ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ
ਚਿੱਠੀ ,ਖ਼ਤ ,ਪੱਤਰ ਦਾ ਇਹ ਤਾਂ ਨੀ ਪਤਾ ਕਿ ਇਸ ਦਾ ਮਨੁੱਖ ਨਾਲ ਕਦੋਂ ਦਾ ਸੰਬੰਧ ਹੈ? ਪਰ ਹੈ,ਇਹ ਬਹੁਤ ਪੁਰਾਣਾ ।ਚਿੱਠੀ ਦਾ ਸ਼ਬਦੀ ਅਰਥ ਸੰਦੇਸ਼ ਭੇਜਣਾ ਜਾ ਪ੍ਰਾਪਤ ਕਰਨਾ ਤੇ ਆਪਸੀ ਗੱਲਬਾਤ ਕਰਨ ਤੋਂ ਹੈ। ਇਤਿਹਾਸ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਲਿਖੇ ਸੰਦੇਸ਼ ਪੱਤਰ ਮਿਲਦੇ ਹਨ।ਜਦੋਂ ਤੋਂ ਲਿਪੀ ਹੋਂਦ ਵਿੱਚ ਆ ਗਈ,ਸੰਦੇਸ਼ ਭੇਜਣੇ ਸ਼ੁਰੂ ਹੋ ਗਏ ਸੀ । ਚਿੱਠੀਆਂ ਪਹਿਲਾਂ ਕਬੂਤਰਾਂ ਜਾਂ ਕਾਸਦਾਂ ਦੁਆਰਾ ਭੇਜੀਆਂ ਜਾਂਦੀਆਂ ਸਨ ।ਇਸ ਤੋਂ ਹੀ ਮੌਜੂਦਾ ਡਾਕਖਾਨਾ ਪੈਦਾ ਹੋਇਆ। ਡਾਕੀਏ ਨੂੰ ਪ੍ਰਾਹੁਣੇ ਵਾਂਗ ਉਡੀਕਿਆ ਜਾਂਦਾ ਸੀ।ਉਸ ਦੀ ਟਹਿਲ ਸੇਵਾ ਵੀ ਹੁੰਦੀ ਸੀ। ਉਸ ਨੂੰ ਚੰਗੀ ਖ਼ਬਰ ਲਈ ਸ਼ਗਨ ਵਧਾਈ ਵੀ ਦਿੱਤੇ ਜਾਂਦੇ ਸਨ।ਇਹ ਕੰਮ ਵੱਡੀ ਪੱਧਰ ਤੇ ਸਮਾਜ ਦਾ ਹਿੱਸਾ ਬਣਿਆ ।ਅੱਜ ਤੋਂ ਵੀਹ ਕੁ ਸਾਲ ਪਹਿਲਾਂ ਇਹਨਾਂ ਦਾ ਚੱਲਣ ਆਮ ਸੀ। ਟੈਲੀਫੋਨ ਦਾ ਯੁੱਗ ਸ਼ੁਰੂ ਹੋਇਆ ਤਾਂ ਚਿੱਠੀ ਹਾਸ਼ੀਏ ਤੇ ਜਾਣ ਲੱਗੀ। ਤਾਂ ਸੱਜਣਾ ਮਿੱਤਰਾਂ ਤੇ ਰਿਸ਼ਤੇਦਾਰਾਂ ਨੇ ਚਿੱਠੀਆਂ ਲਿਖਣੀਆਂ ਛੱਡ ਦਿੱਤੀਆਂ।
ਗੀਤ ਅਵਾਜ਼ਾਂ ਆਉਣ ਲੱਗੀਆਂ ਕਿ
ਤੁਸੀਂ ਚਿੱਠੀਆਂ ਪਾਉਣੀਆਂ ਭੁੱਲਗੇ
ਜਦੋਂ ਦਾ ਟੈਲੀਫੋਨ ਲੱਗਿਆ।
ਚਿੱਠੀ ਮਿੱਤਰ, ਰਿਸ਼ਤੇਦਾਰ ਨੂੰ ਲਿਖੀ ਹੋਈ,ਦਫ਼ਤਰੀ ਚਿੱਠੀ, ਪ੍ਰੇਮ ਪੱਤਰ, ਸਿਫਾਰਸ਼ੀ ਚਿੱਠੀ, ਬੇਰੰਗ ਚਿੱਠੀ, ਦੁੱਖ ਦੀ ਚਿੱਠੀ,ਨੌਕਰੀ ਦੀ ਚਿੱਠੀ, ਵਿਆਹ ਦੀ ਸਾਹਿ ਚਿੱਠੀ,ਬੈਂਕ ਦੀ ਚਿੱਠੀ ਦੇ ਰੂਪ ਵਿੱਚ ਮਿਲਦੀਆਂ ਹਨ।
ਇਤਿਹਾਸ ਵਿੱਚ ਕਈ ਪ੍ਰਸਿੱਧ ਚਿੱਠੀਆਂ ਦਾ ਜ਼ਿਕਰ ਮਿਲਦਾ ਹੈ ।ਨਹਿਰੂ ਦੀਆਂ ਧੀ ਨੂੰ ਲਿਖੀਆਂ ਚਿੱਠੀਆਂ ਅਤੇ ਹੋਰ ਇਤਿਹਾਸਕ ਪ੍ਰਸਿੱਧੀ ਪ੍ਰਾਪਤ ਬੰਦਿਆਂ ਦੀਆਂ ਲਿਖੀਆਂ ਚਿੱਠੀਆਂ।ਆਇਨਸਟਾਈਨ ਦੇ ਅਧਿਆਪਕ ਦੁਆਰਾ ਆਇਨਸਟਾਈਨ ਦੀ ਨਲਾਇਕੀ ਵਾਰੇ ਉਸ ਦੀ ਮਾਤਾ ਨੂੰ ਲਿਖੀ ਚਿੱਠੀ ,ਜਿਸ ਨੂੰ ਉਸ ਦੀ ਮਾਂ ਨੇ ਲੁਕੋ ਲਿਆ ਸੀ ,ਪਰ ਉਹ ਇਕ ਵੱਡਾ ਵਿਗਿਆਨੀ ਬਣਿਆ। ਉਹ ਚਿੱਠੀ ਬਾਅਦ ਵਿੱਚ ਆਇਨਸਟਾਈਨ ਨੇ ਪੜ੍ਹੀ,ਜਿਸ ਵਿੱਚ ਉਸ ਨੂੰ ਨਲਾਇਕ ਲਿਖਿਆ ਗਿਆ ਸੀ,ਪਰ ਉਸ ਦੀ ਮਾਂ ਦੀ ਮਿਹਨਤ ਨੇ ਉਹ ਪੱਤਰ ਗਲਤ ਸਾਬਤ ਕਰ ਦਿੱਤਾ ਸੀ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਭੇਜਿਆ ਜ਼ਫ਼ਰਨਾਮਾ,ਉਸ ਦੇ ਜੁਲਮ ਦੇ ਖਿਲਾਫ਼ ਫ਼ਤਿਹ ਦੀ ਚਿੱਠੀ ਦੇ ਤੌਰ ਤੇ ਮੰਨਿਆ ਜਾਂਦਾ ਹੈ।ਇਹ ਸਿੱਖ ਇਤਿਹਾਸ ਵਿੱਚ ਵੱਡਾ ਤੇ ਉੱਚਾ ਪੱਤਰ ਮੰਨਿਆ ਜਾਂਦਾ ਹੈ।ਮਹਾਰਾਣੀ ਜਿੰਦਾਂ,ਖਾਲਸਾ ਰਾਜ ਦੀ ਚਿੰਤਾਜਨਕ ਸਥਿਤੀ ਉੱਤੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਚਿੱਠੀ ਲਿਖਦੀ ਹੈ ।
ਕਾਲੇ ਪਾਣੀ ਵਿਚੋਂ ਕਿਸ਼ਨੇ ਦੀ ਲਿਖੀ ਚਿੱਠੀ ਜਿਉਣੇ ਮੌੜ ਨੂੰ ਬਦਲਾ ਲੈਣ ਲਈ ਪ੍ਰੇਰਿਤ ਕਰਦੀ ਹੈ। ਇਹ ਡੋਗਰ ਦੀ ਮੌਤ ਦਾ ਕਾਰਨ ਬਣਦੀ ਹੈ।
ਕਾਲੇ ਪਾਣੀਓਂ ਮੌੜ ਨੂੰ ਖ਼ਤ ਕਿਸ਼ਨੇ ਪਾਇਆ
ਬਦਲਾ ਲੈ ਲਈਂ ਜਿਉਂਣਿਆ ਜੇ ਮਾਂ ਦਾ ਜਾਇਆ। (ਪ੍ਰਸਿੱਧ ਗੀਤ)
ਅੱਜਕੱਲ੍ਹ ਰਾਜਨੀਤੀ ਵਿੱਚ ਸਿਫਾਰਸ਼ੀ ਚਿੱਠੀਆਂ ਦੀ ਚਰਚਾ ਬਹੁਤ ਰਹਿੰਦੀ ਹੈ ,ਕਿ ਕਿਸੇ ਅਹੁਦੇ ਲਈ ਚਿੱਠੀ ਵਿਚੋਂ ਕਿਸ ਦਾ ਨਾਮ ਨਿਕਲਦਾ ਹੈ। ਪਹਿਲਾਂ ਘਰਾਂ ਵਿੱਚ ਭੈਣ ਭਾਈ ਦੀ ਖੈਰ ਸੁੱਖ ,ਫੌਜ ਵਿਚੋਂ ਫ਼ੌਜੀ ਦੀ ਚਿੱਠੀ ਬਹੁਤ ਉਡੀਕੀ ਜਾਂਦੀ ਸੀ। ਜੇਕਰ ਆ ਜਾਂਦੀ ਤਾਂ ਜ਼ਿਆਦਾਤਰ ਲੋਕ ਅਣਪੜ੍ਹ ਹੋਣ ਕਾਰਨ ਆਂਢ ਗੁਆਂਢ ਵਿਚੋਂ ਕੋਈ ਨਾ ਕੋਈ ਪੰਜ ਚਾਰ ਪੜ੍ਹਿਆ ਲੱਭਿਆ ਜਾਂਦਾ ਸੀ ।ਪੜ੍ਹਕੇ ਚਿੱਠੀ ਕਿਸੇ ਤਾਰ ਵਿੱਚ ਪਾਕੇ ਟੰਗ ਦਿੱਤੀ ਜਾਂਦੀ। ਵਰ੍ਹਿਆਂ ਤੱਕ ਇਹ ਇੰਝ ਹੀ ਸੰਭਾਲ਼ੀਆਂ ਹੋਈਆਂ ਪਈਆਂ ਰਹਿੰਦੀਆਂ ਸੀ।ਵਾਪਸੀ ਚਿੱਠੀ ਵੀ ਭੇਜੀ ਜਾਂਦੀ ਸੀ।
ਚਿੱਠੀ ਲਿਖਣੀ ਵੀ ਕਲਾ ਹੈ ,ਕਈਆਂ ਨੂੰ ਬੜੀਆਂ ਸੋਹਣੀਆਂ ਚਿੱਠੀਆਂ ਲਿਖਣੀਆਂ ਆਉਂਦੀਆਂ ਹੁੰਦੀਆਂ ਹਨ। ਸੋਹਣੇ ਸ਼ਬਦਾਂ ਦੀ ਚੋਣ ਵੀ ਇੱਕ ਕਲਾ ਹੈ।ਵਧੀਆ ਢੰਗ ਨਾਲ ਲਿਖੀ ਚਿੱਠੀ ਵੱਡੇ ਵੱਡੇ ਕੰਮ ਕਰਵਾ ਦਿੰਦੀ ਹੈ।ਲਿਖਤਮ ਮਤਲਬ ਪਹਿਲਾਂ ਲਿਖਣ ਵਾਲੇ ਦਾ ਨਾਮ ਲਿਖਿਆ ਜਾਂਦਾ, ਫਿਰ ਖੈਰ ਸੁੱਖ , ਫਿਰ ਘਰਾਂ ਦੇ ਫ਼ਿਕਰ ਫ਼ਾਕੇ।ਇਸ ਲ਼ਈ ਚਿੱਠੀ ਲਿਖਣ ਵਾਲਾ ਪਹਿਲਾਂ ਕੋਈ ਵਿਸ਼ਵਾਸ ਯੋਗ ਲੱਭਣਾ ,ਜਾ ਫਿਰ ਇਹ ਕੰਮ ਡਾਕੀਆ ਤੋਂ ਕਰਵਾਉਣਾ;
ਚਿੱਠੀ ਲਿਖਦੇ ਪਾੜ੍ਹਿਆਂ ਮੇਰੀ
ਪਤਾਸੇ ਪੰਜ ਤੂੰ ਲੈ ਲਈ।
ਆਸ਼ਿਕ ਦੀ ਮਸ਼ੂਕ ਨੂੰ ਪਹਿਲੀ ਚਿੱਠੀ ਸਭ ਤੋਂ ਔਖੀ ਲਿਖੀ ਜਾਂਦੀ ਸੀ ,ਉਸ ਨੂੰ ਪਤਾ ਨੀ ਕਿੰਨੇ ਕਾਗਜ਼ ਖਰਾਬ ਕਰਨੇ ਪੈਂਦੇ ਸੀ। ਇਹੀ ਸੁਆਲ ਵੱਡਾ ਹੁੰਦਾ ਸੀ ,ਕਿ ਕਿਵੇਂ ਤੇ ਕੀ ਲਿਖਾਂ? ਹੁਣ ਮੌਬਾਇਲ ਨੇ ਸਭ ਅਸਾਨ ਕਰ ਦਿੱਤਾ ਹੈ।ਨਾਲ ਹੀ ਲਿਖੇ ਲਿਖਾਏ ਫਾਰਮੈਟ ਵੀ ਮਿਲ ਜਾਂਦੇ ਹਨ। ਈਮੇਲ ਵੀ ਇਸੇ ਦਾ ਰੂਪ ਹੈ ।
ਇੱਕ ਵਾਰ ਇੱਕ ਦੋਸਤ ਇੱਕ ਚਿੱਠੀ ਲਿਖ ਰਿਹਾ ਸੀ ਉਸ ਦਾ ਇਕ ਦੋਸਤ ਨਾਲ ਬੈਠਾ ਚਿੱਠੀ ਪੜ੍ਹਨ ਲੱਗ ਪਿਆ। ਉਸ ਨੇ ਚਿੱਠੀ ਲਿਖਣੀ ਬੰਦ ਕਰ ਦਿੱਤੀ। ਦੋਸਤ ਨੇ ਪੁੱਛਿਆ,”ਤੂੰ ਚਿੱਠੀ ਲਿਖਣੀ ਕਿਉਂ ਬੰਦ ਕਰ ਦਿੱਤੀ?ਮੈਂ ਤਾਂ ਪੜ੍ਹੀ ਨੀ।” ਇਸ ਕਰਕੇ ਕਿਸੇ ਦੀ ਚਿੱਠੀ ਚੋਰੀ ਪੜ੍ਹਨੀ ਵਰਜਿਤ ਮੰਨੀਂ ਜਾਂਦੀ ਹੈ। ਬਹੁਤੀ ਵਾਰ ਚਿੱਠੀ ਕਿਸੇ ਖਾਸ ਵਿਅਕਤੀ ਲਈ ਭੇਜੀ ਹੋਵੇ ਤਾਂ ਬਾਹਰ ਲਿਖਿਆ ਹੁੰਦਾ ਹੈ ਕਿ ਇਸ ਨੂੰ ਓਹੀ ਵਿਆਕਤੀ ਖੋਲ੍ਹੇ। ਪਰ ਅਸੀਂ ਇਹ ਸਲੀਕੇ ਘੱਟ ਹੀ ਸਿੱਖੇ ਹਨ। ਲੋਕ ਚੋਰੀ ਚੋਰੀ ਦੂਜਿਆਂ ਦੇ ਦਸਤਾਵੇਜ਼ ਪੜ੍ਹਨ ਲਈ ਮੌਕੇ ਦੀ ਤਾਕ ਵਿੱਚ ਰਹਿੰਦੇ ਹਨ।
ਪਹਿਲਾਂ ਕਈ ਵਾਰੀ ਸਾਦੇ ਕਾਗਜ਼ ਤੇ ਲਿਖ ਕੇ ਵੀ ਚਿੱਠੀ ਪਾ ਦਿੱਤੀ ਜਾਂਦੀ ਸੀ,ਇਸ ਨੂੰ ਬੇਰੰਗ ਚਿੱਠੀ ਕਿਹਾ ਜਾਂਦਾ ਸੀ।
ਜਦ ਆਉਂਦੀਆਂ ਕਲੇਜੇ ਸੱਲ ਪਾਉਂਦੀਆਂ
ਤੇਰੀਆਂ ਬੇਰੰਗ ਚਿੱਠੀਆਂ।
ਬਿੱਲੋ ਤੇਰੀਆਂ ਬੇਰੰਗ ਚਿੱਠੀਆਂ
ਹੁਣ ਪੜ੍ਹਿਆਂ ਕਰਾਂ ਕਿ ਦੱਸ ਨਾ।
ਸਾਹਿ ਬੰਨ੍ਹੀ ਚਿੱਠੀ ਸਾਦੇ ਕਾਗਜ਼ ਤੇ ਮੌਲੀਆਂ ਬੰਨ੍ਹ ਹਲਦੀ ਲਾਕੇ ਭੇਜੀਆਂ ਜਾਂਦੀਆਂ ਹਨ। ਅਜਿਹੀ ਚਿੱਠੀ ਨੂੰ ਲੋਕ ਬੇਸਬਰੀ ਨਾਲ ਉਡੀਕਦੇ ਹਨ। ਅੱਜਕੱਲ੍ਹ ਬਜ਼ਾਰ ਵਿੱਚ ਸੋਹਣੀਆਂ ਸੋਹਣੀਆਂ ਰੇਡੀਮੇਡ ਮਿਲਦੀਆਂ ਹਨ।
ਅਜਿਹੀਆਂ ਚਿੱਠੀਆਂ ਤੇ ਭੰਗੜੇ ਪੈਂਦੇ ਨੇ ਗੀਤ ਗਾਏ ਜਾਂਦੇ ਨੇ,
ਸ਼ਗਨਾਂ ਵਾਲ਼ੀ ਵੀਰ ਦੀ
ਸਾਹਿ ਚਿੱਠੀ ਮੈਂ ਤੇਲ ਚੋ ਚੋ ਲੰਘਾਈ
ਮੈਂ ਵਾਰੀ।
ਸਹੁਰੇ ਰਾਜੇ ਸਾਹਿ ਬੰਨ੍ਹਿਆ
ਵੀਰੇ ਬਾਬਲ ਸ਼ਗਨ ਮਨਾਏ
ਮੈਂ ਵਾਰੀ।
ਮੰਨ ਵਧਾਈਆਂ ਮਾਂ ਰਾਣੀਏ
ਤੇਰੇ ਘਰ ਸ਼ਗਨ ਆਏ
ਮੈਂ ਵਾਰੀ।
ਇਸ ਤਰ੍ਹਾਂ ਹੀ ਪਾਟੀ ਹੋਈ ਚਿੱਠੀ ਕਿਸੇ ਦੇ ਮਰਨ ਦਾ ਸੁਨੇਹਾ ਮੰਨੀ ਜਾਂਦੀ ਸੀ।
ਬਹੁਤੀ ਵਾਰ ਵੈਸੇ ਹੀ ਚਿੱਠੀ ਪਾਟ ਜਾਂਦੀ ਰੋਣੇ ਧੋਣੇ ਸ਼ੁਰੂ ਹੋ ਜਾਂਦੇ ਸੀ।
ਕਹਿੰਦੇ ਨੇ ਇੱਕ ਵਾਰ ਕਿਸੇ ਮਹਾਜਨ ਪਰਿਵਾਰ ਦੇ ਘਰ ਲੰਡੇ ਇਬਾਰਤ ਵਿੱਚ ਲਿਖੀ ਹੋਈ ਚਿੱਠੀ ਆਈ ਕਿ ਲਾਲ਼ਾ ਜੀ ਅਜਮੇਰ ਗਏ।ਲੰਡੇ ਅੱਗੇ ਵਾਲਿਆਂ ਨੇ ਲਗਾਂ-ਮਾਤਰਾਂ ਗਲਤ ਸਮਝ ਲਈਆਂ। ਉਹਨਾਂ ਲਿਖਿਆ ਹੋਇਆ ਪੜ੍ਹਿਆ ਕਿ ਲਾਲ਼ਾ ਜੀ ਅੱਜ ਮਰ ਗਏ। ਰੋਣੇ ਧੋਣੇ ਸ਼ੁਰੂ ਹੋ ਗਏ।ਮੇਰੇ ਮਾਮਾ ਜੀ ਨੇ ਫੌਜ ਵਿਚੋਂ ਚਿੱਠੀ ਲਿਖੀ ਕਿ ਮੇਰਾ ਤੌਬਲ (towel )ਭੇਜ ਦਿਓ, ਪੜ੍ਹਨ ਵਾਲੇ ਨੂੰ ਅੰਗਰੇਜ਼ੀ ਨਾ ਆਵੇ ।ਉਹ ਟੁੱਟੀ ਫੁੱਟੀ ਅੰਗਰੇਜ਼ੀ ਪੜ੍ਹ ਕਹਿੰਦਾ ਤਬਲਾ ਮੰਗਵਾਇਆ ਹੈ।ਮੇਰੀ ਨਾਨੀ ਮਿੱਟੀ ਦਾ ਵਧੀਆ ਤਬਲਾ ਚੁੱਕੀ ਫਿਰੇ।
ਪੰਜਾਬੀ ਸਾਹਿਤ ਵਿੱਚ ਵੀਹ ਕੁ ਸਾਲ ਪਹਿਲਾਂ ਤੱਕ ਚਿੱਠੀ ਸ਼ਬਦ ਤੇ ਆਮ ਗੀਤ ,ਟੱਪੇ, ਬੋਲੀਆਂ ਤੇ ਬਾਤਾਂ ਲਿਖੀਆਂ ਜਾਂਦੀਆਂ ਸੀ,ਪਰ ਟੈਲੀਫੋਨ,ਮੌਬਾਇਲ ਦੇ ਰੁਝਾਨ ਨੇ ਖ਼ਤਮ ਕਰ ਦਿੱਤੇ ।ਹੁਣ ਇਸ ਤਰ੍ਹਾਂ ਦੀਆਂ ਰਚਨਾਵਾਂ ਨਹੀਂ ਸੁਣਨ ਨੂੰ ਮਿਲਦੀਆਂ:
ਚਿੱਠੀ ਲਿਖਤੀ ਮੈਂ ਸਾਰੀ -ਮੇਰੀ ਮੱਤ ਗਈ ਮਾਰੀ
ਪੂਰੀ ਕਰਕੇ ਤਿਆਰੀ -ਜਦ ਲਿਖਣ ਲੱਗੀ ਮੈਂ ਤੇਰਾ ਨਾਂ
ਚੰਨਾ ਮੈ ਤੇਰਾਂ ਨਾ ਭੁੱਲਗੀ। ਗੁਰਦਾਸ ਮਾਨ
ਚਿੱਠੀਏ ਨੀ ਚਿੱਠੀਏ –ਹੰਝੂਆਂ ਨਾਲ ਲਿਖੀਏ । ਹਰਭਜਨ ਮਾਨ
ਮੈਂ ਚਿੱਠੀ ਲਿਖਾਂ ਤੈਨੂੰ -ਹੱਥਾਂ ਗੋਰਿਆਂ ਦੇ ਨਾਲ ਵੇ
ਹੋਰ ਸਾਰੇ ਸੁੱਖ ਚੰਨਾ —-ਸਾਡਾ ਬੁਰਾ ਹਾਲ ਵੇ। ਨਛੱਤਰ ਛੱਤਾ
ਐਡਾ ਖ਼ਤ ਲਿਖਕੇ ਪਾ ਸੱਜਣਾ —ਮੇਰੀ ਉਮਰ ਬੀਤ ਜਾਏ ਪੜ੍ਹਦੀ ਦੀ। ਰਾਜ ਬਰਾੜ
ਚਿੱਠੀਆਂ ਸਾਹਿਬਾਂ ਜੱਟੀ ਨੇ—-ਲਿਖ ਮਿਰਜ਼ੇ ਨੂੰ ਪਾਈਆਂ। ਕੁਲਦੀਪ ਮਾਣਕ
—-ਕਾਂਵਾਂ ਵੇ ਸੁਣ ਕਾਂਵਾਂ —–ਜਾਂਦਾ ਹੋਇਆ ਦੱਸ ਨਾ ਗਿਆ —ਲਿਖ ਚਿੱਠੀਆਂ ਕਿਧਰ ਨੂੰ ਪਾਵਾਂ। ਟੱਪੇ
ਚਿੱਠੀ ਪਾ ਵੇ ਅੰਮਾਂ ਦਿਆਂ ਜਾਇਆ—ਭੈਣ ਪ੍ਰਦੇਸ਼ਣ ਨੂੰ। ਬੋਲੀ
ਤਾਣਾ ਤਾਣਾ ਤਾਣਾ –ਚਿੱਠੀਆਂ ਮੈਂ ਲਿਖਦੀ –ਪੜ੍ਹ ਮੁੰਡਿਆ ਅਣਜਾਣਾ। ਬੋਲੀ
ਗਿੱਧਾ ਪਾਵਾਂ ਸਗਨ ਮਨਾਵਾਂ — ਚਿੱਠੀ ਆਈ ਬਰ੍ਹਮਾ ‘ਚੋ । ਬੋਲੀ
ਨੀਲੀ ਕੁਕੜੀ ਨੀਲੇ ਪੈਰ-ਚੱਲ ਮੇਰੀ ਕੁਕੜੀ ਸ਼ਹਿਰੋਂ ਸ਼ਹਿਰ । ਬਾਤ ਚਿੱਠੀ
ਚਿੱਠੀ ਦੁੱਖ ਸੁੱਖ ਤੇ ਪੰਜਾਬੀ ਸਭਿਆਚਾਰ, ਪੰਜਾਬੀ ਜੀਵਨ ਤੇ ਪੰਜਾਬੀ ਸਾਹਿਤ ਦਾ ਬਹੁਤ ਪਿਆਰਾ ਤੇ ਨਾ ਭੁੱਲਣ ਯੋਗ ਹਿੱਸਾ ਰਿਹਾ ਹੈ। ਤਕਨੀਕ ਨੇ ਬਹੁਤ ਕੁਝ ਬਦਲ ਦਿੱਤਾ। ਉਥੇ ਹੀ ਇਹ ਚਿੱਠੀ ਨੂੰ ਨਿਗਲ਼ ਗਈ। ਹੁਣ ਸਿਰਫ ਸਕੂਲਾਂ ਦੀਆਂ ਕਿਤਾਬਾਂ ਵਿੱਚ ਬੱਚਿਆਂ ਦੇ ਲਿਖਣ ਦੀ ਆਈਟਮ ਬਣਕੇ ਰਹਿ ਗਈ ਹੈ। ਜਿਸ ਪ੍ਰਤੀ ਨਾ ਅਧਿਆਪਕ ,ਨਾ ਬੱਚੇ ਸੁਹਿਰਦ ਹਨ। ਹਾਂ ਅੱਜਕਲ੍ਹ ਕਦੇ ਕਦੇ ਬੈਂਕ ਜਾ ਸਰਕਾਰੀ ਚਿੱਠੀਆਂ ਆ ਜਾਂਦੀਆਂ ਹਨ । ਉਹਨਾਂ ਦਾ ਬੱਚਿਆਂ ਨਾਲ ਕੋਈ ਸਬੰਧ ਨਹੀਂ ਹੁੰਦਾ।ਨਵੇਂ ਬੱਚੇ ਇਸ ਤੋਂ ਦੂਰ ਹਨ। ਉਹ ਇਸ ਦਾ ਇਤਿਹਾਸ ਜਾਂ ਮਹੱਤਵ ਨਹੀਂ ਜਾਣਦੇ। ਸਕੂਲਾਂ ਵਿੱਚ ਇਹ ਕਲਾ ਜ਼ਰੂਰ ਸਿਖਾਉਣੀ ਚਾਹੀਦੀ ਹੈ। ਤਾਂ ਕਿ ਇਸ ਦਾ ਵਜੂਦ ਕਾਇਮ ਰਹਿ ਸਕੇ।
ਲਾਡੀ ਜਗਤਾਰ
9463603091