ਕਲਮੀ ਸੱਥ

ਸੁਰਿੰਦਰ ਗੀਤ ਰਚਿਤ ਸਾਹਿਤ ਚਿੰਤਨੀ ਪਰਿਪੇਖ ਉਤੇ ਸਾਹਿਤ ਸੰਵਾਦ ਅਤੇ ਲੋਕ ਅਰਪਣ


ਦਿੱਲੀ: (ਬਲਬੀਰ ਮਾਧੋਪੁਰੀ) ਕਨੇਡਾ ਵਸਦੀ ਪੰਜਾਬੀ ਦੀ ਨਾਮਵਰ ਸਾਹਿਤਕਾਰ ਸੁਰਿੰਦਰ ਗੀਤ ਦੇ ਸਮੁੱਚੇ ਸਾਹਿਤ ਉਤੇ ਦਿੱਲੀ ਯੂਨੀਵਰਸਿਟੀ ਦੇ
ਪ੍ਰੋ. ਜਸਪਲ਼ ਕੌਰ ਨੇ ‘ਸੁਰਿੰਦਰ ਗੀਤ ਰਚਿਤ ਸਾਹਿਤ ਚਿੰਤਨੀ ਪਰਿਪੇਖ’ ਨਾਂ ਦੀ ਅਲੋਚਨਾ ਪੁਸਤਕ ਦਾ ਸੰਪਾਦਨ ਕੀਤਾ ਹੈ। ਇਸ ਪੁਸਤਕ
ਉਤੇ ਪੰਜਾਬੀ ਵਿਭਾਗ, ਲਕਸ਼ਮੀ ਬਾਈ ਕਾਲਜ, ਦਿੱਲੀ ਯੂਨੀਵਰਸਿਟੀ ਵਿਚ ਸਾਹਿਤ ਸੰਵਾਦ ਰਚਾਇਆ ਗਿਆ। ਵਿਸ਼ਾ ਸੀ:
‘ਆਵਾਸ ਪਰਵਾਸ ਅਤੇ ਸਾਹਿਤ’। ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਮਨਜੀਤ ਸਿੰਘ ਨੇ ਕੀਤੀ। ਪ੍ਰੋ: ਜਸਪਾਲ ਨੇ ਉਪਰੋਕਤ ਵਿਸ਼ੇ ਉਤੇ
ਵਾਸ, ਆਵਾਸ, ਪਰਵਾਸ ਅਤੇ ਆਬਾਦ ਸ਼ਬਦਾਂ ਦੀ ਪਰਿਭਾਸ਼ਾ ਸੰਬੰਧੀ ਵਿਸਥਾਰ ਸਾਹਿਤ ਆਪਣੇ ਵਿਚਾਰ ਵਿਦਿਆਰਥੀਆਂ ਨੂੰ
ਧਿਆਨ ਵਿਚ ਰਖਦਿਆਂ ਪੇਸ਼ ਕੀਤੇ ਅਤੇ ਨਾਲ ਦੀ ਨਾਲ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਸਾਹਿਤਕਾਰਾਂ ਅਤੇ ਉਨ੍ਹਾਂ ਵਲੋਂ ਰਚੇ ਸਾਹਿਤ
ਦੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸਿੱਧ ਕਵਿਤਰੀ, ਕਹਾਣੀਕਾਰ ਅਤੇ ਨਿਬੰਧਕਾਰ ਸੁਰਿੰਦਰ ਗੀਤ ਦੇ ਰਚੇ ਸਾਹਿਤ ਉਤੇ
ਰਿਸਰਚ ਸਕਾਲਰਾਂ ਤੇ ਵਿਦਵਾਨਾਂ ਨੇ ਪੇਪਰ ਲਿਖੇ ਜਿਸ ਸਦਕਾ ਇਹ ਪੁਸਤਕ ਵਿਦਿਆਰਥਿਆਂ ਅਤੇ ਖੋਜਾਰਥੀਆਂ ਲਈ ਲਾਭਕਾਰੀ
ਸਿੱਧ ਹੋਵੇਗੀ ਤੇ ਅੱਜ ਇਹ ਜਸ਼ਨ ਦਾ ਮਾਹੌਲ ਪ੍ਰੇਰਨਾ ਭਰਿਆ ਹੈ। ਪ੍ਰੋ. ਪ੍ਰਿਥਵੀ ਰਾਜ ਥਾਪਰ ( ਦਿਆਲ ਸਿੰਘ ਕਾਲਜ, ਦਿੱਲੀ
ਯੂਨੀਵਰਸਿਟੀ) ਨੇ ਆਪਣੇ ਪੇਪਰ ਵਿਚ ਆਖਿਆ ਕਿ ਪੁਸਤਕ ਵਿਚਲੇ ਸਕਾਲਰਾਂ-ਅਲੋਚਕਾਂ ਨੇ ਸੁਰਿੰਦਰ ਗੀਤ ਦੇ ਸਾਹਿਤ ਅਤੇ
ਆਪਣੇ ਡੂੰਘੇ ਅਧਿਐਨ ਨੂੰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਸਾਰੇ ਆਲੋਚਕਾਂ ਦੇ ਇਕ -ਇਕ ਪੇਪਰ ਉਤੇ ਭਾਵਪੂਰਤ ਟਿੱਪਣੀਆਂ ਅਤੇ
ਹਵਾਲਿਆਂ ਦਾ ਜ਼ਿਕਰ ਕੀਤਾ।

ਬਲਬੀਰ ਮਾਧੋਪੁਰੀ ਨੇ ‘ਸੁਰਿੰਦਰ ਗੀਤ: ਵਿਲੱਖਣ ਪਰਵਾਸੀ ਸਾਹਿਤਕਾਰ’ ਨਾਂ ਦਾ ਪੇਪਰ ਪੜ੍ਹਿਆ ਤੇ ਦੱਸਿਆ ਕਿ ਉਹ ਸਮਾਜਿਕ
ਗੈਰ-ਬਰਾਬਰੀ ਦੇ ਪਾੜੇ ਤੇ ਪੁਆੜੇ ਪਾਉਣ ਵਾਲੀ ਜ਼ਿਮੇਦਾਰ ਧਿਰ ਨੂੰ ਆਪਣੇ ਕਾਵਿ-ਕੇਂਦਰ ਵਿਚ ਰੱਖ ਕੇ ਵੰਚਿਤ ਵਰਗ ਨਾਲ
ਖੜ੍ਹਦੀ ਹੈ। ਉਸ ਦੀਆਂ ਕਹਾਣੀਆਂ ਜਾਤਪਾਤ, ਰੰਗ-ਭੇਤ, ਨਸਲਵਾਦ ਅਤੇ ਕਨੇਡਾ ਦੇ ਮੂਲ ਨਿਵਾਸੀਆਂ ਨਾਲ ਹੋਈ ਧੱਕੇਸ਼ਾਹੀ
ਵਿਰੁੱਧ ਮਨੁੱਖ-ਮੁਖੀ ਸਰੋਕਾਰਾਂ ਨੂੰ ਪ੍ਰਗਟਾਉਂਦੀਆਂ ਹਨ।। ਡਾ. ਮਨੀਸ਼ਾ ਬਤਰਾ ਨੇ ਪ੍ਰੋ. ਜਸਪਾਲ ਕੌਰ ਵਲੋਂ ਸੰਪਾਦਤ ਇਸ ਪੁਸਤਕਵਿਚ ਸੁਰਿੰਦਰ ਗੀਤ ਸਾਹਿਤ ਦੇ ਮੰਥਨ, ਅਲੋਚਨਾਂ ਪੇਪਰਾਂ ਨੂੰ ਦਿਤੀ ਤਰਤੀਬ ਬੜੀ ਸੁਚੱਜੀ ਤੇ ਸਲਾਹੁਣਯੋਗ ਹੈ ਕਿ ਇਨ੍ਹਾਂ ਆਪਣਾ ਪੇਪਰ ਅੰਤ ਵਿਚ ਅਤੇ ਸਥਾਪਤ ਲੇਖਕ ਬਲਬੀਰ ਮਾਧੋਪੁਰੀ ਦੇ ਪੇਪਰ ਨੂੰ ਪਹਿਲੇ ਨੰਬਰ ’ਤੇ ਲਾਉਣ ਦੀ ਵਿਧੀ ਨੂੰ ਨਿਮਰਤਾ ਦਾ ਨਮੂਨਾ ਦੱਸਿਆ।

ਉਨ੍ਹਾਂ ਸੁਰਿੰਦਰ ਗੀਤ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਉਤੇ ਅਲੋਚਕਾਂ ਵਲੋਂ ਲਿਖੇ ਪੇਪਰਾਂ ਦੀ ਡੂੰਘੀ ਨੀਝ ਤੇ
ਦ੍ਰਿਸ਼ਟੀ ਨੂੰ ਵਡਿਆਇਆ। ਪੁਸਤਕ ’ਚ ਸ਼ਾਮਲ ਤਿੰਨ ਸਕਾਲਰਾਂ ਨੇ ਵੀ ਇਸ ਪੁਸਤਕ ਬਾਰੇ ਸੰਖੇਪ ਵਿਚਾਰ ਪੇਸ਼ ਕੀਤੇ। ਇਸ ਮੌਕੇ
‘ਸੁਰਿੰਦਰ ਗੀਤ ਰਚਿਤ ਸਾਹਿਤ ਚਿੰਤਨੀ ਪਰਿਪੇਖ’ ਦਾ ਲੋਕ ਅਰਪਣ ਮੰਚ ਤੇ ਬੈਠੇ ਪ੍ਰੋ. ਮਨਜੀਤ ਸਿੰਘ, ਪ੍ਰੋ. ਜਸਪਾਲ ਕੌਰ, ਪ੍ਰੋ.
ਪ੍ਰਿਥਵੀ ਰਾਜ , ਬਲਬੀਰ ਮਾਧੋਪੁਰੀ, ਡਾ. ਮਨੀਸ਼ਾ ਬੱਤਰਾ, ਡਾ. ਨਿਰਮਲ ਸ਼ਾਹਿਦ, ਡਾ. ਸਵਰਨਜੀਤ ਕੌਰ ਨੇ ਮਿਲ ਕੇ ਕੀਤਾ।
ਆਪਣੇ ਪ੍ਰਭਾਵਸ਼ਾਲੀ ਪ੍ਰਧਾਨਗੀ ਸ਼ਬਦਾਂ ਵਿਚ ਪ੍ਰੋ. ਮਨਜੀਤ ਸਿੰਘ ਨੇ ਪ੍ਰੋ. ਜਸਪਾਲ ਨੂੰ ਇਸ ਮਹੱਤਵਪੂਰਨ ਅਲੋਚਨਾ ਪੁਸਤਕ ਦੇ ਸੰਪਾਦਕ ਲਈ ਵਧਾਈ ਦਿੰਦਿਆਂ ਪਰਵਾਸੀ ਸਾਹਿਤ ਬਾਰੇ ਵਿਸ਼ਵ ਦੇ ਵਿਦਵਾਨਾਂ ਦੇ ਹਵਾਲੇ ਨਾਲ ਵਿਚਾਰ ਪ੍ਰਗਟਾਏ। ਜਸਪਾਲ ਕੌਰ ਵਲੋਂ ਦਿੱਤੇ ਭਾਸ਼ਨ ਅਤੇ ਪੇਪਰ ਵਿਚਲੇ ਜ਼ਾਵੀਏ ਦਾ ਸਮਰਥਨ ਕੀਤਾ। ਉਨ੍ਹਾਂ ਖੋਜਾਰਥੀਆਂ ਨੂੰ ਭਵਿੱਖ ਦੇ ਵਧੀਆ ਅਲੋਚਕਾਂ ਹੋਣ ਦੀਆਂ ਸੰਭਾਵਨਾਵਾਂ ਬਾਰੇ ਹਾਂ-ਪੱਖੀ ਟਿੱਪਣੀਆਂ ਕੀਤੀਆਂ। ਡਾ. ਨਿਰਮਲ ਸ਼ਾਹਿਦ ਨੇ ਮੰਚ ਸੰਚਾਲਨ ਕਰਦਿਆਂ ਮੰਚ ਉਤੇ ਬੈਠੇ ਲੇਖਕਾਂ/ਅਲੋਚਕਾਂ ਸੰਬੰਧੀ ਢੁਕਵੀਂ ਜਾਣਕਾਰੀ ਕਰਵਾਈ।

ਇਸ ਭਰਵੀਂ ਗੋਸ਼ਟੀ ਵਿਚ ਵਿਦਿਆਰਥੀ, ਖੋਜ਼ਾਰਥੀ ਅਤੇ ਹੋਰ ਬਹੁਤ ਸਾਰੇ ਸਾਹਿਤ ਰਸੀਏ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button
Translate »