‘ਵੱਡਾ ਘਰ’- ਪਰਵਾਸ ਜ਼ਿੰਦਗੀ ਦੀ ਮਨੋਰੰਜਨ ਭਰਪੂਰ ਸਮਾਜਿਕ ਫ਼ਿਲਮ
ਫ਼ਿਲਮਨਾਮਾ—
ਪਰਵਾਸ ਜ਼ਿੰਦਗੀ ਦੀ ਮਨੋਰੰਜਨ ਭਰਪੂਰ ਸਮਾਜਿਕ ਫ਼ਿਲਮ
‘ਵੱਡਾ ਘਰ’
ਪੰਜਾਬੀ ਸਿਨਮੇ ਨੇ ਪਿਛਲੇ ਦੋ ਚਾਰ ਸਾਲਾਂ ਵਿੱਚ ਕਾਫੀ ਤਰੱਕੀ ਕੀਤੀ ਹੈ।ਮਨੋਰੰਜਨ ਦੇ ਨਾਲ ਨਾਲ ਸਮਾਜ ਸੁਧਾਰ ਬਣਿਆ ਸਾਡਾ ਪੰਜਾਬੀ ਸਿਨੇਮਾ ਨਿਤ ਨਵੇਂ ਸਮਾਜਿਕ ਵਿਸ਼ਿਆਂ ਨਾਲ ਪੰਜਾਬੀ ਦਰਸ਼ਕਾਂ ਨਾਲ ਸਾਂਝ ਪਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਅੱਜ ਸਾਡੀ ਬਹੁਤੀ ਨੌਜਵਾਨ ਪੀੜੀ ਵਿਦੇਸ਼ਾਂ ਵੱਲ ਜਾ ਰਹੀ ਹੈ ਕਿਉਂਕਿ ਇਹ ਇੱਕ ਕਲਚਰ ਹੀ ਬਣ ਚੁੱਕਿਆ ਹੈ ਕਿ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਉਹਨਾਂ ਦੀ ਚੰਗੀ ਜ਼ਿੰਦਗੀ ਬਣਾਈ ਜਾ ਸਕੀ। ਪੰਜਾਬੀ ਸਿਨਮਾ ਹੁਣ ਇਹਨਾਂ ਵਿਸ਼ਿਆਂ ‘ਤੇ ਵੀ ਅਨੇਕਾਂ ਚੰਗੇ ਮਾੜੇ ਪੱਖ ਲੈ ਕੇ ਫਿਲਮਾਂ ਦਾ ਨਿਰਮਾਣ ਕਰ ਰਿਹਾ ਹੈ ਪਰ ਜਿਹੜੀ ਫਿਲਮ ਦੀ ਗੱਲ ਅੱਜ ਅਸੀਂ ਕਰ ਰਹੇ ਹਾਂ ਉਹ ਹੈ “ਵੱਡਾ ਘਰ”
ਇਹ ਫ਼ਿਲਮ ਅੱਜ ਤੋਂ ਅਨੇਕਾਂ ਸਾਲ ਪਹਿਲਾਂ ਵਿਦੇਸ਼ਾਂ ਵਿੱਚ ਜਾ ਕੇ ਵਸੇ ਉਹਨਾਂ ਲੋਕਾਂ ਦੀ ਗੱਲ ਵੀ ਕਰੇਗੀ ਜਿਨਾਂ ਨੇ ਆਪਣੇ ਪੰਜਾਬ ਵਿਚਲੇ ਬੜੀਆਂ ਰੀਝਾਂ ਤੇ ਚਾਵਾਂ ਨਾਲ ਉਸਾਰੇ ਵੱਡੇ ਘਰ ਪਿੰਡ ਦੇ ਲੋਕਾਂ ਲਈ ਵਿਖਾਵਾ ਬਣ ਕੇ ਰਹਿ ਗਏ। ਉਹਨਾਂ ਦੇ ਇਹ ਮਹਿਲਾਂ ਵਰਗੇ ਘਰ ਵੀਰਾਨ ਪਏ ਹਨ। ਪੰਜ-ਸਤ ਸਾਲਾਂ ਬਾਅਦ ਕਦੇ ਸਬੱਬੀ ਮਹੀਨੇ ਵੀਹ ਦਿਨਾਂ ਵਾਸਤੇ ਜਦ ਇਹ ਲੋਕ ਪਿੰਡ ਆਉਂਦੇ ਹਨ ਤਾਂ ਇਹ ਵੱਡੇ ਘਰ ਅਨੇਕਾਂ ਸਵਾਲਾਂ ਦੇ ਜਵਾਬ ਮੰਗਦੇ ਹਨ। ਇਹ ਫਿਲਮ ਜਿੱਥੇ ਸਾਡੀ ਅੱਜ ਦੀ ਨੌਜਵਾਨ ਪੀੜੀ ਦੀਆਂ ਵਿਚਾਰ ਧਰਾਵਾਂ ਅਤੇ ਕਲਚਰ ਦੀ ਗੱਲ ਕਰੇਗੀ ਉੱਥੇ ਬਜ਼ੁਰਗਾਂ ਦੇ ਦਿਨ ਬ ਦਿਨ ਘਟਦੇ ਜਾ ਰਹੇ ਮਾਣ ਸਤਿਕਾਰ ਦੇ ਅਹਿਮ ਮੁੱਦਿਆਂ ਤੇ ਵੀ ਚਾਨਣਾ ਪਾਵੇਗੀ। ਵਿਦੇਸ਼ੀ ਕਲਚਰ ਨੇ ਜਿੱਥੇ ਸਾਨੂੰ ਪੈਸਾ,ਸੁੱਖ ਸਹੂਲਤਾਂ ਤੇ ਚੰਗੀ ਜ਼ਿੰਦਗੀ ਜਿਉਣ ਦਾ ਬਲ ਸਿਖਾਇਆ, ਹੈ ਉੱਥੇ ਇਹ ਇੱਕ ਤਰਾਸ਼ਦੀ ਰਹੀ ਹੈ ਕਿ ਅਸੀਂ ਆਪਣੀਆਂ ਜੜਾਂ ਨਾਲ ਟੁੱਟ ਕੇ ਬੇਗਾਨੇ ਮੁਲਕਾਂ ਜੋਗੇ ਰਹਿ ਗਏ ਹਾਂ। ਇਹ ਵੀ ਇਕ ਸੱਚਾਈ ਹੈ ਕਿ ਪੰਜਾਬ ਹੁਣ ਪੰਜਾਬ ਵਿੱਚ ਨਹੀਂ ਬਲਕਿ ਵਿਦੇਸ਼ਾਂ ਵਿੱਚ ਆ ਵਸਿਆ ਹੈ। ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਨੂੰ ਕਿਸੇ ਹੋਰ ਸੂਬੇ ਦਾ ਨਾਂ ਦੇ ਕੇ ਇਸ ਦੀ ਹੋਂਦ ਨੂੰ ਖਤਮ ਕਰ ਦਿੱਤਾ ਜਾਵੇਗਾ, ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਜਿਸ ਪ੍ਰਤੀ ਫਿਲਮਾਂ ਜ਼ਰੀਏ, ਕਹਾਣੀਆਂ ਜ਼ਰੀਏ ਆਉਣ ਵਾਲੀ ਪੀੜ੍ਹੀ ਨੂੰ ਸੁਚੇਤ ਕਰਨ ਦੀ ਲੋੜ ਹੈ।
ਜਸਵੀਰ ਗੁਣਾਚੌਰੀਆ ਇੱਕ ਪ੍ਰਸਿੱਧ ਗੀਤਕਾਰ ਹੈ ਜਿਸ ਨੇ ਆਪਣੀ ਕਲਮ ਸਦਕਾ ਪੰਜਾਬੀ ਸੰਗੀਤ ਖੇਤਰ ਚ ਚੰਗੀ ਪਛਾਣ ਬਣਾਈ। ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਰਹਿੰਦਿਆਂ ਉਸਨੇ ਪਰਵਾਸੀ ਜੀਵਨ ਨੂੰ ਬਹੁਤ ਨੇੜੇ ਹੋ ਕੇ ਸਮਝਿਆ ਹੈ। ਹੁਣ ਗੀਤਕਾਰ ਤੋਂ ਫ਼ਿਲਮ ਲੇਖਕ ਬਣਕੇ ਜਸਬੀਰ ਗੁਣਾਚੌਰੀਆ ਨੇ ਆਪਣੀਆ ਭਾਵਨਾਵਾਂ ਨੂੰ ਸਾਂਝਾ ਕਰਨ ਲਈ ਪੰਜਾਬੀ ਪਰਦੇ ਵੱਲ ਕਦਮ ਵਧਾਇਆ ਹੈ । ਇਸ ਫਿਲਮ ਵੱਡਾ ਘਰ ਨੂੰ ਨਿਰਮਾਤਾ ਸੰਦੀਪ ਸਿੰਘ ਧੰਜਲ (ਲਾਡੀ), ਮਨਿੰਦਰ ਸਿੰਘ ਕੰਵਲ (ਰੌਬ ਕੰਵਲ) ਅਤੇ ਜਸਵੀਰ ਗੁਣਾਚੌਰੀਆ ਨੇ ਬਣਾਇਆ ਹੈ।
ਰੋਬੀ ਐਂਡ ਲਾਡੀ ਫਿਲਮ ਪ੍ਰੋਡਕਸ਼ਨ ਲਿਮਿਟਡ ਅਤੇ ਜਸਵੀਰ ਗੁਣਾਚੌਰੀਆ ਪ੍ਰੋਡਕਸ਼ਨ ਲਿਮਿਟਡ ਦੀ ਪੇਸ਼ਕਸ਼ 13 ਦਸੰਬਰ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਕਮਲਜੀਤ ਸਿੰਘ ਅਤੇ ਗੋਲਡੀ ਢਿਲੋਂ ਦੀ ਫ਼ਿਲਮ ‘ਵੱਡਾ ਘਰ‘ ਇਸਦੇ ਸਿਰਲੇਖ ਵਾਂਗ ਹੀ ਵੱਡੇ ਘਰ-ਪਰਿਵਾਰ ਦੇ ਗੂੜੇ ਰਿਸ਼ਤਿਆਂ ਦੀ ਅਹਿਮੀਅਤ ਇਸ ਵਿਚਲੀ ਅਣ-ਬਣ, ਫ਼ਿਕਰ, ਸੰਘਰਸ਼ ਅਤੇ ਵਿਚਾਰ-ਧਾਰਾਵਾਂ ਦੇ ਫ਼ਰਕ ਅਤੇ ਪੰਜਾਬ ਦੇ ਮੁੱਖ ਮੁੱਦੇ ਵਿਖਾ ਕੇ ਪੇਸ਼ ਕਰੇਗੀ। ਘਰ ਉਸ ਵਿੱਚ ਵਸਦੇ ਲੋਕਾਂ ਨਾਲ ਹੀ ਬਣਦਾ ਹੈ, ਨਹੀਂ ਤਾਂ ਖ਼ਾਲੀ ਘਰ ਦੀਆਂ ਕੰਧਾਂ ਵੀ ਇੱਕ ਪਲ ਤੋਂ ਬਾਅਦ ਗੱਲਾਂ ਕਰਨੀਆਂ ਬੰਦ ਕਰ ਦਿੰਦੀਆਂ ਨੇ। ਇੱਕ ਥਾਂ ਰਲ-ਮਿਲ ਬੈਠ ਖਾਦੀ ਰੋਟੀ ਦੀ ਹਰੇਕ ਬੁਰਕੀ ਵੀ ਸੁਰਗ ਵਰਗੀ ਜਾਪਦੀ ਹੈ। ਬੈਗਾਨੇ ਮੁਲਕ ਦੀ ਰੋਟੀ, ਇਸ ਰੋਟੀ ਦੀ ਕੋਈ ਰੀਸ ਨਹੀਂ ਕਰ ਸਕਦੀ।
ਪਰ ਅੱਜ ਦਾ ਅੱਧਾ ਪੰਜਾਬ ਇਥੋਂ ਦੀ ਸਥਿਤੀ ਤੋਂ ਅਸੰਤੁਸ਼ਟ ਹੁੰਦਿਆ ਨੱਕ ਮੋੜ ਬੈਗਾਨੇ ਮੁਲਕ ਕੈਨੇਡਾ ਦੀ ਰੋਟੀ ਕਮਾਉਣ ਨੂੰ ਉੱਥੇ ਜਾ ਬੈਠਾ ਹੈ। ਨਿਰਮਾਤਾ ਸੰਦੀਪ ਸਿੰਘ ਧੰਜਲ (ਲਾਡੀ), ਮਨਿੰਦਰ ਸਿੰਘ ਕੰਵਲ (ਰੌਬੀ) ਅਤੇ ਜਸਵੀਰ ਗੁਣਾਚੌਰੀਆ ਵੱਲੋਂ ਇਸੇ ਗੰਭੀਰ ਮੁੱਦੇ ਨੂੰ ਫ਼ਿਲਮ ਦਾ ਵਿਸ਼ਾ ਚੁਣ ਕੇ ਕਿਰਦਾਰਾਂ ਦੀ ਵਿਚਾਰ-ਧਾਰਾਵਾਂ ਦੀ ਅਣ-ਬਣ ਜ਼ਰੀਏ ਇੱਕ ਜ਼ਰੂਰੀ ਸੁਨੇਹਾ ਘੱਲਣ ਦੀ ਕੋਸ਼ਿਸ ਕੀਤੀ ਹੈ।
ਜਸਵੀਰ ਅਤੇ ਬਾਨੀ ਦੇ ਪਿਆਰ ਵਿਚਲੀ ਬਣੀ ਚਿੰਤਾ ਦੀ ਜੜ ‘ਕੈਨੇਡਾ’ ਤੋਂ ਹੀ ਸ਼ੁਰੂ ਹੁੰਦੀ ਹੈ। ਜਸਵੀਰ ਪੰਜਾਬ ਨੂੰ ਪਿਆਰ ਕਰਦਾ ਨੌਜਵਾਨ ਗੱਭਰੂ ਇਥੋਂ ਦੀ ਮਿੱਟੀ ਦੀ ਹਵਾ ਦੇ ਸਾਹ ਤੋਂ ਬਗੈਰ ਜਿਉਂ ਨਹੀਂ ਸਕਦਾ, ਜਦਕਿ ਉਸਦੀ ਮੁਹੱਬਤ ਬਾਨੀ ਵੀ ਆਪਣੇ ਕੈਨੇਡਾ ਵਿਚ ਰਹਿ ਕੇ ਜ਼ਿੰਦਗੀ ਜਿਉਣ ਦੇ ਸੁਫ਼ਨੇ ਤੋਂ ਹੈਠਾਂ ਉਤਰਨਾ ਨਹੀਂ ਚਾਹੁੰਦੀ। ਦੂਜਾ ਭਰਾ ਦੀਪਾ ਪੰਜਾਬ ਦੇ ਇੱਕ ਮਾੜੇ ਵੈਲਪੁਣੇ ਵਿੱਚ ਅੱਗੇ, ਨਸ਼ੇ ਵਿੱਚ ਲਥ-ਪਥ, ਬਿਨਾਂ ਕੋਈ ਜ਼ਿੰਦਗੀ ਦੇ ਮੁਕਾਮ ਵਾਲੇ ਨੌਜਵਾਨ ਦੀ ਝਾਕੀ ਪੇਸ਼ ਕਰਦਾ ਹੋਇਆ ਆਪਣੀਆਂ ਆਦਤਾਂ ਸਦਕਾ ਕੈਨੇਡਾ ਵਰਗੇ ਤੇਜ਼ ਮੁਲਕ ਵਿੱਚ ਆਪਣੇ ਮਾਪਿਆਂ ਨੂੰ ਬੁਲਾ ਉਥੋਂ ਦੇ ਸੰਘਰਸ਼ ਵੀ ਵਿਖਾਉਂਦਾ ਹੈ।
ਇਸ ਫਿਲਮ ਵੱਡਾ ਘਰ ਵਿੱਚ ਜੋਬਨ ਪ੍ਰੀਤ, ਮੈਂਡੀ ਤੱਖਰ, ਭਿੰਦਾ ਔਜਲਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਮਰ ਨੂਰੀ, ਰਵਿੰਦਰ ਮੰਡ, ਕਵਲੀਨ, ਸਤਵੰਤ ਕੌਰ, ਤਰਸੇਮ ਪੌਲ, ਬਲਵੀਰ ਬੋਪਾਰਾਏ, ਹਰਪ ਨਾਜ਼, ਜੋਤੀ ਅਰੋੜਾ,ਸੁਖਵਿੰਦਰ ਰੋਡੇ ਅਤੇ ਬਾਲ ਕਲਾਕਾਰ ਗੁਰਬਾਜ਼ ਸੰਧੂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਰਾਹੀਂ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਲੰਮੇ ਸਮੇਂ ਬਾਅਦ ਮੁੜ ਪਰਦੇ ਤੇ ਨਜ਼ਰ ਆਵੇਗੀ। ਉਸ ਦਾ ਕਿਰਦਾਰ ਸਰਦਾਰ ਸੋਹੀ ਵਰਗੇ ਦਿੱਗਜ ਕਲਾਕਾਰ ਨਾਲ ਹੈ‘ਦਲੀਪ ਕੌਰ ਟਿਵਾਣਾ’ ਦੇ ਨਾਵਲ ‘ਏਹੋ ਹਮਾਰਾ ਜੀਵਣਾ’ ਅਧਾਰਿਤ ਟੀ.ਵੀ. ਸੀਰੀਅਲ ਤੋਂ ਅਦਾਕਾਰੀ ਖ਼ੇਤਰ ਨਾਲ ਜੁੜੀ ਅਮਰ ਨੂਰੀ ਨੇ ਦਰਜ਼ਨਾ ਪੰਜਾਬੀ ਫ਼ਿਲਮਾਂ ‘ਬਦਲਾ ਜੱਟੀ ਦਾ’, ‘ਵਿਸਾਖੀ’, ‘ਦਿਲ ਦਾ ਮਾਮਲਾ’, ‘ਪੰਚਾਇਤ’, ‘ਜੀ ਆਇਆ ਨੂੰ’, ‘ਮੇਲ ਕਰਾਦੇ ਰੱਬਾ’, ‘ਡੈਡੀ ਕੂਲ ਮੁੰਡੇ ਫੂਲ’ ਆਦਿ ਵਿੱਚ ਯਾਦਗਾਰੀ ਕਿਰਦਾਰ ਨਿਭਾਏ। ਇਸ ਤੋਂ ਇਲਾਵਾ ਪਦਮਸ਼੍ਰੀ ਅਵਾਰਡ ਜੇਤੂ ਨਿਰਮਲ ਰਿਸ਼ੀ ਨੇ ਵੀ ਇਸ ਫਿਲਮ ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਬਾਲ ਕਲਾਕਾਰ ਗੁਰਬਾਜ਼ ਸੰਧੂ ਦਾ ਵੀ ਬਹੁਤ ਪ੍ਰਭਾਵਸ਼ਾਲੀ ਕਿਰਦਾਰ ਹੈ।
ਇਸ ਫ਼ਿਲਮ ਦੀ ਕਹਾਣੀ, ਡਾਇਲਾਗ ਅਤੇ ਸਕਰੀਨ ਪਲੇਅ ਜਸਬੀਰ ਗੁਣਾਚੌਰੀਆ ਨੇ ਲਿਖਿਆ ਹੈ ਤੇ ਗੀਤ ਵੀ ਜਸਬੀਰ ਗੁਣਾਚੌਰੀਆ ਨੇ ਹੀ ਲਿਖੇ ਹਨ, ਜਿੰਨ੍ਹਾਂ ਨੂੰ ਨਛੱਤਰ ਗਿੱਲ,ਸੋਨੂੰ ਕੱਕੜ, ਮਾਸਟਰ ਸਲੀਮ,ਕੰਵਰ ਗਰੇਵਾਲ,ਗੁਰਸ਼ਬਦ,ਸੁਨਿਧੀ ਚੋਹਾਨ,ਜੀ ਖਾਨ ਅਤੇ ਅਫ਼ਸਾਨਾ ਖਾਨ ਨੇ ਪਲੇਅ ਬੈਕ ਗਾਇਆ ਹੈ। ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਨਿਰਮਾਤਾ ਤੇ ਡਿਸਟਰੀਬਿਊਟਰ ਲਵਪ੍ਰੀਤ ਸੰਧੂ ਲੱਕੀ ਦੀ ਨਵਰੋਜ਼ ਗੁਰਬਾਜ਼ ਐਂਟਰਟੇਨਮੈਂਟ ਵਲੋਂ ਸੰਸਾਰ ਭਰ ਵਿਚ 13 ਦਸੰਬਰ ਨੂੰ ਰਿਲੀਜ਼ ਕੀਤੀ ਜਾ ਰਹੀ ਇਹ ਫ਼ਿਲਮ ‘ਵੱਡਾ ਘਰ’ ਮੁੱਖ ਤੌਰ ‘ਤੇ ਆਪਣੇ ਜੱਦੀ ਘਰ ਦੀ ਅਹਿਮੀਅਤ ਨੌਜਵਾਨੀ ਪੀੜ੍ਹੀ ਦੀ ਦੋ ਅੰਤਰ-ਮੁਖੀ ਵਿਚਾਰ-ਧਾਰਾਵਾਂ ਅਤੇ ਚਰਿੱਤਰ ਦੇ ਫ਼ਰਕ ਨਾਲ ਆਪਣੇ ਮੁਲਕ ਦੇ ਮੁੱਦੇ ‘ਸੁਲਝਾਉਣਾ’ ਅਤੇ ਇਸ ਤੋਂ ‘ਦੂਰ ਭੱਜਣਾ’ ਨੂੰ ਪੇਸ਼ ਕਰਕੇ ਵੀ ਵਿਖਾਵੇਗੀ। ਆਮ ਪੰਜਾਬੀ ਸਿਨਮੇ ਤੋਂ ਹਟ ਕੇ ਬਣੀ ਇਹ ਫਿਲਮ ‘ਵੱਡਾ ਘਰ’ ਤੋਂ ਪੰਜਾਬੀ ਸਿਨਮੇ ਦੀ ਮੀਲ ਪੱਥਰ ਸਾਬਿਤ ਹੋਵੇਗੀ।
ਸੁਰਜੀਤ ਜੱਸਲ (ਬਰਨਾਲਾ)
9814607737