ਹੱਡ ਬੀਤੀਆਂ

“ਮੇਰੀ ਪਹਿਲੀ ਉਡਾਰੀ”

‘ਗੁਰਦੇਵ ਸਿਂਘ ਆਲਮਵਾਲਾ’

ਪਿੰਡ ਵਿੱਚ ਛੋਟੇ ਹੁੰਦਿਆਂ …. ਅਸਮਾਨ ਵਿੱਚ ਜਦੋਂ ਵੀ ਕਦੇ ਜਹਾਜ਼ ਦੀ ਗੂੰਜ ਸੁਣਾਈ ਦੇਣੀ ਤਾਂ ਸਾਰਾ ਕੁਝ ਵਿੱਚ ਵਿਚਾਲ਼ੇ ਛੱਡ ਛਡਾਕੇ ਮੂੰਹ ਓਤਾਂਹ ਨੂੰ ਚੁੱਕ ਲੈਣਾ ….. ਜਿੰਨਾ ਚਿਰ ਜਹਾਜ਼ ਦਿਸਣੋਂ ਨਾਂ ਹੱਟਣਾ ….. ਬੱਸ ਦੇਖਦੇ ਹੀ ਰਹਿਣਾ …. ਕਈ ਵਾਰ ਤਾਂ ਇਕੱਲੀ ਜਹਾਜ਼ ਦੀ ਗੂੰਜ (ਅਵਾਜ਼) ਹੀ ਸੁਣਾਈ ਦੇਣੀ …. ਪਰ ਜਹਾਜ਼ ਬਹੁਤ ਜ਼ਿਆਦਾ ਉੱਚਾ ਹੋਣ ਕਰਕੇ …. ਕਿਧਰੇ ਨਾਂ ਦਿਸਣਾ …. ਪਰ ਫੇਰ ਵੀ ਵੇਖਣੋਂ ਨਾਂ ਹਟਣਾ ਕਿ ਸ਼ਾਇਦ ! ਕਿਧਰੇ ਨਜ਼ਰ ਆ ਹੀ ਜਾਵੇ ….. ਬੱਸ ਅੱਖਾਂ ਫਰੋਲ਼ ੨ ਵੇਖੀ ਜਾਣਾ ! …. ਫੇਰ ਜਦੋਂ ਕਦੇ ਛੋਟੇ ਹੁੰਦਿਆਂ ! ਘਰੇ ਗਲੋਟਿਆਂ ਵਾਲਾ ਅਟੇਰਨ ਹੱਥ ਲੱਗ ਜਾਣਾ ….. ਉਸ ਦਾ ਜਹਾਜ਼ ਬਣਾ ਕੇ …. ਮੂੰਹ ਨਾਲ ਭੂੰ ਭੂੰ, ਭੂੰ ਭੂੰ ਦੀ ਅਵਾਜ਼ ਕੱਢ ਕੇ …. ਵਿਹੜੇ ਵਿਚ ਵਾਰ ੨ ਚੱਕਰ ਲਾਈ ਜਾਣੇ …. ਥੋੜ੍ਹੇ ਜਿਹੇ ਹੋਰ ਵੱਢੇ ਹੋਏ … ਸਕੂਲ ਗਏ ਤਾਂ ਕਾਗ਼ਜ਼ਾਂ ਦੇ ਜਹਾਜ਼ ਬਣਾ ਕੇ ਇਕ ਦੂਜੇ ਵੱਲ ਸੁੱਟਣੇ …. ਏਸ ਕਾਰੇ ਕਰਕੇ ਕਈ ਵਾਰ ਸਕੂਲੋਂ ਸਜ਼ਾ ਵੀ ਹੋਈ …. ਸੱਚੀ ! ਕੁਟ ਬਹੁਤ ਪਈ ਜਦੋਂ ਇਕ ਦੂਜੇ ਵੱਲ ਸੁੱਟੇ ਕਾਗਜ਼ੀ ਜਹਾਜ਼ਾਂ ਤੇ ਭੈੜੇ ੨ ਤੇ ਭੱਦੇ ਲਫ਼ਜ਼ ! ਦੁਰ ਫਿੱਟੇ ਮੂੰਹ … ਨੱਕਲ … ਬੁੱਲੜ੍ਹ …. ਬੋਦਲ਼ … ਸੀਡਲ਼ … ਸ਼ਾਹੀ ਪੀਣਾ …. ਗਾਚੀ ਖਾਣਾ … ਲਿਖੇ ! ਟੀਚਰਾਂ ਨੇ ਪੜ ਲੈਣੇ …. ਗੱਲ ਕੀ ਜਹਾਜ਼ ਚਾਹੇ ਕਾਗਜ਼ੀ ਹੋਵੇ ਜਾਂ ਅਸਲੀ … ਪਰ ਜਹਾਜ਼ ਨਾਲ ਸਬੰਧ ! ਹਰ ਇਕ ਮਨੁੱਖ ਦਾ ਜੁੜਿਆ ਹੋਇਆ ਹੈ …. ਚਾਹੇ ! ਉਸ ਉੱਪਰ ਚੜਣ ਦੀ ਤਾਂਘ ਹੋਵੇ ਜਾਂ ਦੇਖਣ ਦੀ …. ਜਾਂ ਉਸ ਬਾਰੇ ਮਨ ਵਿੱਚ ਸੋਚਣਾ ਵੀ ਕਿਉਂ ਨਾਂ ਹੋਵੇ …. ਹਰਇਕ ਇਨਸਾਨ ਦੇ ਦਿਲ ਵਿੱਚ ਖ਼ਵਾਇਸ਼ ਹੁੰਦੀ …. ਉੱਚੀ ਉਡਾਰੀ ਭਰਨ ਦੀ …. ਬਸ ! ਇਹੀ ਤਾਂਘ ਆਉਣ ਵਾਲੇ ਸਮੇਂ ਹਮੇਸ਼ਾਂ ਮਨ ਵਿੱਚ ਪੱਕੀ ਘਰ ਕਰ ਜਾਂਦੀ … ਵੈਸੇ ਵੀ ਮਨੁੱਖ ਦਾ ਸੁਭਾਅ ਹੁੰਦਾ ਉਚਾਈ ਵੱਲ ਨੂੰ ਜਾਣਾ … ਉੱਚੀ ਸੋਚ … ਉੱਚੀ ਵਿੱਦਿਆ … ਉੱਚੀ ਅਵੱਸਤਾ … ਉੱਚੀ ਮਨ ਦੀ ਸਟੇਜ …. ਉੱਚੀ ਦਾ ਮਤਚਵ ਹੈ ਦੂਸਰਿਆਂ ਤੋਂ ਉੱਚੇ ਹੋਣਾ …. ਸੋਚ ਉੱਚੀ ਹੋਣੀ …. ਇਹ ਸਭ ਤਰੱਕੀ ਦੀਆਂ ਨਿਸ਼ਾਨੀਆਂ …. ਕੋਈ ਖ਼ੁਸ਼ੀ ਦੀ ਗੱਲ ਹੋਵੇ …. ਮਨੁੱਖ ਉੱਪਰ ਨੂੰ ਉਛੱਲਦਾ ….. ਕਹਿੰਦੇ ! “ਇਸ ਦੇ ਤਾਂ ਹੁਣ ਪੈਰ ਭੁੰਝੇ ਨਹੀਂ ਲੱਗਦੇ” ਸੰਕੇਤ ਉੱਪਰ ਨੂੰ ਜਾਣ ਦਾ ਹੀ ਹੁੰਦਾ …. ਇਸ ਨੂੰ ਨੀਵੇਂ ਧਰਾਤਲ ਤੋਂ ਉੱਪਰ ਉਠੱਕੇ ਤਰੱਕੀ ਕਰਨੀ ਵੀ ਕਹਿੰਦੇ ਨਾਂਕਿ ਸਦਾ ਲਈ ਉੱਪਰ ਜਾਣ ਦਾ ਮਤਲਵ ਹੁੰਦਾ।

ਦਿੱਲੀ ਵਿਚ ਪਹਿਲਾ ਯਾਤਰੀਆਂ ਵਾਲਾ ਹਵਾਈ ਅੱਡਾ (ਏਅਰਪੋਰਟ) ਸਫਤਰਜੰਗ ਬਣਿਆ …. ਇਹ ਏਅਰਪੋਰਟ ਅੰਦਰਲ਼ੀ ਪਹਿਲੀ ਪੁਰਾਣੀ ਰਿੰਗ ਰੋਡ ਅਤੇ ਸਫਤਰਜੰਗ ਰੋਡ ਦੇ ਉੱਤਰੀ ਪੱਛਮੀ ਖੂੰਝੇ ਵਿੱਚ ਸਥਿਤ ਹੈ …. ਬਾਅਦ ਵਿੱਚ ਇਹ ਹਵਾਈ ਅੱਡਾ ਮਿਲਟਰੀ ਵਾਲੇ ਵਰਤਣ ਲੱਗ ਪਏ ਜਾਂ ਨਵੇਂ ਪਾਇਲਟਾਂ ਦਾ ਟ੍ਰੇਨਿੰਗ ਸੈਂਟਰ ਬਣ ਗਿਆ ….. ਬ੍ਰਟਿਸ਼ ਰਾਜਕਾਲ ਦੌਰਾਨ ਅੰਗ੍ਰੇਜਾਂ ਨੇ ਇਸ ਨੂੰ ਬਣਾਇਆ …. ਉਦੋਂ ਇਹ ਜਗ੍ਹਾ ਪੁਰਾਣੀ ਤੇ ਨਵੀਂ ਦਿੱਲੀ ਤੋਂ ਬਹੁਤ ਦੂਰ ….. ਖੁਲੇ ਖੇਤਾਂ ਦੇ ਖੁੱਲੇ ਮੈਦਾਨਾਂ ਵਿੱਚਕਾਰ ਇਹ ਬਣਾਇਆ ਗਿਆ। ਏਸੇ ਚੌਂਕ ਦੇ ਦੂਸਰੇ ਨਾਲ ਦੇ ਦੱਖਣ ਪੱਛਮੀ ਖੂੰਝੇ ਵਿੱਚ ਬਹੁਤ ਵੱਡਾ ਸਫਤਰਜੰਗ ਹਸਪਤਾਲ ਹੈ …. ਇਸ ਦੇ ਹੀ ਸਾਹਮਣੇ ਵਾਲੇ ਦੱਖਣ ਪੂਰਬ ਖੂੰਝੇ ਵਿੱਚ ਅਮ੍ਰੀਕਣ ਹਸਪਤਾਲ ….. ਜਿਸ ਵਿੱਚ ਬਹੁਤ ਗੋਰੇ ਡਾਕਟਰ ਕੰਮ ਕਰਦੇ …. ਇਥੇ ਅਜੇ ਵੀ ਬਹੁਤਾ ਸਟਾਫ਼ ਚਿੱਟੀ ਚਮੜੀ ਵਾਲਾ …. ਚੌਥਾ ਖੂੰਝਾਂ ! ਉਤਰ ਪੂਰਬੀ ਵਿੱਚ ਕਿਦਵਾਈ ਨਗਰ ਈਸਟ …..

ਦਰਅਸਲ ਸਫਤਰਜੰਗ ਏਅਰਪੋਰਟ ….. ਕਿਦਵਾਈ ਨਗਰ ਈਸਟ ਅਤੇ ਵਿਸਟ ਦੇ ਵਿਚਕਾਰ … ਬਿਲਕੁਲ ਸਫਤਰਜੰਗ ਰੋਡ ਦੇ ਨਾਲ ਹੀ ਪੱਛਮ ਵੱਲ ਦੀ ਬਾਹੀ ਉੱਤੇ ਸਥਿਤ ਹੈ।

ਸਾਲ 1969-70 ਵਿਚ ਮੈਂ ਇਹ ਸਾਰਾ ਹਵਾਈ ਅੱਡਾ ਤੁਰ ਫਿਰ ਕੇ ਗਾਹਿਆ …. ਮਤਲਵ ਇਸ ਨੂੰ ਚੰਗੀ ਤਰਾਂ ਵੇਖਿਆ ….. ਕਿਉਂਕਿ ਮੇਰੀ ਭੂਆ ਜੀ ਸ਼ਰਨੋ ਦੇ ਪਰਿਵਾਰ ਦੀ ਰੀਹਾਇਸ਼ ਕਿਦਵਾਈ ਨਗਰ ਈਸਟ ਵਿੱਚ ….. ਉਨਾਂ ਦਾ ਟੈਕਸੀ ਸਟੈਂਡ (ਕਰਤਾਰ ਟੈਕਸੀ ਸਰਵਿਸ) ਪੁਰਾਣੀ ਰਿੰਗ ਰੋਡ ਤੇ ਸਫਤਰਜੰਗ ਰੋਡ ਦੇ ਦੱਖਣੀ ਪੱਛਮੀ ਕੋਨੇ ਵਿਚ … ਸਫਤਰਜੰਗ ਹਸਪਤਾਲ ਦੇ ਮੇਨ ਗੇਟ ਦੇ ਬਿਲਕੁਲ ਮੁੱਢ ਵਿੱਚ ਹੁੰਦਾ ਸੀ …. ਸਟੈਂਡ ਦੇ ਬਾਹਰ ਤਿੰਨ ਚਾਰ ਵੱਡੇ ੨ ਤੱਖਤਪੋਸ਼ ਹੁੰਦੇ …. ਜਿੱਥੇ 18-20 ਡਰਾਇਵਰ ਦਸਤਾਰਾਂ ਵਾਲੇ ਆਪ ਦਾ ਨੰਬਰ ਉਡੀਕਦੇ …. ਤਾਸ਼ ਖੇਡ ਰਹੇ ਹੁੰਦੇ …. ਬਾਕੀ ਜਿੰਨਾਂ ਨੂੰ ਸਵੇਰੇ ੨ ਜਿਧਰਲਾ ਗੇੜਾ ਮਿਲ ਗਿਆ ਉਹ ਉੱਧਰ ਹੀ ਗੱਡੀਆਂ ਘੁੰਮਾਈ ਫਿਰਦੇ ….. ਪਰ ਸ਼ੁਰੂਆਤ ਸਾਰਿਆਂ ਦੀ ਇੱਥੋਂ ਹੀ ਹੁੰਦੀ …. ਸਟੈਂਡ ੨੪ ਘੰਟੇ ਖੁਲਾ ਮਿਲਦਾ …. ਕੁਝ ਪੱਕੀਆਂ ਗੱਡੀਆਂ ਜਿਹੜੀ ਉੱਤੇ ਡਾਕਟਰਾਂ ਤੇ ਕੰਪਨੀਆਂ ਨਾਲ ਵੀ ਚੱਲਦੀਆਂ …. ਉਸ ਵਕਤ ਇਸ ਸਟੈਂਡ ਉੱਤੇ 50-52 ਗੱਡੀਆਂ ਦਾ ਕਾਰੋਬਾਰ ਬੜਾ ਵਧੀਆ ਚਲਦਾ ਸੀ …. ਇੱਥੇ ਹੀ ਮੈਂ ਪਹਿਲੀ ਵਾਰ ਬਾਬੂ ਸਿੰਘ ਮਾਨ ਗੀਤਕਾਰ ਅਤੇ ਹਰਚਰਨ ਸਿੰਘ ਗਰੇਵਾਲ਼ (ਕਲਾਕਾਰ) ਨੂੰ ਮਿਲਿਆ …. ਉਹ ਜਦੋਂ ਵੀ ਦਿੱਲੀ ਵਿਖੇ ਕਿਸੇ ਰਿਕਾਰਡਿੰਗ ਦੇ ਸਿਲਸਿਲੇ ਵਿੱਚ ਆਉਂਦੇ ਤਾਂ ਏਸ ਸਟੈਂਡ ਉੱਤੇ ਜ਼ਰੂਰ ਮਹਿਫਲ ਲਾਉਂਦੇ … ਇੱਕ ਵਾਰ ਕੋਈ ਦੋਗਾਣਾ …. ਸੁਰਿੰਦਰ ਕੌਰ ਤੇ ਹਰਚਰਨ ਸਿੰਘ ਦਾ ਰਿਕਾਰਡ ਹੋਣਾ ਕਰਕੇ ਸਟੈਂਡ ਉੱਪਰ ਇੱਕ ਦਿਨ ਪਹਿਲਾਂ ਆ ਗਏ …. ਨਾਲ ਜੱਟਾਂ ਦਾ ਸਿੱਧਾ ਸਾਧਾ ਮੁੰਡਾ ਦੀਦਾਰ ਸੰਧੂ (ਬਾਦ ਵਿੱਚ ਗੀਤਕਾਰ ਅਤੇ ਗਵੱਈਆ) ਵੀ ਆਇਆ …. ਪਰ ਉਹ ! ਉਦੋਂ ਐਨਾਂ ਮਸ਼ਹੂਰ ਨਹੀਂ ਸੀ ਹੋਇਆ …. ਲੋਕ ਘੱਟ ਹੀ ਉਸ ਨੂੰ ਜਾਣਦੇ …. ਜਿੰਨੇ ਵਾਰ ਮਾਨ ਸਾਹਿਬ ਸਟੈਂਡ ਉੱਤੇ ਆਉਂਦੇ ਤਾਂ ਮਹਿਫਲ ਲੱਗਦੀ ਹੀ ਲੱਗਦੀ …. ਮਾਨ ਸਾਹਿਬ ਦੀ ਰਿਸ਼ਤੇਦਾਰੀ ਫੁੱਫੜ ਜੀ ਗੁਰਬਖਸ਼ ਸਿੰਘ ਨਾਲ ਸੀ।

ਏਸ ਕਰਤਾਰ ਟੈਕਸੀ ਸਟੈਂਡ ਤੋਂ ਤੁਰ ਕੇ, ਮੈਂ ਰਿੰਗ ਰੋਡ ਟੱਪ ਕੇ , ਸਫਤਰਜੰਗ ਏਅਰਪੋਰਟ ਉਪਰ ਜਾ ਕੇ ਛੋਟੇ ੨ ਹਵਾਈ ਜਹਾਜ਼ਾਂ ਦੇ ਦਰਸ਼ਨ ਕੀਤੇ …. ਉੱਥੇ ਉਦੋਂ ਏਅਰਪੋਰਟ ਉੱਤੇ ਜਿਹੜੇ ਦਿੱਲੀ ਪੁਲੀਸ ਦੇ ਮੁਲਾਜ਼ਮ ਡਿਊਟੀ ਕਰਦੇ ਹੁੰਦੇ …. ਉਹ ਕਈ ਵਾਰ ਦੁਪਿਹਰ ਦੀ ਰੋਟੀ ਖਾਣ, ਸਟੈਂਡ ਉਤੇ ਆ ਜਾਂਦੇ …. ਸਟੈਂਡ ਉਤੇ ਲੰਗਰ ਆਮ ਚੱਲਦਾ ਰਹਿੰਦਾ …. ਏਸੇ ਕਰਕੇ ਸਾਨੂੰ ਜਹਾਜ਼ਾਂ ਨੇੜ ਜਾਣ ਦੀ ਕੋਈ ਰੋਕ ਟੋਕ ਨਾਂ ਹੁੰਦੀ …. ਏਥੇ ਜ਼ਿਆਦਾਤਰ ਜਹਾਜ਼ ਛੋਟੇ ਜਾਂ ਲੜਾਕੂ ਜੈਟ ਰੀਪੇਅਰ ਵਾਸਤੇ ਆਏ ਹੁੰਦੇ …

ਪਹਿਲਾਂ ੨ ਤਾਂ ਏਥੇ ਛੋਟੇ ਹਵਾਈ ਜਹਾਜ਼ਾਂ ਦੇ ਹੀ ਦਰਸ਼ਨ ਹੁੰਦੇ ਰਹੇ …. ਫਿਰ ਮੈਂ ਦਿੱਲੀ ਦੇ ਦੂਸਰੇ ਨਵੇਂ ਬਣੇ ਪਾਲਮ ਏਅਰਪੋਰਟ ਦੇ ਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ …. ਉੱਥੇ ਵੀ ਦੂਰੋਂ ਵੱਡੇ ੨ ਜਹਾਜ਼ ਖੜੇ ਦਿਸਣੇ …. ਇਹ ਹਵਾਈ ਅੱਡਾ ਗੁੜਗਾਵਾਂ ਸਾਈਡ ਵੱਲ ਬਣਿਆ … ਸਾਲ 1970 ਦੇ ਦਿਨਾਂ ਦੀ ਗੱਲ …. ਆਂਮ ਯਾਤਰੀਆਂ ਨੂੰ ਬੋਰਡਿੰਗ ਪਾਸ ਦੁਆ ਕੇ …. ਅਸੀਂ ਬਾਹਰ ਆ ਜਾਣਾ …. ਖੱਬੇ ਪਾਸੇ ਕੰਡਿਆਲੀ ਤਾਰ ਕੋਲੇ ਖੜ ਕੇ ਆਂਮ ਲੋਕ ਯਾਤਰੀਆਂ ਨੂੰ ਤੁਰ ਕੇ …. ਜਹਾਜ਼ ਵੱਲ ਨੂੰ ਜਾਂਦਿਆਂ ਨੂੰ ਵੇਖਦੇ ਰਹਿਣਾ …. ਨਾਲੇ ਹੱਥ ਚੱਕ ਕੇ ਟਾਟਾ ਕਰਨਾਂ …. ਫਿਰ ਜਹਾਜ਼ ਦੀਆਂ ਪਾਉੜੀਆਂ ਚੜਦਿਆ ਨੂੰ ਵੀ ਤੱਕਣਾਂ … ਚੜਾਉਣ ਵਾਲੇ ! ਉਨਾਂ ਚਿਰ ਉੱਥੇ ਖੜੇ ਰਹਿੰਦੇ …. ਜਿੰਨਾਂ ਚਿਰ ਆਪ ਦੀਆਂ ਅੱਖਾਂ ਸਾਹਮਣੇ ! ਲੋਕਾਂ ਨੂੰ ਜਹਾਜ਼ ਦੀਆਂ ਪੌੜੀਆਂ ਚੜਦੇ …. ਹੱਥ ਹਿਲਾਉਂਦੇ ਫਿਰ ਉੱਡਦੇ ਜਹਾਜ਼ ਨੂੰ ਵੀ ਵੇਖਦੇ …. ਜਦੋਂ ਐਨ ਪੂਰੀ ਤਸੱਲੀ ਹੋ ਜਾਣੀ …. ਉਦੋਂ ਉਥੋਂ ਵਾਪਿਸ ਪਿੰਡ ਨੂੰ ਮੁੜਦੇ ਸਾਂ ….

ਇਕ ਦਫ਼ਾ ਮੈਂ ਵੀ ਇੰਗਲੈਡ ਦੇ ਜੰਮ-ਪਲ ਬੱਚੇ …. ਮੇਰੀ ਭਾਣਜੀ ਸ਼ੀਰਾਂ (8) ਤੇ ਭਾਣਜਾ ਸਤਨਾਮ (6) ਨੂੰ, ਮੈਂ ਪਾਲਮ ਏਅਰ ਪੋਰਟ ਉਤੇ ਕਿਸੇ ਹੋਰ ਜਾਣਕਾਰ ਯਾਤਰੀ ਦੇ ਨਾਲ ਸਾਥ ਕਰਵਾ ਕੇ, ਹੀਥਰੋ ਇੰਗਲੈਂਡ ਦੀ ਫਲਾਈਟ ਕਰਵਾਉਣ ਆਇਆ …. ਤਾਂ ਮੈਂ ਏਥੇ ਪਾਲਮ ਏਅਰਪੋਰਟ ਉਤੇ ਵਾਸ਼ਰੂਮ ਗਿਆ …. ਜ਼ਿੰਦਗੀ ਵਿਚ ਮੈਂ ਪਹਿਲੀ ਵਾਰ ਸੀਟਨੁਮਾਂ ਟੋਇਲਟਾਂ ਦੇਖ ਕੇ ਹੈਰਾਨ ਰਹਿ ਗਿਆ …. ਮੈਂ ਪਿੰਡ ਜਾ ਕੇ ! ਆਂਮ ਲੋਕਾਂ ਨਾਲ ਗੱਲ ਕੀਤੀ ਕਿ ਉੱਥੇ ਲੋਕ ਕੁਰਸੀ ਵਰਗੀ ਸੀਟ ਉਤੇ ਬੈਠ ਕੇ ਕਿਰਿਆ ਕਰਮ ਕਰਦੇ …. ਪਰ ਸਾਡੇ ਪਿੰਡ ਦੇ ਲੋਕ ‘ਨਾਂ ਹੀ ਨਾਂ’ ਮੰਨਣ ਨੂੰ ਤਿਆਰ। ਕਹਿੰਦੇ ਇਉਂ ਕਿਵੇਂ ਕੁਰਸੀ ਤੇ ਬੈਠ ਕੇ ਜੰਗਲਪਾਣੀ ਆਜੂ ? ਉੱਥੇ ਸਾਰੇ ਬੀਮਾਰ ਲੋਕ ਥੋੜਾ ਜਾਂਦੇ ! ਜਿਵੇਂ ਇੱਥੇ ਮਰੀਜ਼ ਨੂੰ ਮੰਜੇ ਦੀ ਦੌਣ ਉੱਤੇ ਅਣਸਰਦੇ ਨੂੰ ਬਿਠਾਉਂਦੇ … ਬਹੁਤੇ ਮੇਰੇ ਨਾਲ ਸ਼ਰਤਾਂ ਲਾਉਣ ਨੂੰ ਤਿਆਰ ਕਿ ਇਹ ਕਿਵੇਂ ਹੋ ਸਕਦਾ ? ਇਕ ਕਾਲੀ ਨਾਗਣੀ ਦਾ ਸ਼ੌਕੀਨ ‘ਅਮਲੀ’ ਤਾਂ ਜਮਾਂ ਹੀ ਨਾਂ ਮੰਨਿਆਂ …. ਆਪ ਦੇ ਅਮਲੀ ਰਾਗ ਵਿਚ ਕਹਿੰਦਾ “ਨਾਂ ਨਾਂ ਨਾਂਅ ! ਨਾਂ ਭਾਈ ਮੇਰੀ ਗੱਲ ਸ਼ੁਣੋ ! ਪਹਿਲਾਂ ਕਿਸੇ ਖੇਤ ਨੂੰ ੫-੬ ਵਾਰ ਚੰਗੀ ਤਰਾਂ ਵਾਹਾਂ ਲੱਗੀਆਂ ਹੋਣ, ਫਿਰ ਉੱਪਰ ਟਿੱਕਾ ਕੇ ਦੂਹਰਾ ਸੁਹਾਗਾ ਮਾਰਿਆ ਹੋਵੇ, ਫੇਰ ਵਿੱਚ ਮੈਦਾਨੇ ਜੰਗ ਮੈਂ ਬੈਠਾ ਹੋਵਾਂ … ਤਾਂ ਕਿਤੇ ਮਸਾਂ ਜਾਕੇ, ਮੇਰੇ ਭਾਗ ਖੁਲਦੇ (ਅਮਲੀ ਦੰਦੀਆਂ ਕੱਢੀਆਂ) …. ‘ਹੀਂ ਹੀਂ ਹੀਂ’ ਇਉਂ ਕਿਵੇਂ ਲੋਕ ਕੁਰਸੀ ਤੇ ਬੈਠ ਕੇ …… ਨਹੀਂ ਨਹੀਂ ਹੋ ਹੀ ਨੀ ਸ਼ਕਦਾ, ਐਨੀ ਸ਼ਰਮ ਨਾਲ ਤਾਂ ਜੰਗਲਪਾਣੀ ਆ ਹੀ ਨਹੀਂ ਸਕਦਾ”

ਖ਼ੈਰ ! ਮੇਰਾ ਆਉਣਾ ਜਾਣਾ ਪਾਲਮ ਏਅਰਪੋਰਟ ਦਿੱਲੀ ਆਮ ਰਿਹਾ …. ਮੈਂ “ਦਿੱਲੀ ਦੇਖੀ” ਵੱਖਰਾ ਆਰਟੀਕਲ ਵੀ ਲਿਖਿਆ …. ਜੋ ਉੱਥੇ ਵੇਖਿਆ ਕਦੇ ਫੇਰ ਵਰਨਣ ਕਰਾਂਗੇ …. ਉਹਨਾਂ ਦਿਨਾਂ ਵਿੱਚ ਮੈਂ ਲੋਕਲ਼ ਬੱਸ ਵਿੱਚ ੨੫ ਪੈਸੇ (ਇੱਕ ਚਵਾਨੀ) ਪਾਕੇ ਬਹਿ ਜਾਣਾ …. ਉਦੋਂ ਉਤਰਨਾ ਜਦੋਂ ਕੰਡਕਟਰ ਨੇ ਕਹਿਣਾ “ਸਰਦਾਰ ਜੀ ਗਾਡੀ ਆਗੇ ਕਹੀਂ ਨਹੀਂ ਜਾਏ ਗੀ” ਉਸ ਵਿੱਚੋਂ ਉਤਰ ਕੇ …. ਨਾਲ ਦੀ ਹੋਰ ਲੋਕਲ ਬੱਸ ਪਕੜ ਲੈਣੀ …. ਹੌਲੀ ੨ ਕਿਰਾਇਆ ਦੋ ਚੁਆਨੀਆਂ ਤੇ ਫਿਰ ਚਾਰ ਚੁਆਨੀਆਂ ਸਾਲ 1973 ਤੱਕ ਲੋਕਲ ਬੱਸਾਂ ਦਾ ਕਿਰਾਇਆ ਹੋ ਗਿਆ …. ਸਾਰੀ ਦਿਹਾੜੀ ਬੱਸਾਂ ਵਿੱਚ ਫਿਰਨਾਂ …. ਬਹੁਤੇ ਲੋਕਾਂ ਨੇ ਦਿੱਲੀ ਰਹਿੰਦਿਆਂ ਵੀ ਪੂਰੀ ਦਿੱਲੀ ਨਹੀਂ ਦੇਖੀ … ਜਿਵੇਂ ਐਥੇ ਐਬਸਫੋਰਡ ਰਹਿੰਦਿਆ ਵੀ ਬੀ. ਸੀ. ਦੇ ਬਹੁਤੇ ਸੈਰ-ਗਾਹ ਬਹੁਤਿਆਂ ਲੋਕਾਂ ਨੇ ਨਹੀਂ ਦੇਖੇ ਹੋਣੇ।

ਗੱਲ ਮੇਰੀ ਪਹਿਲੀ ਉਡਾਰੀ ਦੀ ਹੋ ਰਹੀ …. ਮੈਂ ਸਕੂਲ, ਕਾਲਜ, ਬਲਾਕ, ਡਿਸਟਿਕ ਲੈਵਲ ਤੱਕ ਕਬੱਡੀ ਖੇਡੀ … ਕਈ ਜਿਲਿਆ ਦੇ ਸ਼ੋਅ ਮੈਚ ਵੀ ਖੇਡੇ …. ਘਰੇ ਘਿਓ ਦੁੱਧ ਆਂਮ … ਗੁਰਨੈਬ (ਧਰਮ ਭਾਈ) ਬਿਜਲੀ ਬੋਰਡ ਪੰਜ ਸਾਲ ਮੇਰੇ ਨਾਲ ਸਾਡੇ ਘਰੇ ਹੀ ਰਿਹਾ ਨਾਲ ਕਬੱਡੀ ਖੇਡਿਆ …. ਅਸੀਂ ਜਿੱਦ ਜਿੱਦ ਕੇ ਕੋਸੇ ਘਿਓ ਦੇ ਪਿੱਤਲ਼ ਦੇ ਗਲਾਸ ਭਰ ੨ ਪੀਣੇ … ਦੁੱਧ ਦਾ ਜੱਗ ਭਰ ਕੇ … ਮੂੰਹ ਨੂੰ ਲਾਕੇ ਘੁੱਟਾਂ ਨਹੀਂ ਬਨਾਉਣੀਆ … ਬੱਸ ਸਿੱਧਾ ਅੰਦਰ ਸੁੱਟਣਾ …. ਉਹਨਾਂ ਦਿਨਾਂ ਵਿੱਚ ਪੰਦਰਾਂ ਚੌਦਾਂ ਰੋਟੀਆਂ ਝੰਬ ਦੇਣੀਆਂ ਮਾਮੂਲੀ ਗੱਲ …. ਕਹਿਣ ਤੋਂ ਭਾਵ … ਮਿਹਦਾ ਬੜਾ ਤਕੜਾ ਸੀ ਜੋ ਖਾਣਾ ਖਾਧਾ … ਜਿਹੜਾ ਗਲ਼ ਤੋਂ ਥੱਲੇ ਹੋ ਗਿਆ ਬੱਸ ਹਜ਼ਮ … ਇਹ ਦੱਸਣ ਤੋਂ ਮਤਲਵ ਅਗਾਂਹ ਗੋਰਿਆਂ ਦਾ ਖਾਣਾ ਵੀ ਅੱਗੇ ਹਜ਼ਮ ਕਰਨਾ ਅਤੇ ਮਿਹਦੇ ਦੇ ਹਾਜ਼ਮੇ ਦੀ ਗੱਲ ਹੋਵੇਗੀ।

ਕਿਉਂ, ਕਾਹਤੋਂ, ਕਿਵੇਂ ਤੇ ਕਦੋਂ ਕੈਨੇਡਾ ਆਉਣ ਦਾ ਸਬੱਬ ਬਣਿਆ ਮੈਂ ਕਦੇ ਫੇਰ ਵਿਸਥਾਰ ਸਾਹਿਤ ਸਾਂਝਾ ਕਰਾਂਗਾ … ਮੇਰਾ ਅਚਾਣਕ ! ਕੁਝ ਮਜਬੂਰੀਆਂ ਤਹਿਤ …. ਪੈਰ ਉਤੇ ਹੀ ਕੈਨੇਡਾ ਵਿਜਟਰ ਆਉਣ ਦਾ ਪ੍ਰੋਗਰਾਮ ਬਣ ਗਿਆ …. ਭੱਜ ਨੱਸ ਕਰਕੇ ਦਿੱਲੀ ਪਹੁੰਚ ਗਿਆ …. ਅਸ਼ੋਕਾ ਹੋਟਲ ਵਿਖੇ ਇੰਟਰ ਨੈਸ਼ਨਲ ਬੈਂਕ ਤੋਂ 38 ਰੁਪਏ ਦੇ ਕੇ ਅਮ੍ਰੀਕਾ ਦੇ ਪੰਜ ਡਾਲਰ ਵਟਾਏ …. ਉਦੋਂ ਲਿਮਿਟ ਮੁਤਾਬਿਕ ਏਨੇ ਹੀ ਕੰਨੂਨ ਡਾਲਰ ਵੱਟਾ ਸਕਦੇ ਸਾਂ …..

ਮੈਂ ਦਿੱਲੀ ਤੋਂ ਵੈਨਕੂਵਰ ਦੀ ਟਿਕਟ ਕਿਰਾਇਆ Rs.13,200 ਰੁਪਏ ਦਾ ਰਿਟਰਨ ਖ੍ਰੀਦਿਆ, ‘ਪੈਨ ਏ ਐਮ ਏਅਰ’ (ਹੁਣ ਨਾਮ ਬਦਲ ਕੇ ਡੈਲਟਾ ਏਅਰ ਲਾਈਨ) ਦਾ ਲਿਆ … ਪੈਨ ਐਮ ਅਮ੍ਰੀਕਾ’ ਉਦੋਂ ਪੂਰੀ ਦੁਨੀਆਂ ਦੀ ਸਭ ਤੋਂ ਮਹਿੰਗੀ ਏਅਰ ਲਾਈਨ …. ਉਦੋ ਜੇਕਰ ਮੈਂ ਇਹੀ ਸਫਰ ਦਿੱਲੀ ਤੋਂ ਹਾਂਗਕਾਂਗ ‘ਏਅਰ ਫਰਾਂਸ’ ਤੇ ਅੱਗੇ ਹਾਂਗਕਾਂਗ ਤੋਂ ਵੈਨਕੂਵਰ ਵਾਇਆ ‘ਸੀ ਪੀ ਏਅਰ’ ਰਾਹੀਂ ਕਰਨਾਂ ਹੁੰਦਾ ਤਾਂ ਕਿਰਾਇਆ 8 ਕੁ ਹਜ਼ਾਰ ਰੁਪਏ ਦੇ ਦਰਮਿਆਨ ਰਿਟਰਨ ਟਿਕਟ ਲੱਗਦਾ …. ਮੇਰੇ ਪੈਨ ਐਮ ਰਾਹੀਂ ਆਉਣ ਦੇ ਦੋ ਕਾਰਨ ਸਨ … ਨੰਬਰ (੧) ਟਿਕਟ ਸਾਰਿਆ ਨਾਲ਼ੋਂ ਮਹਿੰਗੀ ਲਵਾਂ ਤਾਂਕਿ ਹੀਥਰੋ ਲੰਡਨ ਅਤੇ ਵੈਨਕੂਵਰ ਏਅਰ ਪੋਰਟ ਉੱਤੇ ਪਹੁੰਚ ਕੇ, ਮੈਂ ਆਪਣੇ ਆਪ ਨੂੰ ਜ਼ਿਆਦਾ ਅਮੀਰ ਸਾਬਤ ਕਰਾਂ … ਇਹ ਸ਼ੋਅ ਕਰ ਸਕਾਂ ਕਿ ਮੈਂ ਤਾਂ ਬਹੁਤ ਅਮੀਰ ਹਾਂ ਕਦੇ ਨਿੱਕੀ ਮੋਟੀ ਸਸਤੀ ਏਅਰ ਲਾਈਨ ਤੇ ਸਫਰ ਹੀ ਨਹੀਂ ਕਰਦਾ …. ਇਹ ਤਾਂ ਮੇਰੇ ਮਨ ਦਾ ਭੁਲੇਖਾ ਕੈਨੇਡਾ ਆਕੇ ਨਿਕਲਿਆ ਕਿ ਭਾਵੇਂ ਕੈਨੇਡਾ ਨੂੰ ਅਮ੍ਰੀਕਾ ਵੱਲੋਂ ਤੁਰ ਕੇ ਕੋਈ ਪੈਦਲ ਦਾਖਲ ਹੋਵੋ ਜਾਂ ਸਾਇਕਲ ਉਤੇ … ਜਾਂ ਜਹਾਜ਼ ਰਾਹੀ … ਪੋਰਟ ਆਫ ਇੰਟਰੀ ਇਮੀਗ੍ਰੇਸ਼ਨ ਦਾ ਕਨੂੰਨ ਤਾਂ ਕਨੂੰਨ ਹੀ ਹੈ … ਕੋਈ ਫਰਕ ਨਹੀਂ …. ਕਿਵੇਂ ਤੇ ਕਿਸ ਤੇ ਸਵਾਰ ਹੋ ਕੇ …. ਕਿਸ ਤੇ ਚੜ ਕੇ ਆਏ …. ਨੰਬਰ (੨) ‘ਪੈਨ ਐਮ ਏਅਰ’ ਲਾਈਨਜ਼, ਹਵਾਈ ਅੱਡੇ ਲੰਡਨ ਹੀਥਰੋ ਇੰਗਲੈਂਡ ਵੱਲ ਦੀ ਹੋਕੇ ਆਉਂਦੀ …. ਹੀਥਰੋ ਲੰਡਨ ਇਹ ੨੨ ਘੰਟੇ ਰੁਕਦੀ …. ਮੇਰਾ ਖਿਆਲ ਸੀ ਜੇਕਰ ਮੈਨੂੰ ਉੱਥੇ ਬਾਹਰ ਨਿਕਲਣ ਦਿੱਤਾ ਤਾਂ ਬਾਹਲ਼ਾ ਹੀ ਠੀਕ ਹੈ …. ਕਿਉਂਕਿ ਮੈਥੋਂ ਮੇਰੀ ਵੱਡੀ ਭੈਣ ਬਲਜੀਤ ਦਾ ਘਰ ਹੀਥਰੋ ਤੋਂ ਤੁਰ ਕੇ ਪੰਜ ਸੱਤ ਮਿੰਟ ਦੀ ਦੂਰੀ ਉੱਤੇ ਲੀ, ਸੋਚਿਆ ! ਦੋ ਸਪਰਿੰਟਾਂ ਲਾਕੇ ਘਰੇ ਵੜ ਜਾਊਂ …. ਮੇਰੀ ਅਸਲ ਮੰਨਸ਼ਾ ਉੱਥੇ ਚੁੱਭੀ ਮਾਰਨ ਦੀ ਸੀ …. ਜਾਂ ਕਿਸੇ ਤਰੀਕੇ ਬਾਹਰ ਨਿਕਲ ਜਾਉਂ ਜਾਂ ਉਹ ੨੨ ਘੰਟਿਆ ਵਿੱਚ ਹੋਰ ਕੋਈ ਉਹ ਓਅੜ ਪੋਅੜ ਕਰਕੇ ਮੈਨੂੰ ਬਾਹਰ ਕੱਢ ਲੈਣ ਗੇ।

ਮੈਂ ਇੱਕ ਦਿਨ …. ਬੋਲ ਕੇ ‘ਵਾਹਿਗੁਰੂ’ ਪਾਲਮ ਏਅਰ ਪੋਰਟ ਜਾਅ ਪਹੁੰਚਿਆ ….. ਪਾਸਪੋਰਟ, ਪੀ ਫ਼ਾਰਮ (ਐਫ ਟੀ ਐਸ), ਏਅਰ ਲਾਈਨ ਦਾ ਟਿੱਕਟ ਅਤੇ ਲੋਧਿਆਂ ਵਾਲੀ ਡਾਕਟਰ ਦੀ ਕਾਪੀ ਲੈ ਕੇ ਇੰਟਰੀ ਮਾਰ ਦਿੱਤੀ। ਇੰਮੀਗਰੇਸ਼ਨ ਕਰਾ ਕੇ ਦੂਜੀਆਂ ਸਵਾਰੀਆਂ ਦੇ ਮਗਰ ੨ ਤੁਰ ਕੇ (ਜਿਵੇਂ ਹੁਣ ਐਬਸਫੋਰਡ ਏਅਰਪੋਰਟ ਜਾਂ ਅੰਮ੍ਰਿਤਸਰ ਵਾਂਗੂ) ਜਹਾਜ਼ ਵੱਲ ਨੂੰ ਤੁਰ ਕੇ ਵੱਧਣਾ ਸ਼ੁਰੂ ਕੀਤਾ …. ਜਹਾਜ਼ ! ਥੋੜੀ ਵਿੱਥ ਉੱਤੇ ਰੜੇ ਮੈਦਾਨ, ਵੱਡੀ ਸਾਰੀ ਗਰਾਊਂਡ ਵਿਚ ਖੜਾ … ਸਾਰੇ ਯਾਤਰੀ ਪਾਲਮ ਅੱਡੇ ਤੋਂ ਨਿਕਲ ਕੇ ਤੁਰ ਕੇ ਜਹਾਜ਼ ਵੱਲ ਨੂੰ ਵਧਣੇ ਸ਼ੁਰੂ ਗਏ, ਮੈਂ ਵੀ ਉਹਨਾਂ ਦੇ ਪਿਛੇ ੨ …. ਨੇੜੇ ਪਹੁੰਚ ਕੇ ਮੈਂ ਕੀ ਵੇਖਿਆ ! ਐਨਾ ਵੱਡਾ ਜਹਾਜ਼ 747 … ਅਸਮਾਨ ਵਿੱਚ ਤਾਂ ਗਲੋਟਿਆਂ ਵਾਲ਼ਾ ਅਟੇਰਨ ਜਿਹਾ ਲਗਦਾ ਹੁੰਦਾ, ਹੋਰ ਨੇੜੇ ਗਿਆ ਅਚਾਨਕ ਮੇਰੀ ਇੱਕ ਦਮ ਸੁਰਤੀ ਪਿੰਡ ਚਲੀ ਗਈ … ਪਿੰਡ ਦੇ ਖੇਤ ਯਾਦ ਆ ਗਏ, ਇਕ ਦਫ਼ਾ ਮੈਂ ਤੇ ਇਕਬਾਲ (ਸਾਡੇ ਪਸ਼ੂਆਂ ਨੂੰ ਪੱਠੇ ਪਾਉਣ ਵਾਸਤੇ ਰੱਖਿਆ ਮੁੰਡਾ) ਖੇਤ ਪੱਠੇ (ਕੱਖ) ਬਰਸ਼ੀਨ ਵੱਢਣ ਬੈਠੇ …. ਅਚਾਣਕ ਉੱਪਰਦੀ ਕੋਈ ਜਹਾਜ਼ ਲੰਘਿਆ …. ਮੈਂ ਦਾਤਰੀ ਛੱਡ … ਮੂੰਹ ਉੱਪਰ ਨੂੰ ਚੱਕ ਲਿਆ … ਕੋਲ਼ ਖੜੇ ਸਾਡੇ ਬਜੁਰਗ ਕਹਿੰਦੇ “ਹੁਣ ਉਹ ਕਾਫ਼ੀ ਦੂਰ ਲੰਘ ਗਿਆ …. ਧੁੱਪ ਚੜਦੀ ਆਉਂਦੀ ਏ … ਪੱਠੇ ਵੀ ਵੱਢ ਲੈ” ਮੈਨੂੰ ਲੱਗਿਆ ! ਜਿਵੇਂ ਬਾਪ ਦੀ ਦੂਸਰੀ ਵਾਰ ਝਿੜਕ ਪਈ, ਜਦੋਂ ਮੈਨੂੰ ਪਿੱਛੋਂ ਕਿਸੇ ਨੇ ਹੱਥ ਲਾ ਪਾਉੜੀਆ ਵੱਲ ਇਸ਼ਾਰਾ ਕੀਤਾ … ਮੇਰੀ ਸੁਰਤੀ ਵਾਪਿਸ ਜਹਾਜ਼ ਦੀਆ ਪੌੜੀਆਂ ਉੱਤੇ ਆਈ …. ਮਨ ਚ ਜਹਾਜ਼ ਨੂੰ ਕਿਹਾ, “ਤੂੰ ਬਥੇਰੀ ਵਾਰ ਉੱਪਰਦੀ ਲੰਘਿਆ ਹੋਵੇ ਗਾ …. ਅੱਜ ਮੈਂ ਤੇਰੇ ਉਪਰ ਆ ਰਿਹਾ ਹਾਂ” ਜਿਵੇਂ ਮੂਹਰਲੇ ਲੋਕ ਜਹਾਜ਼ ਦੀਆਂ ਪਾਉੜੀਆਂ ਚੜਦੇ ਗਏ ਮੈਂ ਵੀ ਵੇਖਾ ਵੇਖੀ ਮਗਰੇ ਮਗਰ ਪਿੱਛੇ ੨ ਚੜ ਗਿਆ। ਸਚੋ ਸੱਚੀਂ ਦੱਸਾਂ ! ਮਨ ਵਿੱਚ ਮੇਰੇ ਵੀ ਥੋੜੀ ਘਬਰਾਟ ਸੀ …. ਇਉਂ ਲੱਗੇ ! ਜਿਵੇਂ ਤੌਰ ਜਿਹਾ ਚੱਕਿਆ ਹੋਇਆ … ਬੌਂਦਲਿਆ ਜਿਹਾ ਫਿਰਾਂ …. ਮੈਂ ਜਹਾਜ਼ ਅੰਦਰ ! ਪਹਿਲਾ ਪੈਰ ਰੱਖਿਆ ਅੱਗੋਂ ਗੋਰੀ ਹੱਸੀ … ਲੰਘਣ ਸਾਰ ! ਗੋਰੀ ਨੇ ਸੀਟਾਂ ਤਰਫ ਹੱਥ ਦਾ ਇਸ਼ਾਰਾ ਕੀਤਾ …. ਮੇਰੇ ਜਿਹੜੀ ਸੀਟ ਅੜਿੱਕੇ ਆ ਗਈ …. ਬੱਸ ਵਾਂਗੂ ਤੇਜ਼ੀ ਵਿਖਾਈ …. ਭੱਜ ਕੇ ਆਪਾਂ ਤਾਂ ਸੀਟ ਮੱਲ ਲਈ …. ਇਹ ਤਾਂ ਮੈਨੂੰ ਉਦੋਂ ਪਤਾ ਲੱਗਾ ਕਿ ਇਹ ਸੀਟ ਮੇਰੀ ਨਹੀਂ …. ਜਦੋਂ ਇਕ ਗੋਰਾ ਮੇਰੇ ਕੋਲ ਆਕੇ ਖੜਾ ਅੰਗਰੇਜ਼ੀ ਵਿਚ ‘ਬੁੜ ਬੁੜ’ ਕਰਦਾ ਹੱਥ ਦੇ ਇਸ਼ਾਰੇ ਨਾਲ ਸਮਝਾਵੇ ਕਿ “ਇੱਥੋਂ ਉੱਠ ! ਇਹ ਸੀਟ ਮੇਰੀ ਹੈ” ਉਲਟਾ ਮੈਂ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਅਤੇ ਪੰਜਾਬੀ ਬੋਲ ਕੇ ਸਮਝਾਵਾਂ ਕਿ “ਤੂੰ ਅੱਗੇ ਲੰਘ ਜਾਹ …. ਸੀਟਾਂ ਤਾਂ ਬਹੁਤ ਖਾਲੀ ਪਈਆਂ” ਉਦੋਂ ਨੂੰ ਇਕ ਪਤਲੀ ਛਮਕ ਜਿਹੀ ਸੋਹਣੀ ਜਿਹੀ ਮੁਟਿਆਰ ਗੋਰੀ ਆਈ …. ਉਸ ਮੇਰੇ ਹੱਥ ਵਾਲਾ ਪੇਪਰ ਵੇਖ …. ਮੈਨੂੰ ਉਠਾ ਕੇ ਜਹਾਜ਼ ਦੇ ਪਿੱਛਲੇ ਪਾਸੇ ਨੂੰ ਲੈ ਤੁਰੀ …. ਉਠਦਿਆਂ ! ਮੈਂ ਤੇ ਉਹ ਗੋਰਾ ! ਇਕ ਦੂਜੇ ਵੱਲ ਘੂਰ ਮਸੂਰੇ ਵੇਖਦੇ ਰਹੇ …. ਓਸ ਗੋਰੀ ਦੀ ਸ਼ਕਲ ਦਾ ਮੈਨੂੰ ਭੁਲੇਖਾ ਪਵੇ ਜਿਵੇਂ ਮੈਂ ਇਹ ਕਿਤੇ ਮੈਂ ਵੇਖੀ ਹੈ, ਇਹ ਤਾਂ ਮੈਂਨੂੰ ਲੁਧਿਆਣੇ c m c ਵਾਲੀ ਨਰਸ ਵਰਗੀ ਲਗਦੀ … ਬੱਸ ! ਉਹ ਗੁਲਾਬ ਦੀ ਕੋਮਲ ਪੱਤੀ ਵਰਗੀ …. ਇੰਨ ਬਿੰਨ ਉਸੇ ਵਰਗੀ ਦਾ ਭੁਲੇਖਾ ਪਵੇ …. ਉਹਨੇ ਮੇਰੇ ਹੱਥ ਵਾਲਾ ਪੇਪਰ ਫਿਰ ਦੁਬਾਰੇ ਦੇਖਿਆ …. ਇਸ਼ਾਰੇ ਨਾਲ ਮਗਰ ਲਾਕੇ ਮੈਨੂੰ ਪਿੱਛੇ ਨੂੰ ਲੈ ਗਈ … ਤਾਂ ਮੈਂ ਕੀ ਵੇਖਿਆ ! ਜਹਾਜ਼ ਤਾਂ ਬਈ ਬਹੁਤ ਵੱਡਾ ਹੈ ਅਸਮਾਨ ਵਿਚ ਤਾਂ ਐਵੇਂ ਛੋਟਾ ਜਿਹਾ ਹੀ ਦਿਸਦਾ ਹੁੰਦਾ …. ਕੁੱਲ ਸਵਾਰੀਆਂ ਵਿੱਚੋਂ 80 o/o ਗੋਰੇ … ਬਾਕੀ ਕੁਝ ਗੁਜਰਾਤੀ ਹਿੰਦੂ … ਬੱਸ ਪੰਜਾਬੀ ਪੱਗ ਵਾਲਾ ਮੈਂ ਹੀ ਇਕੱਲਾ …. ਏਅਰ ਹੋਸਟੈਸ ਨੇ ਮੈਨੂੰ ਸੀਟ ਤੇ ਬੈਠਾਇਆ …. ਮੇਰੇ ਚਿਹਰੇ ਵੱਲ ਵੇਖ ਕੇ … ਥੋੜੀ ਜਿਹੀ ਸਮਾਇਲ ਦੇ ਕੇ ਮੇਰੀ ਸੀਟ ਬਿਲਟ ਲਾਉਣੀ ਸ਼ੁਰੂ ਕਰ ਦਿੱਤੀ …. ਸ਼ਾਇਦ ਉਹ ਸਮਝ ਗਈ ਹੋਵੇ ਗੀ ਕਿ ਇਹ ਇਸ ਦੀ “ਪਹਿਲੀ ਉਡਾਰੀ” ਹੈ … ਉਸ ਤਰਾਂ ਮੈਂ ਜ਼ਿੰਦਗੀ ਵਿਚ ਪਹਿਲੀ ਦਫ਼ਾ ਗੋਰੀ ਨੂੰ ਐਨਾ ਨੇੜਿਓਂ ਹੋ ਕੇ ਤੱਕਿਆ …. ਉਹਦੇ ਹੱਥਾਂ ਦੀ ਛੋਹ ਨਾਲ ਮੈਨੂੰ ਜਿਵੇਂ ਕਰੰਟ ਜਿਹਾ ਲੱਗਾ … ਮੇਰੇ ਮੰਨ ਅੰਦਰ ਉਸ ਦੀ ਮੋਹਪ੍ਰਸਤੀ ਭਾਰੂ ਹੋ ਗਈ … ਮੇਰੇ ਅੰਦਰਲੇ ਮੋਹ ਦੀਆਂ ਛੱਲਾਂ ਬਾਹਰ ਨੂੰ ਆਉਣ … ਸੋਚਿਆ ! ਕਿ ਤੂੰ ਕਿੰਨੀ ਚੰਗੀ ਅਤੇ ਸੋਹਣੀ ਏ …. ਐਨੀ ਚਿੱਟੀ ਚਮੜੀ ਦੀ ਤਪਸ਼ ਐਨੀ ਨੇੜਿਓ ਤੱਕੀ … ਮੈਨੂੰ ਆਪਣੇ ਆਪ ਤੇ ਵਿਸ਼ਵਾਸ਼ ਨ ਆਵੇ …. ਪਤਾ ਨਹੀਂ ਉਸ ਨੇ ਕੀ ਆਪ ਦੀ ਵਰਦੀ ਤੇ ਧੂੜਿਆ ! ਬੱਸ ਲੱਪਟਾਂ ਮਾਰੇ …. ਖੁਸ਼ਬੋਆਂ ਖਿਲਾਰੇ … ਮੈਂ ਤਾਂ ਆਪ ਬਾਰੇ ਇਹ ਵੀ ਨੋਟਿਸ ਨਹੀਂ ਕੀਤਾ ਕਿ ਮੈਂ ਤਾਂ ਭੂਆ ਦੇ ਘਰੋਂ … ਪਰੌਂਠੇ ਰੋਟੀ ਨਾਲ ਆਚਾਰ ਤੇ ਪਿਆਜ਼ ਸਿਰਕੇ ਨਾਲ ਦੁਪਿਹਰ ਦਾ ਰੱਜਵਾ ਖਾਣਾ ਖਾ ਕੇ ਤੁਰਿਆ …. ਗੋਰੀ ਦੇ ਕੱਪੜਿਆਂ ਦੀ ਵਾਸ਼ਨਾ … ਮੇਰੇ ਕੋਲ਼ੋਂ ਖਾਧੇ ਗੰਢਿਆਂ ਦਾ ਮੁਸ਼ਕ …. ਇਹ ਸਾਡਾ ਦੋਨਾਂ ਦੀ ‘ਖੁਸ਼ਬੋ VS ਬੋਅ’ ਦਾ ਮਿਸ਼ਰਣ ਮਿਕਦਾਰ ਕਿੰਨਾਂ ਸੀ ਮੈਨੂੰ ਨਹੀਂ ਪਤਾ ਚੱਲ ਸਕਿਆ … ਉਹ ਮੇਰੀ ਸੀਟ ਬੈਲਟ ਲਾਕੇ … ਚਲੀ ਗਈ …. ਮੈਂ ਉਸ ਨੂੰ ਪਿਛਿਓਂ ਤੱਕਦਾ ਹੀ ਰਹਿ ਗਿਆ …. ਬਾਅਦ ਵਿੱਚ ਵੀ ਉਹ ਜਿੰਨੀ ਵਾਰ ਮੇਰੇ ਕੋਲ ਦੀ ਲੰਘੀ … ਮੈਨੂੰ ਹਰ ਵਾਰ ਚਿੱਟੇ ਦੰਦਾਂ ਦਾ ਹਾਸਾ ਤੇ ਅੱਖ ਦੀ ਸੇਹਲੀ ਉਤਾਂਹ ਨੂੰ ਚੱਕ ਵਿਖਾਵੇ … ਮੇਰੀ ਵੀ ਅੱਖ ਉਹਦੇ ਵਿੱਚ …. ਮੈਨੂੰ ਜਹਾਜ਼ ਵਿਚ ਉਹ ਧਰੂ ਤਾਰਾ ਲੱਗੇ …. ਜਿੰਨੀ ਵਾਰ ਉਹ ਕੋਲ ਦੀ ਲੰਘੇ … ਮੇਰੇ ਅੰਦਰੋਂ ਮੈਨੂੰ ਕੁਝ ਵੱਖਰਾ ਮਹਿਸੂਸ ਹੋਵੇ, ਜਿਵੇਂ ਅੰਦਰੋਂ ਕਿਸੇ ਮੋਹ ਨੇ ਰਿਸ਼ਤੇ ਦੀ ਤੰਦ ਜੋੜ ਲਈ ਹੋਵੇ … ਮੈਂ ਆਪਣੇ ਮਨ ਵਿੱਚ, ਉਸ ਦੀ ਜ਼ਿਆਦਾ ਹੀ ਮੇਰ ਜਿਹੀ ਕਰੀ ਜਾਵਾਂ … ਸੋਚਾਂ ! ਇਸ ਨੇ ਮੇਰਾ ਕਿੰਨਾ ਖ਼ਾਸ ਖਿਆਲ ਰੱਖਿਆ … ਇਹ ਜਿੰਨਾ ਮੇਰੇ ਨੇੜ ਆਈ ਦੂਸਰਿਆਂ ਦੇ ਨਹੀਂ ! ਇਹ ਤਾਂ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਮੈਂ ਹੀ ਅਣਜਾਣ ਤੇ ਨਵਾਂ ਸੀ ਤੇ ਉਹ ਮੇਰੀ ‘ਪਹਿਲੀ ਉਡਾਰੀ’ ਸੀ

ਕੁਝ ਹੀ ਸਮੇਂ ਬਾਅਦ ਜਹਾਜ਼ ਅੰਦਰ ਸਭ ਕੁਝ ਟਿੱਕ ਟਿਕਾਅ ਜਿਹਾ ਹੋ ਗਿਆ … ਹੌਲੀ ਦੇਕੇ ਜਹਾਜ਼ ਹਿੱਲਿਆ … ਦੋਨੇ ਪਾਸੀਂ ਸੀਟਾਂ ਦੀਆਂ ਲਾਇਨਾਂ ਦੇ ਵਿਚਕਾਰ … ਦੋ ਏਅਰ ਹੋਸਟਾਂ ਖੜੀਆਂ ਹੋ ਕੇ …. ਦੋਨੋ ਜਿੱਦੋਜਿਦੀ ਪੁਤਲੀਆਂ ਦੇ ਡਰਾਮੇ ਕਰਨ ਵਾਲਿਆ ਵਾਂਗੂ … ਕੁਝ ਸੇਫਟੀ ਸਮਾਨ ਜਿਹਾ ਕੱਢ ੨ ਯਾਤਰੀਆਂ ਨੂੰ ਵਿਖਾਉਣਾ ਸ਼ੁਰੂ ਕਰ ਦਿੱਤਾ ਕਿ ਕਿਵੇਂ ਐਮਰਜੈਸੀ ਵਿੱਚ ਹਾਦਸੇ ਮੌਕੇ ਸਮਾਨ ਦੀ ਵਰਤੋਂ ਕਰਨੀ …. ਪਹਿਲਾਂ ਮੈਨੂੰ ਇਹੀ ਭੁਲੇਖਾ ਪਿਆ ਜਿਵੇਂ ਤੁਰਦੀ ਬੱਸ ਵਿੱਚ ਕੰਘੇ, ਮੋਚਨੇ ਤੇ ਹਾਜ਼ਮੇ ਦੀਆਂ ਗੋਲ਼ੀਆ ਵੇਚਣ ਵਾਲੇ ਆ ਵੜਦੇ … ਸੋਚਿਆ ! ਇਹ ਵੀ ਕੁਝ ਵੇਚਣ ਗੀਆਂ। ਸਾਰੇ ਯਾਤਰੀ ਉਹਨਾਂ ਨੂੰ ਟਿੱਕ ਟਿਕੀਂ ਲਾਕੇ ਵੇਖ ਰਹੇ ਸਨ। ਮੈਨੂੰ ਇਉਂ ਲੱਗਾ ਜਿਵੇਂ ਸਾਰੇ ਮੇਰੇ ਵਾਂਗੂ ਪਹਿਲੀ ਵਾਰੀ ਹੀ ਜਹਾਜ਼ ਚੜੇ ਹੋਣ … ਮੈਂ ਪੂਰਾ ਖੁੱਬ ਕੇ ਉਹਨਾਂ ਦੀ ਹਰ ਹਰਕੱਤ ਨੂੰ ਸਮਝਣ ਦਾ ਯਤਨ ਕਰਾਂ …. ਥੱਲਿਓ ਜਹਾਜ਼ ਨੇ ਕੁਝ ਤੇਜ ਰੇਹੜਾ ਜਿਹਾ ਫੜਿਆ ਤਾਂ ਬਹੁਤੇ ਲੋਕਾਂ ਨੇ ਬੇਧਿਆਨੇ ਮੂੰਹ ਬਾਹਰ ਨੂੰ ਚੱਕ ਲਿਆ ….. ਖਿੜਕੀਆਂ ਰਾਹੀਂ ਬਾਹਰ ਦੇ ਦ੍ਰਿਸ਼ ਵੇਖਣੇ ਸ਼ੁਰੂ ਕਰ ਦਿੱਤੇ …. ਪਰ ਦੋਨੇ ਏਅਰ ਹੋਸਟਲਾਂ ਨੇ ਆਪਦਾ ਡਰਾਮਾ ਚਾਲੂ ਰੱਖਿਆ ….. ਜਹਾਜ਼ ਰੰਨਵੇ ਨੂੰ ਸਿੱਧਾ ਹੋ ਤੁਰਿਆ …. ਟਾਇਰਾਂ ਤੇ ਥਾਪੀਆਂ ਮਾਰਦਾ …. ਅਸਮਾਨ ਵੱਲ ਨੂੰ ਉਡਾਰੀ ਮਾਰ ਕੇ ! ਸਾਡੀ ਸਾਰਿਆਂ ਦੀ ਪਹਿਲੀ ਰੇਡ ਪੁਆ ਗਿਆ …

ਅੰਦਰ ਖਾਣਾ ਗੋਰਿਆਂ ਵਾਲਾ … ਵੈਸੇ ਵੀ ਏਸ ਏਅਰ ਲਾਈਨ ਉੱਤੇ ਜ਼ਿਆਦਾ ਗੋਰੇ ਹੀ ਸਫਰ ਕਰਦੇ …. ਉਨਾਂ ਦਿਨਾਂ ਵਿੱਚ ਆਂਮ ਪੰਜਾਬੀ ਜ਼ਿਆਦਾ ਏਅਰ ਇੰਡੀਆ ਜਾਂ ਏਅਰ ਫਰਾਂਸ ਰਾਹੀਂ ਸਫ਼ਰ ਕਰਦੇ ਕਿਉਂਕਿ ਉਹਨਾਂ ਦੇ ਕਿਰਾਏ ਰੇਟ ਵਾਜਿਬ ਤੇ ਸਸਤੇ ਸਨ …. ਏਅਰ ਹੋਸਟਾਂ ਰੇੜੀਆਂ ਧੱਕਦੀਆਂ ਕੁਝ ਸਨੈਕ ਤੇ ਪੀਣ ਨੂੰ ਲੈ ਆਈਆਂ। ਮੇਰੇ ਨਾਲ ਦੀ ਸੀਟ ਉੱਤੇ ਅੱਧ-ਖੱੜ ਉਮਰ ਦੀ ਗੋਰੀ ਬੈਠੀ …. ਉਹ ਜਿਵੇਂ ਕਰੀ ਜਾਵੇ ਮੈਂ ਉਸ ਦੀ ਨਕਲ ਕਰੀ ਗਿਆ …. ਉਸ ਨੇ ਮੂਹਰਲੀ ਸੀਟ ਤੋਂ ਪੱਤਾ ਜਿਹਾ ਖਿੱਚ ਕੇ ਟੇਬਲ ਬਣਾ ਲਿਆ … ਮੈਂ ਵੀ ਉਵੇਂ ਹੀ ਕੀਤਾ … ਏਅਰ ਹੋਸਟੈਸ ਨੇ ਓਸ ਪੈਸੰਜਰ ਗੋਰੀ ਨੂੰ ਕੁਝ ਪੁੱਛਿਆ …. ਉਹਨੇ ਉਸ ਨੂੰ ਕੁਝ ਦੱਸਿਆ … ਏਅਰ ਹੋਸਟਸ ਨੇ ਉਸ ਨੂੰ ਜੂਸ ਅਤੇ ਬਿਸਕੁਟਾਂ ਦਾ ਛੋਟਾ ਪੈਕਟ ਦੇ ਦਿੱਤਾ। ਫੇਰ ਏਅਰਹੋਸਟ ਨੇ ਮੈਨੂੰ ਵੀ ਪੁੱਛਿਆ ਯਾਰਾਂ ਨੇ ਤਾਂ ਇੱਕੋ ਲਫ਼ਜ਼ ਵਿਚ ਨਵੇੜ ਦਿੱਤਾ “ਸੇਮ ਸੇਮ” ਫ਼ਰਕ ਬੱਸ ਐਨਾਂ ਕੁ … ਗੋਰੀ ਨੇ ਉਹੀ ਛੱਕਣ ਨੂੰ ਦਸ ਮਿੰਟ ਲਾਏ … ਮੈਂ ਇਕ ਮਿੰਟ … ਜੂਸ ਤਾਂ ਪਤਾ ਨਹੀਂ ਕਾਹਦਾ ਸੀ, ਮੈਂ ਤਾਂ ਏਅਰ ਹੋਸਟੈਸ ਦੇ ਹੱਥੋਂ ਫੜ ਕੇ ਇੱਕੋ ਸਾਹ ਅੰਦਰ ਸੁੱਟ ਲਿਆ …. ਫਿਰ ਸੁੱਕੇ ਬਿਸਕੁਟ ਚੱਬਣੇ ਸ਼ੁਰੂ ਕਰ ਦਿੱਤੇ …. ਨਾਲ ਦੀ ਸੀਟ ਉਤੇ ਬੈਠੀ ਗੋਰੀ ਥੋੜ੍ਹਾ ਜਿਹਾ ਬਿਸਕੁਟ ਤੋੜ ਕੇ ਖਾਵੇ …. ਥੋੜਾ ੨ ਕਰਕੇ ਜੂਸ ਪੀਵੇ …. ਮੈਂ ਸੋਚਾਂ ! ਕਿ ਜੂਸ ਗਰਮ ਤਾਂ ਹੈ ਨਹੀਂ …. ਫਿਰ ਇਹ ਘੁੱਟਾਂ-ਵੱਟੀ ਕਿਉਂ ਪੀ ਰਹੀ …. ਅਸਮਾਨ ਵਿੱਚ ਜਹਾਜ਼ ਕੁਝ ਕੰਬਿਆ …. ਜਿਵੇਂ ਉਸ ਦੇ ਵੱਖੀਆਂ ਨੂੰ ਕੁਤਕਤਾੜੀਆਂ ਜਾਂ ਕਿਸੇ ਨੇ ਆਰਾਂ ਲਾਈਆਂ ਹੋਣ …. ਮੈਂ ਗੋਰੀ ਦੇ ਗਲਾਸ ਵਿੱਚ …. ਵੱਜਦੀਆਂ ਛੱਲਾਂ ਨੂੰ ਗਹੁ ਨਾਲ ਵੇਖੀ ਜਾਵਾਂ …. ਸੋਚਿਆ ! ਜੇਕਰ ਰਸਤੇ ਵਿੱਚ ਜਹਾਜ਼ ਨੂੰ ਹੋਰ ਵੱਡੀਆਂ ੨ ਉੱਖਲ਼ੀਆਂ ਆ ਗਈਆਂ ਤਾਂ ਇਹ ਗਲਾਸ ਵਾਲੇ ਜੂਸ ਦੀ ਤਾਂ ਖ਼ੈਰ ਨਹੀਂ, ਇਹ ਨਿਬੇੜਦੀ ਕਿਉਂ ਨਹੀਂ।

ਤਹਿਰਾਨ ਦੇ ਹਵਾਈ ਅੱਡੇ ਤੇ ਅੱਧਾ ਕੁ ਘੰਟਾ ਰੁੱਕੇ …. ਵੇਖਿਆ ! ਏਅਰਪੋਰਟ ਦੇ ਛਿਪਦੇ ਵਾਲੇ ਪਾਸੇ ਉੱਚੇ ੨ ਰੇਤੇ ਦੇ ਟਿੱਬੇ … ਵੇਖਣ ਨੂੰ ਪਹਾੜ ਵਰਗੇ ਲੱਗਣ …. ਪਹਿਲਾਂ ਤਾਂ ਮੈਨੂੰ ਇਉਂ ਭੁਲੇਖਾ ਜਿਹਾ ਪਿਆ ‘ਕਿਤੇ ਜਹਾਜ਼ ! ਭੁਲੇਖੇ ਨਾਲ ਪਿੰਡ ਭਲੂਰ ਕੋਟ ਸੁੱਖੀਏ ਦੇ ਵਿਚਕਾਰ ਟਿੱਬਿਆਂ ਵਿਚਕਾਰ ਤਾਂ ਨਹੀਂ ਲਾਹ ਲਿਆ’ ਕੁਝ ਹੀ ਪਲਾਂ ਵਿਚ …. ਅਸੀਂ ਫਿਰ ਲਟਾਅ ਪੀਂਘ ਹੁੰਦੇ ਫੇਰ ਹਵਾ ਵਿੱਚ ….ਹੁਣ ਖਾਣੇ ਵਾਲ਼ੀਆਂ ਬੱਘੀਆਂ ਚਲ ਪਈਆਂ ….. ਖਾਣਾ ਸਾਰਾ ਅੰਗਰੇਜ਼ਾਂ ਵਾਲਾ …. ਕਈ ਕੁਝ ਨਿੱਕੜ ਸੁੱਕੜ …. ਨਾਲ ਇਕ ਗੇਂਦ ਵਰਗੀ ਗੋਲ਼ ਬਾਲ (ਬੰਨ) ਪਿੰਨਾ ਜਿਹਾ ਪਿਆ ਜਿਸ ਦਾ ਮੈਨੂੰ ਖਾਣ ਲੱਗਿਆ ਪਤਾ ਚੱਲਿਆ, ਇਹ ਤਾਂ ਬਰਿੱਡ ਦਾ ਗੋਲ਼ਾ …. ਜਿਸ ਨਾਲ ਮੇਰਾ ਦੋ ਵਾਰ ਹੱਥ ਟਕਰਾਇਆ …. ਬੱਸ ਟਰੇਅ ਵਿਚੋ ਰੁੜਦਾ ੨, ਮਸਾਂ ਡਿਗਣੋਂ ਬਚਿਆ ….. ਇਕ ਤਿੰਨਕੋਨੀ ਜਿਹੀ ਛੋਟੀ ਟੁਕੜੀ ….. ਚਿੱਟੇ ਫੋਇਲ ਪੇਪਰ ਵਿਚ ਲਪੇਟੀ ਦਿੱਸੀ, ਮੈਂ ਟੁਕੜੀ ਦਾ ਪੇਪਰ ਉਤਾਰਿਆ …. ਵੇਖਣ ਨੂੰ ਪੀਲ਼ੀ ਬਰਫ਼ੀ ਵਰਗੀ ਲੱਗੇ …. ਮੈਂ ਸੋਚਿਆ ! ਇਹ ਪੀਲ਼ੇ ਰੰਗ ਦੀ ਬਰਫੀ ਹੈ ਮਗਰੋਂ ਮੂੰਹ ਮਿੱਠਾ ਕਰਨ ਵਾਸਤੇ ਭੇਜੀ ਹੋਣੀ …. ਮੈਂ ਉਹ ਇਕ ਪਾਸੇ ਰੱਖ ਦਿੱਤੀ …. ਇਹੋ ਜਿਹੇ ਖਾਣੇ ਦੇ ਦਰਸ਼ਨ ਮੈਂ ਪਹਿਲੀ ਵਾਰ ਕੀਤੇ …. ਟਰੇਅ ਪਲੇਟ ਨੂੰ ਮੈਂ ਇਕ ਸਿਰੇ ਤੋਂ ਸ਼ੁਰੂ ਕਰਕੇ ਦੂਜੇ ਪਾਸੇ ਨੂੰ ਵਿਹਲ ਜਿਹੀ ਪਾਈ ਗਿਆ …. ਕਿਸ ਨਾਲ ਕੀ ਰਲਾ ਕੇ ਖਾਣਾ …. ਮੈਨੂੰ ਨਹੀਂ ਸੀ ਪਤਾ …. ਮੋਟੇ ਸਾਰੇ ਬਰੈੱਡ ਦੇ ਗੋਲ਼ੇ (ਬੰਨ) ਜੋ ਮੋਟੇ ਲੱਡੂ ਵਰਗਾ ਲਗਦਾ …. ਉਹ ਮੈਂ ਰੁੱਖੇ ਨੂੰ ਦੰਦੀਆਂ ਵੱਢ ੨ ਖਾ ਗਿਆ …. ਅਖੀਰ ਤੇ ਸਾਰਾ ਕੁਝ ਨਬੇੜ ਕੇ …. ਮੂੰਹ ਮਿੱਠਾ ਕਰਨ ਵਾਸਤੇ ਚੱਕ ਕੇ ਪੀਲ਼ੀ ਬਰਫ਼ੀ ਦਾ ਟੁੱਕੜਾ ਮੂੰਹ ਵਿਚ ਪਾਇਆ ਤਾਂ ਉਹ ਕਾਫੀ ਸਲੂਣਾਂ …. ਮੂੰਹ ਵਿਚੋਂ ਵਾਪਿਸ ਕੀ ਕੱਢਣਾ ਸੀ …. ਮਾੜਾ ਮੋਟਾ ਚਿੱਥ ਕੇ ਅਗਾਂਹ ਤੋਰ ਦਿੱਤਾ …. ਮੈਨੂੰ ਤਾਂ ਬਾਅਦ ਵਿਚ ਪਤਾ ਚਲਿਆ ਕਿ ਇਹ ਤਾਂ ਘਿਉ ਦੀ ਟਿੱਕੀ ਸੀ ਬਰਿੱਡ ਬੰਨ ਨੂੰ ਲਾ ਕੇ ਖਾਣੀ ਸੀ …. ਗੋਰੀ ਨੇ ਪਲਾਸਟਕ ਦੀ ਕਰਦ ਨਾਲ ਬਰਿੱਡ ਬੰਨ ਖਿਲਾਰਿਆ …. ਨਾਈਫ ਨਾਲ ਹੀ ਬੱਟਰ ਲਾਵੇ … ਹੌਲੀ ੨ ਖਾਵੇ … ਮੈਂ ਸੋਚਾਂ ! ਇਹ ਲੋਕ ਬੀਮਾਰਾਂ ਵਾਂਗੂ ਕਾਹਤੋਂ ਹੌਲੀ ੨ ਖਾਂਦੇ ਯਾਰ ! …. ਇਹ ਤਾਂ ਮੈਨੂੰ ਬਾਅਦ ਵਿਚ ਪਤਾ ਚਲਿਆ ਕਿ ਇਹ ਲੋਕ ਤਾਂ ਖਾਣੇ ਨੂੰ ਅਨੰਦ ਨਾਲ ਖਾਂਦੇ … ਖਾਣ ਵਿੱਚ ਪੂਰਾ ਲੁਤਫ਼ ਲੈਂਦੇ …. ਅਸੀਂ ਗਿੱਝੇ ਸਪੀਡ ਨਾਲ ਢਿੱਡ ਭਰਨ …. ਜਿੱਦ ੨ ਕੇ ਰੋਟੀਆਂ ਦੀਆਂ ਚੇਣਾਂ ਲਾ ਦੇਣੀਆਂ …. ਇਹ ਉਸ ਟਾਈਮ ਦੀਆ ਗੱਲਾਂ …. ਜਦੋਂ ਅਸੀਂ ਕਬੱਡੀ ਖੇਡਦੇ …. ਗੋਰਿਆਂ ਦਾ ਜਹਾਜ਼ ਦਾ ਖਾਣਾ ਕਿਸ ਨਾਲ ! ਕੀ ਰਲ਼ਾ ਕੇ ਖਾਣਾ ਪਤਾ ਨਹੀ ਸੀ … ਬੱਸ ਅੰਦਰ ਮੇਹਦਾ ਮਜ਼ਬੂਤ ਸੀ, ਜੋ ਗਲ਼ੇ ਤੋਂ ਥੱਲੇ ਚਲਾ ਗਿਆ ਬੱਸ ਹਜ਼ਮ। ਮੇਹਦਾ ਆਪ ਦਾ ਕੰਮ ਆਪ ਕਰੀ ਜਾਂਦਾ …..

ਬਹੁਤੇ ਯਾਤਰੀ ਖਾਣਾ ਖਾ ਕੇ ਸੌ ਗਏ … ਮੇਰੀ ਕਾਹਦੀ ਅੱਖ ਲੱਗਣੀ ਸੀ ਅੱਜ ਮਸਾਂ ੨ ਜਹਾਜ਼ ਅੜਿੱਕੇ ਆਇਆ …. ਰਾਤ ਪੈ ਚੁੱਕੀ … ਮੈਂ ਤਾਂ ਖਿੜਕੀ ਥਾਣੀ ਬਾਹਰ ਧਰਤੀ ਦੀਆ ਲਈਟਾਂ ਵੇਖਾਂ …. ਸੋਚਿਆ ! ਇਧਰ ਲੋਕ ਰਾਤ ਨੂੰ ਵੀ ਬੱਤੀਆਂ ਨਹੀਂ ਬੁਝਾਉਂਦੇ ਜਿਵੇਂ ਰਾਤ ਬੈਠ ਕੇ ਕੱਟਦੇ ਹੋਣ ….. ਦੋ ਕੁ ਵਾਰ ਜਹਾਜ਼ ਨੂੰ ਕਾਬਾਂ ਜਿਹਾ ਛਿੜਿਆ ….. ਜਿਵੇਂ ਉੱਡਦੇ ਕਬੂਤਰ ਨੇ ਖੰਭ ਜਿਹੇ ਝਾੜੇ ਹੋਣ …. ਥੋੜੇ ਸਮੇਂ ਵਿੱਚ ਜਹਾਜ਼ ਵਿੱਚ ਕੋਈ ਅਨਾਊਂਸਮੈਟ ਹੋਈ ਤੇ ਨੀਵਾਂ ਹੋਣਾ ਸ਼ੁਰੂ ਹੋ ਗਿਆ …. ਕੁਝ ਮਿੰਟਾਂ ਵਿੱਚ ਹੀਥਰੋ ਦੇ ਰੰਨਵੇ ਤੇ ਭੱਜਣਾ ਸ਼ੁਰੂ ਕਰ ਦਿੱਤਾ … ਹੌਲੀ ਹੁੰਦਾ ੨ ਆਨੇ ਵਾਲੀ ਥਾਂ ਤੇ ਖੜਾ ਹੋ ਗਿਆ।

ਸਵਾਰੀਆਂ ਉਤਰਨਾ ਸ਼ੁਰੂ ਕੀਤਾ …. ਨਾਲ ਯਾਰ ਵੀ ਬੈਗ ਚੱਕ ਬਾਹਰ ਨੂੰ ਚੱਲ ਪਿਆ … ਜਹਾਜੋਂ ਬਾਹਰ ਨਿਕਲਦੇ ਨੂੰ ਉਹੀ ਗੋਰੀ ਨੇ ਮੈਨੂੰ ਫਿਰ ਹੱਸ ਕੇ ! ਅੱਖ ਮਾਰੀ, ਨਾਲ ਕੁਝ ਕਿਹਾ …. ਜੋ ਮੈਨੂੰ ਸਮਝ ਨਾਂ ਆਈ …. ਮੈਂ ਮਨ ਵਿੱਚ ਸੋਚਿਆ ! ਕਾਸ਼ ! ਤੂੰ ਕਦੇ ਬਾਘੇ ਪੁਰਾਣੇ ਜਨਮੀਂ ਹੁੰਦੀ ! ਅਸੀਂ ਸੌ ਵਲ਼ ਪਾਕੇ ਤੇਰੇ ਨਾਲ਼ ਸੰਯੋਗ ਜੋੜ ਲੈਦੇ ਤਾਂ ਅੱਜ ਕਹਾਣੀ ਕੁਝ ਹੋਰ ਹੋਣੀ ਸੀ … ਮੈਂ ਵੀ ਉਸ ਨੂੰ ਕੁਝ ਕਹਿਣਾ ਚਾਹੁੰਦਾ …. ਪਰ ਮਾਰ ਲਿਆ, ਭਾਸ਼ਾ ਦੀ ਕਮਜੋਰੀ ਨੇ … ਜਹਾਜੋਂ ਬਾਹਰ ਨਿਕਲ ਮੈਂ ਦੂਸਰੇ ਯਾਤਰੀਆਂ ਮਗਰ ਅੱਗੜ ਪਿੱਛੜ ਹੋ ਗਿਆ …. ਅੱਗੇ ਸਾਰੇ ਜਾਣੇ ਲੰਮੀਆ ਲਾਈਨਾਂ ਵਿੱਚ ਖੜੇ ਹੋ ਗਏ …. ਇੰਮੀਗ੍ਰੇਸ਼ਨ ਕਾਊਟਰ ਉੱਤੇ ਜਾਣ ਦੀ ਉਡੀਕ ਕਰਨ ਲੱਗੇ …. ਮੋਗੇ ਦੇ ਬੱਸ ਡੀਪੂ ਵਾਂਗੂ, ਏਥੇ ਆਪੋ ਧਾਪ ਨਹੀਂ ਸੀ ਪਈ ਹੋਈ ….. ਮੇਰੀ ਵਾਰੀ ਆਈ … ਮੈਂ ਵੀ ਕਾਊਂਟਰ ਵੱਲ ਨੂੰ ਰੇਡ ਪਾ ਦਿੱਤੀ …. ਕਾਊਂਟਰ ਉੱਤੇ ਪਹੁੰਚ ਗਿਆ …

ਇਮੀਗ੍ਰੇਸ਼ਨ ਕਲੀਅਰ ਕਰਾਉਣ ਦਰਮਿਆਨ …. ਮੈਂ ਇੰਮੀਗਰੇਸ਼ਨ ਅਫਸਰ ਨੂੰ ਕੁਝ ਹੋਰ ਦੱਸੀ ਜਾਵਾਂ …. ਬਾਹਰ ਮੇਰੀ ਭੈਣ ਮੈਨੂੰ ਲੈਣ ਆਈ ਉਹ ਕੁਝ ਹੋਰ ਦੱਸੀ ਜਾਵੇ …. ਸਾਡੇ ਬਿਆਨ ਨਾਂ ਰਲੇ …. ਉਨਾਂ ਦਿਨਾਂ ਵਿਚ ਫ਼ੋਨ ਉਤੇ ਗੱਲ ਘੱਟ ਵੱਧ ਹੀ ਹੁੰਦੀ ਸੀ …. ਜਿਹੜੀ ਪਹਿਲਾਂ ਮੈਂ ਚਿੱਠੀ ਲਿਖ ਕੇ ਪਾਈ ….. ਉਹ ਭੈਣ ਨੂੰ ਹਫ਼ਤਾ ਲੇਟ ਮਿਲੀ …. ਉਹ ਤਾਂ ਟੈਲੀਗ੍ਰਾਮ ਮੁਤਾਬਿਕ ਹਵਾਈ ਅੱਡੇ ਪਹੁੰਚ ਗਏ …. ਇਮੀਗਰੇਸ਼ਨ ਅਫਸਰ ਨੇ ਮੇਰੀ ਐਂਟਰੀ ਨਾਂ ਮਨਜ਼ੂਰ ਕਰ ਦਿੱਤੀ …. ਮੈਨੂੰ ੨੨ ਘੰਟੇ ਵਾਸਤੇ ਇਕ ਹੋਟਲ ਵਿਚ ਭੇਜ ਦਿੱਤਾ …. ਇਹ ਹੋਟਲ ਮਮੂਲੀ ਜੇਲ ਵਾਂਗੂ ਹੀ ਸੀ …. ਜਿਸ ਦੇ ਬਾਹਰ ਸ਼ਿਰਫ ਇਕ ਅੱਧ-ਖੜ ਗੋਰਾ ਕੁਰਸੀ ਤੇ ਬੈਠਾ ਉਬਾਸੀਆਂ ਲੈ ਰਿਹਾ … ਇਹ ਸਿਕਿਉਰਿਟੀ ਮੈਨ ਮਾਮੂਲੀ ਸਕਿਉਰਿਟੀ ਦੇ ਰਿਹਾ … ਮੇਰੀ ਇੰਟਰੀ ਦਾ ਇਨਕਾਰ ਹੋਣਾ …. ਇਕ ਹੋਰ ਵੀ ਕਾਰਨ ਇਹ ਸੀ ਕਿ ਮੇਰੇ ਬੈਗ ਵਿੱਚ ਨਿੱਤ-ਨੇਮ ਦੀਆਂ ਬਾਣੀਆਂ ਦਾ ਗੁੱਟਕਾ ਰੁਮਾਲ ਵਿਚ ਲਪੇਟਿਆ ਹੋਇਆ …. ਜੋ ਮੈਂ ਭੈਣ ਬਲਜੀਤ ਨੂੰ ਗਿਫਟ ਕਰਨਾ ਸੀ …. ਇੰਟਰਪ੍ਰੇਟਰ ਮੁਸਲਮਾਨ ੪੫-੫੦ ਸਾਲ ਦਾ ਹੋਣਾ …. ਜਿਸ ਦੇ ਹੱਥ ਦੀਆਂ ਉਂਗਲਾਂ ਵਿਚ ਫਸਾਈ ਸਿਰਗਟ ਸ਼ੁਲਗ ਰਹੀ ਸੀ, ਜੋ ਹੈੱਡ ਬੈਗ ਦੀ ਤਲਾਸ਼ੀ ਲੈਂਦਿਆਂ ਧੂੰਆਂ ਕੱਢ ਰਹੀ …. ਉਹ ਸਿਰਗਟ ਵਾਲੇ ਹੱਥ ਨਾਲ ਗੁਟਕਾ ਫਰੋਲਣ ਲੱਗ ਪਿਆ …. ਮੈਂ ਕਿਹਾ ਜਾਂ ਤਾਂ ਸਿਰਗੱਟ ਸੁੱਟ ਤੇ ਹੱਥ ਧੋ ਕੇ ਆ …. ਜਾਂ ਮੈਂ ਤੇਰੇ ਸਾਹਮਣੇ ਗੁੱਟਕਾ ਫਰੋਲ ਕੇ ਵਿਖਾ ਦਿੰਦਾ ….. ਉਹ ਮੇਰੇ ਤੇ ਰੋਹਬ ਮਾਰੇ ….. ਸਾਡੀ ਕੁਝ ਬਹਿਸ ਹੋ ਗਈ …. ਉਹਨੇ ਗੋਰੇ ਅਫਸਰ ਨੂੰ ਪਤਾ ਨਹੀਂ ਕੀ ਕਿਹਾ … ਮੈਨੂੰ ਇੰਗਲੈਂਡ ਦੀ ਇੰਟਰੀ ਤੋਂ ਨਾਂਹ ਹੋ ਗਈ।

ਹੋਟਲ ਵਿਚ ਭੈਣ ਦਾ ਪ੍ਰੀਵਾਰ ਮਿਲਣ ਆਇਆ …. ਨਾਲ ਰੋਟੀ ਤੇ ਫਲ ਫਰੂਟ ਲੈਕੇ ਆਏ …. ਸਾਥ ਹੀ ਪਿੰਡ ਪੱਤੋ (ਹੀਰਾ ਸਿੰਘ) ਦੇ ਗੁਰਮੇਲ ਸਿੰਘ ਨੂੰ ਲਿਆਏ ਜੋ ਬੜਾ ਦਲੇਰ, ਖਾੜਕੂ ਸੁਭਾਅ …. ਸ਼ਕਲ ਮੇਰੇ ਨਾਲ ਮਿਲਦੀ …. ਪੱਗ ਮੇਰੇ ਵਾਂਗੂ ਬੰਨਦਾ …. ਜਦੋਂ ਉਹ ਇੰਡੀਆ ਘੁੰਮਣ ਗਿਆ …. ਮੈਂ ਹੀ ਉਸ ਨੂੰ ਪਾਲਮ ਤੋਂ ਚੱਕ ਕੇ ਪੰਜਾਬ ਲੈ ਕੇ ਗਿਆ ਸੀ। ਖਾਣਾ ਖਾਣ ਤੋਂ ਬਾਅਦ ਗੁਰਮੇਲ ਮੈਨੂੰ ਆਹਦਾ “ਬਾਈ ਸਕਿਉਰਿਟੀ ਵਾਲਾ ਮੱਥੇ ਤੇ ਟੋਪੀ ਸੁੱਟੀ, ਲੱਤਾਂ ਖਿਲਾਰੀ ਪਿਆ … ਤੂੰ ਚਲ ਵਾਸ਼ਰੂਮ … ਮੈਂ ਆਉਂਦਾ ਤੇਰੇ ਮਗਰ … ਆਪਾਂ ਇਕ ਦੂਜੇ ਦੇ ਕੱਪੜੇ ਵਟਾਕੇ ਪਾ ਲਵਾਂਗੇ … ਤੂੰ ਬਾਹਰ ਭੈਣ ਹੋਰਾਂ ਨਾਲ ਨਿਕਲ ਜਾਵੀ …. ਮੈਂ ਚਾਰ ਘੰਟੇ ਮਗਰੋਂ ਐਕਸ਼ਨ ਵਿਚ ਆਉਗਾ … ਮੇਰੇ ਕੋਲ ਬਰਿਟਿਸ਼ ਪਾਸਪੋਰਟ ਹੈਗਾ” ਪਰ ਮੇਰੀ ਭੈਣ ਨਾਂ ਮੰਨੀ …. ਕਹਿੰਦੀ “ਕੈਨੇਡਾ ਖੁੱਲਾ … ਇਹਨੂੰ ਉੱਥੇ ਹੀ ਜਾਣ ਦਿਓ …. ਐਥੇ ਕੋਈ ਨਵਾਂ ਯੱਬ ਨਾਂ ਪੈ ਜਾਵੇ” ਉਦੋ ਕੈਨੇਡਾ ਦਾ ਵੀਜ਼ਾ ਸਿਸਟਮ ਨਹੀਂ ਸੀ ਹੁੰਦਾ …. ਮੈਂ ੨੨ ਘੰਟੇ ਬਾਅਦ ਹੀਥਰੋ ਤੋਂ ਸਿਆਟਲ ਅਮ੍ਰੀਕਾ ਨੂੰ ਉਡਾਰੀ ਮਾਰ ਗਿਆ।

ਹੀਥਰੋ ਤੋਂ ਸਿਆਟਲ ਏਅਰਪੋਰਟ 8 ਘੰਟੇ ਦੀ ਫਲਾਇਟ …. ਮੈਨੂੰ ਇਹੀ ਮਹਿਸੂਸ ਹੋਵੇ ਕਿ ਸਾਰੀ ਫਲਾਈਟ ਵਿੱਚ ਮੈਂ ਹੀ ਇਕੱਲਾ ਪੱਗ ਵਾਲਾ ਹਾਂ …. ਜਹਾਜ਼ ਨੂੰ ਚਲੇ ਤੋਂ ਥੋੜ੍ਹੇ ਚਿਰ ਬਾਅਦ ਹੀ ਰਾਤ ਦਾ ਖਾਣਾ ਦੇਣਾ ਸ਼ੁਰੂ ਕੀਤਾ …. ਐਦਕੀ ਮੈਂ ਕਾਫ਼ੀ ਕੁਝ ਪਹਿਲਾਂ ਨਾਲ਼ੋਂ ਸਿੱਖ ਚੁੱਕਾ ਸੀ …. ਬੱਸ ਸੰਭਲ਼ ੨ ਕੇ ਸਮਾਈ ਨਾਲ ਸਾਰਾ ਕੁਝ ਸਮੇਟੀ ਗਿਆ …. ਪਿਛਲੀ ਫਲਾਇਟ ਵਿਚ ਮੇਰੀਆਂ ਹਰਕਤਾਂ ਦੇਖ ਕੇ ਗੋਰੀ ਗੁੱਝਾ ਜਿਹਾ ਮੁਸਕਾਉਦੀ ਰਹੀ … ਪਰ ਇਸ ਵਾਰ ਮੈਂ ਨਾਲ ਬੈਠੇ ਗੋਰੇ ਦੇ ਨੁਕਸ ਫੜ ਰਿਹਾ ਸਾਂ …. ਮੈਂ ਅੰਦਰੋਂ ਪੂਰਾ ਮਜ਼ਬੂਤ …. ਖਾਣਾ ਖਾਕੇ ਬਹੁਤੇ ਲੋਕ ਛੋਟੀ ਜਿਹੀ ਸਰਹਾਣੀਂ ਤੇ ਕੰਬਲ਼ ਖਿੱਚ ਕੇ ਸੌਂ ਗਏ ….. ਅੰਦਰੋਂ ਜਹਾਜ਼ ਦੀਆਂ ਮੇਨ ਲਾਈਟਾਂ ਬੰਦ ਤੇ ਮਧੱਮ ਜਿਹੀਆਂ ਜਗਦੀਆਂ …. ਮੈਨੂੰ ਨੀੰਦ ਨਾਂ ਆਵੇ …. ਮੈਂ ਉਸਲ਼ਵੱਟੇ ਲੈਂਦਿਆਂ ਮਾਮਾ ਜੀ ਕੰਵਲ ਦਾ ਨਾਵਲ ‘ਪੂਰਨਮਾਸ਼ੀ’ ਪੜਣ ਲੱਗ ਪਿਆ …. ਪੇਟ ਅੰਦਰ ਖਾਣੇ ਦੀ ਸੁੱਕੀ ਤਹਿ ਲਾਈ ਕਰਕੇ …. ਪਿਆਸ ਬਹੁਤ ਲੱਗੀ …. ਨਾਵਲ ਪੜਦਿਆ ਮੇਰਾ ਦਿਲ ਨ ਲੱਗੇ ਕਿਉਂਕਿ ਮੈਂ ਪਹਿਲਾਂ ਵੀ ਇਹ ਨਾਵਲ ਚਾਰ ਪੰਜ ਵਾਰ ਪੜਿਆ …. ਏਅਰ ਹੋਸਟ ਮੇਰੇ ਕੋਲ ਦੀ ਲੰਘੀ …. ਮੈਂ ਇਸ਼ਾਰਾ ਕਰਕੇ ਰੋਕ ਲਿਆ …. ਕੁਝ ਬੜਾ ਘਰੋੜ ਕੇ ਕਿਹਾ ਮੈਨੂੰ “ਵਾਟਰਰਰ” ਉਹ ਅੱਧ-ਖੱੜ ਜ਼ਨਾਨੀ ਨਾਂ ਸਮਝੀ, ਥੋੜ੍ਹੇ ਚਿਰ ਬਾਅਦ ਫਿਰ ਵਾਪਿਸ ਜਾਂਦੀ ਨੂੰ ਮੈ ਫੇਰ ਕਿਹਾ “ਵਾਟੱਰਰਰਰ” ਉਹ ਮੁੜਕੋ ਹੀ ਨਾਂ ਆਈ …. ਮੈਨੂੰ ਲੱਗੇ ਖਾਧੀਆਂ ਸੁੱਕੀਆਂ ਬਰਿਡਾਂ ਕਦੋਂ ਗਲੇ ਤੋਂ ਥੱਲੇ ਲਹਿਣ ਗੀਆਂ …. ਅੱਗਾ ਪਿੱਛਾ ਜਿਹਾ ਵੇਖ ਮੈਂ ਉਠ ਖੜਾ ਹੋਇਆ … ਸੋਚਿਆ ! ਵਾਸ਼ਰੂਮ ਵਿੱਚੋਂ ਹੀ ਪਾਣੀ ਪੀ ਆਉਂਦਾ …. ਸਿੰਕ ਦਾ ਪਾਣੀ ਛੱਡਿਆਂ … ਉਹ ਪਾਣੀ ਦੀ ਕੁਰਲੀ ਹੀ ਕੀਤੀ …. ਬੱਕਬੱਕਾ ਜਿਹਾ … ਅਗਾਂਹ ਤਾਂ ਕੀ ਲੰਘਾਉਣਾ …. ਦੁਖੀ ਮਨ ਨਾਲ ਵਾਪਿਸ ਸੀਟ ਵੱਲ ਨੂੰ ਤੁਰਿਆ ਆਵਾਂ …. ਹਨੇਰੇ ਜਿਹੇ ਵਿੱਚ ਮੇਰਾ ਕਿਸੇ ਨੇ ਗੁੱਟ ਫੜ ਲਿਆ …. ਮੈਂ ਵੇਖਿਆ ਇਕ ਛੋਟੇ ਜਿਹੇ ਕੱਦ ਦਾ ਅਤੇ ਹਲਕੇ ਭਾਰ ਦਾ … ਇਕਹਿਰੇ ਜਿਹੇ ਬੰਦ ਦਾ ਬਜ਼ੁਰਗ ਜਿਸ ਦੇ ਕੁੜਤੇ ਪੰਜਾਮੇ ਉਪਰਦੀ ਕਾਲਾ ਕੋਟ ਪਾਇਆ …. ਛੋਟੇ ਜਿਹੇ ਸਾਇਜ ਦੀ ਚਿੱਟੀ ਪੱਗ ਦਾ ਸਟਾਈਲ ਦੁਆਬੇ ਵਾਲਾ ਲੱਗਾ … ਬੋਲਿਆ “ਸ਼ੇਰਾਂ ਕਾਫ਼ੀ ਚਿਰ ਤੋਂ ਤ੍ਰੇਹ ਲੱਗੀ … ਮੈਨੂੰ ਪਾਣੀ ਦਾ ਘੁੱਟ ਤਾਂ ਮੰਗਾਂ ਕੇ ਦਿਲਵਾਅ ਜਾ” ਮੈਂ ਪਹਿਲਾਂ ਤਾਂ ਚੁੱਪ ਰਿਹਾ …. ਮਨ ਵਿੱਚ ਇਕ ਕਹਾਵਤ ਯਾਦ ਆਈ … ਪ੍ਰੀਤਮ ਬਿਜਲੀ ਵਾਲਾ ਕਹਿੰਦਾ ਹੁੰਦਾ ਸੀ ‘ਜਿਹੜੇ ਰੋਗ ਨਾਲ ਬੱਕਰੀ ਮਰ ਗਈ … ਉਹੀ ਰੋਗ ਪਠੋਰੇ ਨੂੰ’ ਮੈਂ ਚੁੱਪ ਤੋੜਦਿਆਂ ਪੁਛਿਆ “ਬਾਬਾ ਤੈਂ ! ਜਾਣਾ ਕਿੱਥੇ ਹੈ ?” ਉਹਨੇ ਜਿਹੜੇ ਸ਼ਹਿਰ ਜਾਣਾ ਸੀ ਉੱਥੋਂ ਦਾ ਨਾਮ ਲਿਆ …. ਮੇਰੇ ਕੁਝ ਪੱਲੇ ਨਾਂ ਪਿਆ … ਨਾਂ ਹੀ ਮੈਨੂੰ ਬਾਹਰਲੇ ਸ਼ਹਿਰਾਂ ਬਾਰੇ ਪਤਾ ਸੀ … ਮੈਂ ਪੁਛਿਆ “ਉਹ ਸ਼ਹਿਰ ਕੈਨੇਡਾ ਵਿੱਚ ਜਾਂ ਅਮ੍ਰੀਕਾ” ਉਹਨੇ ਪਤਾ ਨਹੀਂ ਕੀ ਦੱਸਿਆ .. ਮੈਂ ਕਿਹਾ “ਬਾਬਾ ! ਲਗਦਾ ਆਪਾ ਅੱਧੋਂ ਤਾਂ ਅਗਾਂਹ ਟੱਪ ਆਏ ਹਾਂ ਥੋੜੀ ਵਾਟ ਰਹਿ ਗਈ ਬੱਸ ! ਜਿਗਰਾ ਰੱਖ” ਜਿਵੇਂ ਭੁੱਖੇ ਮੂਹਰੇ ਕਿਸੇ ਨੇ ਬਾਤ ਪਾਈ … ਉਹ ਅੱਗੋਂ ਕਹਿੰਦਾ “ਟੁੱਕ”(ਰੋਟੀ-ਟੁੱਕ) ਬਾਬਾ ਫੇਰ ਬੋਲਿਆ “ਤੇ ਪਾਣੀ ! ਪਾਣੀਂ ਤਾਂ ਮੰਗਵਾ” ਮੈਂ ਕਿਹਾ “ਮੈਂ ਕਰਦਾ ਕੋਈ ਬੰਦੇ-ਬਸਤ“ ਮੈਂ ਵਾਪਿਸ ਆਕੇ ਆਪਦੀ ਸੀਟ ਤੇ ਬੈਠ ਗਿਆ …. ਥੋੜ੍ਹੇ ਜਿਹੇ ਚਿਰ ਬਾਅਦ ਨਾਲ ਦਾ ਗੋਰਾ ਜਾਗਿਆ …. ਮੈਂ ਉਹਨੂੰ ਪਾਣੀ ਪੀਣ ਦੀ ਇੱਛਾ … ਇਸ਼ਾਰੇ ਅਤੇ ਬੁੜ੍ਹਕਦੀ ਇੰਗਲਿਸ਼ ਵਿੱਚ ਸਮਝਾਇਆ … “ਵਾਟਰਰ” ਉਹਨੇ ਕੋਈ ਬਟਨ ਨੱਪਿਆ …. ਉੱਪਰ ਛੋਲਿਆਂ ਦੇ ਦਾਣੇ ਜਿੱਡੀ ਲਾਈਟ ਜਿਹੀ ਜਗ਼ ਪਈ …. ਕੁਝ ਹੀ ਪਲਾਂ ਵਿਚ ਇਕ ਪਤਲੀ ਜਿਹੀ ਗੋਰੀ ਹੋਸਟਸ ਆਈ … ਪਹਿਲਾਂ ਉਸ ਨੇ ਬੱਤੀ ਬੁਝਾਈ ਤੇ ਗੋਰੇ ਨਾਲ ਗਿੱਟ-ਮਿੱਟ ਕੀਤੀ ਵਾਪਿਸ ਚਲੀ ਗਈ …. ਵਾਪਿਸ ਪਾਣੀ ਦਾ ਭਰਿਆ ਜੱਗ ਤੇ ਕੁਝ ਖਾਲ਼ੀ ਪਲਾਸਟਿਕ ਦੇ ਗਲਾਸ ਲੈ ਕੇ ਆ ਗਈ …

ਗੋਰੇ ਨੇ ਪਾਣੀ ਦਾ ਗਲਾਸ ਭਰ ਕੇ ਆਪ ਲੈ ਲਿਆ ….ਜੱਗ ਤੇ ਕੁਝ ਖਾਲੀ ਗਲਾਸ ਮੇਰੇ ਵੱਲ ਧੱਕ ਦਿੱਤੇ … ਹੋਸਟੈਸ ਜੱਗ ਵਾਪਿਸ ਲਿਜਾਣਾ ਚਾਹੁੰਦੀ ਪਰ ਮੈਂ ਜੱਗ ਦੇ ਕੁੰਡੇ ਵਿਚੋਂ ਹੱਥ ਨਾਂ ਕੱਢਾਂ …. ਉਹ ਕੌੜ ਮੱਝ ਵਾਂਗੂ ਮੇਰੇ ਵੱਲ ਝਾਕਦੀ ਵਾਪਿਸ ਚਲੀ ਗਈ … ਮੈਂ ਇਕ ਗਲਾਸ ਪਾਣੀ ਦਾ ਭਰਿਆ …. ਖੱਬੇ ਹੱਥ ਦੀ ਇਕ ਉਂਗਲੀ ਉਤਾਂਹ ਨੂੰ ਚੁੱਕੀ ਜਿਵੇਂ ਕਬੱਡੀ ਖੇਲਦੇ ਕੋਈ ਪੁਆਂਇਟ ਲਿਆ ਹੋਵੇ …. ਦੂਸਰੀ ਵਾਰ ਇਕ ਹੋਰ ਗਲਾਸ ਦੀ ਰੇਡ ਪਾਈ …. ਫਿਰ ਦੋ ਗਲਾਸ ਇੱਕਠੇ ਭਰ ਕੇ ਬਾਬੇ ਵੱਲ ਨੂੰ ਹੋ ਤੁਰਿਆ … ਜਿਵੇਂ ਦੂਸਰੇ ਪਾਸੇ ਦੇ ਦਾਇਰੇ ਪਾਣੀ ਪਿਉਣ ਵਾਲਿਆ ਵਾਂਗੂ …. ਬਾਬੇ ਕੋਲ ਪਹੁੰਚ ਗਿਆ … ਬਾਬੇ ਲੰਮੀਆਂ ੨ ਘੁੱਟਾਂ ਨਾਲ ਦੋਨੋ ਗਲਾਸ ਖਾਲੀ ਕਰ ਦਿੱਤੇ …. ਮੈਂ ਵਾਪਿਸ ਆਪ ਦੀ ਸੀਟ ਤੇ ਆਇਆ ਨਾਲ ਦੇ ਗੋਰੇ ਫਿਰ ਬਟਨ ਦੱਬਿਆ ਏਅਰਹੋਸਟ ਫਿਰ ਆ ਗਈ …. ਮੈਂ ਰਹਿੰਦੇ ਪਾਣੀ ਦੋ ਹੋਰ ਛੋਟੇ ੨ ਗਲਾਸ ਭਰਕੇ … ਖਾਲੀ ਜੱਗ ਮੋੜ ਦਿੱਤਾ …. ਉਹ ਮੇਰੇ ਮੂੰਹ ਵਲ ਵੇਖੇ … ਮੈਂ ਚੁੱਪ ! ਨਾਲ ਦੇ ਗੋਰੇ ਨੇ ਉਸ ਨੂੰ “ਥੈਕ ਯੂ” ਕਿਹਾ …. ਬਾਅਦ ਵਿੱਚ ਮੈਂ ਵੀ ਪਛਤਾਇਆ ਕਿ ‘ਥੈਂਕ ਯੂ’ ਤਾਂ ਛੋਟਾ ਲਫ਼ਜ਼ ਹੀ ਸੀ … ਮੈਂਨੂੰ ਵੀ ਕਹਿ ਦੇਣਾ ਚਾਹੀਦਾ ਸੀ ਪਰ ਜੱਕਦਾ ਕਹਿ ਨਹੀਂ ਸਕਿਆ …. ਡਰ ! ਜੇਕਰ ਉਹ ਹੋਰ ਉਧੱੜ ਪਈ ਜਾਂ ਮੈਨੂੰ ਕੁਝ ਕਹਿ ਗਈ ਤਾਂ ਮੈਨੂੰ ! ਹੈਂਡ ਬੈਗ ਵਿੱਚੋਂ ਕੱਢ ਕੇ ਔਕਸਫੋਰਡ ਵਾਲੀ ਡਿਕਸ਼ਨਰੀ ਫਰੋਲਣੀ ਪਊ ਜੋ ਮੈਂ ਮੋਗੇ ਤੋਂ ਖ੍ਰੀਦੀ ਸੀ। …. ਮੈਂ ਇੱਕ ਗਲਾਸ ਪੀਤਾ ਦੂਸਰਾ ਦੁਬਾਰਾ ਫਿਰ ਬਾਬੇ ਕੋਲ ਲੈਕੇ ਆ ਗਿਆ …. ਅੱਗੇ ਬਾਬਾ ਸੀਟ ਵਿੱਚ ਕੁੰਗੜਿਆ ਜਿਹਾ ਟੇਡਾ ਜਿਹਾ ਹੋਇਆ ਪਿਆ … ਓਸ ਮੈਨੂੰ ਅਸੀਸ ਦਿੱਤੀ … “ਪੁੱਤਰਾ ਜਿਉਂਦਾ ਰਹਿ ਤੇਰੀ ਹਰ ਮੁਸ਼ਕਲ ਵੇਲ਼ੇ ਰੱਬ ਤੇਰਾ ਭਲਾ ਕਰੇ ਹਰ ਵੱਕਤ ਵਾਹਿਗੁਰੂ ਸਹਾਈ ਹੋਵੇ” ਮੈਂ ਸੋਚਿਆ ! ਬਾਬੇ ਨੇ ਅਰਦਾਸ ਕਰਤੀ …. ਵੈਨਕੂਵਰ ਏਅਰਪੋਰਟ ਤੋਂ ਸੌਖਾ ਨਿਕਲ ਜਾਉਂਗਾ … ਕੁਝ ਸੋਚਦਿਆਂ ਹੋਰ ਦਲੇਰੀ ਫੜੀ ਤੇ ਪੁਛਿਆ “ਬਾਬਾ ਹੋਰ ਪਾਣੀ ਪੀਣਾ ?” ਬਾਬੇ ਹਾਮੀ ਭਰੀ ਤੇ ਇਸ਼ਾਰੇ ਨਾਲ ਇਕ ਉਂਗਲ ਉਸ ਨੇ ਵੀ ਚੱਕ ਦਿੱਤੀ …. ਮੈਂ ਉਹਦਾ ਖਾਲ਼ੀ ਗਲਾਸ ਲੈ ਕੇ ਜਹਾਜ਼ ਦੀ ਦੁੰਬ ਵਿਚ ਚਲਿਆ ਗਿਆ …. ਜਿੱਥੇ ਉਹ ਗੋਰੀ ਛੋਟੇ ਜਿਹੇ ਬੈਂਚ ਤੇ ਬੈਠੀ ਸੀ … ਮੈਂ ਉਸ ਨੂੰ ਪਾਣੀ ਦਾ ਗਲਾਸ ਭਰਨ ਦਾ ਇਸ਼ਾਰਾ ਕੀਤਾ …. ਉਹਨੇ ਭਰ ਦਿੱਤਾ … ਮੈਂ ਮਲਵੀਂ ਜਿਹੀ ਜ਼ਬਾਨ ‘ਥੈਂਕ ਜੂ’ ਉਸ ਵੱਲ ਸਿਟਿਆ … ਭਰਿਆ ਗਲਾਸ ਮੈਂ ਬਾਬੇ ਕੋਲ ਲੈ ਕੇ ਆ ਗਿਆ ਉਸ ਨੇ ਇੱਕੋ ਸਾਹ ਉਹ ਵੀ ਪੀ ਕੇ ….. ਇਕ ਹੋਰ ਉਂਗਲ ਚੱਕ ਦਿੱਤੀ … ਉਹ ਤਾਂ ਉਪਰ ਨੂੰ ਉਂਗਲ ਕਰਦਾ …. ਰੱਬ ਨੂੰ ਯਾਦ ਕਰਦਿਆਂ ਅਸੀਸ ਦਿੰਦਾ ਪਰ ਮੈਂ ਸੋਚਿਆ ਛੋਟੇ ਜਿਹੇ ਕੱਦ ਦਾ ਬਾਬਾ ਕਿੱਥੇ ਐਨੇ ਗਲਾਸ ਖਪਾਈ ਜਾਂਦਾ …. ਲੱਗਦਾ ਪਾਣੀ ਬੰਗਿਆਂ ਤੋਂ ਪੀ ਕੇ ਤੁਰਿਆ ਹੋਣਾ … ਮੇਰੀ ਕੁਝ ਯੱਕ ਜਿਹੀ ਖੁੱਲ ਗਈ … ਮੈਂ ਇਕ ਹੋਰ ਗੋਰੀ ਤੋਂ ਗਲਾਸ ਭਰਾ ਲਿਆਦਾ … ਬਾਬੇ ਨੂੰ ਦੇਣ ਲੱਗਾ ਤਾਂ ਬਾਬਾ ਕਹਿੰਦਾ “ਚਲ ! ਪੀ ਲੈੰਦਾ … ਓਦਾਂ ਸਰ ਵੀ ਜਾਣਾ ਸੀ …. ਮੈਂ ਕਿਹਾ “ਬਾਬਾ ਜ਼ਿਆਦਾ ਪਾਣੀ ਨਾਂ ਪੀ … ਪਿਸ਼ਾਬ ਤੰਘ ਕਰੂਗਾ” ਮੈਂ ਵਾਪਿਸ ਆ ਕੇ ਸੀਟ ਤੇ ਬੈਠ ਕੇ ਸੋਚਾਂ ਕਿ ਪੰਜਾਬੀਆਾਂ ਦਾ ਖ਼ੂਨ ਹੀ ਐਸਾ … ਪਹਿਲਾਂ ਆਪ ਦੀਆਂ ਲੋੜਾਂ ਪੂਰੀਆਂ ਕਰਦੇ … ਫਿਰ ਦੂਸਰਿਆਂ ਨਾਲ ਰਲ ਕੇ ਖਾਣ ਪੀਣ ਵਿਚ …. ਵੰਡ ਕੇ ਖਾਣ ਦਾ ਮਾਣ ਮਹਿਸੂਸ ਕਰਦੇ …. ਕੁਝ ਹੀ ਘੰਟਿਆਂ ਬਾਅਦ ਜਹਾਜ਼ ਨੀਵਾਂ ਹੁੰਦਾ ਗਿਆ …. ਦਿਨ ਚੜਦੇ ਨਾਲ ਸਿਆਟਲ ਏਅਰਪੋਰਟ ਤੇ ਲੈਂਡ ਕਰ ਗਿਆ …. ਮੈਂਨੂੰ ਹੁਣ ਦਿਨ ਰਾਤ ਤਾਰੀਖਾਂ ਜਿਹੀਆਂ ਭੁੱਲੀਆਂ ਫਿਰਨ …. ਪਤਾ ਹੀ ਨਾਂ ਲੱਗੇ ਮੇਰਾ ਦਿੱਲੀ ਤੋਂ ਚਲ ਕੇ ਕਿੰਨਵਾਂ ਦਿਨ ਤੇ ਕਿੰਨਵੀ ਰਾਤ ਹੈ …. ਗਿਣਤੀ ਵਿੱਚ ਰਾਮ ਘਚੋਲ਼ਾ ਜਿਹਾ ਪਿਆ ਹੋਇਆ … ਜ਼ਿਆਦਾ ਸੁਤਾਅ (ਧਿਆਨ) ਕੈਨੇਡਾ ਪਹੰਚਣ ਤੇ ਏਅਰਪੋਰਟ ਕਲੀਅਰ ਕਰਨ ਵੱਲ ਲੱਗਾ ….

ਲੋਕਾਂ ਦੇ ਮਗਰ ਲੱਗ ਕੇ ਮੈਂ ਵੀ ਇਮੀਗਰੇਸ਼ਨ ਕਾਊਂਟਰ ਤੇ ਪਹੁੰਚ ਗਿਆ …. ਅਫਸਰ ਮੈਨੂੰ ਕੁਝ ਸੁਆਲ ਪੁੱਛੇ ਮੈਨੂੰ ਜਵਾਬ ਤਾਂ ਕੋਈ ਔੜਿਆ ਨਹੀਂ …. ਜਹਾਜ਼ ਦਾ ਟਿਕਟ ਮੂਹਰੇ ਰੱਖ ਦਿੱਤਾ …. ਉਹ ਸਮਝ ਗਿਆ ਕਿ ਮੈਂ ਤਾਂ ਵੈਨਕੂਵਰ ਜਾ ਰਿਹਾ …. ਉਸ ਨੇ ਕਿਸੇ ਹੋਰ ਗੋਰੇ ਨੂੰ ਸੱਦ ਲਿਆ ਉਹ ਮਾਮੂਲੀ ਕੋਈ ਕੰਮ ਕਰਨ ਵਾਲਾ ਕਰਮਚਾਰੀ ਲਗਦਾ …. ਉਸ ਨੇ ਮੇਰਾ ਇਕ ਛੋਟਾ ਜਿਹਾ ਅਟੈਚੀ ਇਕ ਬੱਘੀ (ਕਾਰਟ) ਤੇ ਰੱਖ ਕੇ ਤੁਰ ਪਿਆ …. ਮੈਂ ਉਸ ਦੇ ਪਿੱਛੇ ੨ …. ਉਹ ਮੈਨੂੰ ਅੰਡਰ ਗਰਾਉਂਡ ਟ੍ਰੇਨਾਂ ਰਾਹੀਂ ਇੱਧਰ ਓਧਰ ਘੁੰਮਾਉਦਾ …. ਇਕ ਏਅਰ ਲਾਈਨ ਦੇ ਕਾਉਟਰ ਉਤੇ ਛੱਡ ਗਿਆ …. ਜਿੱਥੋਂ ਲੋਕਲ ਛੋਟੇ ਜਹਾਜ਼ ਚੱਲਦੇ …. ਇਸ਼ਾਰੇ ਨਾਲ ਖਾਲ਼ੀ ਸੋਫੇ ਵੱਲ ਇਸ਼ਾਰਾ ਕਰ ਗਿਆ …. ਕਹਿਣ ਤੋਂ ਮਤਲਵ ਕਿ ਇੱਥੇ ਕੋਈ ਆਉਗਾ ਤੂੰ ਟਿਕਟ ਵਿਖਾ ਦੋਵੀਂ …. ਆਪ ਉਹ ਚਲਾ ਗਿਆ …. ਮੈਂ ਘੰਟੇ ਦੇ ਨੇੜ ਇਕੱਲਾ ਬੈਠਾ ਰਿਹਾ …. ਬਾਹਰ ਵਾਲਾ ਗੇਟ ਨੇੜੇ ਹੀ ਕੁਝ ਹੀ ਫੁੱਟਾਂ ਦੇ ਫ਼ਾਸਲੇ ਉੱਤੇ …. ਬਾਹਰ ਗੋਲ ਜਿਹੀ ਸੜਕ ਘੁੰਮਦੀ ਦਿਸੇ … ਉਪਰ ਆਂਮ ਕਾਰਾਂ ਚਲ ਰਹੀਆ … ਲੋਕ ਵੀ ਬਾਹਰ ਤੁਰੇ ਫਿਰਦੇ ਸੜਕ ਦੇ ਦੂਸਰੇ ਪਾਸੇ ਕਾਰ ਪਾਰਕਿੰਗ ਵੱਲੋਂ ਲੋਕ ਆ ਜਾ ਰਹੇ …. ਜੇਕਰ ਮੈਂ ਉਥੋਂ ਬਾਹਰ ਨੂੰ ਭੱਜਣਾਂ ਹੁੰਦਾ ਤਾਂ ਅਸਾਨੀ ਨਾਲ ਹੀ ਬਾਹਰ ਨਿਕਲ ਸਕਦਾ …. ਪਰ ਜਾਂਦਾ ਕਿੱਥੇ … ਨਾਂ ਕੋਈ ਜਾਣ ਪਹਿਚਾਣ … ਸੋਚਾਂ ਵਿੱਚ ਡੁੱਬੇ ਨੂੰ ਜਹਾਜ਼ ਵਾਲਾ ਬਾਬਾ ਯਾਦ ਆ ਗਿਆ ਜਿਹੜਾ ਮੈਨੂੰ ਬਾਦ ਵਿਚ ਦਿਸਿਆ ਹੀ ਨਹੀਂ ਕਿ ਉਹ ਕਿਧੱਰ ਨੂੰ ਗਿਆ ਹੋਵੇਗਾ …”ਬੇੜੀ ਦਾ ਪੂਰ …. ਤਿ੍ਰੰਜਣ ਦੀਆਂ ਕੁੜੀਆਂ … ਸਬੱਬ ਨਾਲ ਹੋਣ ਇੱਕਠੀਆਂ” ਸੋਚਦਿਆਂ ੨ ਘੰਟਾ ਹੋਰ ਲੰਘ ਗਿਆ।

ਇੰਨੇ ਨੂੰ ਇਕ ਗੋਰਾ ਤੇ ਇਕ ਗੋਰੀ ਕਲਰਕ ਕਾਉਟਰ ਉੱਤੇ ਆ ਖੜੇ ਹੋਏ …. ਕੁਝ ਕਾਗ਼ਜ਼ ਪੱਤਰ ਜਿਹੇ ਫਰੋਲਣ ਲੱਗ ਪਏ …. ਮੈਂ ਉੱਠਿਆ ਆਪ ਦਾ ਟਿਕਟ ਤੇ ਪਾਸਪੋਰਟ ਕਾਊਂਟਰ ਤੇ ਰੱਖਿਆ …. ਉਨਾਂ ਵੇਖਿਆ ਤੇ ਮੈਨੂੰ ਵਾਪਿਸ ਕਰਕੇ … ਨਾਲ ਦੇ ਸੋਫ਼ੇ ਵੱਲ ਇਸ਼ਾਰਾ ਕਰ ਦਿੱਤਾ ਮੈਂ ਬੈਠ ਗਿਆ … ਮੈਂ ਸਮਝ ਗਿਆ … ਅਜੇ ਤਾਂ ਇਹ ਵਾਰਮ-ਅੱਪ ਹੀ ਹੋ ਰਹੇ …. ਅੱਧੇ ਘੰਟੇ ਬਾਅਦ ਕੋਈ ਹੋਰ ਯਾਤਰੀ …. ਨੌਂਜੁਆਨ ਗੋਰਾ ਗੋਰੀ ਉਸੇ ਕਾਊਂਟਰ ਤੇ ਆ ਖੜੇ ਹੋਏ …. ਉਨਾਂ ਦਾ ਕਾਗ਼ਜ਼ ਪੱਤਰ ਦੇਖ ਕੇ ਉਨਾਂ ਨੂੰ ਬੋਰਡਿੰਗ ਪਾਸ ਦੇ ਦਿੱਤਾ …. ਚਾਰ ਪੰਜ ਪੈਸੰਜਰਾਂ ਦੀ ਹੋਰ ਲਾਈਨ ਲੱਗ ਗਈ …. ਪਰ ਮੈਂ ਅੰਦਰੋਂ ਔਖਾ ! ਬਗੈਰ ਕਿਸੇ ਨੂੰ ਪੁਛਿਆ ਮੈਂ ਵੀ ਲਾਈਨ ਵਿਚ ਲੱਗ ਗਿਆ … ਸੋਚਿਆ ਕਿ ਵਾਰੀ ਤਾਂ ਸਭ ਤੋਂ ਪਹਿਲਾਂ ਮੇਰੀ ਬਣਦੀ …. ਇਹ ਕੋਈ ਮੋਗੇ ਦਾ ਬੱਸ ਅੱਡਾ ਥੋੜੀ …. ਮੈਨੂੰ ਪਿਛਾਂਹ ਧੱਕ ਦਿੱਤਾ … ਮੇਰੀ ਵਾਰੀ ਆਈ …. ਮੈਨੂੰ ਵੀ ਬੋਰਡਿੰਗ ਪਾਸ ਦੇ ਦਿੱਤਾ … ਨੇੜ ਬੈਠੇ ਗਰੁਪ ਵਿਚ ਮੈਂ ਵੀ ਬੈਠ ਗਿਆ …. ਉਝ ਤਾਂ ਮੈਨੂੰ ਸਾਰਿਆਂ ਸਵਾਰੀਆਂ ਦੀਆਂ ਸ਼ਕਲਾਂ ਇੱਕੋ ਜਿਹੀਆਂ ਹੀ ਲੱਗਣ …. ਪਰ ਮੈਂ ਉਨਾਂ ਦੇ ਕੱਪੜਿਆਂ (ਝੱਗਿਆਂ) ਦੀ ਨਿਸ਼ਾਨੀ ਰੱਖਾਂ ਕਿ ਇਹ ਜਿੱਧਰ ਨੂੰ ਵੀ ਜਾਣ ਗੇ … ਮੈਂ ਮਗਰੇ ਰਹੂੰ … ਉਝ ਮੈਨੂੰ ਪਹਿਲੇ ਜੁਆਨ ਪੈਸੰਜਰ ਗੋਰੀ ਗੋਰੇ ਦੀ ਨਿਸ਼ਾਨੀ ਇਹ ਵੀ ਸੀ … ਜਦੋਂ ਉਹ ਕਾਊਂਟਰ ਉਤੇ ਖੜੇ … ਗੱਲ ਸਾਹਮਣੇ ਵਾਲ਼ਿਆਂ ਨਾਲ ਕਰਨ ਪਰ ਆਪਿਸ ਵਿੱਚ ਇਕ ਦੂਜੇ ਨਾਲ ਜ਼ਿਆਦਾ ਖੈਹੀ (ਖਹੀ) ਜਿਹੇ ਜਾਂਦੇ …. ਫਿਰ ਵੀ ਇੱਕਠੇ ੨ ਚਿੰਬੜੇ ੨ ਬੈਠੇ … ਉਹ ਜ਼ਮਾਨੇ ਦੇ ਡਰ ਭੈਅ ਤੋਂ ਬੇ-ਖ਼ਬਰ ਸਨ।

ਕਲਰਕ ਗੋਰੇ ਗੋਰੀ ਨੇ ਕਾਊਂਟਰ ਬੰਦ ਕੀਤਾ ਸਾਨੂੰ ੧੨-੧੩ ਯਾਤਰੀਆਂ ਨੂੰ ਮਗਰ ਲਾ ਕੇ ਜਹਾਜ਼ ਵੱਲ ਤੁਰ ਪਏ …. ਦਸ ਕੁ ਮਿੰਟਾਂ ਵਿਚ ਉਨਾਂ ਨੇ ਸਾਨੂੰ ਇਕ ਛੋਟੇ ਜਿਹੇ ਜਹਾਜ਼ ਦੇ ਬੱਚੇ ਵਿੱਚ ਜਾ ਬਿਠਾਇਆ …. ਇਹ ਮਸਾ ੧੫-੧੬ ਸਵਾਰੀਆਂ ਵਾਲਾ ਹੋਣਾ …. ਮੈਨੂੰ ਪਹਿਲੀਵਾਰ ਪਤਾ ਚਲਿਆ ਕਿ ਜਹਾਜ਼ਾਂ ਦੇ ਬੱਚੇ ਵੀ ਹੁੰਦੇ … ਉਹ ਸਾਨੂੰ ਲੈ ਉੱਡਿਆ ਪਰ ਨੀਵਾਂ ੨ ਹਾਈਵੇ ਉਤੇ ਜਾਵੇ, ਕਾਰਾਂ ਨੇੜੇ ਹੀ ਦਿਸੱਣ … ਥੋੜ੍ਹੇ ਸਮੇ 20 ਕੁ ਮਿੰਟ ਵਿਚ ਵੈਨਕੂਵਰ ਏਅਰਪੋਰਟ ਘੜੀਸਾ ਜਿਹਾ ਮਾਰ ਕੇ ਲੈਂਡ ਕਰ ਗਿਆ …. ਜਿਵੇਂ ੨ ਜਹਾਜ਼ ਵਿਚੋਂ ਨਿਕਲ ਕੇ ਹੋਰ ਯਾਤਰੀਆਂ ਮਗਰ ਲੱਗ ਕੇ ਮੈਂ ਵੀ ਇਮੀਗ੍ਰੇਸ਼ਨ ਕਾਉਟਰ ਵੱਲ ਵੱਧਣ ਲੱਗਾ … ਪਰ ਨਾਲ ਮੇਰੇ ਦਿਲ ਦੀ ਧੜਕਣ ਵੀ ਤੇਜ਼ ਹੋਣ ਲੱਗੀ ਕਿਉਂਕਿ ਹੀਥਰੋ ਵਾਲੇ ਸੀਨ ਦਿਮਾਗ ਵਿਚ ਘੁੰਮਣ ਲੱਗੇ … ਮੈਂ ਆਪਣੇ ਆਪ ਨੂੰ ਸਮਝਾਇਆ “ਕਬੱਡੀ ਖੇਡੀ … ਬਥੇਰੇ ਜੱਫੇ ਲਾਏ … ਹੁਣ ਇਕ ਹੋਰ ਰੇਡ ਪਾਉਣੀ ਪੈ ਗਈ ਤਾਂ ਘਬਰਾਉਂਦਾ ਕਿਉਂ ਏਂ !” ਮੈਂ ਆਪਣੇ ਆਪ ਨੂੰ ਸੁਆਲ ਕੀਤਾ … ਮੈਚ ਜਿੱਤੇ ਬਹੁਤੇ ਤੇ ਹਾਰੇ ਘੱਟ … ਮਨ ਵਿਚ ਰੱਬ ਨੂੰ ਧਿਆ ਕੇ ਇਕ ਰੇਡ ਕਾਊਂਟਰ ਤੇ ਪਾ ਹੀ ਦਿੱਤੀ … ਜਦ ਮੈਂ ਬਰੋਕਣ ਇੰਗਲਿਸ਼ ਬੋਲੀ …. ਗੋਰਾ ਅਫਸਰ ਜਿਸ ਦਾ ਨਾਮ ਮਿਸਟਰ ਲੋਇਡ ਬਲੇਂਚਾਰਡ ਨੇ ਭਾਨੀ (ਜੋ ਬਾਦ ਵਿੱਚ ਮੈਨੂੰ ਬਹੁਤ ਵਾਰੀ ਮਿਲੀ … ਇੱਕਠਿਆ ਲੰਚ ਵੀ ਕਈ ਵਾਰ ਕੀਤਾ) ਨੂੰ ਸੱਦ ਲਿਆ … ਉਹ ਏਅਰਪੋਰਟ ਤੇ ਇੰਟਰਪ੍ਰੇਟਰ ਲੱਗੀ … ਗੋਰਾ ਮੈਨੂੰ ਤਿੰਨ ਮਹੀਨੇ ਦੀ ਐਕਸਟੈਨਸ਼ਨ (ਬੁਨਿਆਦ) ਦੇਵੇ …. ਮੈਂ ਤੋਤੇ ਰੰਗੀ ਪੱਗ ਬੰਨੀ ਬਤਾਰੂ ਵਾਂਗੂ ਸਿਰ ਮਾਰੀ ਜਾਵਾ ਕਿ ਨਹੀਂ ! ਤਿੰਨ ਵੀਕ … ਨਾਲ ਤਿੰਨ ਉਂਗਲਾਂ ਵੀ ਚੱਕਾਂ … ਮੇਰਾ ਮਤਲਵ ਇਕ ਵਾਰ ਏਅਰ ਪੋਰਟ ਤੋਂ ਬਾਹਰ ਨਿਕਲਣ ਦਾ ਸੀ … ਭਾਨੀ ਆਂਹਦੀ ਤੈਨੂੰ ਤਿੰਨ ਮਹੀਨੇ ਦੀ ਘੁੰਮਣ ਫਿਰਨ ਦੀ ਬੁਨਿਆਦ ਦਿੰਦਾ ਲੈ ਲੈ …. ਮੁੜ ਭਾਵੇਂ ਛੇਤੀ ਜਾਵੀ” ਮੈਂ ਮਨ ਵਿਚ ਸੋਚਾਂ … ਕਿਵੇਂ ਨ ਕਿਵੇਂ ਤੁਸੀਂ ਮੈਨੂੰ ਇੱਥੋਂ ਬਾਹਰ ਤਾਂ ਕੱਢੋ … ਫੇਰ ਕਿਹਨੇ ਵਾਪਿਸ ਮੁੜਨਾਂ … ਮੈ ਭਾਨੀ ਨੂੰ ਕਿਹਾ “ਇਹਦੇ ਮੱਥੇ ਜ਼ਿਆਦਾ ਤਿਉੜੀਆ ਖੁਸ਼ ਨਹੀਂ ਲੱਗਦਾ … ਮੈਨੂੰ ਜੋਹਦਾਂ ਏ” ਭਾਨੀ ਕਹਿੰਦੀ “ਇਸ ਦੀ ਸ਼ਕਲ ਹੀ ਇਹੋ ਜਿਹੀ ਉੰਝ ਬਹੁਤ ਚੰਗਾ” ਉਸ ਨੇ ਪਤਾ ਨਹੀਂ ਗੋਰੇ ਨੂੰ ਕੀ ਕਿਹਾ …. ਉਸ ਨੇ ਮੇਰੇ ਪਾਸਪੋਰਟ ਤੇ ਠੱਪੀ ਮਾਰੀ … ਥੱਲੇ 90 days ਲਿਖਕੇ ਮੈਨੂੰ ਸਮਾਇਲ ਦੇ ਦਿੱਤੀ … ਮੈਂ ਖੁਸ਼ੀ ਵਿੱਚ ਦੋਨੇ ਹੱਥ ਜੋੜ ਕੇ ਗੋਰੇ ਨੂੰ ਪੰਜਾਬੀ ਵਿੱਚ ਸਤਿ ਸ੍ਰੀ ਅਕਾਲ ਕਹਿ ਦਿੱਤੀ … ਗੋਰਾ ਹੱਸਿਆ … ਭਾਨੀ ਤੇ ਗੋਰਾ ਹੋਰ ਗੱਲਾਂ ਕਰਨ ਲੱਗ ਪਏ … ਮੈਂ ਖੱਬੇ ਹੱਥ ਦੀ ਉਂਗਲ ਉਤਾਂਹ ਨੂੰ ਚੁੱਕੀ ਤੇ ਬਾਹਰ ਵੱਲ ਨੂੰ ਰੇਡ ਪਾ ਦਿੱਤੀ ਜਿਵੇਂ ਮਾਣ ਨਾਲ ਪੁਆਇੰਟ ਲੈ ਕੇ ਬਾਹਰ ਨੂੰ ਆ ਰਿਹਾ ਹੋਵਾਂ … ਬਾਹਰ ਵੇਖਦਾ ! ਲੋਕਾਂ ਦੀ ਭੀੜ ਲੱਗੀ ਹੋਈ … ਏਨੇ ਨੂੰ ਚਰਨੇ ਆਦੀਵਾਲ ਨੇ ਜੰਗਲ਼ਾਂ ਜਿਹਾ ਟੱਪ ਕੇ ਮੈਨੂੰ ਆ ਜੱਫੀ ਪਾਈ … ਕਹਿੰਦਾ ਕਿਵੇਂ ਰਿਹਾ ਸਫਰ … ਮੈਂ ਕਿਹਾ ਕਦੇ ਖੁੱਲੇ ਟਾਈਮ ਸੁਣਾਉਂ … ਕਹਾਣੀ ਲੰਮੀ ਤੇ ਕਈ ਵਿੰਗ ਵਲ਼ ਖਾਂਦੀ … ਪੂਰੇ ਪੰਜ ਦਹਾਕੇ ਲੰਘ ਗਏ … ਨਾਂ ਤਾਂ ਉਸ ਨੇ ਸੁਨਣ ਦੀ ਇੱਛਾ ਪ੍ਰਗਟਾਈ ਅਤੇ ਨਾਂ ਹੀ ਮੈਂ ਸੁਣਾ ਸਕਿਆ … ਬੱਸ ਐਥੋਂ ਦੀ ਬਿੱਜੀ ਲਾਈਫ …. ਸੁਨਣ ਸਣਾਉਣ ਦਾ ਟਾਈਮ ਕਿੱਥੇ ਮਿਲਦਾ …. ਹੁਣ ਮੈਂ ਕਦੇ ਉਸ ਨੂੰ ਈਮੇਲ ਜ਼ਰੂਰ ਕਰੂੰਗਾ ! ……

[email protected]

ਨੋਟਃ— ਇਹ ਕਹਾਣੀ ਉਦੋਂ ਦੀ ਹੈ ਜਦੋਂ ਪੰਜਾਬੀ ਭਾਈਚਾਰਾ ਐਨਾ ਬਹੁਤਾ ਨਹੀਂ ਸੀ ਜਿੰਨਾ ਹੁਣ … ਨਾਂ ਹੀ ਕੋਈ ਬਹੁਤੀ ਜਾਣਕਾਰੀ ਹੁੰਦੀ … ਜੇ ਤਾਂ ਤੁਸੀ ਕਿਸੇ ਦੇ ਸਾਥ ਜਾਂ ਗਰੁੱਪ ਨਾਲ ਆਏ ਹੋਵੋਗੇ ਤਾਂ ਗੱਲ ਵੱਖਰੀ … ਪਰ ਜੇਕਰ ਇਕੱਲੇ ਆਏ ਹੋਵੋਗੇ ਤਾਂ ਵਾਪਰਿਆ ਤਾਂ ਤੁਹਾਡੇ ਨਾਲ ਵੀ ਕੁੱਝ ਇਹੋ ਜਿਹਾ ਜ਼ਰੂਰ ਹੋਊ … ਬੱਸ ਤੁਹਾਨੂੰ ਤੁਹਾਡਾ ਪਹਿਲਾ ਸਫਰ ਹੀ ਯਾਦ ਕਰਾਉਣਾ ਸੀ। ਧੰਨਵਾਦ !

Show More

Related Articles

Leave a Reply

Your email address will not be published. Required fields are marked *

Back to top button
Translate »