ਆਈ ਬਸੰਤ, ਪਾਲ਼ਾ ਉਡੰਤ
ਆਈ ਬਸੰਤ, ਪਾਲ਼ਾ ਉਡੰਤ
ਜਾ
ਤਿਸੁ ਬਸੰਤੁ ਜਿਸ ਪ੍ਰਭੁ ਕ੍ਰਿਪਾਲੂ।।
ਤਿਸੁ ਬਸੰਤੁ ਜਿਸ ਗੁਰੂ ਦਿਆਲੂ।।
ਪੰਜਾਬ ਦੀ ਧਰਤੀ ਲਗਭਗ ਛੇ ਰੁੱਤਾਂ ਦੇਖਦੀ ਹੈ। ਇਹਨਾਂ ਵਿੱਚੋਂ ਇੱਕ ਬਸੰਤ ਰੁੱਤ ਹੈ। ਇਸ ਨੂੰ ਰੁੱਤਾਂ ਦਾ ਰਾਜਾ ਜਾ ਰੁੱਤਾਂ ਦੀ ਮਹਾਰਾਣੀ ਕਿਹਾ ਜਾਂਦਾ ਹੈ।ਸੰਸਕ੍ਰਿਤ ਵਿੱਚ ਇਸ ਸ਼ਬਦ ਦਾ ਮਤਲਬ ਖਿੜੀ ਹੋਈ ਬਹਾਰ ਤੋਂ ਲੈਂਦੇ ਹਨ। ਬਸੰਤ ਰੁੱਤ ਵਿੱਚ ਇੱਕ ਬਸੰਤ ਪੰਚਮੀ ਦਾ ਦਿਨ ਮਨਾਇਆ ਜਾਂਦਾ ਹੈ।ਇਹ ਦਿਨ ਆਮ ਤੌਰ ਤੇ ਫਰਵਰੀ ਵਿੱਚ ਆਉਂਦਾ ਹੈ। ਬਸੰਤ ਪੰਚਮੀ ਦਾ ਅਰਥ ਸਮਝੀਏ ਤਾਂ ਇਹ ਚੜ੍ਹਦੇ ਪੱਖ ਦਾ ਪੰਜਵਾਂ ਦਿਨ। ਪਤਝੜ ਤੋਂ ਬਾਅਦ ਬਸੰਤ ਆਉਂਦੀ ਹੈ ,ਭਾਵੇਂ ਇਹ ਰੁੱਤ ਇੱਕ ਮਾਘ ਨੂੰ ਸ਼ੁਰੂ ਹੋਈ ਮੰਨੀ ਜਾਂਦੀ ਹੈ।ਪਰ ਇਸ ਦਾ ਪੂਰਾ ਪ੍ਰਭਾਵ ਫੱਗਣ ਵਿੱਚ ਦਿਖਾਈ ਦਿੰਦਾ ਹੈ ।ਇਹ ਚੇਤ ਵਿਸਾਖ ਤੱਕ ਰਹਿੰਦਾ ਹੈ। ਬਸੰਤ ਰੁੱਤ ਸਰਦੀ ਤੋਂ ਬਾਅਦ ਇਹ ਪ੍ਰਕਿਰਤੀ ਦਾ ਨਵੇਂ ਜਨਮ ਜਿਹਾ ਸਮਾਂ ਹੁੰਦਾ ਹੈ।ਇਸ ਰੁੱਤ ਵਿੱਚ ਕੁਦਰਤ ਦੀ ਕਾਦਰ ਬਹੁਤ ਸੋਹਣੇ ਰੂਪ ਵਿਚ ਨਿਖਰਦੀ ਹੋਈ ਦਿਖਾਈ ਦਿੰਦੀ ਹੈ।
ਗੁਰਮੁੱਖ ਸਿੰਘ ਮੁਸਾਫਿਰ ਦੇ ਸ਼ਬਦਾਂ ਵਿੱਚ ;
ਰੁੱਤ ਬਸੰਤ ਨਵਾਂ ਰਸ ਪਾਇਆ, ਹਰ ਬੂਟੇ ਹਰ ਡਾਲੀ ।
ਹਰ ਸ਼ੈ ਦੇ ਵਿੱਚ ਜੋਬਨ ਖੇੜਾ, ਹਰ ਸ਼ੈ ਦੇ ਵਿਚ ਲਾਲੀ ।
ਕਲੀਆਂ ਹਸੀਆਂ, ਗੁੰਚੇ ਮਹਿਕੇ, ਮੌਲੇ ਜੰਗਲ ਬੇਲੇ;
ਪਰ ਸੁੱਕੇ ਉਹ ਰਹੇ ਅਭਾਗੇ, ਜੜ੍ਹ ਨ ਜਿਨ੍ਹਾਂ ਸੰਭਾਲੀ ।
ਇਹ ਹਰ ਇਕ ਜੀਵ ਜਨੌਰ, ਮਨੁੱਖ ਦੀ ਮਨਪਸੰਦ ਰੁੱਤ ਹੁੰਦੀ ਹੈ। ਫੁੱਲਾਂ ਤੇ ਬਹਾਰ ਆ ਜਾਂਦੀ ਹੈ, ਕਣਕਾਂ ਨਿੱਸਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਸਰੋਂਆਂ ਪੀਲੀਆਂ ਹੋ ਜਾਂਦੀਆਂ ਹਨ । ਤਿਤਲੀਆਂ,ਭੌਰੇ ਫੁੱਲਾਂ ਤੇ ਮੰਡਰਾਉਣ ਲੱਗ ਜਾਂਦੇ ਹਨ।ਬਾਗ਼ ਬਗ਼ੀਚਿਆਂ ਵਿੱਚ ਫੁੱਲ ਹੀ ਫੁੱਲ ਦਿਸਦੇ ਹਨ। ਅਸਮਾਨ ਪੰਛੀਆਂ ਲਈ ਉਡਾਰੀਆਂ ਲਾਉਣ ਨੂੰ ਖੁੱਲ੍ਹ ਕੇ ਸਾਫ ਹੋ ਜਾਂਦਾ ਹੈ।ਇਸ ਨੂੰ ਮਨਾਉਣ ਲਈ ਬਸੰਤ ਪੰਚਮੀ ਮਨਾਈ ਜਾਂਦੀ ਹੈ।
ਹਿੰਦੂ ਧਰਮ ਅਨੁਸਾਰ
ਵੇਦਾਂ ਵਿੱਚ ਇਸ ਨੂੰ ਸਰਸਵਤੀ ਦੇਵੀ ਨਾਲ ਜੋੜਿਆ ਜਾਂਦਾ ਹੈ।ਜੋ ਕਿ ਗਿਆਨ ਦੀ ਦੇਵੀ ਮੰਨੀ ਜਾਂਦੀ ਹੈ।ਉਸ ਦੀ ਪੂਜਾ ਕੀਤੀ ਜਾਂਦੀ ਹੈ।ਇਸ ਨੂੰ ਲਕਸ਼ਮੀ ਤੇ ਵਿਸ਼ਣੂ ਭਗਵਾਨ ਨਾਲ ਵੀ ਜੋੜਿਆ ਜਾਂਦਾ ਹੈ ।ਲੋਕ ਉਹਨਾਂ ਦੀ ਪੂਜਾ ਕਰਦੇ ਹਨ।ਲੋਕ ਇਸ ਦਿਨ ਸਪੈਸ਼ਲ ਰੰਗ ਦੇ ਕੱਪੜੇ ਪਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਇਸ ਦਾ ਸੰਬੰਧ ਕਿਤੇ ਰਤੀ ਤੇ ਕਾਮਦੇਵ ਦੀ ਪੂਜਾ ਨਾਲ ਜੋੜਿਆ ਜਾਂਦਾ ਸੀ।ਇਸ ਪੂਜਾ ਕਰਕੇ ਗ੍ਰਹਿਸਥ ਜੀਵਨ ਵਿੱਚ ਸੁੱਖ ਪ੍ਰਾਪਤੀ ਕੀਤੀ ਜਾਂਦੀ ਸੀ। ਭਗਵਾਨ ਸ੍ਰੀ ਕ੍ਰਿਸ਼ਨ ਤੇ ਮਹਾਂਰਿਸ਼ੀ ਬਾਲਮੀਕ ਨੇ ਵੀ ਇਸ ਦਾ ਵਧੀਆ ਤੇ ਮਨਮੋਹਣੇ ਢੰਗ ਨਾਲ ਬਿਆਨ ਕੀਤਾ ਹੈ। ਅਸਮਾਨ ਵਿੱਚ ਠੰਡ ਤੋਂ ਬਾਅਦ ਪੰਛੀਆਂ ਦੀ ਲੰਮੀਆਂ ਉਡਾਰੀਆਂ, ਫੁੱਲ, ਤਿਤਲੀਆਂ ਇੱਕ ਤਰਾਂ ਨਾਲ ਵਾਤਾਵਰਨ ਨੂੰ ਮਹਿਕਣ ਲਾ ਦਿੰਦੇ ਹਨ।
ਸਿੱਖ ਧਰਮ ਫਲਸਫੇ ਵਿੱਚ ਵੀ ਇਸ ਨੂੰ ਵਡਿਆਇਆ ਗਿਆ ਹੈ । ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਗੁਰੂਦਵਾਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ।ਗੁਰਬਾਣੀ ਵਿੱਚ ਵੀ ਇਸ ਰੁੱਤ ਦਾ ਜ਼ਿਕਰ ਹੈ । ਇੱਕ ਬਸੰਤ ਰਾਗ ਵੀ ਹੈ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਇਸ ਰੁੱਤ ਵਿੱਚ ਬਸੰਤ ਰਾਗ ਵਿੱਚ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਜਾਂਦੇ ਹਨ।ਸਿੱਖ ਗੁਰੂਆਂ ਨੇ ਆਤਮਾ ਪ੍ਰਮਾਤਮਾ ਦੀ ਗੱਲ ਕਰਦਿਆਂ ਆਤਮਾ ਦੀ ਪ੍ਰਮਾਤਮਾ ਨਾਲ ਮੇਲ ਦੀ ਗੱਲ ਕੀਤੀ ਹੈ। ਇਸ ਰੁੱਤ ਵਿੱਚ ਪ੍ਰਮਾਤਮਾ ਮਿਹਰਵਾਨ ਹੁੰਦਾ ਹੈ।ਜਿਸ ਮਨੁੱਖ ਉੱਤੇ ਪ੍ਰਮਾਤਮਾ ਦੀ ਕ੍ਰਿਪਾ ਹੋ ਜਾਵੇ, ਉਹ ਤਰ ਜਾਂਦੇ ਹਨ। ਉਹਨਾਂ ਨੂੰ ਗੁਰੂ ਸਾਹਿਬਾਨ ਆਪਣੇ ਲੜ ਲਾ ਲੈਂਦੇ ਹਨ।
ਤਿਸੁ ਬਸੰਤੁ ਜਿਸ ਪ੍ਰਭੁ ਕ੍ਰਿਪਾਲੂ।। ਤਿਸੁ ਬਸੰਤੁ ਜਿਸ ਗੁਰੂ ਦਿਆਲੂ।।
ਲੋਕ ਸਵੇਰ ਉੱਠਕੇ ਜਾ ਧਾਰਮਿਕ ਸਥਾਨਾਂ ਤੇ ਜਾਂਦੇ ਹਨ । ਮੱਥਾ ਟੇਕਦੇ ਹਨ ਤੇ ਇਸ ਦਿਨ ਨੂੰ ਮਨਾਉਂਦੇ ਹਨ।ਸਿੱਖ ਇਤਿਹਾਸ ਵਿੱਚ ਸਾਮ ਸਿੰਘ ਅਟਾਰੀ ਵਾਲਾ ਵੀ ਇਸੇ ਮਹੀਨੇ ਸ਼ਹੀਦੀ ਪ੍ਰਾਪਤ ਕਰਦੇ ਹਨ। ਪਟਿਆਲਾ ਵਿਖੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਵਿਖੇ ਇਹ ਤਿਉਹਾਰ ਬਹੁਤ ਸ਼ਰਧਾ ਭਾਵਨਾ ਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸਭਿਆਚਾਰ ਤੇ ਧਾਰਮਿਕ, ਆਰਥਿਕ ਕਈ ਤਰ੍ਹਾਂ ਦੇ ਦ੍ਰਿਸ ਪੇਸ਼ ਕਰਦਾ ਹੈ। ਗੁਰਬਾਣੀ ਵਿੱਚ ਵੀ ਇਸ ਰੁੱਤ ਦੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਸਲਹੁਤਾ ਕੀਤੀ ਹੈ।
ਬਨਸਪਤਿ ਮਉਲੀ ਚੜਿਆ ਬਸੰਤੁ।।
ਇਹੁ ਮਨੁ ਮਉਲਿਆ ਸਤਿਗੁਰੂ ਸੰਗਿ।।
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰਬਾਣੀ ਸ਼ਬਦ ।।
ਬਸੰਤੁ ਚੜਿਆ ਫੂਲੀ ਬਨਰਾਇ।।
ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ।।
ਇਸੇ ਤਰਾਂ ਇੱਕ ਹੋਰ ਸ਼ਬਦ ਜੋਂ ਗੁਰਬਾਣੀ ਵਿੱਚ ਦਰਜ਼ ਹੈ
ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤ ।।
ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦ।।
ਇਸ ਤਰ੍ਹਾਂ ਸਿੱਖ ਧਰਮ ਵਿੱਚ ਇਹ ਤਿਉਹਾਰ ਧਾਰਮਿਕ ਤੇ ਸਭਿਆਚਾਰਕ ਤੇ ਆਰਥਿਕ ਲਗਭਗ ਸਾਰੇ ਹੀ ਵਿਸ਼ਿਆਂ ਨੂੰ ਛੂੰਹਦਾ ਹੈ।
ਇਸ ਰੁੱਤ ਦਾ ਸੰਬੰਧ ਸਰਦੀ ਦੇ ਘਟਣ ਨਾਲ ਵੀ ਜੋੜਿਆ ਜਾਂਦਾ ਹੈ। ਇਸ ਰੁੱਤ ਦੇ ਆਉਣ ਨਾਲ ਸਰਦੀ ਘਟਣੀ ਸ਼ੁਰੂ ਹੋ ਜਾ ਜਾਂਦੀ ਹੈ। ਸ਼ਾਇਦ ਇਸ ਕਰਕੇ ਕਿਹਾ ਜਾਂਦਾ ਹੈ ;
ਆਈ ਬਸੰਤ
ਪਾਲ਼ਾ ਉਡੰਤ।
ਇਤਿਹਾਸਕ ਪੱਖ ਤੋਂ ਵੀ ਕਈ ਘਟਨਾਵਾਂ ਇਸ ਨਾਲ ਜੋੜੀਆਂ ਜਾਂਦੀਆਂ ਹਨ। ਬਸੰਤ ਪੰਚਮੀ ਦੇ ਦਿਨ ਅੰਗਰੇਜ਼ ਦੀ ਜ਼ਾਲਮ ਸਰਕਾਰ ਨੇ ਉਨੰਜਾ ਨਾਮਧਾਰੀ ਸਿੱਖਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਸੀ । ਬਸੰਤ ਪੰਚਮੀ ਵਾਲੇ ਦਿਨ ਵੀਰ ਹਕੀਕਤ ਰਾਏ ਨੂੰ 17ਸਾਲ ਦੀ ਉਮਰ ਵਿੱਚ ਮੁਗਲ ਹਾਕਮਾਂ ਨੇ ਸ਼ਹੀਦ ਕਰ ਦਿੱਤਾ ਸੀ। ਉਹਨਾਂ ਦੀ ਯਾਦ ਲਾਹੌਰ ਵਿਖੇ ਬਣੀ ਹੈ। ਅਜ਼ਾਦੀ ਤੋਂ ਪਹਿਲਾਂ ਉਥੇ ਬਹੁਤ ਵੱਡਾ ਮੇਲਾ ਲੱਗਦਾ ਸੀ।ਲਾਹੌਰ ਵਿਖੇ ਵੀ ਬਹੁਤ ਪਤੰਗ ਚੜ੍ਹਾਏ ਜਾਂਦੇ ਹਨ।
ਪੰਜਾਬੀ ਸਾਹਿਤ, ਸਭਿਆਚਾਰ ਵਿੱਚ ਵੀ ਇਸ ਰੁੱਤ ਨਾਲ ਸੰਬੰਧਿਤ ਬਹੁਤ ਰਚਨਾ ਰਚੀ ਗਈ ਪ੍ਰੋ ਪੂਰਨ ਸਿੰਘ,ਮੋਹਨ ਸਿੰਘ ਜਿਹੇ ਵੱਡੇ ਕਵੀਆਂ ਨੇ ਇਸ ਵਾਰੇ ਕਵਿਤਾਵਾਂ ਲਿਖੀਆਂ ਹਨ।
ਧਨੀ ਰਾਮ ਚਾਤ੍ਰਿਕ ਲਿਖਦੇ ਹਨ
ਹਾਰ ਸ਼ਿੰਗਾਰ ਸੁਆਰ ਬਹਾਰ,
ਉਭਾਰ ਕੇ ਜੋਬਨ, ਰੂਪ ਨਿਖਾਰ ਕੇ,
ਰੰਗ ਬਿਰੰਗਾ ਦੁਪੱਟਾ ਪਸਾਰ ਕੇ,
ਨੈਣਾਂ ਦੇ ਵਿਚ ਸਰੂਰ ਖਿਲਾਰ ਕੇ,
ਜਾਦੂ ਚਲਾਉਂਦੀ ਸੈਨਤਾਂ ਮਾਰ,
ਫਸਾਉਂਦੀ ਰਾਹੀ ਵੰਗਾਰ ਵੰਗਾਰ ਕੇ,
ਪੀਂਘ ਉਲਾਰ, ਸੁਗੰਧ ਪਸਾਰ ਕੇ,
ਮੋਏ ਜਿਵਾਉਂਦੀ, ਜੀਉਂਦੇ ਮਾਰ ਕੇ,
ਇਸੇ ਤਰ੍ਹਾਂ ਚਾਤ੍ਰਿਕ ਜੀ ਦੀ ਇੱਕ ਹੋਰ ਰਚਨਾ ਜੋ ਇਸ ਰੁੱਤ ਨੂੰ ਬਿਆਨ ਕਰਦੀ ਹੈ।
ਕੱਕਰਾਂ ਨੇ ਲੁੱਟ ਪੁੱਟ ਨੰਗ ਕਰ ਛੱਡੇ ਰੁੱਖ,
ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ।
ਡਾਲੀਆਂ ਕਚਾਹ ਵਾਂਗ,
ਕੂਲੀਆਂ ਨੂੰ ਜਿੰਦ ਪਈ,
ਆਲ੍ਹਣੇ ਦੇ ਬੋਟਾਂ ਵਾਂਗ
ਖੰਭੀਆਂ ਉਛਾਲੀਆਂ।
ਬਾਗ਼ਾਂ ਵਿਚ ਬੂਟਿਆਂ ਨੇ,
ਡੋਡੀਆਂ ਉਭਾਰੀਆਂ ਤੇ,
ਮਿੱਠੀ ਮਿੱਠੀ ਪੌਣ ਆ ਕੇ,
ਸੁੱਤੀਆਂ ਉਠਾਲੀਆਂ।
ਖਿੜ ਖਿੜ ਹਸਦੀਆਂ ਵੱਸਿਆ,
ਜਹਾਨ ਵੇਖ,
ਗੁੱਟੇ ਉੱਤੇ ਕੇਸਰ,
ਗੁਲਾਬ ਉਤੇ ਲਾਲੀਆਂ।
ਫੁੱਲਾਂ ਭਰੇ ਗਮਲਿਆਂ ਨੂੰ,
ਜੋੜਿਆ ਕਤਾਰ ਬੰਨ੍ਹ,
ਹਰੀ ਹਰੀ ਘਾਹ ਦੀ,
ਵਿਛਾਈ ਉੱਤੇ ਮਾਲੀਆਂ।
ਬੁਲਬੁਲ ਫੁੱਲ ਫੁੱਲ,
ਫੁੱਲਾਂ ਦੇ ਸਦੱਕੇ ਲਏ,
ਭੌਰੇ ਲਟਬੌਰਿਆਂ ਨੂੰ,
ਆਈਆਂ ਖ਼ੁਸ਼ਹਾਲੀਆਂ।
ਪੰਛੀਆਂ ਨੇ ਗਾਵਿਆ,
ਹਿੰਡੋਲ ਤੇ ਬਸੰਤ ਰਾਗ,
ਚਿਰਾਂ ਪਿਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ।
ਕੇਸਰੀ ਦੁਪੱਟੇ ਨੂੰ,
ਬਸੰਤ ਕੌਰ ਪਹਿਨ ਜਦੋਂ,
ਡੋਰੇ ਦਾਰ ਨੈਣਾਂ ਵਿਚੋਂ,
ਸੁੱਟੀਆਂ ਗੁਲਾਲੀਆਂ।
ਪ੍ਰੋ ਪੂਰਨ ਸਿੰਘ ਇਸ ਸਭ ਵਿੱਚ ਆਪਣੇ ਕੁਝ ਗੁਆਚ ਗਏ ਨੂੰ ਲੱਭਦੇ ਹਨ;
ਬਸੰਤ ਆਈ ਸਭ ਲਈ,
ਮੇਰੀ ਬਸੰਤ ਕਿੱਥੇ ਗਈ ?
ਬਾਵਾ ਬੁੱਧ ਸਿੰਘ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ;
ਹੁਣ ਆਈ ਰੁਤ ਬਸੰਤ ਦੀ,
ਏ ਸਦਾ ਪਿਆਰੇ ਕੰਤ ਦੀ ।
ਏ ਜਿੰਦ ਜੀਆ ਜੰਤ ਦੀ,
ਸੁਰ ਰਾਗ ਏ ਬਿਅੰਤ ਦੀ ।
ਹੁਣ ਖੋਲ ਅੱਖਾਂ ਜਾਗ ਨੀ,
ਰੰਗ ਵੇਖ ਸੁਨ ਸਹੁ ਰਾਗ ਨੀ ।
ਇਹ ਮਨ ਦੀ ਮੌਜ ਮਸਤੀ ਭਰਿਆ ਮੌਸਮ ਹੁੰਦਾ ਹੈ।ਇਸ ਵਿੱਚ ਮਨ ਖ਼ੁਸ਼ ਰਹਿੰਦਾ ਹੈ ਸ਼ਾਇਦ ਇਸੇ ਕਰਕੇ ਕਹਾਵਤ ਬਣੀ ਹੈ।
ਸਦਾ ਦੀਵਾਲੀ ਸਾਧ ਦੀ ,ਅੱਠੋ ਪਹਿਰ ਬਸੰਤ।
ਬਸੰਤ ਪੰਚਮੀ ਨੂੰ ਮਨਾਉਣ ਦਿਨ ਢੰਗ ਵਾਰ ਗੱਲ ਕਰੀਏ ਤਾਂ ਲੋਕ ਘਰਾਂ ਵਿੱਚ ਪਕਵਾਨ ਬਣਾਉਂਦੇ ਹਨ । ਤਰਾਂ ਦੀਆਂ ਡਿਸਾਂ ਬਣਾਕੇ ਖਾਧੀਆਂ ਜਾਂਦੀਆਂ ਹਨ ।ਪਤੰਗ ਚੜ੍ਹਾਏ ਜਾਂਦੇ ਹਨ ।ਵੱਖ ਵੱਖ ਤਰ੍ਹਾਂ ਦੇ ਰੰਗ ਬਿਰੰਗੇ ਪਤੰਗ ਅਸਮਾਨ ਚੜ੍ਹਾ ਕੇ ਪੇਚੇ ਲਵਾਏ ਜਾਂਦੇ ਹਨ।ਇਸ ਵਿੱਚ ਬੱਚੇ ਹੀ ਨਹੀਂ ਵੱਡੇ ਵਿਆਕਤੀ ਵੀ ਭਾਗ ਲੈਂਦੇ ਹਨ।ਪਤੰਗ ਕੱਟਣ ਤੇ ਰੌਲ਼ਾ ਪਾਇਆ ਜਾਂਦਾ ਹੈ। ਹਰ ਪਾਸੇ ਅਸਮਾਨ ਵਿੱਚ ਪਤੰਗ ਹੀ ਪਤੰਗ ਦਿਖਾਈ ਦਿੰਦੇ ਹਨ। ਦੁਕਾਨਦਾਰ ਵੀ ਚੰਗੇ ਕਮਾਈ ਕਰਦੇ ਹਨ।ਪਰ ਇਸ ਦਾ ਮਾੜਾ ਪੱਖ ਇਹ ਹੋਇਆ ਹੈ ਕਿ ਇਹਨਾਂ ਪਤੰਗਾਂ ਨੂੰ ਚੜ੍ਹਾਉਣ ਲਈ ਚਾਇਨਾ ਨਾਂ ਦੀ ਡੋਰ ਬਜ਼ਾਰ ਵਿੱਚ ਵਿਕਦੀ ਹੈ।ਜਿਹੜੀ ਅਣਗਿਣਤ ਇਨਸਾਨਾਂ ਤੇ ਪੰਛੀਆਂ ਦੀ ਜਾਨ ਲੈਣ ਚੁੱਕੀ ਹੈ ਇਸ ਦੀ ਵਰਤੋਂ ਤੇ ਰੋਕ ਲਗਾਉਣੀ ਚਾਹੀਦੀ ਹੈ।ਇਸ ਤੋਂ ਇਲਾਵਾ ਕਈ ਵਾਰ, ਬੱਚੇ ਕੋਠਿਆਂ ਤੋਂ ਵੀ ਡਿੱਗ ਪੈਂਦੇ ਹਨ , ਉਹਨਾਂ ਦੇ ਬਹੁਤ ਜ਼ਿਆਦਾ ਸੱਟਾਂ ਲੱਗਦੀਆਂ ਹਨ।ਇਹ ਰੁੱਤ ਤੇ ਬਸੰਤ ਪੰਚਮੀ ਤਿਉਹਾਰ ਵਧੀਆ ਤੇ ਖੁਸ਼ੀਆਂ ਭਰਿਆ ਤਿਉਹਾਰ ਹੈ ।ਇਹ ਸਾਡੀਆਂ ਖੁਸ਼ੀ ਵਿੱਚ ਵਾਧਾ ਕਰੇ ,ਨਾ ਕਿ ਕਿਸੇ ਦੀ ਮੌਤ ਦਾ ਕਾਰਨ ਬਣੇ ।ਇਸ ਲਈ ਸਾਰਿਆਂ ਨੂੰ ਇਸ ਤਿਉਹਾਰ ਨੂੰ ਵਧੀਆ ਢੰਗ ਨਾਲ ਮਨਾਉਣਾ ਚਾਹੀਦਾ।
ਲਾਡੀ ਜਗਤਾਰ
9463603091