ਖੇਡਾਂ ਖੇਡਦਿਆਂ

ਵਾਲੀਬਾਲ ਖਿਡਾਰੀ ਸਵਰਨ ਮਹੇਸਰੀ


ਡੀ.ਐਮ.ਕਾਲਜ ਮੋਗਾ ਵਿਚ ਮੈਂ ਬੀ.ਐਸ.ਸੀ. ਕਰਦਿਆਂ ਕਦੇ ਵੀ ਕਿਸੇ ਖੇਡ ਵਿਚ ਭਾਗ ਨਹੀਂ ਲਿਆ ਸਿਰਫ਼ ਪੜ੍ਹਾਈ ਵੱਲ
ਧਿਆਨ ਸੀ। ਕਾਲਜ ਵਿਚ ਪਹਿਲੇ ਪੀਰੀਅਡ ਥਿਊਰੀ ਦੇ ਲੱਗਦੇ ਸਨ ਅਤੇ ਬਾਅਦ ਵਿਚ ਪ੍ਰਯੋਗੀ ਹੁੰਦੇ ਸਨ। ਸਵੇਰ ਤੋਂ
ਸ਼ਾਮ ਤੱਕ ਪੜ੍ਹਾਈ ਹੀ ਪੜ੍ਹਾਈ ਕਰਦੇ ਸੀ। ਕਦੇ ਪੀਰੀਅਡ ਛੱਡਣ ਦੀ ਹਿੰਮਤ ਹੀ ਨਹੀਂ ਸੀ। ਕਾਲਜ ਵਿਚ ਸ਼ਾਮ ਪੈ ਜਾਂਦੀ
ਸੀ। ਫਿਰ ਘਰ ਜਾ ਕੇ ਸਾਰੀ ਪੜ੍ਹਾਈ ਕਰਨੀ, ਜਦੋਂ ਕੰਮ ਨਿੱਬੜਦਾ ਸੀ ਉਦੋਂ ਕੁੱਝ ਅਰਾਮ ਕਰੀ ਦਾ ਸੀ।
ਬੀ.ਐਸ.ਸੀ.ਕਰਨ ਉਪਰੰਤ ਸ਼ੈਸ਼ਨ 1984-85 ਵਿਚ ਮੈਂ ਦਾਖਲਾ ਡੀ.ਐਮ.ਕਾਲਜ ਆਫ਼ ਐਜੂਕੇਸ਼ਨ ਮੋਗਾ ਵਿਖੇ ਲੈ
ਲਿਆ। ਇਨ੍ਹਾਂ ਦੋਹਾਂ ਕਾਲਜਾਂ ਦੀ ਕੰਧ ਸਾਂਝੀ ਸੀ। ਘਰ ਤੋਂ ਕਾਲਜ ਪੈਦਲ ਪੰਜ ਮਿੰਟ ਵਿਚ ਪਹੁੰਚ ਜਾਈਦਾ ਸੀ। ਇਥੇ ਵੀ ਮੈਂ
ਪੜ੍ਹਾਈ ਵਿਚ ਮਗਨ ਰਹਿੰਦਾ ਸੀ। ਮੈਂ ਸ਼ਹਿਰੀ ਹੋਣ ਕਰਕੇ ਮੇਰੇ ਸ਼ਹਿਰੀ ਹਮ ਜਮਾਤੀਆਂ ਨਾਲ ਨੇੜਤਾ ਸੀ ਪਰ ਮੇਰੀ ਪੇਂਡੂ
ਸਾਥੀਆਂ ਨਾਲ ਵੀ ਨਜਦੀਕੀ ਸੀ। ਜਿੰਨੇ ਸ਼ਹਿਰੀ ਸਾਥੀ ਸਨ ਉਹ ਖਾਲੀ ਪੀਰੀਅਡ ਵਿਚ ਆਪਣੇ ਘਰਾਂ ਨੂੰ ਚਲੇ ਜਾਂਦੇ ਸੀ।
ਹੌਲੀ ਹੌਲੀ ਮੇਰੀ ਨੇੜਤਾ ਸਭ ਨਾਲ ਹੋ ਗਈ। ਪੀਰੀਅਡ ਤੋਂ ਬਾਅਦ ਕੰਟੀਨ ਤੇ ਚਲੇ ਜਾਂਦੇ ਸੀ। ਇਥੇ ਬੈਠ ਕੇ ਚਾਹ ਪਾਣੀ
ਪੀ ਲੈਂਦੇ ਸੀ ਫਿਰ ਜਮਾਤਾਂ ਵਿਚ ਵਾਪਸ ਚਲੇ ਜਾਂਦੇ ਸੀ ਇਹ ਰੋਜਾਨਾ ਰੁਟੀਨ ਸੀ। ਕਈ ਵਾਰ ਸਾਡੇ ਪੇਂਡੂ ਸਾਥੀ ਕਾਲਜ ਤੋਂ
ਬਾਅਦ ਖਾਣ ਪੀਣ ਲਈ ਗਲੀ ਨੰਬਰ ਦੋ ਵਿਚ ਚਲੇ ਜਾਂਦੇ ਅਤੇ ਉੱਥੇ ਸਮੋਸੇ, ਟਿੱਕੀਆਂ, ਪਕੌੜੇ, ਬਰੈਡ ਪੀਸ ਆਦਿ
ਰਲਮਿਲ ਕੇ ਖਾਂਦੇ। ਉਹ ਬੈਠਣੀ ਦਾ ਵੀ ਵੱਖਰਾ ਅਨੰਦ ਸੀ। ਇੱਕ ਹਮ ਜਮਾਤੀ ਸਾਥੀ ਸਵਰਨ ਸਿੰਘ ਸੀ ਉਹਦਾ ਪਿੰਡ
ਮਹੇਸਰੀ ਸੀ। ਉਹ ਬਹੁਤ ਵਧੀਆ ਸੁਭਾਅ ਦਾ ਮਾਲਕ ਸੀ। ਉਹ ਬਹੁਤ ਹੀ ਨਰਮ, ਮਿਲਣਸਾਰ ਅਤੇ ਸਲੀਕੇ ਨਾਲ ਗੱਲ
ਕਰਦਾ ਸੀ। ਉਹਨੇ ਇੱਕ ਦਿਨ ਕਿਹਾ ਕਿ ਆਪਾਂ ਕਾਲਜ ਵਿਚ ਵਾਲੀਬਾਲ ਖੇਡ ਲਿਆ ਕਰੀਏ ਨਾਲੇ ਸਮਾਂ ਚੰਗਾ ਲੰਘ
ਜਿਆ ਕਰੂ। ਮੈਂ ਵੀ ਸਵਰਨ ਨੂੰ ਹਾਂ ਕਰ ਦਿੱਤੀ। ਹੋਰਾਂ ਨੇ ਵੀ ਹਾਂ ਕਰ ਦਿੱਤੀ। ਮੈਂ ਦੇਵ ਸਮਾਜ ਸਕੂਲ ਵਿਚ ਵਾਲੀਵਾਲ ਦੀ
ਟੀਮ ਵਿਚ ਖੇਡਦਾ ਸੀ ਅਤੇ ਕਾਫੀ ਸਮਾਂ ਖੇਡਦਾ ਰਿਹਾ। ਇਸ ਤਰ੍ਹਾਂ ਕਾਲਜ ਵਿਚ ਇੱਕ ਪਾਸੇ ਖਾਲੀ ਥਾਂ ਸੀ ਕਾਲਜ
ਪ੍ਰੋਫੈਸਰਾਂ ਤੋਂ ਪੁੱਛ ਕੇ ਵਾਲੀਬਾਲ ਦੀ ਗਰਾਊਂਡ ਤਿਆਰ ਕਰ ਲਈ। ਉਦੋਂ ਇਹ ਕਾਲਜ ਦੀ ਇਮਾਰਤ ਦੇ ਬਿਲਕੁੱਲ
ਸਾਹਮਣੇ ਸੀ। ਵਾਲੀਬਾਲ ਦੀ ਖੇਡ ਵਿਚ ਕੁੱਲ ਛੇ ਖਿਡਾਰੀ ਖੇਡਦੇ ਹਨ। ਤਿੰਨ ਅਗਲੇ ਪਾਸੇ ਨੈਟ ਕੋਲ ਅਤੇ ਬਾਕੀ ਤਿੰਨ
ਉਨ੍ਹਾਂ ਦੇ ਪਿਛਲੇ ਪਾਸੇ ਖਡਦੇ ਹਨ। ਇੱਕ ਖਿਡਾਰੀ ਬਾਲ ਨੂੰ ਦੋ ਵਾਰੀ ਛੂਹ ਨਹੀਂ ਸਕਦਾ ਸੀ। ਖੇਡਦੇ ਸਮੇਂ ਜਦੋਂ ਬਾਲ
ਲਾਇਨ ਨੂੰ ਛੂਹ ਜਾਵੇ ਤਾਂ ਅੰਦਰ/ਇੰਨ ਗਿਣਿਆ ਜਾਂਦਾ ਹੈ। ਕੁੱਲ ਤਿੰਨ ਖੇਡਾਂ ਹੁੰਦੀਆਂ ਸੀ ਅਤੇ ਜਿਹੜੀਆਂ ਦੋ ਜਿੱਤ ਜਾਂਦਾ
ਸੀ ਉਹ ਜੇਤੂ ਹੋ ਜਾਂਦਾ ਸੀ। ਇਥੇ ਨੈਟ ਲਗਾ ਕੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਹ ਵਾਲੀਬਾਲ ਦਾ ਬਹੁਤ ਤਕੜਾ
ਖਿਡਾਰੀ ਸੀ। ਉਹਦੇ ਵਰਗਾ ਕੋਈ ਸਾਹਨੀ ਨਹੀਂ ਸੀ। ਉਹ ਸੁਪਰ ਸੀ। ਉਹਦੀ ਖੇਡ ਦੇਖ ਕੇ ਸਾਰੇ ਦੰਗ ਰਹਿ ਜਾਂਦੇ ਸਨ।
ਅਸੀਂ ਕਾਲਜ ਵਿਚ ਇੱਕ ਦੋ ਪੀਰੀਅਡ ਜਰੂਰ ਖੇਡਦੇ ਸੀ। ਇਸ ਤਰ੍ਹਾਂ ਕਾਲਜ ਵਿਚ ਖੇਡਣ ਦਾ ਸਿਲਸਲਾ ਲਗਾਤਾਰ
ਬਰਕਰਾਰ ਰੱਖਿਆ। ਇਸ ਤਰ੍ਹਾਂ ਸਾਡੀ ਕਾਲਜ ਦੀ ਇੱਕ ਟੀਮ ਤਿਆਰ ਹੋ ਗਈ। ਇੱਕ ਵਾਰ ਸਾਡਾ ਬੀ.ਐਡ. ਕਾਲਜ
ਫਰੀਦਕੋਟ ਨਾਲ ਦੋਸਤਾਨਾ ਮੈਚ ਲਗਾਉਣ ਦਾ ਸਬੱਬ ਬਣਿਆ। ਅਸੀਂ ਮੈਚ ਵਾਲੇ ਦਿਨ ਬੱਸ ਅੱਡੇ ਇਕੱਠੇ ਹੋਏ ਤੇ
ਫਰੀਦਕੋਟ ਲਈ ਬੱਸ ਲੈ ਲਈ। ਬੱਸ ਫਰੀਦਕੋਟ ਅੱਡੇ ਤੇ ਪਹੁੰਚ ਗਈ। ਇਥੋਂ ਬੀ.ਐਡ. ਕਾਲਜ ਨੇੜੇ ਹੀ ਸੀ। ਅਸੀਂ ਪੈਦਲ
ਹੀ ਚਲੇ ਗਏ। ਉਦੋਂ ਦੋਵੇਂ ਕਾਲਜ ਡਿਗਰੀ ਅਤੇ ਬੀ.ਐਡ. ਆਹਮਣੇ ਸਾਹਮਣੇ ਸਨ। ਅਸੀਂ ਕਾਲਜ ਵਿਚ ਚਲੇ ਗਏ। ਇਹ
ਕਾਲਜ ਵੀ ਸਾਡੇ ਕਾਲਜ ਵਾਂਗ ਬਣਿਆ ਸੀ। ਉਹਨਾਂ ਕੁ ਖੇਤਰ ਇਸ ਕਾਲਜ ਦਾ ਸੀ। ਕਾਲਜ ਦੇ ਖੱਬੇ ਪਾਸੇ ਵਾਲੀਵਾਲ ਦੀ
ਗਰਾਊਂਡ ਸੀ। ਕਾਲਜ ਵਿਚ ਕਾਫੀ ਚਹਿਲ ਪਹਿਲ ਸੀ। ਸਾਰੇ ਮੈਚ ਦੇਖਣ ਲਈ ਉਤਾਵਲੇ ਸਨ। ਸਮਾਂ ਹੋ ਗਿਆ ਸੀ।
ਰੈਫਰੀ ਨੇ ਵਿਸਲ ਮਾਰੀ। ਦੋਵੇਂ ਟੀਮਾਂ ਮੈਦਾਨ ਵਿਚ ਆ ਗਈਆਂ। ਖਿਡਾਰੀਆਂ ਨੇ ਇੱਕ ਦੂਜੇ ਨਾਲ ਮਿਲਣੀ ਕੀਤੀ। ਅਸੀਂ

ਆਪਣੇ ਪਾਲੇ ਵਿਚ ਆ ਗਏ। ਮੈਂ ਤਾਂ ਨੈਟ ਦੇ ਕੋਲ ਖੱਬੇ ਪਾਸੇ ਸੀ। ਬਾਕੀ ਖਿਡਾਰੀ ਵੀ ਆਪਣੀਆਂ ਥਾਵਾਂ ਤੇ ਖੜ੍ਹੇ ਸਨ।
ਸਾਡਾ ਯੋਧਾ ਸਵਰਨ ਕੇਂਦਰ ਵਿਚ ਸੀ। ਖੇਡ ਸ਼ੁਰੂ ਹੋ ਗਈ। ਉਹਦੀ ਸਰਵਿਸ ਬੜੀ ਕਮਾਲ ਦੀ ਸੀ। ਉਹ ਬਾਲ ਨੂੰ ਬਹੁਤ
ਹੀ ਨੱਪ ਕੇ ਮਾਰਦਾ ਸੀ ਤੇ ਅਗਲੀ ਟੀਮ ਨੂੰ ਬਾਲ ਚੁੱਕਣ ਵਿਚ ਮੁਸ਼ਕਿਲ ਆਉਂਦੀ ਸੀ। ਇਸ ਮੈਚ ਵਿਚ ਸਵਰਨ ਦੂਜੀ
ਟੀਮ ਦਾ ਧੂੰਆਂ ਕਢਾਈ ਜਾ ਰਿਹਾ ਸੀ। ਉਹਨੇ ਖੇਡ ਬਹੁਤ ਵਧੀਆ ਢੰਗ ਨਾਲ ਖੇਡੀ। ਹਰ ਪਾਸੇ ਸਵਰਨ ਸਿੰਘ ਮਹੇਸਰੀ
ਦੀ ਬੱਲੇ ਬੱਲੇ ਹੋਈ ਪਈ ਸੀ। ਸਾਥੀ ਸਵਰਨ ਸਿੰਘ ਮਹੇਸਰੀ ਨੇ ਡੀ.ਐਮ.ਕਾਲਜ ਆਫ਼ ਐਜੂਕੇਸ਼ਨ ਮੋਗਾ ਦਾ ਨਾਂਅ
ਸੁਨਹਿਰੀ ਅੱਖਰਾਂ ਵਿਚ ਚਮਕਾ ਦਿੱਤਾ। ਬੇਸ਼ੱਕ ਇਹ ਮੈਚ ਦੋਸਤਾਨਾ ਸੀ ਪਰ ਉਹਦੇ ਜੌਹਰ ਦੇਖਣ ਵਾਲੇ ਸਨ। ਉਹਨੇ
ਕਮਾਲ ਦੀ ਖੇਡ ਖੇਡੀ, ਫੱਟੇ ਚੱਕ ਦਿੱਤੇ। ਅੱਜ ਬੜੇ ਲੰਬੇ ਸਮੇਂ ਬਾਅਦ ਯਾਦਾਂ ਦੀ ਪਟਾਰੀ ਵਿਚੋਂ ਸਵਰਨ ਸਿੰਘ ਯਾਦ ਆਏ
ਅਤੇ ਬੀਤੇ ਪਲ ਸਾਂਝੇ ਕਰਨ ਦਾ ਮੌਕਾ ਮਿਲਿਆ। ਬੇਸ਼ੱਕ ਉਹ ਇਸ ਦੁਨੀਆ ਵਿਚ ਨਹੀਂ ਹਨ ਪਰ ਉਸਦੀਆਂ ਯਾਦਾਂ
ਉਹਦੇ ਨਾਲ ਬਿਤਾਏ ਪਲ ਸਦਾ ਯਾਦ ਰਹਿਣਗੇ ਅਤੇ ਜਿੰਦਗੀ ਦੇ ਨਾਲ ਨਾਲ ਚੱਲਣਗੇ।

ਵੱਲੋਂ: ਪ੍ਰਿੰ :ਜਸਪਾਲ ਸਿੰਘ ਲੋਹਾਮ ਪਤਾ: ਮਕਾਨ ਨੰਬਰ: 166, ਵਾਰਡ ਨੰਬਰ: 29, ਗਲੀ ਹਜਾਰਾ ਸਿੰਘ ਮੋਗਾ-142001
ਮੋਬਾਇਲ ਨੰਬਰ: 97-810-40140
ਈਮੇਲ: [email protected]

Show More

Related Articles

Leave a Reply

Your email address will not be published. Required fields are marked *

Back to top button
Translate »