਜਾ ਸਕਦਾ। ਅਜਿਹੇ ਸਮੇਂ ਅਨੁਵਾਦਕ ਦੀ ਭਾਸ਼ਾ ਤੇ ਪਕੜ ਕੰਮ ਆਉਂਦੀ ਹੈ; ਅਨੁਵਾਦਕ ਨੂੰ ਚਾਹੀਦਾ ਹੈ ਕਿ ਉਹ ਅਨੁਵਾਦ ਕਰਨ ਵਾਲੀ ਪੁਸਤਕ ਨੂੰ ਚੰਗੀ ਤਰਾਂ ਪੜ੍ਹੇ; ਕਈ ਬਾਰ ਇਕ ਹੀ ਅਰਥ ਵਾਲੇ ਹੋਰ ਸ਼ਬਦ ਵੀ ਹੁੰਦੇ ਹਨ, ਅਜਿਹੇ ਸਮੇਂ ਵੀ ਅਨੁਵਾਦਕ ਨੂੰ ਇਹ ਸਮਝਣਾ ਪੈਂਦਾ ਹੈ ਕਿ ਪੇਸ਼ ਕੀਤੇ ਜਾ ਰਹੇ ਹਾਲਾਤ ਵਿਚ ਵਿਸ਼ੇਸ਼ ਸ਼ਬਦ ਨੂੰ ਕਿਸ ਅਰਥ ਵਿਚ ਵਰਤਿਆ ਗਿਆ ਹੈ(ਐਸਕੀਮੋ ਲੋਕ ‘ਬਰਫ’ ਲਈ 20 ਵੱਖ-ਵੱਖ ਸ਼ਬਦਾਂ ਦੀ ਵਰਤੋਂ ਕਰਦੇ ਹਨ, ਜੋ ਕੁਦਰਤੀ ਬਰਫ ਦੇ ਵੱਖੋ-ਵੱਖ ਪੜਾਵਾਂ ਦੀ ਤਰਜਮਾਨੀ ਕਰਦੇ ਹਨ-ਸੁਕਰੀਤ); ਅਨੁਵਾਦ ਕਾਰਨ ਆਮ ਲੋਕਾਂ ਨੂੰ ਵੀ ਦੂਜੀਆਂ ਭਾਸ਼ਾਵਾਂ ਦੇ ਵਧੀਆ ਸਾਹਿਤ ਨੂੰ ਪੜ੍ਹਨ ਦਾ ਮੌਕਾ ਮਿਲ ਜਾਂਦਾ ਹੈ; ਅਣਗਹਿਲੀ ਨਾਲ ਕੀਤਾ ਗਿਆ ਅਨੁਵਾਦ ਅਰਥ ਦੇ ਅਨਰਥ ਕਰ ਦਿੰਦਾ ਹੈ। ਪੰਜਾਬੀ ਦੇ ਮੁਹਾਵਰੇ ‘ਨਾ ਰੰਨ ਨਾ ਕੰਨ’ ਦਾ ਅੰਗਰੇਜੀ ਅਨੁਵਾਦ “ਨਾਇਦਰ ਵਾਈਫ ਨੌਰ ਈਅਰ” ਹਾਸੋ-ਹੀਣਾ ਹੈ। ਇਸੇ ਤਰਾਂ ਕਾਰਲ ਮਾਰਕਸ ਦਾ ਪ੍ਰਸਿੱਧ ਕਥਨ “ਧਰਮ ਲੋਕਾਂ ਲਈ ਅਫੀਮ ਹੈ” ਅਸਲ ਵਿਚ ਗਲਤ ਅਨੁਵਾਦ ਹੈ। ਉਸ ਨੇ ਤਾਂ ਅਸਲ ਵਿਚ “ਧਰਮ ਲੋਕਾਂ ਦੀ ਅਫੀਮ” ਕਿਹਾ ਸੀ।(ਮਨਮੋਹਨ ਦੇ ਲੇਖ ਵਿਚੋਂ); ਵੀਹਵੀਂ ਸਦੀ ਦੇ ਛੇਵੇਂ ਤੇ ਸੱਤਵੇਂ ਦਹਾਕੇ ਵਿਚ ਰੂਸੀ ਭਾਸ਼ਾ ਦੇ ਵਧੀਆ ਸਾਹਿਤ ਦਾ ਪੰਜਾਬੀ ਵਿਚ ਬਹੁਤ ਉੱਚ ਪਾਏ ਦਾ ਅਨੁਵਾਦ ਹੋਇਆ। ਇਹਨਾਂ ਪੁਸਤਕਾਂ ਦੀਆਂ ਕੀਮਤ ਵੀ ਬਹੁਤ ਵਾਜਬ ਹੁੰਦੀਆਂ ਸਨ। ਡਾ. ਗੁਰਬਖਸ਼ ਸਿੰਘ ਫਰੈਂਕ, ਡਾ.ਕਰਨਜੀਤ ਸਿੰਘ, ਗੁਰਬਚਨ ਸਿੰਘ ਭੁੱਲਰ, ਦਰਸ਼ਨ ਸਿੰਘ ਆਦਿ ਵਿਦਵਾਨਾਂ ਨੇ ਇਸ ਪਾਸੇ ਸਲਾਹੁਣਯੋਗ ਕੰਮ ਕੀਤਾ; ਇੰਟਰਨੈੱਟ ਦੇ ਯੁਗ ਵਿਚ ਕਈ ਐਪਸ ਅਜਿਹੀਆਂ ਆ ਗਈਆਂ ਹਨ ਜਿੰਨਾਂ ਦੀ ਵਰਤੋਂ ਕਰਕੇ ਇਕ ਭਾਸ਼ਾ ਵਿਚੋਂ ਦੂਜੀ ਭਾਸ਼ਾ ਵਿਚ ਅਨੁਵਾਦ ਹੋ ਜਾਂਦਾ ਹੈ, ਪਰ ਇਹ ਅਨੁਵਾਦ ਬਹੁਤੀ ਵਾਰ ਸਹੀ ਨਹੀਂ ਹੁੰਦਾ ਆਦਿ।
ਉਪਰੋਕਤ ਸਾਂਝੇ ਨੁਕਤਿਆਂ ਤੋਂ ਇਲਾਵਾ ਬਹੁਤੇ ਵਿਦਵਾਨਾਂ ਨੇ ਆਪਣੇ-ਆਪਣੇ ਲੇਖਾਂ ਵਿਚ ਅਨੁਵਾਦ ਦੀ ਪ੍ਰਕਿਰਿਆ ਸੰਬੰਧੀ ਬੜੇ ਵਧੀਆ ਅਤੇ ਗਿਆਨ ਵਿਚ ਵਾਧਾ ਕਰਨ ਵਾਲੇ ਨੁਕਤੇ ਪ੍ਰਗਟਾਏ ਹਨ। ਉਹਨਾਂ ਵਿਚੋਂ ਕੁਝ ਇਸ ਪ੍ਰਕਾਰ ਹਨ:
ਅਰਤਿੰਦਰ ਸੰਧੂ ਨੇ ਆਪਣੇ ਪਰਚੇ ‘ਅਨੁਵਾਦ ਦਾ ਇਤਿਹਾਸ, ਮਸਲੇ ਤੇ ਵਰਤਮਾਨ ਸਥਿਤੀ’ ਵਿਚ ਵਿਚਾਰ ਪ੍ਰਗਟਾਇਆ ਹੈ, “ਇਹ ਕਾਰਜ ਮਨੁੱਖ ਦੇ ਗੁਫਾਵਾਂ ਵਿਚ ਰਹਿਣ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਜਦ ਭਾਸ਼ਾਵਾਂ ਵਿਕਸਿਤ ਨਹੀਂ ਸਨ ਹੋਈਆਂ।” ਇਸ ਦੀ ਵਿਆਖਿਆ ਕਰਦੇ ਹੋਏ ਲਿਖਿਆ ਗਿਆ ਹੈ ਕਿ ਉਸ ਸਮੇਂ ਦੇ ਕੰਧ ਚਿੱਤਰ ਵਿਚਾਰਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਵਾਸਤੇ ਇਕ ਤਰਾਂ ਦਾ ਅਨੁਵਾਦ ਹੀ ਸੀ। ਉਸ ਨੇ ਅਨੁਵਾਦ ਦੀ ਪ੍ਰਕਿਆ ਸੰਬੰਧੀ ਕੁਝ ਵਿਦਵਾਨਾਂ ਦੇ ਵਿਚਾਰ ਵੀ ਪ੍ਰਗਟਾਏ ਹਨ। ਇਟਲੀ ਦੇ ਇਕ ਮੁਹਾਵਰੇ ਦਾ ਵੀ ਜ਼ਿਕਰ ਕੀਤਾ ਹੈ-ਅਨੁਵਾਦਕ ਵਿਸ਼ਵਾਸਘਾਤੀ ਹੁੰਦਾ ਹੈ। ਲੇਖਿਕਾ ਦਾ ਮੰਨਣਾ ਹੈ ਕਿ “ਅਨੁਵਾਦਕ ਗਹਿਰੀ ਭਾਵਨਾਤਮਕ ਜ਼ਿੰਮੇਵਾਰੀ ਦੇ ਅਧੀਨ ਹੀ ਵਧੀਆ ਅਨੁਵਾਦ ਕਰ ਸਕਦਾ ਹੈ”। ਉਸ ਨੇ ਇਕ ਹੋਰ ਥਾਂ ਲਿਖਿਆ ਹੈ ਕਿ ‘ਜੇ ਅਨੁਵਾਦ ਸਾਹਿਤ ਹੈ ਤਾਂ ਰਸ ਪ੍ਰਧਾਨ ਹੋਵੇ ਅਤੇ ਜੇ ਸਾਹਿਤਕ ਨਹੀਂ ਤਾਂ ਸੂਚਨਾ ਪ੍ਰਧਾਨ ਹੋਵੇ।‘
ਜੰਗ ਬਹਾਦਰ ਗੋਇਲ ਦਾ ਕਥਨ ਹੈ ਕਿ “ਅਨੁਵਾਦ ਦੇ ਜ਼ਰੀਏ ਹੀ ਕਿਸੇ ਭਾਸ਼ਾ ਦਾ ਸਾਹਿਤ ਸੀਮਤ ਭੂਗੋਲਿਕ ਸਰਹੱਦਾਂ ਪਾਰ ਕਰ ਕਰਕੇ ਕੁੱਲ ਲੋਕਾਈ ਤੱਕ ਪਹੁੰਚਿਆ ਹੈ।” ਉਸ ਅਨੁਸਾਰ “ਹਰਫ਼-ਬ-ਹਰਫ਼ ਕੀਤਾ ਅਨੁਵਾਦ ਮਕੈਨਿਕੀ, ਨੀਰਸ ਅਤੇ ਅਕਾਊ ਹੋਣਾ ਲਾਜ਼ਮੀ ਹੈ।” ਉਸ ਅਨੁਸਾਰ ‘ਅਨੁਵਾਦਕ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸਹੀ ਸ਼ਬਦਾਂ ਦੀ ਤਲਾਸ਼ ਹੁੰਦੀ ਹੈ।‘
ਮਨਮੋਹਨ ਦਾ ‘ਅਨੁਵਾਦ ਦੀਆਂ ਸਮੱਸਿਆਵਾਂ’ ਲੇਖ ਵਿਚ ਇਕ ਕਥਨ ਵਿਸ਼ੇਸ਼ ਧਿਆਨ ਖਿੱਚਦਾ ਹੈ ਕਿ “ਹਰ ਅਨੁਵਾਦ ਦਰਅਸਲ ਮੂਲ ਪਾਠ ਦਾ ਉਤਰ ਜੀਵਨ ਹੈ।”
ਸੁਕਰੀਤ ਅਨੁਸਾਰ ‘ਅਨੁਵਾਦਕ ਦਾ ਮਨੋਰਥ ਦੂਜੀ ਜ਼ਬਾਨ ਵਿਚ ਮੂਲ ਭਾਵਨਾ ਦਾ ਸੰਚਾਰ ਕਰਨਾ ਹੈ ਅਤੇ ਇਹ ਕੋਈ ਜਰੂਰੀ ਨਹੀਂ ਕਿ ਉਹ ਕਿਸੇ ਇਕ ਸ਼ਬਦ ਤੇ ਹੀ ਅੜਿਆ ਰਹੇ’। ਪਰ ਇਸ ਦੇ ਉਲਟ ਪਰਮਜੀਤ ਢੀਂਗਰਾ ਨੇ ਲਿਖਿਆ ਹੈ ਕਿ ਕੁਝ ਕਠਿਨ ਸ਼ਬਦ ਅਤੇ ਵਾਕਾਂ ਦੇ ਤਿਆਗ ਕਰਨ ਨਾਲ ਰਚਨਾ ਦਾ ਮੁਹਾਵਰਾ ਤਿੜਕ ਜਾਂਦਾ ਹੈ। ਕਰਮਜੀਤ ਸਿੰਘ ਨੇ ‘ਅਨੁਵਾਦ ਇਕ ਕਲਾ’’ ਵਿਚ ਅਨੁਵਾਦ ਦੀਆਂ ਇਹਨਾਂ ਕਿਸਮਾਂ ਦਾ ਜ਼ਿਕਰ ਕੀਤਾ ਹੈ-ਸ਼ਾਬਦਿਕ ਅਨੁਵਾਦ, ਭਾਵ ਅਨੁਵਾਦ, ਛਾਇਆ ਅਨੁਵਾਦ, ਵਿਆਖਿਆ ਅਨੁਸਾਰ ਅਨੁਵਾਦ ਅਤੇ ਭਾਵ ਅਨੁਵਾਦ।
ਪ੍ਰਸਿੱਧ ਪੱਤਰਕਾਰ ਅਤੇ ਅਨੁਵਾਦਕ ਸੁਰਿੰਦਰ ਸਿੰਘ ਤੇਜ ਅਨੁਵਾਦ ਨੂੰ ‘ਕਲਾ ਅਤੇ ਕਾਰੀਗਰੀ’ ਮੰਨਦੇ ਹਨ। ਉਹਨਾਂ ਅਨੁਸਾਰ ‘ਜਦੋਂ ਤੱਕ ਚੰਗਾ ਅਦਬ ਜਿੰਦਾ ਰਹੇਗਾ, ਚੰਗੇ ਅਨੁਵਾਦ ਦੀ ਅਹਿਮੀਅਤ ਵੀ ਬਰਕਰਾਰ ਰਹੇਗੀ’।
ਜਿੰਦਰ ਦਾ ਕਥਨ ਹੈ ਕਿ ‘ਅਨੁਵਾਦਕ ਰਚਨਾ ਪਾਠਕ ਨੂੰ ਦੂਜੀ ਭਾਸ਼ਾ ਦੀ ਨਹੀਂ ਆਪਣੀ ਭਾਸ਼ਾ ਦੀ ਲੱਗਣੀ ਚਾਹੀਦੀ ਹੈ।‘
ਡਾ. ਰਵੀ ਰਵਿੰਦਰ ਅਨੁਵਾਦ ਨੂੰ ਵਿਸ਼ਵ ਸਾਹਿਤ ਦਾ ਦਰਜਾ ਦਿੰਦਾ ਹੈ ਅਤੇ ਇਸ ਦੇ ਸਿਰਜਕ ਅਨੁਵਾਦਕਾਂ ਨੂੰ ਅਜਿਹੇ ਸਾਹਿਤ ਦੇ ਸਿਰਜਕ ਮੰਨਦਾ ਹੈ।
ਪ੍ਰਵੇਸ਼ ਸ਼ਰਮਾ ਨੇ ਆਪਣੇ ਲੇਖ ‘ਸਾਹਿਤਕ ਅਨੁਵਾਦ: ਸਿਧਾਂਤ ਤੇ ਵਿਹਾਰ’ ਵਿਚ ਅਕਾਸ਼ਵਾਣੀ ਜਲੰਧਰ ਦੀ ਨੌਕਰੀ ਦੇ ਸਮੇਂ ਦੇ ਅਨੁਵਾਦ ਸੰਬੰਧੀ ਕੁਝ ਰੌਚਕ ਕਿੱਸੇ ਬਿਆਨ ਕਰਕੇ ਗੰਭੀਰ ਚਰਚਾ ਵਿਚ ਹਲਕਾ-ਫੁਲਕਾ ਮਾਹੌਲ ਸਿਰਜਿਆ ਹੈ। ਡਾ. ਰਾਜੇਸ਼ ਸ਼ਰਮਾ ਦਾਰਸ਼ਨਿਕ ਭਾਸ਼ਾ ਵਿਚ ਗੱਲ ਕਰਦਾ ਹੋਇਆ ਅਨੁਵਾਦ ਨੂੰ ਨਦੀ ਜਿਹਾ ਕਹਿੰਦਾ ਹੈ, ਜੋ ਰੁਕਦਾ ਨਹੀਂ ਅਤੇ ਨਾ ਹੀ ਰੂਪ ਦੀ ਸਥਿਰਤਾ ਵਿਚ ਬੱਝਦਾ ਹੈ। ਪ੍ਰੋ. ਜਸਪਾਲ ਘਈ ਅਨੁਸਾਰ ‘ਅਨੁਵਾਦ ਦਾ ਆਪਣਾ ਵੱਖਰਾ ਸੁਹਜ-ਸ਼ਾਸਤਰ ਹੈ।‘ ਜਗਤਾਰ ਸਿੰਘ ਦਾ ਵਿਚਾਰ ਹੈ ਕਿ ਅਨੁਵਾਦਕ ਪਾਠਕ ਜਗਤ ਦੇ ਅਨੁਭਵ ਸੰਸਾਰ ਵਿਚ ਵਾਧਾ ਕਰਦਾ ਹੈ। ਜਦ ਕਿ ਦੇਵਿੰਦਰ ਸੈਫ਼ੀ ਅਤੇ ਅਮਰਜੀਤ ਕੌਂਕੇ ਅਨੁਵਾਦ ਕਾਰਜ ਨੂੰ ਪੁਨਰ ਸਿਰਜਣਾ ਮੰਨਦੇ ਹਨ। ਕੌਂਕੇ ਤਾਂ ਅਨੁਵਾਦ ਨੂੰ ਕੁਦਰਤੀ ਵਰਤਾਰਾ ਕਹਿੰਦਾ ਹੈ। ਧਰਮ ਪਾਲ ਸਾਹਿਲ ਨੇ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਸੇਂਟ ਜੋਹੋਨ ਨੇ 400 ਈਸਵੀ ਵਿਚ ਬਾਈਬਲ ਦਾ ਅਨੁਵਾਦ ਲੈਟਿਨ ਭਾਸ਼ਾ ਵਿਚ ਕੀਤਾ ਸੀ ਅਤੇ ਭਾਰਤ ਵਿਚ ਪਹਿਲਾ ਅਨੁਵਾਦ ਡਾ.ਰਘੂਵੀਰਾ ਨੇ 18 ਵੀਂ ਸਦੀ ਵਿਚ ਕੀਤਾ ਸੀ। ਜਸਵਿੰਦਰ ਕੌਰ ਬਿੰਦਰਾ ਦਾ ਵਿਚਾਰ ਹੈ ਕਿ ਅਨੁਵਾਦ ਇਕ ਹੁਨਰ ਹੈ ਜੋ ਅਭਿਆਸ ਦੁਆਰਾ ਸੁਧਾਰਿਆ ਜਾ ਸਕਦਾ ਹੈ। ਬੂਟਾ ਸਿੰਘ ਚੌਹਾਨ ਨੇ ਆਪਣੇ ਲੇਖ ‘ਅਨੁਵਾਦਿਤ ਸਾਹਿਤ ਕਿਉਂ? ਵਿਚ ਰੋਚਕ ਜਾਣਕਾਰੀ ਮੁਹੱਈਆ ਕਰਵਾਈ ਹੈ। ਇੰਦਰਜੀਤ ਪਾਲ ਕੌਰ ਅਨੁਸਾਰ ਅਨੁਵਾਦ ਨਾਲ ਭਾਸ਼ਾ ਅਮੀਰ ਹੁੰਦੀ ਹੈ। ਡਾ. ਕੁਲਦੀਪ ਸਿੰਘ ਦੀਪ ਨੇ ਆਪਣੇ ਪਰਚੇ ਵਿਚ ਕਵਿਤਾ ਅਤੇ ਨਾਟਕ ਦੇ ਅਨੁਵਾਦ ਸੰਬੰਧੀ ਵਿਸਤਾਰ ਵਿਚ ਚਰਚਾ ਕੀਤੀ ਹੈ। ਇਕ ਲੇਖ ਵਿਚ ਇਹ ਦੱਸਿਆ ਗਿਆ ਹੈ ਕਿ ਰਟਿਨ ਡੋਲੈਟ ਨਾਂ ਦੇ ਅਨੁਵਾਦਕ ਨੂੰ ਪਲੇਟੋ ਦੇ ਅਨੁਵਾਦ ਵਿਚ ਛੋਟ ਲੈਣ ਕਰਕੇ ਫਾਂਸੀ ਦੀ ਸਜਾ ਦਿੱਤੀ ਗਈ ਸੀ।
ਕਈ ਵਿਦਵਾਨ ਨੇ ਅਨੁਵਾਦ ਖੇਤਰ ਵਿਚ ਆਪਣੇ-ਆਪਣੇ ਕਾਰਜਾਂ ਦਾ ਵੇਰਵਾ ਦਿੱਤਾ ਹੈ, ਜਿਸ ਨਾਲ ਪਾਠਕਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਮਿਲਦੀ ਹੈ। 30 ਲੇਖਾਂ ਤੋਂ ਇਲਾਵਾ ਕੁਝ ਅਨੁਵਾਦਕ ਰਚਨਾਵਾਂ ਵੀ ਦਰਜ ਹਨ।
ਨਿਰਸੰਦੇਹ ਅਰਤਿੰਦਰ ਸੰਧੂ ਨੇ ‘ਏਕਮ’ ਦੇ ਅਨੁਵਾਦ ਵਿਸ਼ੇਸ਼ ਅੰਕ ਰਾਹੀਂ ਪੰਜਾਬੀ ਪਾਠਕਾਂ ਨੂੰ ਇਕ ਵਿਸ਼ੇਸ਼ ਵਿਸ਼ੇ ਤੇ ਪੜ੍ਹਨ ਯੋਗ ਸਮਗਰੀ ਮੁਹੱਈਆ ਕਰਵਾਈ ਹੈ, ਜਿਸ ਲਈ ਉਸਦੀ ਪ੍ਰਸੰਸਾ ਕਰਨੀ ਬਣਦੀ ਹੈ।
ਮੇਰਾ ਨਿਜੀ ਵਿਚਾਰ ਹੈ ਕਿ ਜੇ ‘ਏਕਮ’ ਦੀ ਸੰਪਾਦਕ ਇਹਨਾਂ 30 ਲੇਖਾਂ ਨੂੰ(ਕੁਝ ਬਹੁਤ ਹੀ ਸੰਖੇਪ ਲੇਖਾਂ ਨੂੰ ਸੋਧ ਕੇ ਲਿਖਣ ਦੀ ਜ਼ਰੂਰਤ ਹੈ) ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਵਾਏ ਤਾਂ ਅਜਿਹੀ ਪੁਸਤਕ ਸਾਂਭਣਯੋਗ ਪੁਸਤਕਾਂ ਦੀ ਸੂਚੀ ਵਿਚ ਸ਼ਾਮਿਲ ਹੋ ਸਕਦੀ ਹੈ।
ਰਵਿੰਦਰ ਸਿੰਘ ਸੋਢੀ 001-604-368-2371 ਕੈਲਗਰੀ, ਕੈਨੇਡਾ