ਹੱਡ ਬੀਤੀਆਂ

ਜਦੋਂ ਆਪਣੇ ਬਿਗਾਨੇ ਹੋ ਗਏ

   

 (ਸੱਚੀ ਕਹਾਣੀ ਪ੍ਰੰਤੂ ਨਾਮ ਕਲਪਿਤ)

ਜਦੋਂ ਆਪਣੇ ਹੀ ਧੋਖਾ ਦੇ ਜਾਣ ਫਿਰ ਬਿਗਾਨਿਆਂ ‘ਤੇ ਇਤਰਾਜ਼ ਕਰਨਾ ਸ਼ੋਭਾ ਨਹੀਂ ਦਿੰਦਾ। ਆਪਣਿਆਂ ਦੀ ਅਣਵੇਖੀ ਬਰਦਾਸ਼ਤ ਕਰਨੀ ਮੁਸ਼ਕਲ ਹੁੰਦੀ ਹੈ। ਉਦੋਂ ਇਨਸਾਨ ਨਾ ਜਿਉਂਦਾ ਹੋਇਆ ਵੀ ਜਿਉਂਦਿਆਂ ਵਰਗਾ ਨਹੀਂ ਹੁੰਦਾ। ਪੰਜਾਬੀਆਂ ਲਈ ਪ੍ਰਵਾਸ ਵਿੱਚ ਜਾ ਕੇ ਸੈਟਲ ਹੋਣਾ ਇੱਕ ਪਵਿਤਰ ਕਾਰਜ ਬਣਿਆਂ ਹੋਇਆ ਪਿਆ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਆਪਣੇ ਮਾਪਿਆਂ ਦੇ ਗਲ਼ਾਂ ਵਿੱਚ ਗੂਠੇ ਦੇ ਕੇ ਪ੍ਰਵਾਸ ਨੂੰ ਵਹੀਰਾਂ ਘੱਤ ਕੇ ਪਿੱਛੇ ਆਪਣੇ ਮਾਪਿਆਂ ਨੂੰ ਰੱਬ ਆਸਰੇ ਛੱਡ ਜਾ ਰਹੇ ਹਨ। ਬਜ਼ੁਰਗ ਮਾਪੇ ਏਥੇ ਬੇਆਸਰਾ ਹੋ ਕੇ ਰੁਲ ਰਹੇ ਹਨ। ਏਥੇ ਮੈਂ ਇੱਕ ਬਜ਼ੁਰਗ ਦੀ ਕਹਾਣੀ ਦੱਸਣ ਜਾ ਰਿਹਾ ਹਾਂ, ਜਿਸਨੇ ਆਪਣੇ ਦੋ ਬੱਚੇ ਮਿਹਨਤ ਕਰਕੇ, ਨੌਕਰੀ ਦੇ ਨਾਲ ਓਵਰ ਟਾਈਮ ਲਾ ਕੇ ਪੜ੍ਹਾਏ ਤੇ ਉਹ ਆਪ ਭਾਰਤ ਵਿੱਚ ਇਕੱਲਾ ਪੁੱਤਰਾਂ ਦੀ ਉਡੀਕ ਕਰਦਾ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਕਹਾਣੀ ਇਸ ਤਰ੍ਹਾਂ ਹੈ, ਮੈਂ 1974 ਵਿੱਚ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਨੌਕਰੀ ਸ਼ੁਰੂ ਕੀਤੀ ਸੀ। ਉਥੇ ਬਹੁਤ ਸਾਰੇ ਅਧਿਕਾਰੀ ਤੇ ਕਰਮਚਾਰੀ ਦੋਸਤ ਬਣ ਗਏ। ਉਹ ਦੋਸਤੀ 50 ਸਾਲ ਬਾਅਦ ਵੀ ਬਰਕਰਾਰ ਹੈ। ਏਥੇ ਮੈਂ ਤਿੰਨ ਦੋਸਤਾਂ ਹਰਦੀਪ ਸਿੰਘ, ਰਮਣੀਕ ਸਿੰਘ ਸੈਣੀ ਅਤੇ ਫ਼ਕੀਰ ਸਿੰਘ ਦੀ ਦੋਸਤੀ ਬਾਰੇ ਦੱਸਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਅਖ਼ੀਰ ਤੱਕ ਨਿਭਣ ਦੇ ਸੁਪਨੇ ਸਿਰਜੇ ਸਨ।  ਲਗਪਗ ਹਰ ਰੋਜ਼ ਹੀ ਉਹ ਇੱਕ ਦੂਜੇ ਦੇ ਘਰ ਬੈਠਕੇ ਇਕੱਠੇ ਹੀ ਖਾਣਾ ਖਾਂਦੇ ਸੀ। ਉਨ੍ਹਾਂ ਵਿੱਚੋਂ ਹਰਦੀਪ ਸਿੰਘ ਤੇ ਰਮਣੀਕ ਸਿੰਘ ਲੁਧਿਆਣਾ ਤੋਂ ਤੇ ਤੀਜਾ ਫ਼ਕੀਰ ਸਿੰਘ ਅੰਮ੍ਰਿਤਸਰ ਤੋਂ ਸੀ ਪ੍ਰੰਤੂ ਉਹ ਲੁਧਿਆਣੇ ਵਿਆਹਿਆ ਹੋਇਆ ਸੀ। ਫ਼ਕੀਰ ਸਿੰਘ ਦਾ ਸਹੁਰਾ ਪਰਿਵਾਰ ਚੌੜੇ ਬਾਜ਼ਾਰ ਦਾ ਚੰਗੇ ਸਿਆਸੀ ਤੇ ਸਮਾਜਿਕ ਅਸਰ ਰਸੂਖ਼ ਵਾਲਾ ਕਾਰੋਬਾਰੀ ਸੀ। ਰਮਣੀਕ ਸਿੰਘ ਦੇ ਪਰਿਵਾਰ ਦਾ ਵੀ ਹੌਜ਼ਰੀ ਦਾ ਵਿਓਪਾਰ ਸੀ। ਹਰਦੀਪ ਸਿੰਘ ਸਾਧਾਰਨ ਦਿਹਾਤੀ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਫ਼ਕੀਰ ਸਿੰਘ ਦੇ ਮਾਤਾ ਜੀ ਦੀ ਉਸ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਫਕੀਰ ਸਿੰਘ ਪਰਿਵਾਰ ਵਿੱਚ ਮਤਰੇਆ ਹੋਣ ਕਰਕੇ ਅਣਡਿਠ ਹੋਣ ਲੱਗ ਪਿਆ। ਅਜਿਹੇ ਹਾਲਾਤ ਵਿੱਚ ਉਸਦਾ ਪਾਲਣ ਪੋਸ਼ਣ ਉਸਦੀ ਭੂਆ ਨੇ ਕੀਤਾ। ਉਹ ਪੜ੍ਹਾਈ ਵਿੱਚ ਉਹ ਹਮੇਸ਼ਾ ਚੰਗੇ ਨੰਬਰ ਲੈਂਦਾ ਸੀ। ਉਸ ਨੇ ਬੀ.ਏ. ਕਰ ਲਈ ਤੇ ਫਿਰ ਪੰਜਾਬ ਸਿਵਲ ਸਕੱਤਰੇਤ ਵਿੱਚ ਚੰਡੀਗੜ੍ਹ ਵਿਖੇ ਨੌਕਰ ਹੋ ਗਿਆ ਸੀ। ਉਸ ਦੇ ਪਿਤਾ ਵੱਲੋਂ ਉਸਨੂੰ ਪਰਿਵਾਰ ਦੀ ਜਾਇਦਾਦ ਵਿੱਚੋਂ ਬਣਦਾ ਹਿੱਸਾ ਵੀ ਨਹੀਂ ਦਿੱਤਾ ਗਿਆ। ਫ਼ਕੀਰ ਸਿੰਘ ਦਾ ਵਿਆਹ ਹੋਣ ਤੋਂ ਬਾਅਦ ਉਸ ਦੇ ਸਹੁਰਿਆਂ ਦੀ ਸਪੋਰਟ ਕਰਕੇ ਉਸ ਦੀ ਜ਼ਿੰਦਗੀ ਵਧੀਆਂ ਬਸਰ ਹੋਣ ਲੱਗ ਪਈ। ਫ਼ਕੀਰ ਸਿੰਘ ਦੇ ਸਹੁਰਿਆਂ ਨੇ ਆਪਣਾ ਅਸਰ ਰਸੂਖ਼ ਵਰਤਕੇ ਉਸ ਨੂੰ ਇੱਕ ਬੈਂਕ ਵਿੱਚ ਦਿੱਲੀ ਵਿਖੇ ਅਧਿਕਾਰੀ ਨਿਯੁਕਤ ਕਰਵਾ ਦਿੱਤਾ। ਫ਼ਕੀਰ ਸਿੰਘ ਦਿੱਲੀ ਜਾ ਕੇ ਬੜਾ ਖ਼ੁਸ਼ ਹੋਇਆ ਕਿਉਂਕਿ ਇੱਕ ਤਾਂ ਅਧਿਕਾਰੀ ਬਣ ਗਿਆ, ਦੂਜੇ ਉਸ ਦੇ ਸਹੁਰਿਆਂ ਵੱਲੋਂ ਕੁਝ ਰਿਸ਼ਤੇਦਾਰ ਦਿੱਲੀ ਰਹਿੰਦੇ ਸਨ। ਦਿੱਲੀ ਵਿੱਚ ਉਸਦੇ ਦੋਸਤਾਂ ਦਾ ਦਾਇਰਾ ਵੀ ਵੱਡਾ ਹੋ ਗਿਆ। ਫ਼ਕੀਰ ਸਿੰਘ ਨੇ ਦਿੱਲੀ ਰੋਹਿਨੀ ਵਿਖੇ ਇੱਕ ਫਲੈਟ ਵੀ ਖ੍ਰੀਦ ਲਿਆ ਤੇ ਉਹ ਪੱਕਾ ਦਿੱਲੀ ਨਿਵਾਸੀ ਹੋ ਗਿਆ। ਹਰਦੀਪ ਸਿੰਘ ਅਤੇ ਰਮਣੀਕ ਸਿੰਘ ਦੇ ਪਰਿਵਾਰ ਅਕਸਰ ਉਸ ਕੋਲ ਦਿੱਲੀ ਅਤੇ ਉਹ ਉਨ੍ਹਾਂ ਕੋਲ ਚੰਡੀਗੜ੍ਹ ਅਤੇ ਪਟਿਆਲਾ ਪਰਿਵਾਰ ਸਮੇਤ ਆਉਂਦੇ ਰਹਿੰਦੇ ਸਨ। ਦਿੱਲੀ ਵਿਖੇ ਰਹਿੰਦਿਆਂ ਫ਼ਕੀਰ ਸਿੰਘ ਨੇ ਦੋਹਾਂ ਬੱਚਿਆਂ ਨੂੰ ਤਾਲੀਮ ਦਿਵਾਈ। ਦਿੱਲੀ ਵਰਗੇ ਮੈਟਰੋਲੀਟਨ ਸ਼ਹਿਰ ਵਿੱਚ ਇਕੱਲੇ ਵਿਅਕਤੀ ਦੀ ਤਨਖ਼ਾਹ ਨਾਲ ਪੜ੍ਹਾਉਣਾ ਬਹੁਤ ਔਖਾ ਹੁੰਦਾ ਹੈ। ਉਸ ਦਾ ਵੱਡਾ ਸਪੁੱਤਰ ਡਾਕਟਰ ਹੈ, ਛੋਟਾ ਸਪੁੱਤਰ ਆਪਣਾ ਕਾਰੋਬਾਰ ਕਰਦਾ ਹੈ। ਫ਼ਕੀਰ ਸਿੰਘ ਨੇ ਦੋਹਾਂ ਬੱਚਿਆਂ ਦੇ ਦੋ-ਦੋ ਵਾਰ ਵਿਆਹ ਕਰਵਾਏ ਕਿਉਂਕਿ ਉਹ ਆਪਣੇ ਵਿਆਹਾਂ ਵਿੱਚ ਵੀ ਚੰਗੇ ਪਤੀ ਸਾਬਤ ਨਹੀਂ ਹੋਏ। ਬੈਂਕ ਦੀ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਪਤੀ ਪਤਨੀ ਆਪਣੇ ਸਪੁੱਤਰਾਂ ਕੋਲ ਚਲੇ ਜਾਂਦੇ ਸਨ। ਫ਼ਕੀਰ ਸਿੰਘ ਬੱਚਿਆਂ ਦੇ ਸੁਨਹਿਰੇ ਭਵਿਖ ਲਈ ਨੌਕਰੀ ਤੋਂ ਇਲਾਵਾ ਹੋਰ ਕੰਮ ਵੀ ਕਰਦਾ ਰਿਹਾ। ਇੱਥੋਂ ਤੱਕ ਕਿ ਬੱਚਿਆਂ ਨੂੰ ਪਰਵਾਸ ਵਿੱਚ ਸੈਟ ਕਰਵਾਉਣ ਲਈ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਪ੍ਰਾਈਵੇਟ ਇੱਕ ਬੈਂਕ ਵਿੱਚ ਨੌਕਰੀ ਕਰਦਾ ਰਿਹਾ। ਘਰ ਵੀ ਰਾਤ ਨੂੰ ਅੱਧੀ ਅੱਧੀ ਰਾਤ ਤੱਕ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਰਿਹਾ। ਕਈ ਵਾਰ ਦੋਵਾਂ ਦੋਸਤਾਂ ਨੇ ਕਹਿਣਾ ਕਿ ਐਨਾ ਕੰਮ ਨਾ ਕਰਿਆ ਕਰ ਸਗੋਂ ਆਪਣੀ ਸਿਹਤ ਦਾ ਧਿਆਨ ਵੀ ਰੱਖਣਾ  ਜ਼ਰੂਰੀ ਹੁੰਦਾ ਹੈ ਪ੍ਰੰਤੂ ਉਹ ਲਗਾਤਾਰ ਰਾਤ ਬਰਾਤੇ ਕੰਮ ਕਰਦਾ ਰਿਹਾ। ਸਨ। 

     ਦੋ ਸਾਲ ਪਹਿਲਾਂ ਜਦੋਂ ਉਹ ਆਪਣੇ ਛੋਟੇ ਪੁਤਰ ਕੋਲ ਪ੍ਰਵਾਸ ਵਿੱਚ ਰਹਿ ਰਹੇ ਸਨ ਤਾਂ ਫ਼ਕੀਰ ਸਿੰਘ ਦੀ ਪਤਨੀ ਸਵਰਗ ਸਿਧਾਰ ਗਈ ਸੀ। ਪਤਨੀ ਦੀ ਮੌਤ ਤੋਂ ਬਾਅਦ ਉਹ ਇਕੱਲਾਪਣ ਮਹਿਸੂਸ ਕਰਨ ਲੱਗ ਪਿਆ। ਇੱਕ ਸਾਲ ਤੋਂ ਫ਼ਕੀਰ ਸਿੰਘ ਇਕੱਲਾ ਹੀ ਦਿੱਲੀ ਵਿਖੇ ਆਪਣੇ ਫਲੈਟ ਵਿੱਚ ਰਹਿ ਰਿਹਾ ਸੀ। ਅਪ੍ਰੈਲ 2024 ਵਿੱਚ ਉਸ ਨੇ ਦੋਹਾਂ ਦੋਸਤਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਰਹਿੰਦੀ ਤਾਂ ਦੋਹਾਂ ਦੋਸਤਾਂ ਨੇ ਉਸ ਨੂੰ ਕਿਹਾ ਕਿ ਉਹ ਫਲੈਟ ਵੇਚਕੇ ਸਾਡੇ ਕੋਲ ਚੰਡੀਗੜ੍ਹ ਦੇ ਨੇੜੇ ਜੀਰਕਪੁਰ ਜਾਂ ਪਟਿਆਲਾ ਵਿਖੇ ਛੋਟਾ ਜਿਹਾ ਮਕਾਨ ਮੁੱਲ ਲੈ ਕੇ ਰਹਿਣ ਲੱਗ ਜਾਵੇ ਤਾਂ ਜੋ ਉਹ ਉਸ ਦਾ ਧਿਆਨ ਰੱਖ ਸਕਣ। ਪਟਿਆਲਾ ਨੇੜੇ ਉਸਦੀ ਭੂਆ ਦੇ ਲੜਕੇ ਵੀ ਰਹਿੰਦੇ ਹਨ। ਰਮਣੀਕ ਸਿੰਘ ਨੇ ਫ਼ਕੀਰ ਸਿੰਘ ਨੂੰ ਆਪਣੇ ਫਲੈਟ ਵਿੱਚ ਆ ਕੇ ਰਹਿਣ ਦੀ ਪੇਸ਼ਕਸ਼ ਵੀ ਕੀਤੀ ਕਿਉਂਕਿ ਦਿੱਲੀ ਤਾਂ ਉਸਦਾ ਆਪਣਾ ਕੋਈ ਨਹੀਂ ਰਹਿੰਦਾ ਪ੍ਰੰਤੂ ਉਸ ਦਾ ਦਿੱਲੀ ਦਾ ਤੇ ਬੈਂਕ ਦੇ ਦੋਸਤਾਂ ਦਾ ਮੋਹ ਇੰਝ ਕਰਨ ਤੋਂ ਰੋਕਦਾ ਰਿਹਾ। ਜੂਨ ਦੇ ਮਹੀਨੇ ਉਸਨੇ ਆਪਣੇ ਦੋਵੇਂ ਬਜ਼ੁਰਗ ਦੋਸਤਾਂ ਨੂੰ ਦੱਸਿਆ ਕਿ ਉਹ ਬਹੁਤ ਕਮਜ਼ੋਰ ਹੋ ਗਿਆ ਹੈ। ਦੋਸਤਾਂ ਨੇ ਕਿਹਾ ਕਿ ਥੋੜ੍ਹੀ ਗਰਮੀ ਘਟ ਜਾਵੇ ਫਿਰ ਤੁਹਾਨੂੰ ਮਿਲਕੇ ਜਾਵਾਂਗੇ ਤੇ ਜੇ ਤੂੰ ਠੀਕ ਸਮਝੇਂਗਾ ਤਾਂ ਆਪਣੇ ਕੋਲ ਲੈ ਆਵਾਂਗੇ। ਪ੍ਰੰਤੂ ਉਹ ਮੌਕਾ ਆ ਨਹੀਂ ਸਕਿਆ ਤੇ ਫ਼ਕੀਰ ਸਿੰਘ ਆਪਣੇ ਫਲੈਟ ਵਿੱਚ ਅਲਵਿਦਾ ਕਹਿ ਗਿਆ, ਜਿਸਦਾ ਇੱਕ ਦਿਨ ਬਾਅਦ ਪਤਾ ਲੱਗਾ। ਮਾਪੇ ਪੰਜਾਬ ਵਿੱਚ ਆਪਣੀ ਔਲਾਦ ਲਈ ਤਰਸਦੇ ਇਸ ਸੰਸਾਰ ਤੋਂ ਵਿਦਾ ਹੋ ਜਾਂਦੇ ਹਨ।

   ਹਾਲਾਤ ਇਹ ਬਣੇ ਕਿ ਫ਼ਕੀਰ ਸਿੰਘ ਦੀ ਲਾਸ਼ ਦਿੱਲੀ ਦੇ ਸਰਕਾਰੀ ਹਸਪਤਾਲ ਦੇ ਮੁਰਦਘਾਟ ਵਿੱਚ ਕਈ ਦਿਨ ਪਈ ਪ੍ਰਵਾਸ ਵਿੱਚ ਵਸੇ ਆਪਣੇ ਪੁੱਤਰਾਂ ਨੂੰ ਉਡੀਕਦੀ ਰਹੀ। ਦਿੱਲੀ ਰੋਹਿਨੀ ਦੀ ਇੱਕ ਰਿਹਾਇਸ਼ੀ ਸੋਸਾਇਟੀ ਦੇ ਪ੍ਰਧਾਨ ਜਿਥੇ ਫ਼ਕੀਰ ਸਿੰਘ ਆਪਣੇ ਫਲੈਟ ਵਿੱਚ ਰਹਿ ਰਿਹਾ ਸੀ ਨੇ ਫ਼ਕੀਰ ਸਿੰਘ ਦੇ ਇੱਕ ਲੜਕੇ ਨੂੰ ਜਦੋਂ ਪਿਤਾ ਦੀ ਮੌਤ ਦੀ ਖ਼ਬਰ ਦਿੱਤੀ ਤਾਂ ਲੜਕੇ ਨੇ ਬਹੁਤੀ ਸੰਜੀਦਗੀ ਨਹੀਂ ਵਿਖਾਈ। ਸੋਸਾਇਟੀ ਦੇ ਪ੍ਰਧਾਨ ਨੂੰ ਗੁੱਸਾ ਆ ਗਿਆ ਤਾਂ ਉਸਨੇ ਲੜਕੇ ਦੀ ਲਾਹ ਪਾਹ ਕੀਤੀ ਫਿਰ ਉਸ ਨੇ ਕਿਹਾ ਉਹ ਆਵੇਗਾ। ਫਿਰ ਉਸ ਲੜਕੇ ਨੇ ਰਮਣੀਕ ਸਿੰਘ ਨੂੰ ਕੈਨੇਡਾ ਤੋਂ ਫ਼ੋਨ ਕਰਕੇ ਫ਼ਕੀਰ ਸਿੰਘ ਦੀ ਮੌਤ ਦੀ ਸੂਚਨਾ ਦਿੰਦਿਆਂ ਕਿਹਾ ਕਿ ਉਹ ਦਿੱਲੀ ਆ ਕੇ ਫ਼ੋਨ ਕਰੇਗਾ ਪ੍ਰੰਤੂ ਅਜੇ ਟਿਕਟ ਨਹੀਂ ਮਿਲ ਰਹੇ। ਉਸ ਨੇ ਇਹ ਖ਼ਬਰ ਹਰਦੀਪ ਸਿੰਘ ਤੱਕ ਪਹੁੰਚਾਉਣ ਨੂੰ ਵੀ ਕਿਹਾ। ਹਫ਼ਤਾ ਬਾਅਦ ਰਮਣੀਕ ਸਿੰਘ ਨੇ ਉਸ ਲੜਕੇ ਨੂੰ ਪ੍ਰਵਾਸ ਵਿੱਚ ਫੋਨ ਕੀਤਾ ਤਾਂ ਫੋਨ ਫਕੀਰ ਸਿੰਘ ਦੇ ਵੱਡੇ ਲੜਕੇ ਨੇ ਚੁੱਕਿਆ, ਜਿਹੜਾ ਦੂਜੇ ਦੇਸ਼  ਤੋਂ ਆਪਣੇ ਭਰਾ ਕੋਲ ਉਸ ਦੇ ਦੇਸ ਗਿਆ ਸੀ। ਰਮਣੀਕ ਸਿੰਘ ਨੇ ਕਿਹਾ ਤੁਸੀਂ ਅਜੇ ਤੱਕ ਕਿਉਂ ਨਹੀਂ ਆਏ? ਤਾਂ ਉਹ ਲੜਕਾ ਬੇਰੁਖੀ ਨਾਲ ਬੋਲਿਆ ਕਿ ਟਿਕਟਾਂ ਨਹੀਂ ਮਿਲ ਰਹੀਆਂ। ਰਮਣੀਕ ਸਿੰਘ ਨੇ ਇਹ ਸੂਚਨਾ ਹਰਦੀਪ ਸਿੰਘ ਨੂੰ ਦਿੱਤੀ। ਹਰਦੀਪ ਸਿੰਘ ਨੇ ਤੇ ਫਕੀਰ ਸਿੰਘ ਦੀ ਭੂਆ ਦੇ ਲੜਕੇ ਨੂੰ ਵੀ ਮੰਦਭਾਗੀ ਖ਼ਬਰ ਦੇ ਦਿੱਤੀ। ਉਸ ਨੇ ਸੋਸਾਇਟੀ ਦੇ ਪ੍ਰਧਾਨ ਦਾ ਨੰਬਰ ਲੱਭਕੇ ਉਸ ਨਾਲ ਗੱਲ ਕੀਤੀ। ਪ੍ਰਧਾਨ ਨੇ ਦੱਸਿਆ ਕਿ ਅਜੇ ਤੱਕ ਕੋਈ ਆਇਆ ਨਹੀਂ। ਫਕੀਰ ਸਿੰਘ ਦੀ ਭੂਆ ਦਾ ਲੜਕਾ ਸਪੁੱਤਰਾਂ ਦੀ ਬੇਰੁਖੀ ਕਰਕੇ ਆਪ ਦਿੱਲੀ ਜਾ ਕੇ ਸਸਕਾਰ ਕਰਨ ਦੀ ਕਹਿ ਰਿਹਾ ਸੀ ਪ੍ਰੰਤੂ ਖ਼ੂਨ ਦੇ ਰਿਸ਼ਤੇ ਤੋਂ ਬਿਨਾ ਲਾਸ਼ ਨਹੀਂ ਮਿਲਣੀ ਸੀ। ਜਦੋਂ ਦੋਵੇਂ ਬੱਚੇ ਨਾ ਆਏ ਤਾਂ ਪੁਲਿਸ ਇਨਸਪੈਕਟਰ ਨੇ ਸੋਸਾਇਟੀ ਦੇ ਪ੍ਰਧਾਨ ਤੋਂ ਨੰਬਰ ਲੈਕੇ ਪ੍ਰਵਾਸ ਵਿੱਚ ਫ਼ਕੀਰ ਸਿੰਘ ਦੇ ਲੜਕੇ ਨੂੰ ਫ਼ੋਨ ਕੀਤਾ ਕਿ ਜੇ ਤੁਸੀਂ ਆਉਂਦੇ ਨਹੀਂ ਹਸਪਤਾਲ ਵਾਲੇ ਲਾਸ਼ ਇਸ ਤੋਂ ਵੱਧ ਨਹੀਂ ਰੱਖਦੇ। ਉਲਟਾ ਫਕੀਰ ਸਿੰਘ ਦਾ ਲੜਕਾ ਕਹਿਣ ਲੱਗਾ ਤੁਸੀਂ ਕਦੇ ਵਿਦੇਸ਼ ਆਏ ਹੋ, ਤੁਹਾਨੂੰ ਪਤਾ ਸਾਨੂੰ ਵੀਜਾ ਨਹੀਂ ਮਿਲ ਰਿਹਾ। ਪੁਲਿਸ ਇਨਸਪੈਕਟਰ ਨੇ ਕਿਹਾ ਤੁਸੀਂ ਮੇਰੇ ਵਿਦੇਸ਼ ਆਉਣ ਬਾਰੇ ਪੁੱਛ ਰਹੇ ਹੋ, ਤੁਹਾਡੇ ਬਾਪ ਦੀ ਲਾਸ਼ ਰੁਲ ਰਹੀ ਹੈ। ਰਮਣੀਕ ਸਿੰਘ ਨੇ 10 ਦਿਨਾ ਬਾਅਦ ਫਕੀਰ ਸਿੰਘ ਦੇ ਛੋਟੇ ਲੜਕੇ ਨੂੰ ਫ਼ੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਦਿੱਲੀ ਆ ਗਏ ਹਨ ਤੇ ਹੁਣ ਥਾਣੇ ਜਾ ਰਹੇ ਹਨ। ਥਾਣੇ ਤੋਂ ਕਲੀਅਰੈਂਸ ਲੈ ਕੇ ਲਾਸ਼ ਮਿਲੇਗੀ। ਜਦੋਂ ਲਾਸ਼ ਮਿਲ ਗਈ ਤਾਂ ਤੁਹਾਨੂੰ ਦੱਸ ਦਿਆਂਗੇ। ਪ੍ਰੰਤੂ ਅੱਜ ਤੱਕ ਲੜਕਿਆਂ ਦਾ ਮੁੜਕੇ ਫ਼ੋਨ ਨਹੀਂ ਆਇਆ। ਪਤਾ ਲੱਗਾ ਹੈ ਕਿ ਲੜਕਿਆਂ ਨੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਬੁਲਾਇਆ, ਲਾਸ਼ ਦਾ ਸਸਕਾਰ ਕਰਕੇ ਸੋਸਾਇਟੀ ਦੇ ਗੁਰਦੁਆਰਾ ਸਾਹਿਬ ਅਖੰਡਪਾਠ ਪ੍ਰਕਾਸ਼ ਕਰਵਾਕੇ ਕਿਸੇ ਹੋਰ ਵਿਅਕਤੀ ਨੂੰ ਪਾਠ ਦੀ ਵੇਖ ਰੇਖ ਦੀ ਜ਼ਿੰਮੇਵਾਰੀ ਦੇ ਕੇ ਚਲੇ ਗਏ। ਭੋਗ ਪੈਣ ਤੋਂ ਅੱਧਾ ਘੰਟਾ ਪਹਿਲਾਂ ਆਏ। ਪਤਾ ਲੱਗਾ ਹੈ ਹੁਣ ਦੋਵੇਂ ਬੱਚੇ ਫਲੈਟ ਨੂੰ ਆਪਣੇ ਨਾਮ ਕਰਵਾਕੇ ਵੇਚਣ ਵਿੱਚ ਲੱਗੇ ਹੋਏ ਹਨ। ਪ੍ਰਵਾਸ ਵਿੱਚ ਵਸੇ ਬੱਚਿਆਂ ਦੀ ਅਜਿਹੀ ਮਾਨਸਿਕਤਾ ਬਜ਼ੁਰਗਾਂ ਦੀ ਤ੍ਰਾਸਦੀ ਦੀ ਮੂੰਹ ਬੋਲਦੀ ਤਸਵੀਰ ਹੈ। ਪੰਜਾਬੀਓ ਬੱਚਿਆਂ ਨੂੰ ਪ੍ਰਵਾਸ ਵਿੱਚ ਭੇਜਣ ਸਮੇਂ ਆਪਣੇ ਬੁਢਾਪੇ ਵਿੱਚ ਵੇਖ ਭਾਲ ਦਾ ਪ੍ਰਬੰਧ ਜ਼ਰੂਰ ਕਰ ਲੈਣਾ ਨਹੀਂ ਤਾਂ ਫ਼ਕੀਰ ਸਿੰਘ ਵਾਲਾ ਹਾਲ ਹੋਵੇਗਾ।

  ਉਜਾਗਰ ਸਿੰਘ

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  [email protected]

(ਸੱਚੀ ਕਹਾਣੀ ਪ੍ਰੰਤੂ ਨਾਮ ਕਲਪਿਤ)

Show More

Related Articles

Leave a Reply

Your email address will not be published. Required fields are marked *

Back to top button
Translate »