ਅਦਬਾਂ ਦੇ ਵਿਹੜੇ

ਕਿੱਸਾਕਾਰੀ ਦਾ ਸ਼ਾਹਸਵਾਰ ਸ਼ਾਇਰ ‘ਹਾਸ਼ਮ ਸ਼ਾਹ’

    ਬਲਵਿੰਦਰ ਸਿੰਘ ਭੁੱਲਰ

ਸਦੀਆਂ ਪਹਿਲਾਂ ਵੀ ਪੰਜਾਬੀ ਨੂੰ ਉੱਚ ਦੁਮਾਲੜੇ ਤੱਕ ਪਹੁੰਚਾਉਣ ਵਾਲੇ ਉੱਚਕੋਟੀ ਦੇ ਕਵੀ ਸ਼ਾਇਰ ਹੋਏ ਹਨ। ਉਹਨਾਂ ਭਾਵੇਂ ਵੱਖ ਵੱਖ ਵਿਸ਼ਿਆਂ ਤੇ ਕਈ ਕਈ ਲੰਬੀਆਂ ਕਾਵਿਕ ਰਚਨਾਵਾਂ ਰਚੀਆਂ, ਪਰ ਕੋਈ ਇੱਕ ਅਜਿਹੀ ਹੋ ਨਿਬੜਦੀ ਜੋ ਉਹਨਾਂ ਦੇ ਨਾਂ ਨਾਲ ਹੀ ਜੁੜ ਜਾਂਦੀ। ਜਿਵੇਂ ਵਾਰਸ ਦੀ ਹੀਰ, ਕਾਦਰਯਾਰ ਦਾ ਪੂਰਨ ਭਗਤ, ਪੀਲੂ ਦਾ ਮਿਰਜਾ, ਫ਼ਜਲ ਸ਼ਾਹ ਦੀ ਸੋਹਣੀ, ਰਮਲ ਨਜੂਮ ਹਾਸ਼ਮੀ ਦੀ ਲੈਲਾਂ ਮਜਨੂੰ। ਇਸੇ ਤਰ੍ਹਾਂ ਦੀ ਰਚਨਾ ਹੈ ਹਾਸ਼ਮ ਸ਼ਾਹ ਦੀ ਸੱਸੀ ਪੁੰਨੂੰ, ਜੋ ਸੁਣੀ ਸੁਣਾਈ ਨਹੀਂ ਬਲਕਿ ਖੋਜ ਭਰਪੂਰ ਰਚਨਾ ਹੈ।
ਹਾਸ਼ਮ ਆਪਣੇ ਸਮੇਂ ਦਾ ਰਹੱਸਮਈ ਸ਼ਾਇਰ, ਰੋਮਾਂਸ ਵਿੱਚੋਂ ਸੂਫ਼ੀਆਨਾ ਅਤੇ ਸੂਫ਼ੀਆਨਾ ਵਿੱਚੋਂ ਰੋਮਾਂਸ ਦਾ ਨਿਖੇੜਾ ਕਰਨ ਵਾਲਾ ਪੰਜਾਬੀ ਦਾ ਪਹਿਲਾ ਅਜਿਹਾ ਕਵੀ ਹੈ, ਜਿਸਦੀ ਕਵਿਤਾ ਵਿੱਚ ਦਰਦ, ਚੀਸ, ਬਿਰਹਾ ਦੇ ਨਾਲ ਨਾਲ ਪ੍ਰੇਮ ਰੰਗ ਵੀ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਸੰਨ 1735 ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਵਿਖੇ ਕਾਸਮ ਸ਼ਾਹ ਦੇ ਘਰ ਮਾਤਾ ਰਜਨੀ ਮਾਈ ਦੇ ਪੇਟੋਂ ਜਨਮੇ ਹਾਸ਼ਮ ਨੇ ਆਪਣਾ ਸਮੁੱਚਾ ਜੀਵਨ ਇਸੇ ਪਿੰਡ ਵਿੱਚ ਬਤੀਤ ਕੀਤਾ। ਉਸਨੇ ਕੁੱਝ ਪੜ੍ਹਾਈ ਕੀਤੀ ਤੇ ਹਿਕਮਤ ਵੀ ਕੀਤੀ। ਉਸਦੇ ਪਿੰਡ ਦੇ ਹੀ ਨਜਦੀਕ ਪਿੰਡ ਕੰਦੋਵਾਲੀ ਦੇ ਇੱਕ ਸੰਤ ਮਾਣਕ ਦਾਸ ਨਾਲ ਉਸਦਾ ਸੰਪਰਕ ਹੋ ਗਿਆ, ਜਿੱਥੋਂ ਉਸਨੂੰ ਅਧਿਆਤਮਕ ਸਿੱਖਿਆ ਪ੍ਰਾਪਤ ਹੋਈ। ਉਸਨੇ ਕਵਿਤਾ ਲਿਖਣੀ ਅਰੰਭ ਕੀਤੀ, ਜਿਸ ਵਿੱਚ ਸੂਫ਼ੀਆਨਾ ਪ੍ਰਭਾਵ ਵੀ ਮਿਲਦਾ ਹੈ ਅਤੇ ਪ੍ਰੇਮ ਰਸ ਵੀ ਘੁਲਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਕਹਿਣ ਤੇ ਉਸਨੇ ਇੱਕ ਵਾਰ ਆਪਣੀ ਕਵਿਤਾ ਸੁਣਾਈ ‘‘ਕਾਮਿਲ ਸ਼ੌਕ ਮਾਹੀ ਦਾ ਮੈਨੂੰ, ਰਹੇ ਜਿਗਰ ਵਿੱਚ ਵਸਦਾ, ਲੂੰ ਲੂੰ ਰਸਦਾ।’’ ਮਹਾਰਾਜੇ ਨੇ ਖੁਸ਼ ਹੋ ਕੇ ਬਹੁਤ ਸਾਰਾ ਇਨਾਮ ਦਿੱਤਾ, ਉਸਤੋਂ ਬਾਅਦ ਦਰਬਾਰ ਵਿੱਚ ਉਸਨੂੰ ਬਹੁਤ ਮਾਣ ਸਨਮਾਨ ਮਿਲਦਾ ਰਿਹਾ। ਉਸਦੀ ਸ਼ਾਇਰੀ ਬੜੀ ਅਨੂਠੀ ਤੇ ਸਰਲ ਸੀ, ਜਿਸ ਵਿੱਚ ਕਿਤੇ ਕਿਤੇ ਅਰਬੀ, ਉਰਦੂ, ਫ਼ਾਰਸੀ ਦੇ ਸ਼ਬਦ ਵੀ ਮਿਲਦੇ ਹਨ। ਉਸਨੇ ਕਵਿਤਾ ਰੂਪ ਵਿੱਚ ਸੀਰੀ ਫਹਰਾਦ, ਹੀਰ ਰਾਂਝਾ, ਸੱਸੀ ਪੁਨੂੰ, ਵਾਰ ਮਹਾਂ ਸਿੰਘ, ਮਹਿਮੂਦ ਗਜ਼ਨਵੀ, ਗਿਆਨ ਪ੍ਰਕਾਸ਼ ਸਮੇਤ ਦੋਹਰੇ, ਸੀਹਰਫ਼ੀਆ ਆਦਿ ਵੀ ਲਿਖੀਆਂ ਹਨ। ਉਸਦੀ ਸਭ ਤੋਂ ਸ਼ਾਹਕਾਰ ਰਚਨਾ ਸੱਸੀ ਪੁਨੂੰ ਮੰਨੀ ਜਾਂਦੀ ਹੈ, ਜਿਸਨੂੰ ਲੋਕਾਂ ਨੇ ਅਜਿਹੀ ਮਾਨਤਾ ਦਿੱਤੀ ਕਿ ਉਸਦੇ ਨਾਲ ਇਹ ਰਚਨਾ ਅਮਰ ਹੋ ਗਈ ਹੈ। ਸੰਨ 1843 ਵਿੱਚ ਉਸਦੀ ਆਪਣੇ ਪਿੰਡ ਵਿੱਚ ਹੀ ਮੌਤ ਹੋ ਗਈ, ਪਰ ਉਸਨੂੰ ਜਿਲ੍ਹਾ ਸਿਆਲਕੋਟ ਦੇ ਪਿੰਡ ਥਰਪਾਲ ਵਿਖੇ ਦਫ਼ਨਾਇਆ ਗਿਆ, ਜਿੱਥੇ ਉਸਦੀ ਦਰਗਾਹ ਮੌਜੂਦ ਹੈ। ਹਾਸ਼ਮ ਦੇ ਸਿਰਫ਼ ਇਕਲੌਤੀ ਪੁੱਤਰੀ ਸੀ, ਜਿਸ ਦੀ ਔਲਾਦ ਅੱਜ ਵੀ ਜਿਲ੍ਹਾ ਸਿਆਲਕੋਟ ਵਿੱਚ ਵਸਦੀ ਹੈ।
ਹਾਸ਼ਮ ਨੇ ਅਧਿਆਤਮਕ ਰਹੱਸ ਨੂੰ ਇਸ਼ਕ ਦੇ ਰੂਪ ਵਿੱਚ ਵੇਖਿਆ ਅਤੇ ਰਚਿਆ। ਉਸਦੀ ਇਸ਼ਕ ਮਜਾਜੀ ਦੀ ਰਚਨਾ ਉੱਚ ਦਰਜੇ ਦੀ ਹੈ, ਜਿਸ ਵਿੱਚ ਰੋਮਾਂਸ ਤੇ ਸੂਫ਼ੀ ਅੰਸ਼ ਰਲੇ ਮਿਲੇ ਹੋਏ ਹਨ। ਇਹੋ ਕਾਰਨ ਹੈ ਕਿ ਉਸਦੀ ਰਚਨਾ ਪਾਠਕ ਨੂੰ ਉਤੇਜਿਤ ਨਹੀਂ ਕਰਦੀ ਬਲਕਿ ਉਸਦੇ ਮਨ ਦੇ ਭਾਵਾਂ ਨੂੰ ਹਲੂਣ ਕੇ ਡੂੰਘੇ ਵਹਿਣ ਵੱਲ ਤੋਰ ਦਿੰਦੀ ਹੈ। ਉਸਨੇ ਇਸ਼ਕ ਨੂੰ ਪਾਰਸ ਦਾ ਰੁਤਬਾ ਦਿੱਤਾ।
ਪਾਰਸ ਇਸ਼ਕ ਜਿਨ੍ਹਾਂ ਨੂੰ ਮਿਲਿਆ
ਉਹਦੀ ਜਾਤ ਸਕਲ ਸਭ ਮੇਟੀ।
ਹਾਸ਼ਮ ਹੀਰ ਬਣੀ ਜਗ ਮਾਤਾ
ਭਲਾ ਕੌਣ ਕੰਗਾਲ ਜਟੇਟੀ।

ਉਹ ਆਪਣੀ ਮਕਬੂਲ ਰਚਨਾ ਸੱਸੀ ਪੁੰਨੂੰ ਰਚਦਿਆਂ ਵਰਨਣ ਕਰਦਾ ਹੈ ਕਿ ਜਦ ਪੁੰਨੂੰ ਨੂੰ ਉਸਦੇ ਭਰਾ ਚੁੱਕ ਕੇ ਲੈ ਗਏ ਅਤੇ ਸੱਸੀ ਦੀ ਅੱਖ ਖੁਲ੍ਹੀ ਤਾਂ ਉਸਨੇ ਵਿਛੋੜੇ ਵਿੱਚ ਆਪਣੇ ਸਿੰਗਾਰ ਤੋੜ ਸੁੱਟੇ। ਹਾਸ਼ਮ ਲਿਖਦਾ ਹੈ :
ਨਾ ਉਹ ਊਠ ਨਾ ਊਠਾਂ ਵਾਲੇ, ਨਾ ਉਹ ਜਾਮ ਸੁਰਾਹੀ।
ਹਾਸ਼ਮ ਤੋੜ ਸਿੰਗਾਰ ਸੱਸੀ ਨੇ, ਖਾਕ ਮਿੱਟੀ ਸਿਰ ਪਾਈ।

ਫੇਰ ਪੁੰਨੂੰ ਦੀ ਭਾਲ ਵਿੱਚ ਸੱਸੀ ਕਿਵੇਂ ਤੱਤੇ ਰੇਤ ਤੇ ਵਿਲਕਦੀ ਫਿਰਦੀ ਹੈ? ਉਸਨਾਂ ਹਾਲਾਤਾਂ ਬਾਰੇ ਇੱਕ ਮਨ ਹੋ ਕੇ ਪੜ੍ਹਦਿਆਂ ਪਾਠਕ ਨੂੰ ਇੱਕ ਤਰ੍ਹਾਂ ਸੱਸੀ ਦੀਆਂ ਚੀਕਾਂ ਸੁਣਾਈ ਦੇਣ ਲੱਗ ਪੈਂਦੀਆਂ ਹਨ, ਉਸਨੂੰ ਸਾਹਮਣੇ ਥੱਕੀ ਟੁੱਟੀ ਭੱਜੀ ਜਾਂਦੀ ਦਿਸਣ ਲੱਗ ਪੈਂਦੀ ਹੈ। ਉਹ ਲਿਖਦਾ ਹੈ :
ਨਾਜੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸਿੰਗਾਰੇ।
ਬਾਲੂ ਰੇਤ ਤਪੇ ਵਿੱਚ ਥਲ ਦੇ, ਜਿਉਂ ਜੌ ਭੁੰਨਣ ਭਠਿਆਰੇ।
ਸੂਰਜ ਭੱਜ ਵੜਿਆ ਵਿੱਚ ਬੱਦਲੀ, ਡਰਦਾ ਲਿਸਕ ਨਾ ਮਾਰੇ।
ਹਾਸ਼ਮ ਦੇਖ ਯਕੀਨ ਸੱਸੀ ਦਾ, ਸਿਦਕੋ ਮੂਲ ਨਾ ਹਾਰੇ।

ਹਾਲਾਤ ਨੂੰ ਕਰੁਣਾਮਈ ਰੰਗਤ ਨਾਲ ਇਉਂ ਪੇਸ਼ ਕਰਦਾ ਹੈ ਕਿ ਪੱਥਰ ਵੀ ਢਲ ਜਾਵੇ। ਪਾਠਕ ਅੱਖਾਂ ਬੰਦ ਕਰਕੇ ਸੋਚਣ ਲਈ ਮਜਬੂਰ ਹੋ ਜਾਂਦਾ ਹੈ :
ਓੜਕ ਵਕਤ ਕਹਿਰ ਦੀਆਂ ਕੂਕਾਂ, ਸੁਣ ਪੱਥਰ ਢਲ ਜਾਵੇ।
ਜਿਸ ਡਾਚੀ ਮੇਰਾ ਪੁੰਨੂੰ ਖੜਿਆ, ਸ਼ਾਲਾ ਉਹ ਨਰਕਾਂ ਨੂੰ ਜਾਵੇ।

ਸੱਸੀ ਦੀ ਮੌਤ ਤੋਂ ਬਾਅਦ ਪੁੰਨੂੰ ਵੀ ਉਸਨੂੰ ਭਾਲਦਾ ਹੋਇਆ ਸੱਸੀ ਦੀ ਕਬਰ ਤੇ ਪਹੁੰਚ ਜਾਂਦਾ ਹੈ ਤੇ ਪ੍ਰਾਣ ਤਿਆਗ ਦਿੰਦਾ ਹੈ, ਜਿੱਥੇ ਇਹ ਪ੍ਰੇਮ ਸਿਰੇ ਚੜ੍ਹਦਿਆਂ ਕਹਾਣੀ ਦਾ ਅੰਤ ਹੁੰਦਾ ਹੈ। ਇਸ ਅੰਤਲੇ ਸਮੇਂ ਨੂੰ ਹਾਸ਼ਮ ਇਉਂ ਵਰਨਣ ਕਰਦਾ ਹੈ :
ਗਲ ਸੁਣ ਹੋਤ ਜਿਮੀਂ ਤੇ ਡਿੱਗਾ, ਖਾ ਕਲੇਜੇ ਕਾਨੀ।
ਖੁਲ ਗਈ ਗੌਰ ਪਿਆ ਵਿਚ ਕਬਰੇ, ਫੇਰ ਮਿਲੇ ਦਿਲ ਜਾਨੀ।
ਖਾਤਰ ਇਸਕ ਗਈ ਰਲ ਮਿੱਟੀ, ਸੂਰਤ ਹੁਸਨ ਜਵਾਨੀ।
ਹਾਸ਼ਮ ਇਸ਼ਕ ਕਮਾਲ ਸੱਸੀ ਦਾ, ਜਗ ਵਿੱਚ ਰਹੀ ਕਹਾਣੀ।

ਹਾਸ਼ਮ ਵਿੱਚ ਘੱਟ ਸ਼ਬਦਾਂ ਰਾਹੀਂ ਵੱਡੀ ਗੱਲ ਕਹਿਣ ਦੀ ਕਲਾ ਸੀ, ਸੱਸੀ ਪੁੰਨੂੰ ਦੀ ਰਚਨਾ ਵੀ ਉਸਨੇ ਸੰਜਮ ਨਾਲ ਸ਼ਬਦਾਂ ਦੀ ਵਰਤੋਂ ਕਰਦਿਆਂ ਕੀਤੀ। ਇਸ ਦੇ 126 ਦਵੱਈਆ ਛੰਦ ਹਨ, ਜਿਸ ਵਿੱਚ ਪੂਰੀ ਕਹਾਣੀ ਕਲਮਬੱਧ ਕਰ ਦਿੱਤੀ ਹੈ। ਇਹ ਲਿਖਤ ਉਸਦੀ ਰੋਮਾਂਟਿਕ ਤੇ ਇਸ਼ਕ ਮਜਾਜੀ ਕਲਾ ਦਾ ਨਮੂਨਾ ਹੈ ਤੇ ਇਸ ਵਿੱਚ ਮਿਠਾਸ ਤੇ ਰਸ ਡੁੱਲ੍ਹ ਡੁੱਲ ਪੈਂਦਾ ਹੈ। ਜਿਸਨੂੰ ਕਲਮਬੱਧ ਕਰਦਿਆਂ ਹਾਸ਼ਮ ਨੇ ਪੰਜਾਬੀ ਨੂੰ ਨਵਾਂ ਰੰਗ ਚਾੜ੍ਹਿਆ। ਉਹ ਸੂਫ਼ੀਆਨਾ ਤੇ ਰੋਮਾਂਸ ਨੂੰ ਸਾਂਝੇ ਤੌਰ ਤੇ ਪੇਸ਼ ਕਰਨ ਵਾਲਾ ਕਿੱਸਾਕਾਰੀ ਦਾ ਸਦੀਆਂ ਪਹਿਲਾਂ ਹੋਇਆ ਅਜਿਹਾ ਸ਼ਾਹਸਵਾਰ ਸ਼ਾਇਰ ਹੈ, ਜਿਸ ਦੀਆਂ ਰਚਨਾਵਾਂ ਨੂੰ ਅੱਜ ਵੀ ਪੰਜਾਬੀ ਪ੍ਰੇਮੀ ਪੂਰੇ ਮਾਣ ਸਤਿਕਾਰ ਨਾਲ ਪੜ੍ਹਦੇ ਹਨ।

Show More

Related Articles

Leave a Reply

Your email address will not be published. Required fields are marked *

Back to top button
Translate »